ਪੜ੍ਹ-ਲਿਖ ਕੇ ਇੰਸਪੈਕਟਰ ਬਣਨ ਦੀ ਇੱਛਾ ਰੱਖਣ ਵਾਲੀ ਕੁੜੀ ਦਾ ‘ਜੀਂਸ ਪਾਉਣ ਕਰਕੇ ਕਤਲ’ ਦਾ ਪੂਰਾ ਮਾਮਲਾ

ਨੇਹਾ ਪਾਸਵਾਨ

ਤਸਵੀਰ ਸਰੋਤ, Rajesh arya

    • ਲੇਖਕ, ਰਾਜੇਸ਼ ਕੁਮਾਰ ਆਰਿਆ
    • ਰੋਲ, ਦੇਵਰਿਆ ਤੋਂ ਬੀਬੀਸੀ ਲਈ

ਨੇਹਾ ਪਾਸਵਾਨ 17 ਸਾਲਾਂ ਦੀ ਸੀ ਅਤੇ ਨੌਵੀਂ ਵਿੱਚ ਜਾਣ ਵਾਲੀ ਸੀ। ਪੜ੍ਹਾਈ ਪੂਰੀ ਕਰਕੇ ਉਹ ਪੁਲਿਸ ਇੰਸਪੈਕਟਰ ਬਣਨਾ ਚਾਹੁੰਦੀ ਸੀ।

ਨੇਹਾ ਦੀ ਮਾਂ ਸ਼ਕੁੰਤਲਾ ਦੇਵੀ ਦਾ ਇਲਜ਼ਾਮ ਹੈ ਕਿ ਦਾਦਾ-ਦਾਦੀ ਅਤੇ ਚਾਚਾ-ਚਾਚੀ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਜੀਂਸ ਪਾਉਣਾ ਬੰਦ ਨਹੀਂ ਕਰ ਰਹੀ ਸੀ।

ਪੁਲਿਸ ਅਨੁਸਾਰ ਵੀ ਮ੍ਰਿਤਕ ਦੀ ਮਾਂ ਨੇ ਆਪਣੇ ਬਿਆਨ ਵਿੱਚ ਜੀਂਸ ਪਾਉਣ ਨੂੰ ਕਤਲ ਦੀ ਵਜ੍ਹਾ ਦੱਸਿਆ ਹੈ।

ਮਾਮਲਾ ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ਦੇ ਮਹੂਆਡੀਹ ਥਾਣਾ ਖੇਤਰ ਵਿੱਚ ਪੈਂਦੇ ਸਵਰੇਜੀ ਖਰਗ ਪਿੰਡ ਹੈ। ਇਸ ਪਿੰਡ ਵਿੱਚ ਰਹਿਣ ਵਾਲੇ ਅਮਰਨਾਥ ਪਾਸਵਾਨ ਦੋ ਪੁੱਤਰਾਂ ਅਤੇ ਦੋ ਧੀਆਂ ਦੇ ਪਿਤਾ ਹਨ।

ਨੇਹਾ ਉਨ੍ਹਾਂ ਦੀ ਤੀਜੇ ਨੰਬਰ ਦੀ ਸੰਤਾਨ ਸੀ। ਅਮਰਨਾਥ ਪਾਸਵਾਨ ਪੰਜਾਬ ਦੇ ਲੁਧਿਆਣਾ ਵਿੱਚ ਪੱਥਰ ਰਗੜਾਈ ਦਾ ਕੰਮ ਕਰਦੇ ਹਨ ਅਤੇ ਹਾਦਸੇ ਵਾਲੇ ਦਿਨ ਵੀ ਉਹ ਲੁਧਿਆਣੇ ਹੀ ਸਨ। ਖ਼ਬਰ ਮਿਲਣ ਤੋਂ ਬਾਅਦ ਉਹ ਪਿੰਡ ਵਾਪਸ ਪਹੁੰਚ ਗਏ ਹਨ।

ਇਹ ਵੀ ਪੜ੍ਹੋ:

ਹਾਦਸੇ ਵਾਲੇ ਦਿਨ ਬਾਰੇ ਸ਼ਕੁੰਤਲਾ ਦੇਵੀ ਦੱਸਦੇ ਹਨ,"ਨੇਹਾ ਨੇ ਸੋਮਵਾਰ ਦਾ ਵਰਤ ਰੱਖਿਆ ਸੀ। ਉਸ ਨੇ ਸਵੇਰੇ ਪੂਜਾ-ਪਾਠ ਕੀਤੀ ਸੀ। ਸ਼ਾਮ ਨੂੰ ਉਸ ਨੇ ਨਹਾ ਕੇ ਜੀਂਸਟਾਪ ਪਾਇਆ ਅਤੇ ਪੂਜਾ ਕੀਤੀ।"

"ਪੂਜਾ ਦੇ ਸਮੇਂ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਪਰ ਉਸ ਤੋਂ ਬਾਅਦ ਉਸਦੇ ਦਾਦਾ-ਦਾਦੀ ਅਤੇ ਚਾਚਾ-ਚਾਚੀ ਨੇ ਜੀਂਸ-ਟਾਪ ਬਾਰੇ ਇਤਰਾਜ਼ ਜ਼ਾਹਿਰ ਕੀਤਾ।"

"ਨੇਹਾ ਨੇ ਕਿਹਾ ਕਿ ਸਰਕਾਰ ਨੇ ਜੀਂਸ-ਟਾਪ ਬਣਾਇਆ ਹੈ, ਪਾਉਣ ਲਈ ਇਸ ਲਈ ਮੈਂ ਪਾਉਣਾ ਹੈ, ਪੜ੍ਹਨਾ-ਲਿਖਣਾ ਹੈ ਅਤੇ ਸਮਾਜ ਵਿੱਚ ਰਹਿਣਾ ਹੈ।"

ਉਹ ਅੱਗੇ ਦੱਸਦੇ ਹਨ,"ਨੇਹਾ ਦਾ ਜਵਾਬ ਸੁਣ ਕੇ ਦਾਦਾ-ਦਾਦੀ ਨੇ ਕਿਹਾ ਕਿ ਨਾ ਤਾਂ ਉਹ ਉਸ ਨੂੰ ਜੀਂਸ-ਟਾਪ ਪਾਉਣ ਦੇਣਗੇ ਅਤੇ ਨਾ ਹੀ ਪੜ੍ਹਨ-ਲਿਖਣ ਦੇਣਗੇ ਅਤੇ ਇਸ ਤੋਂ ਬਾਅਦ ਦਾਦਾ-ਦਾਦੀ ਅਤੇ ਚਾਚੇ-ਚਾਚੀਆਂ ਨੇ ਰਲ ਕੇ ਉਸ ਨੂੰ ਕੁੱਟਿਆ। ਇਸ ਨਾਲ ਉਸ ਦੀ ਮੌਤ ਹੋ ਗਈ।"

ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਕੁੱਟਣ ਤੋਂ ਬਾਅਦ ਸੱਸ-ਸਹੁਰੇ ਅਤੇ ਦਿਓਰ ਨੇ ਕਿਹਾ ਕਿ ਨੇਹਾ ਬੇਸੁੱਧ ਹੋ ਗਈ ਹੈ ਹਸਪਤਾਲ ਲੈ ਕੇ ਜਾ ਰਹੇ ਹਾਂ।

शकुंतला देवी

ਤਸਵੀਰ ਸਰੋਤ, Rajesh arya

ਤਸਵੀਰ ਕੈਪਸ਼ਨ, ਸ਼ਕੁੰਤਲਾ ਦੇਵੀ ਆਪਣੀ ਵੱਡੀ ਕੁੜੀ ਨਾਲ ਜੋ ਕਿ ਗ੍ਰੇਜੂਏਟ ਹੈ ਅਤੇ ਘਰੇ ਹੀ ਸਿਲਾਈ-ਕਢਾਈ ਦਾ ਕੰਮ ਕਰਦੀ ਹੈ

ਗੰਡਕ ਦਰਿਆ ਦੇ ਪੁਲ ਨਾਲ ਲਮਕਦੀ ਮਿਲੀ ਲਾਸ਼

ਸ਼ਕੁੰਤਲਾ ਦੇਵੀ ਦੇ ਮੁਤਾਬਕ,"ਉਨ੍ਹਾਂ ਲੋਕਾਂ ਨੇ ਜਿਸ ਤਰ੍ਹਾਂ ਹਸਪਤਾਲ ਲਿਜਾਣ ਲਈ ਨੇਹਾ ਨੂੰ ਆਟੋ ਵਿੱਚ ਲੱਦਿਆ ਉਸ ਤੋਂ ਲੱਗਿਆ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਚੁੱਕੀ ਹੈ।"

ਉਹ ਦੱਸਦੇ ਹਨ ਕਿ ਉਨ੍ਹਾਂ ਨੇ ਤਿੰਨ ਵਾਰ ਆਟੋ ਵਿੱਚ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਚੜ੍ਹਨ ਨਹੀਂ ਦਿੱਤਾ ਗਿਆ ਅਤੇ ਲੈ ਕੇ ਚਲੇ ਗਏ।

ਸੱਸ-ਸਹੁਰੇ ਅਤੇ ਦਿਉਰ- ਦਰਾਣੀ ਨੇ ਘਰ ਆ ਕੇ ਸ਼ਕੁੰਤਲਾ ਨੂੰ ਦੱਸਿਆ ਕਿ ਨੇਹਾ ਹਸਪਤਾਲ ਵਿੱਚ ਭਰਤੀ ਹੈ ਪਰ ਡਾਕਟਰਾਂ ਨੇ ਗੱਲ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ।

ਸ਼ਕੁੰਤਲਾ ਦੇਵੀ ਦੱਸਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਦੱਸਿਆ। ਉਹ ਆਏ ਅਤੇ ਲੱਭਣ ਲਈ ਦੇਵਰਿਆ ਦੇ ਜ਼ਿਲ੍ਹਾ ਹਸਪਤਾਲ ਗਏ ਪਰ ਉੱਥੋਂ ਕੁਝ ਵੀ ਪਤਾ ਨਹੀਂ ਲੱਗਿਆ।

ਮੰਗਲਵਾਰ ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੰਡਕ ਨਦੀ ਉੱਪਰ ਬਣੇ ਪੁਲ ਉੱਪਰੋਂ ਕਿਸੇ ਕੁੜੀ ਦੀ ਲਾਸ਼ ਲਟਕ ਰਹੀ ਹੈ। ਜਦੋਂ ਸ਼ਕੁੰਤਲਾ ਦੇਵੀ ਰਿਸ਼ਤੇਦਾਰਾਂ ਨਾਲ ਉੱਥੇ ਪਹੁੰਚੇ ਤਾਂ ਦੇਖਿਆ ਕਿ ਲਾਸ਼ ਨੇਹਾ ਦੀ ਹੀ ਸੀ।

ਨੇਹਾ ਪਾਸਵਾਨ

ਤਸਵੀਰ ਸਰੋਤ, Rajesh arya

ਤਸਵੀਰ ਕੈਪਸ਼ਨ, ਨੇਹਾ ਚਾਹੁੰਦੀ ਸੀ ਕਿ ਉਹ ਪੜ੍ਹੇ ਅਤੇ ਪੁਲਿਸ ਇੰਸਪੈਕਟਰ ਬਣ ਕੇ ਘਰ ਦੀਆਂ ਮੁਸ਼ਕਲਾਂ ਦੂਰ ਕਰੇ

ਰਿਸ਼ਤੇਦਾਰਾਂ ਦਾ ਇਲਜ਼ਾਮ ਹੈ ਕਿ ਨੇਹਾ ਦੀ ਲਾਸ਼ ਨਦੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਇੱਕ ਪੈਰ ਪੁਲ ਦੇ ਗਾਡਰ ਵਿੱਚ ਫ਼ਸ ਗਿਆ।

ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ ਪਰ ਅਜੇ ਤੱਕ ਪਰਿਵਾਰ ਨੂੰ ਉਸ ਦੀ ਰਿਪੋਰਟ ਨਹੀਂ ਮਿਲੀ ਹੈ।

ਸ਼ਕੁੰਤਲਾ ਦੇਵੀ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਨੇਹਾ ਦੇ ਦਾਦਾ ਪਰਮਹੰਸ ਪਾਸਵਾਨ, ਦਾਦੀ ਭਗਨਾ ਦੇਵੀ, ਚਾਚਾ ਵਿਆਸ ਪਾਸਵਾਨ ਅਤੇ ਚਾਚੀ ਗੁੱਡੀ ਦੇਵੀ, ਚਾਚਾ ਅਰਵਿੰਦ ਪਾਸਵਾਨ ਅਤੇ ਚਾਚੀ ਪੂਜਾ ਦੇਵੀ, ਚਚੇਰੇ ਭਰਾ ਅਤੇ ਪੱਟੀਦਾਰ ਰਾਹੁਲ ਪਾਸਵਾਨ ਸਣੇ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਐੱਫ਼ਆਈਆਰ ਵਿੱਚ ਨਾਮਜ਼ਦ ਕੀਤੇ ਗਏ ਲੋਕਾਂ ਵਿੱਚ ਅਰਵਿੰਦ ਪਾਸਵਾਨ ਦੇ ਦੋਸਤ ਰਾਜੂ ਯਾਦਵ ਅਤੇ ਆਟੋ ਡਰਾਈਵਰ ਹਸਨੈਨ ਦੇ ਨਾਂਅ ਵੀ ਸ਼ਾਮਲ ਹਨ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ-147,302 ਅਤੇ 201 ਦੇ ਤਹਿਤ ਐੱਫਆਈਆਰ ਦਰਜ ਕਰ ਲਈ ਹੈ।

ਡੀਐੱਸਪੀ ਸ਼੍ਰਿਯਾ ਤ੍ਰਿਪਾਠੀ ਨੇ ਦੱਸਿਆ, “ਇਸ ਮਾਮਲੇ ਵਿੱਚ ਪੁਲਿਸ ਨੇ ਦਾਦਾ-ਦਾਦੀ ਅਤੇ ਇੱਕ ਚਾਚੇ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।"

10 ਜਣਿਆਂ ਖ਼ਿਲਾਫ਼ ਇਲਜ਼ਾਮ

ਨੇਹਾ ਪਾਸਵਾਨ

ਤਸਵੀਰ ਸਰੋਤ, Rajesh arya

ਤਸਵੀਰ ਕੈਪਸ਼ਨ, ਐੱਫ਼ਆਈਆਰ ਦੀ ਕਾਪੀ

ਡੀਐੱਸਪੀ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਕਤਲ ਜੀਂਸ ਪਾਉਣ ਕਰਕੇ ਹੋਇਆ ਹੈ। ਇਸ ਬਾਰੇ ਉਨ੍ਹਾਂ ਦਾ ਕਹਿਣਾ ਸੀ,

"ਮੰਗਲਵਾਰ ਨੂੰ ਸਵੇਰੇ ਜਦੋਂ ਅਸੀਂ ਕੁੜੀ ਦੀ ਮਾਂ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਸਾਨੂੰ ਅਜਿਹੀ ਕੋਈ ਗੱਲ ਨਹੀਂ ਦੱਸੀ ਸੀ।”

“ਉਸ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਧੋਤੇ ਹੋਏ ਕੱਪੜੇ ਸੁਕਾਉਣ ਬਾਰੇ ਵਿਵਾਦ ਹੋਇਆ ਸੀ ਪਰ ਫਿਰ ਉਸੇ ਦਿਨ ਉਨ੍ਹਾਂ ਨੇ ਲਿਖਤੀ ਬਿਆਨ ਦਿੱਤਾ, ਜਿਸ ਵਿੱਚ ਜੀਂਸ ਪਾਉਣ ਬਾਰੇ ਵਿਵਾਦ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਬਿਆਨ ’ਤੇ ਮਹੂਆਡੀਹ ਪੁਲਿਸ ਨੇ 10 ਜਣਿਆਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਹੈ।"

ਨੇਹਾ ਦੇ ਪਿਤਾ ਅਮਰਨਾਥ ਪੱਥਰ ਰਗੜਾਈ ਦਾ ਕੰਮ ਕਰਦੇ ਹਨ। ਪਿਛਲੇ ਕਰੀਬ ਛੇ ਮਹੀਨਿਆਂ ਤੋਂ ਉਹ ਲੁਧਿਆਣਾ ਰਹਿ ਕੇ ਕੰਮ ਕਰ ਰਹੇ ਹਨ। ਉਸ ਤੋਂ ਪਹਿਲਾਂ ਉਹ ਦਿੱਲੀ ਕੰਮ ਕਰਦੇ ਸਨ।

ਅਮਰਨਾਥ ਦੀ ਸਭ ਤੋਂ ਵੱਡੀ ਬੇਟੀ ਨਿਸ਼ਾ ਗ੍ਰੈਜੂਏਟ ਹੈ। ਉਹ ਘਰੇ ਰਹਿ ਕਿ ਸਿਲਾਈ-ਕਢਾਈ ਦਾ ਕੰਮ ਕਰਦੀ ਹੈ। ਨਿਸ਼ਾ ਤੋਂ ਛੋਟਾ ਭਰਾ ਵਿਸ਼ਾਲ ਪਾਸਵਾਨ ਹਾਈ ਸਕੂਲ ਪਾਸ ਹੈ, ਜੋ ਗੁਜਰਾਤ ਦੇ ਬੜੌਦਾ ਸ਼ਹਿਰ ਵਿੱਚ ਰਹਿ ਕੇ ਰੰਗਾਈ-ਪੁਤਾਈ ਦਾ ਕੰਮ ਕਰਦਾ ਹੈ। ਉੱਥੇ ਹੀ ਸਭ ਤੋਂ ਛੋਟਾ ਪੁੱਤਰ ਵਿਵੇਕ ਪਾਸਵਾਨ ਘਰੇ ਹੀ ਰਹਿ ਕੇ ਸੱਤਵੀਂ ਵਿੱਚ ਪੜ੍ਹ ਰਿਹਾ ਹੈ।

ਨੇਹਾ ਅਤੇ ਵਿਵੇਕ ਘਰ ਤੋਂ ਕੋਈ ਇੱਕ ਕਿੱਲੋਮੀਟਰ ਦੂਰ ਇੱਕ ਸਕੂਲ ਵਿੱਚ ਪੜ੍ਹਦੇ ਸਨ।

ਨੇਹਾ ਪਾਸਵਾਨ ਦੇ ਪਿਤਾ ਅਮਰਨਾਥ ਲੁਧਿਆਣਾ ਵਿੱਚ ਪੱਥਰ ਰਗੜਾਈ ਦਾ ਕੰਮ ਕਰਦੇ ਹਨ

ਤਸਵੀਰ ਸਰੋਤ, Rajesh arya

ਤਸਵੀਰ ਕੈਪਸ਼ਨ, ਨੇਹਾ ਪਾਸਵਾਨ ਦੇ ਪਿਤਾ ਅਮਰਨਾਥ ਲੁਧਿਆਣਾ ਵਿੱਚ ਪੱਥਰ ਰਗੜਾਈ ਦਾ ਕੰਮ ਕਰਦੇ ਹਨ

ਸ਼ਕੁੰਤਲਾ ਦੇਵੀ ਕਹਿੰਦੇ ਹਨ ਕਿ ਨੇਹਾ ਪੜ੍ਹ-ਲਿਖ ਕੇ ਪੁਲਿਸ ਇੰਸਪੈਕਟਰ ਬਣ ਕੇ ਪਰਿਵਾਰ ਦੀਆਂ ਦਿੱਕਤਾਂ ਦੂਰ ਕਰਨਾ ਚਾਹੁੰਦੀ ਸੀ। ਉਸ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ।"

ਸ਼ਕੁੰਤਲਾ ਦੇਵੀ ਦੇ ਪਤੀ ਅਮਰਨਾਥ ਨੇ ਦੱਸਿਆ ਕਿ ਉਨ੍ਹਾਂ ਨੇ ਮਿਹਨਤ-ਮਜ਼ਦੂਰੀ ਕਰਕੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਨ-ਲਿਖਣ ਅਤੇ ਪਹਿਰਾਵੇ ਬਾਰੇ ਕਦੇ ਨਹੀਂ ਟੋਕਿਆ। ਉਹ ਚਾਹੁੰਦੇ ਹਨ ਕਿ ਬੱਚੇ ਪੜ੍ਹ-ਲਿਖ ਕੇ ਅੱਗੇ ਵਧਣ।

ਹਾਲਾਂਕਿ ਉਨ੍ਹਾਂ ਨੇ ਕਿਹਾ, "ਮੇਰੇ ਪਿਤਾ ਨੇ ਬੱਚਿਆਂ ਬਾਰੇ ਕਦੇ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਕੀਤੀ।"

ਪਰ ਸ਼ਕੁੰਤਲਾ ਦੇਵੀ ਦੱਸਦੇ ਹਨ ਕਿ ਉਨ੍ਹਾਂ ਦੇ ਸਹੁਰੇ ਪਰਿਵਾਰ ਵਾਲੇ ਕਾਫ਼ੀ ਪਹਿਲਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਪਰੇਸ਼ਾਨ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਹੁਰੇ ਨਹੀਂ ਚਾਹੁੰਦੇ ਸਨ ਕਿ ਬੱਚੇ ਇੱਥੇ ਰਹਿਣ। ਸ਼ਕੁੰਤਲਾ ਦੀ ਭੈਣ ਦੇ ਪੁੱਤਰ ਅਜੇ ਪਾਸਵਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ।

