ਕੋਰੋਨਾਵਾਇਰਸ ਦਾ ਇਲਾਜ ਕਰਦੇ ਡਾਕਟਰਾਂ 'ਤੇ ਇਸ ਤਰ੍ਹਾਂ ਹੋਏ ਹਮਲੇ, ਇੱਕ ਡਾਕਟਰ ਨੇ ਕਿਹਾ, 'ਮੈਨੂੰ ਲੱਗਿਆ ਜ਼ਿੰਦਾ ਨਹੀਂ ਬਚਾਂਗਾ'

- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਡਾਕਟਰ ਸਿਉਜ ਕੁਮਾਰ ਸੇਨਾਪਤੀ ਨੂੰ ਅਜੇ ਵੀ ਜੂਨ ਦੀ ਉਹ ਦੁਪਹਿਰ ਚੇਤੇ ਹੈ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਉਹ ਮਰ ਜਾਣਗੇ।
ਇਹ ਡਾਕਟਰ ਸਿਉਜ ਦੀ ਪਹਿਲੀ ਨੌਕਰੀ ਦਾ ਕੰਮ ਉੱਤੇ ਦੂਜਾ ਦਿਨ ਸੀ, ਉਹ ਅਸਮ ਦੇ ਹੋਜਾਈ ਜ਼ਿਲ੍ਹੇ ਵਿੱਚ ਕੋਵਿਡ ਕੇਅਰ ਸੈਂਟਰ 'ਚ ਡਿਊਟੀ 'ਤੇ ਸਨ।
ਉਸ ਸਵੇਰ ਕੋਵਿਡ ਕੇਅਰ ਸੈਂਟਰ ਵਿੱਚ ਦਾਖਲ ਹੋਏ ਇੱਕ ਮਰੀਜ਼ ਨੂੰ ਦੇਖਣ ਲਈ ਉਨ੍ਹਾਂ ਨੂੰ ਕਿਹਾ ਗਿਆ ਸੀ। ਜਦੋਂ ਉਨ੍ਹਾਂ ਉਸ ਮਰੀਜ਼ ਨੂੰ ਦੇਖਿਆ ਤਾਂ ਮਰੀਜ਼ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਆ ਰਹੀ ਸੀ।
ਇਹ ਵੀ ਪੜ੍ਹੋ:
ਮਰੀਜ਼ ਦਾ ਪਰਿਵਾਰ ਗੁੱਸੇ ਵਿੱਚ ਸੀ ਜਦੋਂ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਆਦਮੀ ਦੀ ਮੌਤ ਹੋ ਗਈ ਹੈ। ਕੁਝ ਹੀ ਪਲਾਂ ਵਿੱਚ ਡਾ. ਸੇਨਾਪਤੀ ਨੇ ਉਹ ਸਭ ਚੇਤੇ ਕੀਤਾ ਤੇ ਦੱਸਿਆ ਕਿ ਪਰਿਵਾਰ ਕਮਰੇ ਵਿੱਚ ਪਈਆਂ ਕੁਰਸੀਆਂ ਨੂੰ ਸੁੱਟਣ ਲੱਗਿਆ, ਖਿੜਕੀਆਂ ਤੋੜੀਆਂ ਅਤੇ ਸਟਾਫ਼ ਨਾਲ ਬਦਸਲੂਕੀ ਕਰਨ ਲੱਗਿਆ।

ਤਸਵੀਰ ਸਰੋਤ, Getty Images
ਡਾ. ਸੇਨਾਪਤੀ ਨੇ ਖ਼ੁਦ ਨੂੰ ਬਚਾਉਣ ਲਈ ਦੌੜਨਾ ਚਾਹਿਆ ਪਰ ਜਲਦੀ ਹੀ ਮਰੀਜ਼ ਦੇ ਪਰਿਵਾਰ ਵਾਲਿਆਂ ਕੋਲ ਹੋਰ ਲੋਕ ਆ ਗਏ ਅਤੇ ਉਨ੍ਹਾਂ ਨੂੰ ਘੇਰ ਲਿਆ।
