ਮਨ ਕੀ ਬਾਤ ਇੱਕ ਗ਼ੈਰ-ਸਿਆਸੀ ਮੰਚ ਹੈ, ਜਿੱਥੋਂ PM ਗਿਆਨ ਵਧਾਊ ਗੱਲਾਂ ਕਰਦੇ ਹਨ: ਜੇ ਪੀ ਨੱਢਾ- ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਅੱਜ ਦੀਆਂ ਕੌਮੀ ਤੇ ਕੌੰਮਾਂਤਰੀ ਖ਼ਬਰਾਂ ਸਾਂਝੀਆਂ ਕਰਾਂਗੇ।

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਵਰਕਰ ਹਰ ਮਹੀਨੇ ਮਨ ਕੀ ਬਾਤ ਪ੍ਰੋਗਰਾਮ ਸੁਣਨ ਤੋਂ ਬਾਅਦ ਬੂਥ ਪੱਧਰ ਦੀਆਂ ਮੀਟਿੰਗਾਂ ਕਰਿਆ ਕਰਨ ਜਿਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਨੱਢਾ ਦਿੱਲੀ ਦੇ ਈਸਟ ਪਟੇਲ ਨਗਰ ਵਿੱਚ ਪਾਰਟੀ ਵਰਕਰਾਂ ਨਾਲ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ ਸੁਣ ਰਹੇ ਸਨ, ਜਦੋਂ ਉਨ੍ਹਾਂ ਨੇ ਇਹ ਸ਼ਬਦ ਕਹੇ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ ਇੱਕ ਗ਼ੈਰ-ਸਿਆਸੀ ਪਲੇਟਫਾਰਮ ਹੈ ਜਿੱਥੇ ਉਹ ਬਹੁਤ ਸਾਰੇ ਮਸਲਿਆਂ ਨੂੰ ਛੂਹੰਦੇ ਹਨ, ਜਿਸ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ। ਲੋਕਾਂ ਨੂੰ ਦੇਸ਼ ਦੀਆਂ ਚਲੰਤ ਸਰਗਮੀਆਂ ਬਾਰੇ ਪਤਾ ਚਲਦਾ ਹੈ।

ਇਹ ਵੀ ਪੜ੍ਹੋ :

ਨੱਢਾ ਦਿੱਲੀ ਦੇ ਈਸਟਪਟੇਲ ਨਗਰ ਵਿੱਚ ਪਾਰਟੀ ਵਰਕਰਾਂ ਨਾਲ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ ਸੁਣ ਰਹੇ ਸਨ, ਜਦੋਂ ਉਨ੍ਹਾਂ ਨੇ ਇਹ ਸ਼ਬਦ ਕਹੇ।

"ਮਨ ਕੀ ਬਾਤ ਦੇ 80 ਐਪੀਸੋਡ ਪੂਰੇ ਹੋਣ ਵਾਲੇ ਹਨ ਪਰ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਇਸ ਮੰਚ ਤੋਂ ਸਿਆਸੀ ਗੱਲ ਨਹੀਂ ਕੀਤੀ ਹੈ।"

ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰੇਡੀਓ ਪ੍ਰੋਗਰਾਮ ਵਿੱਚ ਸਿਆਸੀ ਵਿਸ਼ਿਆਂ ਤੋਂ ਪ੍ਰਹੇਜ਼ ਕੀਤਾ ਹੈ। ਉਨ੍ਹਾਂ ਨੇ ਖੇਡਾਂ, ਵਾਤਾਵਰਣ, ਸਿੱਖਿਆ ਅਤੇ ਸੱਭਿਆਚਾਰ ਬਾਰੇ ਗੱਲ ਕੀਤੀ ਹੈ ਅਤੇ ਜੀਵਨ ਦੇ ਵੱਖੋ-ਵੱਖ ਖੇਤਰਾਂ ਦੇ ਲੋਕਾਂ ਦੀ ਭੂਮਿਕਾ ਅਤੇ ਸਹਿਯੋਗ ਨੂੰ ਉਭਾਰਿਆ ਹੈ।

ਇਸ ਵਾਰ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ , ਵਾਤਾਵਰਣ, ਟੀਕਿਆਂ ਅਤੇ ਮੌਨਸੂਨ ਬਾਰੇ ਗੱਲ ਕੀਤੀ।

ਇਸ ਮੌਕੇ ਦਿੱਲੀ ਭਾਜਪਾ ਦੇ ਹੋਰ ਵੀ ਵੱਡੇ ਆਗੂਆਂ ਨੇ ਨੱਢਾ ਦੇ ਨਾਲ ਮਨ ਕੀ ਬਾਤ ਪ੍ਰੋਗਰਾਮ ਸੁਣਿਆ।

ਜੰਮੂ ਏਅਰਫੋਰਸ ਸਟੇਸ਼ਨ 'ਤੇ ਧਮਾਕੇ

ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਜੰਮੂ ਏਅਰ ਫੋਰਸ ਸਟੇਸ਼ਨ 'ਤੇ ਐਤਵਾਰ ਨੂੰ ਹੋਏ ਹਮਲੇ ਨੂੰ 'ਅੱਤਵਾਦੀ ਹਮਲਾ' ਦੱਸਿਆ ਹੈ।

ਡੀਜੀਪੀ ਅਨੁਸਾਰ ਪੁਲਿਸ, ਹਵਾਈ ਫੌਜ ਤੇ ਦੂਜੀਆਂ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ।

ਐਤਵਾਰ ਨੂੰ ਜੰਮੂ ਏਅਰ ਫੋਰਸ ਟੈਕਨੀਕਲ ਇਲਾਕੇ ਵਿੱਚ ਇੱਕ ਜ਼ੋਰਦਾਰ ਰਹੱਸਮਈ ਧਮਾਕਾ ਹੋਇਆ ਹੈ।

ਭਾਰਤੀ ਹਵਾਈ ਸੈਨਾ ਨੇ ਇਸ ਘਟਨਾ 'ਤੇ ਟਵੀਟ ਕੀਤਾ ਹੈ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ, "ਐਤਵਾਰ ਦੀ ਸਵੇਰੇ ਜੰਮੂ ਏਅਰ ਫੋਰਸ ਸਟੇਸ਼ਨ ਦੇ ਟੈਕਨੀਕਲ ਇਲਾਕੇ ਵਿੱਚ ਘੱਟ ਤੀਬਰਤਾ ਦੇ ਦੋ ਧਮਾਕੇ ਹੋਏ।"

ਬੀਬੀਸੀ ਪੰਜਾਬੀ ਦੇ ਅੰਮ੍ਰਿਤਸਰ ਤੋਂ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਜੰਮੂ ਦੇ ਧਮਾਕਿਆਂ ਤੋਂ ਬਾਅਦ ਪੰਜਾਬ ਦੇ ਸਰਹੱਦੀ ਖੇਤਰਾਂ ਤੇ ਫੌਜ ਨਾਲ ਜੁੜੀਆਂ ਥਾਵਾਂ ਉੱਤੇ ਅਲਟਰ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ: ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਉਲੰਘਣਾ ਤੋਂ ਬਾਅਦ ਯੂਕੇ ਦੇ ਸਿਹਤ ਮੰਤਰੀ ਨੇ ਦਿੱਤਾ ਅਸਤੀਫਾ

ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ 'ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਉਲੰਘਣ ਕਰਦਿਆਂ ਹੋਇਆ ਸਿਹਤ ਮੰਤਰਾਲੇ ਵਿੱਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀ ਆਪਣੀ ਸਹਿਕਰਮੀ ਨੂੰ 'ਕਿਸ' ਕਰ ਲਿਆ ਸੀ।

ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਮੈਟ ਹੈਨਕਾਕ ਨੇ ਕਿਹਾ, "ਇਸ ਮਹਾਮਾਰੀ ਵਿੱਚ ਆਮ ਲੋਕਾਂ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਦੇਖਦੇ ਹੋਏ ਜੇਕਰ ਅਸੀਂ ਉਨ੍ਹਾਂ ਨਾਲ ਕੁਝ ਗ਼ਲਤ ਕਰਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਨਾਲ ਇਮਾਨਦਾਰ ਰਹੀਏ।"

ਉਨ੍ਹਾਂ ਨੇ ਕੋਰੋਨਾ ਦੇ "ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ" ਲਈ ਮੁਆਫ਼ੀ ਵੀ ਮੰਗੀ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤ ਮੰਤਰੀ ਦਾ ਅਸਤੀਫ਼ਾ ਮਿਲਣ 'ਤੇ ਦੁੱਖ ਹੋਇਆ।

ਹੈਨਕਾਕ ਦੀ ਥਾਂ ਸਾਜਿਦ ਜਾਵੇਦ ਨੂੰ ਨਵਾਂ ਸਿਹਤ ਮੰਤਰੀ ਬਣਾ ਦਿੱਤਾ ਗਿਆ ਹੈ।

ਸਿਹਤ ਮੰਤਰੀ ਅਤੇ ਸਿਹਤ ਮੰਤਰਾਲੇ ਵਿੱਚ ਨੌਨ ਐਗ਼ਜ਼ੈਕੇਟਿਵ ਨਿਦੇਸ਼ਕ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਗੀਨਾ ਦੀ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ ਤੋਂ ਬਾਰੇ ਕਿਹਾ ਜਾ ਰਿਹਾ ਸੀ ਇਹ ਤਸਵੀਰ 6 ਮਈ ਨੂੰ ਲਈ ਗਈ ਹੈ।

