ਕਿਸਾਨਾਂ ਨੂੰ ਭੜਕਾ ਸਕਦੇ ਹਨ ਪਾਕ ਆਧਾਰਿਤ ISI ਨਾਲ ਜੁੜੇ ਲੋਕ- ਖੂਫ਼ੀਆ ਏਜੰਸੀਆਂ ਦਾ ਅਲਰਟ- ਪ੍ਰੈੱਸ ਰਿਵੀਊ

ਭਾਰਤ ਦੀਆਂ ਖੂਫ਼ੀਆ ਏਜੰਸੀਆਂ ਨੇ ਦਿੱਲੀ ਪੁਲਿਸ ਅਤੇ ਕਈ ਹੋਰ ਜਾਂਚ ਏਜੰਸੀਆਂ ਨੂੰ ਕਿਸਾਨ ਅੰਦੋਲਨ ਸਬੰਧੀ ਅਲਰਟ ਜਾਰੀ ਕੀਤਾ ਹੈ।

ਏਜੰਸੀਆਂ ਮੁਤਾਬਕ ਪਾਕਿਸਤਾਨ ਆਧਾਰਿਤ ISI ਨਾਲ ਜੁੜੇ ਲੋਕ ਕਿਸਾਨਾਂ ਦੇ ਅੱਜ ਹੋਣ ਵਾਲੇ ਪ੍ਰਦਰਸ਼ਨ ਨੂੰ ਖ਼ਰਾਬ ਕਰ ਸਕਦੇ ਹਨ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਅਧਿਕਾਰਤ ਸੂਤਰਾਂ ਅਨੁਸਾਰ ਜਾਂਚ ਏਜੰਸੀਆਂ ਨੇ ਦਿੱਲੀ ਪੁਲਿਸ ਅਤੇ ਸੈਂਟਰਲ ਇੰਡਸਟਰੀਅਲ ਸਿਕਿਓਰਿਟੀ ਫੋਰਸ (CISF) ਨੂੰ ਅਲਰਟ ਕੀਤਾ ਹੈ ਕਿ ਪਾਕਿਸਤਾਨ ਆਧਾਰਿਤ ਇੰਟਰ ਸਰਵਿਸਜ਼ ਇੰਟੈਲੀਜੈਂਸ (ISI) ਨਾਲ ਜੁੜੇ ਲੋਕ ਕਿਸਾਨਾਂ ਨੂੰ ਉਕਸਾ ਸਕਦੇ ਹਨ।

ਇਹ ਵੀ ਪੜ੍ਹੋ:

ਇੱਕ ਚਿੱਠੀ ਇਸ ਬਾਬਤ ਦਿੱਲੀ ਪੁਲਿਸ ਤੇ ਹੋਰ ਏਜੰਸੀਆਂ ਨੂੰ ਭੇਜੀ ਗਈ ਹੈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਮੁਸਤੈਦੀ ਦਿਖਾਈ ਗਈ ਹੈ।

ਸੂਤਰਾਂ ਮੁਤਾਬਕ, ''ਸੁਰੱਖਿਆ ਬੰਦੋਬਸਤ ਕੀਤੇ ਗਏ ਹਨ ਅਤੇ ਕੁਝ ਮੈਟਰੋ ਸਟੇਸ਼ਨ ਕੁਝ ਘੰਟਿਆਂ ਲਈ ਬੰਦ ਰੱਖੇ ਜਾਣਗੇ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੋਰੋਨਾ: ਡੈਲਟਾ ਪਲੱਸ ਦੇ ਕੁੱਲ 51 ਕੇਸ, 2 ਪੰਜਾਬ 'ਚ ਵੀ