ਇੱਕ ਦਿਲ ਨੂੰ ਕੰਬਾਉਣ ਵਾਲੀ ਹਮਲੇ ਵਾਲੀ ਵੀਡੀਓ ਆਉਂਦੀ ਹੈ, ਜਿਸ ਵਿੱਚ ਡਾ. ਸੇਨਾਪਤੀ ਨੂੰ ਕੁਝ ਆਦਮੀ ਲੱਤਾ ਮਾਰਦੇ ਹਨ ਅਤੇ ਉਨ੍ਹਾਂ ਦੇ ਸਿਰ ਉੱਤੇ ਹਮਲਾ ਕਰਦੇ ਹਨ, ਫ਼ਿਰ ਉਨ੍ਹਾਂ ਵੱਲੋਂ ਡਾਕਟਰ ਸੇਨਾਪਤੀ ਨੂੰ ਬਾਹਰ ਘੜੀਸਿਆ ਜਾਂਦਾ ਹੈ ਅਤੇ ਕੁੱਟਮਾਰ ਜਾਰੀ ਰਹਿੰਦੀ ਹੈ।
ਡਾ. ਸੇਨਾਪਤੀ ਦੀ ਕਮੀਜ਼ ਲਹੀ ਹੁੰਦੀ ਹੈ ਅਤੇ ਲਹੂ ਨਾਲ ਲੱਥਪੱਥ ਹੁੰਦੇ ਹਨ, ਉਨ੍ਹਾਂ ਨੂੰ ਪੀੜ ਅਤੇ ਡਰ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ - ''ਮੈਂ ਸੋਚਿਆ ਕਿ ਜ਼ਿੰਦਾ ਨਹੀਂ ਬਚਾਂਗਾ।''
ਭਾਰਤ ਵਿੱਚ ਪਿਛਲੇ ਸਾਲ ਕੋਰੋਨਾਵਾਇਰਸ ਦੀ ਸ਼ੁਰੂਆਤ ਤੋਂ ਹੀ ਕਈ ਡਾਕਟਰਾਂ ਉੱਤੇ ਕੋਵਿਡ ਮਰੀਜ਼ਾਂ ਦੇ ਪਰਿਵਾਰਾਂ ਵੱਲੋਂ ਹਮਲੇ ਹੋਏ ਹਨ। ਇਨ੍ਹਾਂ ਪਰਿਵਾਰਾਂ ਵੱਲੋਂ ਸ਼ਿਕਾਇਤ ਇਹ ਸੀ ਕਿ ਉਨ੍ਹਾਂ ਦੇ ਅਪਣਿਆਂ ਨੂੰ ਚੰਗੀ ਤਰ੍ਹਾਂ ਇਲਾਜ ਨਹੀਂ ਮਿਲਿਆ ਜਾਂ ਉਨ੍ਹਾਂ ਨੂੰ ਸਮੇਂ 'ਤੇ ਬੈੱਡ ਨਹੀਂ ਦਿੱਤਾ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਡਾਕਟਰਾਂ ਵੱਲੋਂ ਉਨ੍ਹਾਂ ਉੱਤੇ ਹੁੰਦੇ ਹਮਲਿਆਂ ਤੋਂ ਬਾਅਦ ਮੁਜ਼ਾਹਰੇ ਕੀਤੇ ਗਏ ਅਤੇ ਉਹ ਹੜਤਾਲ 'ਤੇ ਵੀ ਗਏ। ਇਨ੍ਹਾਂ ਵੱਲੋਂ ਮੰਗ ਸੀ ਕਿ ਸਖ਼ਤ ਕਾਨੂੰਨ ਲਿਆਂਦੇ ਜਾਣ, ਜ਼ਿਆਦਾ ਸਟਾਫ਼ ਮੁਹੱਈਆ ਕਰਵਾਇਆ ਜਾਵੇ ਅਤੇ ਉਨ੍ਹਾਂ ਉੱਤੇ ਪੈਂਦੇ ਦਬਾਅ ਨੂੰ ਘੱਟ ਕਰਨ ਲਈ ਬਿਹਤਰ ਇਨਫਰਾਸਟ੍ਰਕਚਰ ਹੋਵੇ।
ਹਸਪਤਾਲਾਂ ਦੀ ਤਿਆਰੀ ਵੀ ਚੰਗੀ ਨਹੀਂ ਸੀ। ਜਦੋਂ ਡਾ. ਸੇਨਾਪਤੀ ਉੱਤੇ ਹਮਲਾ ਹੋਇਆ ਤਾਂ ਉਨ੍ਹਾਂ ਦੇ ਬਚਾਅ ਲਈ ਕੋਈ ਨਹੀਂ ਆਇਆ ਕਿਉਂਕਿ ਬਾਕੀ ਸਟਾਫ਼ ਨਾਲ ਵੀ ਕੁੱਟਮਾਰ ਹੋ ਰਹੀ ਸੀ ਜਾਂ ਫ਼ਿਰ ਉਹ ਲੁਕੇ ਹੋਏ ਸਨ। ਭੀੜ ਦੇ ਖ਼ਿਲਾਫ਼ ਇਕੱਲਾ ਗਾਰਡ ਕੁਝ ਨਹੀਂ ਕਰ ਸਕਦਾ ਸੀ।

ਤਸਵੀਰ ਸਰੋਤ, Getty Images
ਡਾ. ਸੇਨਾਪਤੀ ਹਮਲੇ ਬਾਰੇ ਦੱਸਦੇ ਹਨ, ''ਮੇਰੇ ਕੱਪੜੇ ਫਾੜੇ ਗਏ, ਸੋਨੇ ਦੀ ਚੇਨ ਖੋਹ ਲਈ ਗਈ ਅਤੇ ਮੇਰੇ ਮੋਬਾਈਲ ਤੇ ਐਨਕਾਂ ਨੂੰ ਤੋੜ ਦਿੱਤਾ ਗਿਆ। ਪਰ ਲਗਭਗ 20 ਮਿੰਟਾਂ ਬਾਅਦ ਮੈਂ ਭੱਜਣ ਵਿੱਚ ਸਫ਼ਲ ਰਿਹਾ।''
ਇਸ ਤੋਂ ਬਾਅਦ ਡਾ. ਸੇਨਾਪਤੀ ਸਿੱਧਾ ਸਥਾਨਕ ਪੁਲਿਸ ਸਟੇਸ਼ਨ ਗਏ ਅਤੇ ਸ਼ਿਕਾਇਤ ਦਰਜ ਕਰਵਾਈ। ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤ ਫ਼ੈਲ ਗਈ ਅਤੇ ਹਲਚਲ ਮੱਚ ਗਈ। ਸੂਬਾ ਸਰਕਾਰ ਨੇ ਤੁਰੰਤ ਕਾਰਵਾਈ ਦਾ ਵਾਅਦਾ ਕੀਤਾ ਅਤੇ ਤਿੰਨ ਨਾਬਾਲਗਾਂ ਸਣੇ 36 ਲੋਕਾਂ ਖ਼ਿਲਾਫ਼ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ:
ਸਿਹਤ ਸੰਭਾਲ ਕਰਮਚਾਰੀਆਂ ਉੱਤੇ ਕੋਵਿਡ ਦੌਰਾਨ ਹਮਲੇ ਜ਼ਿਆਦਾ ਚਰਚਾ ਵਿੱਚ ਰਹੇ, ਪਰ ਮਹਾਂਮਾਰੀ ਤੋਂ ਪਹਿਲਾਂ ਵੀ ਅਜਿਹੇ ਹਮਲੇ ਹੁੰਦੇ ਰਹੇ ਹਨ ਹਾਲਾਂਕਿ ਬਹੁਤੇ ਮਾਮਲੇ ਪੁਲਿਸ ਕੋਲ ਸ਼ਿਕਾਇਤ ਅਤੇ ਜਾਂਚ ਤੱਕ ਨਹੀਂ ਪਹੁੰਚੇ।
ਜਦੋਂ ਕਿਤੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਸਨ ਤਾਂ ਅਕਸਰ ਮੁਲਜ਼ਮ ਜ਼ਮਾਨਤ ਉੱਤੇ ਤੁਰੰਤ ਰਿਹਾਅ ਹੋ ਜਾਂਦੇ ਸਨ ਅਤੇ ਮਾਮਲਾ ਅਦਾਲਤ ਤੋਂ ਬਾਹਰ ਹੀ ਰਫ਼ਾ-ਦਫ਼ਾ ਹੋ ਜਾਂਦਾ ਸੀ।
2021 ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਕਹਿਰ ਦੌਰਾਨ ਇੱਕ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭੰਨ-ਤੋੜ ਕੀਤੀ ਅਤੇ ਸਟਾਫ਼ ਨਾਲ ਬਦਸਲੁਕੀ ਕੀਤੀ।
ਇੰਨੇ ਨਾਮੀਂ ਹਸਪਤਾਲ ਹੋਣ ਦੇ ਬਾਵਜੂਦ, ਹਸਪਤਾਲ ਵੱਲੋਂ ਕੇਸ ਨਹੀਂ ਕੀਤਾ ਗਿਆ। ਸੱਚ ਤਾਂ ਇਹ ਹੈ ਕਿ ਹਸਪਤਾਲ ਪ੍ਰਸ਼ਾਸਨ ਇਸ ਤਰ੍ਹਾਂ ਦੇ ਕੇਸ ਵਿੱਚ ਘੱਟ ਹੀ ਸ਼ਾਮਲ ਹੁੰਦਾ ਹੈ, ਸਗੋਂ ਸਟਾਫ਼ ਉੱਤੇ ਹੀ ਬੀਤਦੀ ਹੈ।
ਡਾਕਟਰ ਕਹਿੰਦੇ ਹਨ ਕਿ ਇੱਕ ਸਮੱਸਿਆ ਇਹ ਹੈ ਕਿ ਉਨ੍ਹਾਂ ਦੇ ਬਚਾਅ ਲੋਈ ਕੋਈ ਕਾਨੂੰਨ ਨਹੀਂ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੇ ਜਨਰਲ ਸਕੱਤਰ ਡਾ. ਜੇਏਸ਼ ਲੇਲੇ ਕਹਿੰਦੇ ਹਨ, ''ਅਸੀਂ ਦੇਖਿਆ ਹੈ ਕਿ ਮੌਜੂਦਾ ਕਾਨੂੰਨ ਪ੍ਰਭਾਵਸ਼ਾਲੀ ਨਹੀਂ ਹਨ ਅਤੇ ਇਸ ਲਈ ਉਹ ਰੋਧਕ ਨਹੀਂ ਹਨ। ਇੱਕ ਸਖ਼ਤ ਕਾਨੂੰਨ ਦੀ ਤੁਰੰਤ ਲੋੜ ਹੈ ਤਾਂ ਜੋ ਲੋਕਾਂ ਨੂੰ ਇਹ ਸਮਝ ਆਵੇ ਕਿ ਡਾਕਟਰਾਂ ਨੂੰ ਕੁੱਟਣ ਦੇ ਕੀ ਨਤੀਜੇ ਹੋਣਗੇ।''
IMA ਨਾਲ 3 ਲੱਖ 30 ਹਜ਼ਾਰ ਤੋਂ ਵੱਧ ਡਾਕਟਰ ਬਤੌਰ ਮੈਂਬਰ ਜੁੜੇ ਹਨ ਤੇ IMA ਸਿਹਤ ਸੰਭਾਲ ਕਰਮਚਾਰੀਆਂ ਉੱਤੇ ਹੁੰਦੇ ਹਮਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਕਰ ਰਹੀ ਹੈ।
ਪਰ ਕੀ ਕਾਨੂੰਨ ਇਸ ਸਮੱਸਿਆ ਦਾ ਹੱਲ ਹੈ?
ਸ਼੍ਰਿਆ ਸ਼੍ਰੀਵਾਸਤਵ ਡਾਕਟਰਾਂ ਖਿਲਾਫ਼ ਹੁੰਦੀ ਹਿੰਸਾ ਦੇ ਮਾਮਲਿਆਂ 'ਤੇ ਨਜ਼ਰ ਰੱਖਦੇ ਹਨ।
ਉਨ੍ਹਾਂ ਕਿਹਾ, "ਅਜਿਹੀ ਹਿੰਸਾ ਇੱਕ ਤੈਅ ਤਰੀਕੇ ਨਾਲ ਨਹੀਂ ਹੁੰਦੀ। ਡਾਕਟਰਾਂ ਪ੍ਰਤੀ ਹਿੰਸਾ ਨੂੰ ਲੋਕ ਕਿਸੇ ਆਪਣੇ ਦੀ ਮੌਤ ਤੋਂ ਦੁਖੀ ਹੋ ਕੇ ਅੰਜਾਮ ਦਿੰਦੇ ਹਨ।
ਸ਼੍ਰਿਆ ਵਿਧੀ ਸੈਂਟਰ ਫਾਰ ਲੀਗਲ ਪੌਲਿਸੀ ਦੀ ਉਸ ਟੀਮ ਦਾ ਹਿੱਸਾ ਹਨ, ਜਿਨ੍ਹਾਂ ਨੇ ਜਨਵਰੀ 2018 ਤੋਂ ਸਤੰਬਰ 2019 ਵਿਚਾਲੇ ਡਾਕਟਰਾਂ 'ਤੇ ਹੋਏ 56 ਹਮਲਿਆਂ ਬਾਰੇ ਛਪੀਆਂ ਅਖ਼ਬਾਰਾਂ ਦੀਆਂ ਰਿਪੋਰਟਾਂ ਬਾਰੇ ਰਿਸਰਚ ਕੀਤੀ ਸੀ।
ਉਨ੍ਹਾਂ ਨੇ ਇਸ ਰਿਸਰਚ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਆਖਿਰ ਇਹ ਹਮਲੇ ਕਿਉਂ ਹੁੰਦੇ ਹਨ ਤੇ ਇਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਡਾਕਟਰਾਂ ਉੱਤੇ ਹਮਲੇ ਕਰਨ ਵਾਲਿਆਂ ਲਈ 7 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਰੱਖੀ ਗਈ ਪਰ ਇਸ ਨਾਲ ਕੋਈ ਮਦਦ ਨਹੀਂ ਮਿਲੀ।

ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰ ਵਿਕਾਸ ਰੇੱਡੀ 'ਤੇ ਲੋਹੇ ਤੇ ਪਲਾਸਟਿਕ ਦੀਆਂ ਕੁਰਸੀਆਂ ਨਾਲ ਹਮਲਾ ਕੀਤਾ ਗਿਆ ਸੀ।
ਇਹ ਹਮਲਾ ਕਥਿਤ ਤੌਰ 'ਤੇ ਕੋਵਿਡ ਨਾਲ ਮਰੇ ਇੱਕ ਮਰੀਜ਼ ਦੇ ਰਿਸ਼ਤੇਦਾਰਾਂ ਨੇ ਕੀਤਾ ਸੀ। ਵਿਕਾਸ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਉਨ੍ਹਾਂ ਦੱਸਿਆ, "ਮੇਰੇ ਲਈ ਕੰਮ ਉੱਤੇ ਵਾਪਸ ਜਾਣਾ ਬਹੁਤ ਮੁਸ਼ਕਿਲ ਸੀ। ਮੈਂ ਉਸੇ ਮੈਡੀਕਲ ਵਾਰਡ ਵਿੱਚ ਗੰਭੀਰ ਬਿਮਾਰ ਮਰੀਜ਼ਾਂ ਨੂੰ ਵੇਖ ਰਿਹਾ ਸੀ। ਮੈਨੂੰ ਉਸ ਹਮਲੇ ਦੇ ਦ੍ਰਿਸ਼ ਅਜੇ ਵੀ ਯਾਦ ਆਉਂਦੇ ਹਨ।"
ਵਿਕਾਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਘਟਨਾ ਬਾਰੇ ਬਹੁਤ ਸੋਚਿਆ ਸੀ।
ਉਨ੍ਹਾਂ ਕਿਹਾ, "ਮੈਂ ਦੁਵਿਧਾ ਵਿੱਚ ਸੀ।"
ਉਹ ਜਾਣਨਾ ਚਾਹੁੰਦੇ ਸੀ ਕਿ ਆਖਿਰ ਕਿਵੇਂ ਇਲਾਜ ਬਾਰੇ ਦੱਸਿਆ ਜਾਵੇ ਜਾਂ ਕਿਵੇਂ ਮੌਤ ਦੀ ਦੁਖਦ ਖਬਰ ਦੱਸੀ ਜਾਵੇ ਤਾਂ ਜੋ ਅਗਲਾ ਹਮਲਾ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ, "ਮੈਨੂੰ ਇਹ ਅਹਿਸਾਸ ਹੋਇਆ ਕਿ ਸਾਨੂੰ ਆਪਣੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਵਕਤ ਬਿਤਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਦੱਸ ਸਕੀਏ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਕੀ ਨਹੀਂ।"
"ਜੇ ਉਹ ਸਹਿਮਤ ਨਹੀਂ ਹਨ ਤਾਂ ਸਾਨੂੰ ਕਿਸੇ ਹੋਰ ਹਸਪਤਾਲ ਦੇ ਮਰੀਜ਼ਾਂ ਵੱਲ ਉਨ੍ਹਾਂ ਨੂੰ ਲਿਜਾਉਣਾ ਚਾਹੀਦਾ ਹੈ ਪਰ ਸਾਡੇ ਕੋਲ ਇੰਨਾ ਵਕਤ ਨਹੀਂ ਹੁੰਦਾ ਹੈ। ਮੈਂ ਰੋਜ਼ 20-30 ਮਰੀਜ਼ ਵੇਖਦਾ ਹਾਂ।"
ਭਾਰਤ ਉਨ੍ਹਾਂ ਦੇਸਾਂ ਵਿੱਚ ਹੈ ਜਿੱਥੇ ਮਰੀਜ਼ਾਂ ਦੇ ਮੁਕਾਬਲੇ ਡਾਕਟਰਾਂ ਦਾ ਅਨੁਪਾਤ ਬਹੁਤ ਮਾੜਾ ਹੈ। ਵਰਲਡ ਬੈਂਕ ਅਨੁਸਾਰ ਹਰ ਇੱਕ ਲੱਖ ਲੋਕਾਂ ਲਈ ਕੇਵਲ 90 ਡਾਕਟਰ ਹਨ।
ਕੋਰੋਨਾ ਮਹਾਂਮਾਰੀ ਦੇ ਲੰਬੇ ਅਰਸੇ ਕਾਰਨ ਇਹ ਗਿਣਤੀ ਹੋਰ ਵੀ ਘੱਟ ਹੋਈ ਹੈ।