ਬਰਤਾਨੀਆ ਦੇ ਸਨ ਅਖ਼ਬਾਰ ਵਿੱਚ ਤਸਵੀਰ ਛਪਣ ਤੋਂ ਬਾਅਦ ਸਿਹਤ ਮੰਤਰੀ 'ਤੇ ਅਸਤੀਫ਼ਾ ਦੇਣ ਦਾ ਦਬਾਅ ਵਧ ਗਿਆ ਸੀ।

ਅਖ਼ਬਰਾ ਦਾ ਦਾਅਵਾ ਸੀ ਕਿ ਇਹ ਤਸਵੀਰ ਸਿਹਤ ਮੰਤਰਾਲੇ ਦੇ ਅੰਦਰ ਲਈ ਗਈ ਸੀ।

ਹੈਨਕਾਕ ਅਤੇ ਕੋਲਾਗੰਡੇਲੋ ਦੋਵੇਂ ਹੀ ਵਿਆਹੇ ਹੋਏ ਹਨ।

ਖ਼ੁਦ ਉਨ੍ਹਾਂ ਦੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਤੋਂ ਇਲਾਵਾ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਕੋਰੋਨਾ ਨਾਲ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਦੇ ਇੱਕ ਸਮੂਹ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੀਬੀਸੀ ਦੀ ਰਾਜਨੀਤਕ ਪੱਤਰਕਾਰ ਲੌਰਾ ਕਵੈਨਸਬਰਗ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਸਤੀਫ਼ੇ ਲਈ ਨਹੀਂ ਕਿਹਾ।

ਗੀਨਾ ਕੋਲਗੰਡੇਲੋ ਨੇ ਵੀ ਸਿਹਤ ਮੰਤਰਾਲੇ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਅਸਤੀਫ਼ੇ ਤੋਂ ਬਾਅਦ ਵੀ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਪ੍ਰਧਨ ਮੰਤਰੀ ਨੂੰ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਪਣੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਸੀ।

ਸਿਹਤ ਮੰਤਰਾਲੇ ਵਿੱਚ ਗੀਨਾ ਕੋਲਗੰਡੇਲੋ ਦੀ ਨਿਯੁਕਤੀ 'ਤੇ ਵੀ ਸਵਾਲ ਉਠਣ ਲੱਗੇ ਸਨ।

ਉਨ੍ਹਾਂ ਨੂੰ ਸਤੰਬਰ 2020 ਵਿੱਚ ਮੰਤਰਾਲੇ ਵਿੱਚ ਨੌਨ-ਐਗਜ਼ੈਕੇਟਿਵ ਨਿਦੇਸ਼ਕ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ।

ਮੰਤਰੀ ਹੈਨਕਾਕ ਅਤੇ ਕੋਲਗੰਡੇਲੋ ਯੂਨੀਵਰਸਿਟੀ ਦੇ ਦਿਨਾਂ ਤੋਂ ਦੋਸਤ ਹਨ ਅਤੇ ਮੰਤਰੀ ਨੇ ਉਨ੍ਹਾਂ ਨੂੰ 15 ਹਜ਼ਾਰ ਸਾਲਾਨਾ ਪੌਂਡ 'ਤੇ ਨਿਯੁਕਤ ਕੀਤਾ ਸੀ। ਉਨ੍ਹਾਂ ਨੂੰ ਸਾਲ ਵਿੱਚ ਸਿਰਫ਼ 15-20 ਦਿਨਾਂ ਲਈ ਹੀ ਕੰਮ ਕਰਨਾ ਪੈਂਦਾ ਸੀ।

ਉਸ ਵੇਲੇ ਵਿਰੋਧੀ ਧਿਰ ਨੇ ਇਲਜ਼ਾਮ ਲਗਾਇਆ ਸੀ ਕਿ ਮੰਤਰੀ ਨੇ ਆਪਣੇ ਅਹੁਦੇ ਦਾ ਗ਼ਲਤ ਇਸਤੇਮਾਲ ਕਰ ਕੇ ਆਪਣੀ ਦੋਸਤ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਹੈ, ਦੋ ਟੈਕਸ ਭਰਨ ਵਾਲਿਆਂ ਨਾਲ ਵੱਡ ਨਾ ਇਨਸਾਫ਼ੀ ਹੈ।

ਪਰ ਸਰਕਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਨਿਯੁਕਤੀ ਦੇ ਵੇਲੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)