ਪੰਜਾਬ ਦੇ ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਡੈਲਟਾ ਪਲੱਸ ਦਾ ਇੱਕ-ਇੱਕ ਕੇਸ ਆਇਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਤੋਂ ਇਲਾਵਾ ਹਰਿਆਣਾ ਦੇ ਫਰੀਦਾਬਾਦ ਅਤੇ ਜੰਮੂ-ਕਸ਼ਮੀਰ ਦੇ ਕਟੜਾ ਵਿੱਚ ਵੀ ਡੈਲਟਾ ਪਲੱਸ ਦੇ ਪਹਿਲੇ ਕੇਸ ਆਏ ਹਨ।

ਭਾਰਤ ਵਿੱਚ ਆਏ ਕੁੱਲ 51 ਕੇਸਾਂ ਵਿੱਚ ਇਕੱਲੇ ਮਹਾਰਾਸ਼ਟਰ ਵਿੱਚ ਹੀ 22 ਕੇਸ ਹਨ। ਬਾਕੀ 29 ਕੇਸ ਭਾਰਤ ਦੇ 12 ਸੂਬਿਆਂ ਵਿੱਚ ਹਨ।

ਉਧਰ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਦੇ ਅਧਿਐਨ ਮੁਤਾਬਕ ਕੋਰੋਨਾਵਾਇਰਸ ਦੀ ਤੀਜੀ ਲਹਿਰ, ਦੂਜੀ ਲਹਿਰ ਜਿੰਨੀ ਗੰਭੀਰ ਹੋਣ ਦੀ ਸੰਭਾਵਨਾ ਨਹੀਂ ਹੈ।

ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ICMR ਨੇ ਇੰਪੀਰੀਅਲ ਕਾਲਜ ਆਫ਼ ਲੰਡਨ ਨਾਲ ਮਿਲ ਕੇ ਅਧਿਐਨ ਕੀਤਾ ਹੈ ਅਤੇ ਇਸ ਵਿੱਚ ਸਾਹਮਣੇ ਆਇਆ ਹੈ ਕਿ ਵੈਕਸੀਨ ਦਾ ਵੱਧ ਤੋਂ ਵੱਧ ਹੋਣਾ ਕੋਰੋਨਾਵਾਇਰਸ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।

''ਮੋਦੀ ਦੀ ਕਸ਼ਮੀਰੀ ਨੇਤਾਵਾਂ ਨਾਲ ਮੀਟਿੰਗ ਇੱਕ ਡਰਾਮ, ਕੁਝ ਹਾਸਲ ਨਹੀਂ ਹੋਵੇਗਾ''

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸ਼ਾਸਿਤ ਕਸ਼ਮੀਰ ਦੇ ਸਿਆਸੀ ਆਗੂਆਂ ਨਾਲ ਹੋਈ ਮੀਟਿੰਗ ਇੱਕ ਪਬਲਿਕ ਰਿਲੇਸ਼ਨ ਐਕਸਰਸਾਈਜ਼ ਹੈ ਅਤੇ ਇਸ ਤੋਂ ਕੁਝ ਵੀ ਹਾਸਲ ਨਹੀਂ ਹੋਵੇਗਾ।

ਡਾਅਨ ਦੀ ਖ਼ਬਰ ਮੁਤਾਬਕ ਇਸਲਾਮਾਬਾਦ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕੁਰੈਸ਼ੀ ਨੇ ਕਿਹਾ ਕਿ ਇਹ ਗੱਲਬਾਤ ਭਾਰਤ ਅਤੇ ਮੋਦੀ ਦੀ ਇੱਜ਼ਤ ਨੂੰ ਬਹਾਲ ਕਰਨ ਦੀ ਕੋਸ਼ਿਸ਼ ਸੀ। 5 ਅਗਸਤ, 2019 ਨੂੰ ਭਾਰਤ ਸ਼ਾਸਿਤ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਤੋਂ ਬਾਅਦ ਆਲਮੀ ਤੌਰ 'ਤੇ ਭਾਰਤ ਦੀ ਸਾਖ਼ ਨੂੰ ਸੱਟ ਵੱਜੀ ਸੀ।

ਕੁਰੈਸ਼ੀ ਨੇ ਕਿਹਾ, ''ਮੇਰੇ ਵਿਚਾਰ ