ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੇ ਇਸ਼ਤਿਹਾਰਾਂ ਕਮਾਈ 90 ਫ਼ੀਸਦ ਘਟੀ

ਤਸਵੀਰ ਸਰੋਤ, Facebook/@narendramodi
- ਲੇਖਕ, ਰਾਘਵੇਂਦਰ ਰਾਓ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸੰਸਦ ਨੂੰ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਪ੍ਰੋਗਰਾਮ 'ਮਨ ਕੀ ਬਾਤ' ਦੇ ਕਾਰਨ ਪ੍ਰਸਾਰ ਭਾਰਤੀ ਨੂੰ ਸਾਲ 2014 ਤੋਂ ਲੈ ਕੇ ਮਾਰਚ 2021 ਤੱਕ 30.8 ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਹੋਈ ਹੈ।
ਸਰਕਾਰ ਨੇ ਸੰਬੋਧਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਤੋਂ ਪ੍ਰਾਪਤ ਹੋਣ ਵਾਲੇ ਮਾਲੀਆ ਦਾ ਵੀ ਸਾਲ ਦਰ ਸਾਲ ਦਾ ਅੰਕੜਾ ਪੇਸ਼ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ 'ਮਨ ਕੀ ਬਾਤ' ਦੀ ਕਮਾਈ ਵਿੱਚ 2020-21 ਵਿੱਚ 90% ਗਿਰਾਵਟ ਆਈ ਹੈ। ਇਹ ਗਿਰਾਵਟ ਸਾਲ 2017-18 ਦੀ ਤੁਲਨਾ ਵਿੱਚ ਹੈ।
ਰਾਸ਼ਟਰਵਾਦੀ ਕਾਂਗਰਸ ਪਾਰਟੀ, ਐੱਨਸੀਪੀ ਦੀ ਮਹਾਰਾਸ਼ਟਰ ਤੋਂ ਰਾਜ ਸਭਾ ਮੈਂਬਰ ਡਾ. ਫੌਜੀਆ ਖ਼ਾਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ 'ਮਨ ਕੀ ਬਾਤ' ਨਾਲ ਸਬੰਧਤ ਕੁਝ ਸਵਾਲ ਪੁੱਛੇ ਸਨ।
ਉਨ੍ਹਾਂ ਨੇ ਹੁਣ ਤੱਕ 'ਮਨ ਕੀ ਬਾਤ' 'ਤੇ ਕੀਤੇ ਗਏ ਖਰਚ ਅਤੇ ਉਸ ਤੋਂ ਹੋਈ ਆਮਦਨੀ ਅਤੇ ਲਾਭ ਜਾਂ ਘਾਟੇ ਬਾਰੇ ਹਰ ਸਾਲ ਦਾ ਬਿਓਰਾ ਮੰਗਿਆ ਸੀ।
ਇਹ ਵੀ ਪੜ੍ਹੋ:
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਪ੍ਰੋਗਰਾਮ ਨੂੰ ਬਣਾਉਣ ਦੀ ਲਾਗਤ ਬਾਰੇ ਕਿਹਾ ਕਿ "ਪ੍ਰਸਾਰ ਭਾਰਤੀ ਬਿਨ੍ਹਾਂ ਕਿਸੇ ਵਾਧੂ ਖਰਚ ਦੇ, ਮੌਜੂਦਾ ਅੰਦਰੂਨੀ ਸਰੋਤਾਂ ਦੀ ਵਰਤੋਂ ਕਰਦਿਆਂ ਮਨ ਕੀ ਬਾਤ ਪ੍ਰੋਗਰਾਮ ਦਾ ਪ੍ਰਸਾਰਣ ਕਰਦਾ ਹੈ।”
ਮੰਤਰਾਲੇ ਦੇ ਅਨੁਸਾਰ ਇਸ ਪ੍ਰੋਗਰਾਮ ਨੂੰ ਬਣਾਉਣ ਲਈ 'ਇਨ ਹਾਊਸ ਸਟਾਫ' ਦੀ ਹੀ ਮਦਦ ਲਈ ਜਾ ਰਹੀ ਹੈ।
ਆਮਦਨੀ ਦੇ ਸਵਾਲ ਉੱਤੇ ਨਵੇਂ ਬਣੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, "ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਰੇਡੀਓ ਦੇ ਜ਼ਰੀਏ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚ ਬਣਾਉਣਾ ਹੈ ਅਤੇ ਨਾਲ ਹੀ ਇਹ ਪ੍ਰੋਗਰਾਮ ਹਰ ਕਿਸੇ ਨਾਗਰਿਕ ਨੂੰ ਪ੍ਰਧਾਨ ਮੰਤਰੀ ਦੇ ਰੇਡੀਓ ਸੰਬੋਧਨ ਨਾਲ ਜੁੜਨ, ਸੁਝਾਅ ਦੇਣ ਅਤੇ ਹਿੱਸੇਦਾਰੀ ਵਾਲੇ ਸ਼ਾਸਨ ਦਾ ਹਿੱਸਾ ਬਣਨ ਦਾ ਮੌਕਾ ਦਿੰਦਾ ਹੈ।"

ਤਸਵੀਰ ਸਰੋਤ, ANI
ਸਾਲ ਦਰ ਸਾਲ ਵੇਰਵਾ
ਇਸ ਤੋਂ ਇਲਾਵਾ ਹੁਣ ਤੱਕ ਬੀਤੇ ਹਰ ਸਾਲ ਦੌਰਾਨ ਇਸ ਪ੍ਰੋਗਰਾਮ ਉੱਤੇ ਜੋ ਵੀ ਮਾਲੀਆ ਇੱਕਠਾ ਹੋਇਆ ਹੈ, ਉਸ ਦਾ ਵੇਰਵਾ ਇੱਕ ਟੇਬਲ ਜ਼ਰੀਏ ਦਿੱਤਾ ਗਿਆ ਹੈ।
ਇਸ ਵੇਰਵੇ ਮੁਤਾਬਕ ਸਾਲ 2014-15 ਵਿੱਚ ਮਨ ਕੀ ਬਾਤ ਨੇ 1.16 ਕਰੋੜ ਰੁਪਏ ਦਾ ਮਾਲੀਆ ਇੱਕਠਾ ਕੀਤਾ ਸੀ। ਪ੍ਰੋਗਰਾਮ ਸਾਲ 2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋਇਆ ਸੀ।
2015-16 ਵਿੱਚ ਮਨ ਕੀ ਬਾਤ ਤੋਂ ਇਕੱਠਾ ਹੋਣ ਵਾਲਾ ਮਾਲੀਆ ਵੱਧ ਕੇ 2.81 ਕਰੋੜ ਰੁਪਏ ਤੱਕ ਅੱਪੜ ਗਿਆ ਸੀ ਅਤੇ ਸਾਲ 2016-17 ਇਹ ਵੱਧ ਕੇ 5.14 ਕਰੋੜ ਰੁਪਏ ਤੋਂ ਵੀ ਵੱਧ ਹੋ ਗਿਆ ਸੀ।
ਇਸ ਸੰਬੋਧਨ ਨਾਲ ਪ੍ਰਸਾਰ ਭਾਰਤੀ ਨੂੰ ਹੋਣ ਵਾਲੀ ਕਮਾਈ ਵਿੱਚ ਸਭ ਤੋਂ ਵੱਧ ਵਾਧਾ 2017-18 ਵਿੱਚ ਵੇਖਣ ਨੂੰ ਮਿਲਿਆ ਸੀ, ਜਦੋਂ ਇਹ ਰਾਸ਼ੀ ਵੱਧ ਕੇ 10.64 ਕਰੋੜ ਰੁਪਏ ਹੋ ਗਈ ਸੀ।
ਅਗਲੇ ਸਾਲ 2018-19 ਵਿੱਚ ਇਹ ਘੱਟ ਕੇ 7.47 ਕਰੋੜ ਰੁਪਏ ਅਤੇ 2019-20 ਵਿੱਚ ਇਹ 2.56 ਕਰੋੜ ਰੁਪਏ ਰਹਿ ਗਈ ਸੀ।

ਤਸਵੀਰ ਸਰੋਤ, Getty Images
ਅਖੀਰ 2020-21 ਵਿੱਚ ਮਨ ਕੀ ਬਾਤ ਤੋਂ ਪ੍ਰਸਾਰ ਭਾਰਤੀ ਨੂੰ ਸਿਰਫ 1.02 ਕਰੋੜ ਰੁਪਏ ਦਾ ਹੀ ਮਾਲੀਆ ਹਾਸਲ ਹੋਇਆ ਹੈ।
ਵਿਰੋਧੀ ਧਿਰ ਦੀ ਸੰਸਦ ਮੈਂਬਰ ਵੱਲੋਂ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਇਹ ਅੰਕੜੇ ਪੇਸ਼ ਕਰਨ ਦੇ ਨਾਲ ਹੀ ਅਨੁਰਾਗ ਠਾਕੁਰ ਨੇ ਇਹ ਵੀ ਦੁਹਰਾਇਆ ਕਿ 'ਮਾਣਯੋਗ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ ਮੁੱਖ ਉਦੇਸ਼ ਦਿਨ-ਪ੍ਰਤੀਦਿਨ ਸ਼ਾਸਨ ਦੇ ਮੁੱਦਿਆਂ ’ਤੇ ਨਾਗਰਿਕਾਂ ਨਾਲ ਸੰਵਾਦ ਕਰਨਾ ਹੈ।'
ਪ੍ਰਸਾਰ ਭਾਰਤੀ ਦਾ ਕੀ ਕਹਿਣਾ ਹੈ?
ਬੀਬੀਸੀ ਨੂੰ ਇੱਕ ਲਿਖਤੀ ਜਵਾਬ ਵਿੱਚ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ, (ਸੀਈਓ) ਸ਼ਸ਼ੀ ਸ਼ੇਖਰ ਵੇਮਪੱਤੀ ਨੇ ਕਿਹਾ, "ਇਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਤੁਹਾਡੇ ਸਵਾਲਾਂ ਨੇ ਕੌਮੀ ਮਹੱਤਵ ਅਤੇ ਆਲਮੀ ਪ੍ਰਸੰਗਿਕਤਾ ਦੇ ਅਜਿਹੇ ਪ੍ਰੋਗਰਾਮ ਨੂੰ ਮਾਲੀਆ ਸਿਰਜਣ ਦੀਆਂ ਸੌੜੀਆਂ ਐਨਕਾਂ ਰਾਹੀਂ ਦੇਖਿਆ ਹੈ। ਜਦਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਤਾਂ ਵਪਾਰਕ ਮਾਲੀਆ ਨਹੀਂ ਸਗੋਂ ਨਾਗਰਿਕਾਂ ਨਾਲ ਜੁੜਾਅ ਹੈ।"

ਤਸਵੀਰ ਸਰੋਤ, Prasar Bharti
ਉਨ੍ਹਾਂ ਅੱਗੇ ਕਿਹਾ,"ਮਨ ਕੀ ਬਾਤ ਦੇ 75 ਤੋਂ ਵੱਧ ਐਪੀਸੋਡਾਂ ਦੀ ਪੂਰੀ ਲੜੀ ਵਿੱਚ ਪ੍ਰੋਗਰਾਮ ਦੀ ਸਿਆਸੀ ਉਦੇਸ਼ ਲਈ ਵਰਤੋਂ ਕੀਤੇ ਜਾਣ ਦੀ ਕੋਈ ਵੀ ਉਦਾਹਰਣ ਮੌਜੂਦ ਨਹੀਂ ਹੈ।
“ਮਨ ਕੀ ਬਾਤ ਦੀ ਹਰੇਕ ਕੜੀ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਲੋਕ ਹਿੱਤਾਂ ਦੇ ਮੁੱਦਿਆਂ ਉੱਪਰ ਨਾਗਰਿਕਾਂ ਦੇ ਕਈ ਸਵਾਲਾਂ ਅਤੇ ਟਿੱਪਣੀਆਂ ਸਮੇਤ ਨਾਗਰਿਕਾਂ ਉੱਤੇ ਕੇਂਦਰਿਤ ਰਿਹਾ ਹੈ।"
"ਇਹ ਹੈਰਾਨੀ ਵਾਲੀ ਗੱਲ ਹੈ ਕਿ 'ਮਨ ਕੀ ਬਾਤ' ਦੇ ਵਪਾਰਕ ਇਸ਼ਤਿਹਾਰਾਂ ਉੱਤੇ ਵਧੇਰੇ ਧਿਆਨ ਕੇਂਦਰਤ ਕਰਦਿਆਂ, 'ਮਨ ਕੀ ਬਾਤ' ਰਾਹੀਂ ਸਮਾਜਿਕ ਸੰਦੇਸ਼ ਦੇ ਅਹਿਮ ਪਹਿਲੂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ।”
“ਟੈਲੀਵਿਜ਼ਨ ਰੇਟਿੰਗ ਪ੍ਰਣਾਲੀ, ਜ਼ਰੀਏ ਪ੍ਰਸਾਰ ਭਾਰਤੀ ਨੂੰ ਹਾਸਲ ਹੋਏ ਅਨੁਮਾਨਾਂ ਦੇ ਅਨੁਸਾਰ ਸਾਲ 2020-21 ਦੌਰਾਨ ਦੇਸ਼ ਭਰ ਵਿੱਚ 111 ਟੀਵੀ ਚੈਨਲਾਂ ਨੇ 'ਮਨ ਕੀ ਬਾਤ' ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਹੈ ਅਤੇ 14 ਕਰੋੜ ਤੋਂ ਵੀ ਵੱਧ ਦਰਸ਼ਕਾਂ ਨੇ ਇਸ ਨੂੰ ਦੇਖਿਆ ਹੈ।"
ਇਸ਼ਤਿਹਾਰਬਾਜ਼ੀ ਜ਼ਰੀਏ ਇੱਕਠਾ ਹੋਣ ਵਾਲਾ ਮਾਲੀਆ ਕਿਉਂ ਘਟਿਆ?
'ਮਨ ਕੀ ਬਾਤ' ਪ੍ਰੋਗਰਾਮ ਦਾ ਟੀਚਾ ਮਾਲੀਆ ਪੈਦਾ ਕਰਨਾ ਭਾਵੇਂ ਨਾ ਹੋਵੇ ਪਰ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨੀ ਵਿੱਚ ਗਿਰਾਵਟ ਦੇ ਕਾਰਨ ਅਜੇ ਵੀ ਸਪੱਸ਼ਟ ਨਹੀਂ ਹਨ।
ਜਵਾਹਰ ਸਰਕਾਰ 2012 ਤੋਂ 2016 ਤੱਕ ਪ੍ਰਸਾਰ ਭਾਰਤੀ ਦੇ ਸੀਈਓ ਰਹਿ ਚੁੱਕੇ ਹਨ।

ਤਸਵੀਰ ਸਰੋਤ, Getty Images
ਸਾਲ 2017 ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੂੰ ਮੋਦੀ ਸਰਕਾਰ ਦੇ ਆਲੋਚਕ ਵੱਜੋਂ ਵੀ ਵੇਖਿਆ ਜਾਂਦਾ ਹੈ।
ਜਦੋਂ 'ਮਨ ਕੀ ਬਾਤ' ਪ੍ਰੋਗਰਾਮ ਸ਼ੁਰੂ ਹੋਇਆ ਸੀ, ਉਸ ਸਮੇਂ ਉਹ ਹੀ ਪ੍ਰਸਾਰ ਭਾਰਤੀ ਦੇ ਸੀਈਓ ਸਨ।
ਜਵਾਹਰ ਸਰਕਾਰ ਨੇ ਬੀਬੀਸੀ ਨੂੰ ਦੱਸਿਆ, " ਇਸ਼ਤਿਹਾਰਾਂ ਅਤੇ ਦਰਸ਼ਕਾਂ ਜਾਂ ਸਰੋਤਿਆਂ ਵਿਚਕਾਰ ਸਿੱਧਾ ਸਬੰਧ ਹੁੰਦਾ ਹੈ। ਮਨ ਕੀ ਬਾਤ ਦੇ ਕੁਝ ਐਪੀਸੋਡਾਂ ਉੱਤੇ ਸੋਸ਼ਲ ਮੀਡੀਆ ਉਪਰ ਨਾਂਹਮੁਖੀ ਪ੍ਰਤੀਕਰਮ ਵੇਖਣ ਨੂੰ ਮਿਲਿਆ ਸੀ ਅਤੇ ਪ੍ਰੋਗਰਾਮ ਸੁਣਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ।”
“ਸਪੱਸ਼ਟ ਹੈ ਕਿ ਇਸ਼ਤਿਹਾਰ ਦੇਣ ਵਾਲੇ ਆਪਣੇ ਪੈਸੇ ਤਾਂ ਹੀ ਲਾਉਂਦੇਹਨ, ਜਦੋਂ ਉਨ੍ਹਾਂ ਨੂੰ ਲੱਗਦਾ ਹੈ ਉਨ੍ਹਾਂ ਦੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗੀ।"
"ਜਦੋਂ ਇਸ ਪ੍ਰੋਗਰਾਮ ਦੇ ਪ੍ਰਸਾਰਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ-ਦੋ ਵਾਰ ਹੰਗਾਮਾ ਹੋਇਆ ਤਾਂ ਵੇਖਿਆ ਗਿਆ ਕਿ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਕਹੀਆਂ ਗੱਲਾਂ ਉਨ੍ਹਾਂ ਦੇ ਸਮਰਥਨ ਵਿੱਚ ਕਹੀਆ ਗੱਲਾਂ ਦੇ ਮੁਕਾਬਲੇ ਕਿਤੇ ਵੱਧ ਸਨ।"
ਜਵਾਹਰ ਸਰਕਾਰ ਦੇ ਅਨੁਸਾਰ ਇਸ ਦਾ ਮਾੜਾ ਪ੍ਰਭਾਵ ਪਿਆ ਹੈ।