ਨੇਹਾ ਪਾਸਵਾਨ

ਤਸਵੀਰ ਸਰੋਤ, Rajesh arya

ਤਸਵੀਰ ਕੈਪਸ਼ਨ, ਨੇਹਾ ਦਾ ਸਕੂਲ

ਪਿੰਡ ਵਿੱਚ ਖ਼ਾਮੋਸ਼ੀ

ਅਜੇ ਪਾਸਵਾਨ ਨੇ ਦੱਸਿਆ ਕਿ ਜਦੋਂ ਉਹ ਪੋਸਟਮਾਰਟਮ ਤੋਂ ਬਾਅਦ ਨੇਹਾ ਦੀ ਲਾਸ਼ ਘਰ ਲੈ ਕੇ ਆਇਆ ਤਾਂ ਸਿਰਫ਼ ਇੱਕ ਵਿਅਕਤੀ ਉਸ ਦੀ ਲਾਸ਼ ਗੱਡੀ ਵਿੱਚੋਂ ਲਹਾਉਣ ਲਈ ਅੱਗੇ ਆਇਆ ਸੀ, ਬਾਕੀ ਹੋਰ ਕੋਈ ਅੱਗੇ ਨਹੀਂ ਵਧਿਆ ਸੀ।

ਪਿੰਡ ਵਾਲਿਆਂ ਨੇ ਨੇਹਾ ਦਾ ਅੰਤਿਮ ਸੰਸਕਾਰ ਕੀਤੇ ਜਾਣ ਦਾ ਵੀ ਵਿਰੋਧ ਕੀਤਾ। ਫਿਰ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਦੀ ਨਿਗਰਾਨੀ ਵਿੱਚ ਸਸਕਾਰ ਕੀਤਾ ਜਾ ਸਕਿਆ।

ਪਿੰਡ ਵਿੱਚ ਇਸ ਬਾਰੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਸੀ। ਪਿੰਡ ਦੇ ਸਰਪੰਚ ਰਾਜੂ ਰਾਵ ਨਾ ਤਾਂ ਪਿੰਡ ਵਿੱਚ ਸਨ ਅਤੇ ਨਾ ਹੀ ਫ਼ੋਨ ਉੱਪਰ ਉਨ੍ਹਾਂ ਨਾਲ ਸੰਪਰਕ ਹੋ ਸਕਿਆ।

ਮੁਲਜ਼ਮਾਂ ਨੂੰ ਸਜ਼ਾ ਬਾਰੇ ਸ਼ਕੁੰਤਲਾ ਦੇਵੀ ਦਾ ਕਹਿਣਾ ਹੈ, ਕਿ ਉਨ੍ਹਾਂ ਦੀ ਧੀ ਤਾਂ ਚਲੀ ਗਈ ਪਰ ਉਹ ਨਹੀਂ ਚਾਹੁੰਦੇ ਕਿ ਮੁਲਜ਼ਮਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ।

ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਰਹਿੰਦੀ ਉਮਰ ਤੱਕ ਦੀ ਉਮਰ ਕੈਦ ਦਿੱਤੀ ਜਾਵੇ।

ਜਦੋਂ ਮੈਂ ਨੇਹਾ ਦੇ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦਾ ਸਕੂਲ ਵੀ ਆਇਆ। ਜਿਸ ਦੀ ਕੰਧ ਉੱਪਰ ਲਿਖਿਆ ਸੀ, "ਪੜ੍ਹੀ-ਲਿਖੀ ਲੜਕੀ, ਰੌਸ਼ਨੀ ਹੈ ਘਰ ਦੀ"। ਮੈਂ ਸੋਚ ਰਿਹਾ ਸੀ ਕਿ ਨੇਹਾ ਵੀ ਆਪਣੇ ਪਰਿਵਾਰ ਲਈ ਰੌਸ਼ਨੀ ਬਣ ਸਕਦੀ ਸੀ।

ਵੀਡੀਓ ਕੈਪਸ਼ਨ, ਪੀਰੋ: ਪਿਤਰਸੱਤਾ ਅਤੇ ਜਾਤੀਵਾਦ ਖ਼ਿਲਾਫ਼ ਆਵਾਜ਼ ਚੁੱਕਣ ਪੰਜਾਬਣ

ਇਹ ਵੀ ਪੜ੍ਹੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)