ਸ਼੍ਰਿਆ ਨੇ ਆਪਣੀ ਰਿਸਰਚ ਵਿੱਚ ਇਹ ਸਿੱਟਾ ਕੱਢਿਆ ਹੈ ਕਿ ਸਿਹਤ ਕਰਮੀਆਂ ਉੱਤੇ ਹਮਲੇ ਉਦੋਂ ਹੁੰਦੇ ਹਨ ਜਦੋਂ ਮਰੀਜ਼ ਐਮਰਜੈਂਸੀ ਵਾਰਡ ਜਾਂ ਆਈਸੀਯੂ ਵਿੱਚ ਹੋਵੇ, ਜਾਂ ਕਿਸੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਸ਼ਿਫਟ ਕੀਤਾ ਹੋਵੇ ਜਾਂ ਮਰੀਜ਼ ਦੀ ਮੌਤ ਹੋ ਗਈ ਹੋਵੇ।
ਡਾ. ਲੇਲੇ ਨੇ ਕਿਹਾ, "ਕੋਵਿਡ ਵਾਰਡ ਵਿੱਚ ਤਾਂ ਜੰਗ ਵਰਗਾ ਮਾਹੌਲ ਹੁੰਦਾ ਹੈ।"
ਇਸ ਦਾ ਮਤਲਬ ਹੈ ਕਿ ਇੱਥੇ ਮੁੱਦਾ ਵਿਸ਼ਵਾਸ ਦਾ ਹੈ।
ਭਾਰਤ ਵਿੱਚ ਨਿੱਜੀ ਸਿਹਤ ਸੈਕਟਰ ਕਾਫੀ ਮਹਿੰਗਾ ਹੈ ਤੇ ਰੈਗੁਲੇਟ ਵੀ ਨਹੀਂ ਕੀਤਾ ਜਾਂਦਾ। ਇਹ ਭਾਰਤ ਦੇ ਕੁੱਲ ਸਿਹਤ ਖੇਤਰ ਦਾ ਇੱਕ ਤਿਹਾਈ ਹਿੱਸਾ ਬਣਦਾ ਹੈ।
ਸ਼੍ਰਿਆ ਦਾ ਕਹਿਣਾ ਹੈ ਕਿ ਭਾਰਤ ਵਿੱਚ ਲੋਕ ਮਹਿੰਗੇ ਇਲਾਜ ਦੇ ਬਾਵਜੂਦ ਕੋਰੋਨਾ ਨਾਲ ਮਰ ਗਏ ਜਿਸ ਨਾਲ ਉਨ੍ਹਾਂ ਦਾ ਸਿਸਟਮ ਉੱਤੇ ਵਿਸ਼ਵਾਸ ਕਮਜ਼ੋਰ ਹੋਇਆ ਹੈ।
ਮੀਡੀਆ ਵਿੱਚ ਡਾਕਟਰਾਂ ਦੇ ਸੰਘਰਸ਼ ਤੋਂ ਵੱਧ ਮੈਡੀਕਲ ਲਾਪਰਵਾਹੀਆ ਦੇ ਮਾਮਲੇ ਛਪਦੇ ਹਨ ਜਿਸ ਨਾਲ ਲੋਕ ਹੋਰ ਸ਼ੱਕ ਕਰਨ ਲਗਦੇ ਹਨ।
ਡਾ. ਰੇੱਡੀ ਨੇ ਕਿਹਾ, "ਅਸੀਂ ਸਭ ਤੋਂ ਸਹੀ ਕੰਮ ਇਹ ਕਰ ਸਕਦੇ ਹਾਂ ਕਿ ਮਰੀਜ਼ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਅਸੀਂ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰ ਤੋਂ ਕਿਸੇ ਚੰਗੇ ਵਤੀਰੇ ਦੀ ਉਮੀਦ ਨਹੀਂ ਕਰ ਸਕਦੇ ਹਾਂ।"
"ਅਸੀਂ ਕੇਵਲ ਚਾਹੁੰਦੇ ਹਾਂ ਕਿ ਉਹ ਸਾਡਾ ਇੱਕ ਪ੍ਰੋਫੈਸ਼ਨਲ ਵਜੋਂ ਸਤਿਕਾਰ ਕਰਨ ਤੇ ਇਹ ਸਮਝਣ ਕਿ ਅਸੀਂ ਇਸ ਪੇਸ਼ੇ ਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਚੁਣਿਆ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