ਉਹ ਕਹਿੰਦੇ ਹਨ, "ਰੇਡੀਓ ਦੇ ਸਰੋਤਿਆਂ ਦੀ ਗਿਣਤੀ ਦਾ ਸਹੀ ਵਿਸ਼ਲੇਸ਼ਣ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਇਸ਼ਤਿਹਾਰ ਦੇਣ ਵਾਲੇ ਸੋਸ਼ਲ ਮੀਡੀਆ ਉੱਤੇ ਲੋਕਾਂ ਦੀ ਪ੍ਰਤੀਕ੍ਰਿਆ ਦਾ ਵਿਸ਼ਲੇਸ਼ਣ ਸੌਖਿਆਂ ਹੀ ਕਰ ਸਕਦੇ ਹਨ।"

ਤਸਵੀਰ ਸਰੋਤ, Facebook/@narendramodi
'ਮਨ ਕੀ ਬਾਤ' ਦਾ ਹੁਣ ਤੱਕ ਦਾ ਸਫ਼ਰ
'ਮਨ ਕੀ ਬਾਤ' ਪ੍ਰੋਗਰਾਮ ਦੀਆਂ ਹੁਣ ਤੱਕ 78 ਕਿਸ਼ਤਾਂ ਪ੍ਰਸਾਰਿਤ ਹੋ ਚੁੱਕੀਆਂ ਹਨ ਜੋ ਕਿ ਇਹ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਸਵੇਰ ਦੇ 11 ਵਜੇ ਆਕਾਸ਼ਵਾਣੀ ਅਤੇ ਡੀਡੀ ਚੈਨਲਾਂ ਉੱਤੇ ਪ੍ਰਸਾਰਿਤ ਕੀਤੀਆਂ ਗਈਆਂ ਹਨ।
ਪ੍ਰਸਾਰ ਭਾਰਤੀ ਇਸ ਪ੍ਰੋਗਰਾਮ ਨੂੰ ਆਪਣੇ ਆਕਾਸ਼ਵਾਣੀ ਨੈੱਟਵਰਕ ਉੱਤੇ 23 ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਵਿੱਚ ਪ੍ਰਸਾਰਿਤ ਕਰਦਾ ਹੈ।
ਇਸ ਤੋਂ ਇਲਾਵਾ ਪ੍ਰਸਾਰ ਭਾਰਤੀ ਆਪਣੇ ਵੱਖ-ਵੱਖ ਡੀਡੀ ਚੈਨਲਾਂ 'ਤੇ ਵੀ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਇਸ ਪ੍ਰੋਗਰਾਮ ਦੇ ਵਿਜ਼ੂਅਲ ਸੰਸਕਰਣਾਂ ਦਾ ਪ੍ਰਸਾਰਣ ਕਰਦਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਨੁਸਾਰ ਆਕਾਸ਼ਵਾਣੀ (ਏਆਈਆਰ) ਅਤੇ ਦੂਰਦਰਸ਼ਨ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਦੇਸ਼ ਭਰ ਵਿੱਚ ਕੇਬਲ ਅਤੇ ਡੀਟੀਐੱਚ ਮੰਚਾਂ ਰਾਹੀਂ ਕੋਈ 91 ਨਿੱਜੀ ਸੈਟੇਲਾਈਟ ਟੀਵੀ ਚੈਨਲਾਂ ਉੱਤੇ ਵੀ ਪ੍ਰਸਾਰਿਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਹ ਪ੍ਰੋਗਰਾਮ ' ਐਂਡਰੋਇਡ' ਅਤੇ 'ਆਈਓਐਸ' ਮੋਬਾਈਲ ਗਾਹਕਾਂ ਲਈ 'ਨਿਊਜ਼ਓਨਏਆਈਆਰ' ਐਪ ਜ਼ਰੀਏ ਅਤੇ ਪ੍ਰਸਾਰ ਭਾਰਤੀ ਦੇ ਵੱਖ-ਵੱਖ ਯੂਟਿਊਬ ਚੈਨਲਾਂ ਉੱਤੇ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ-
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













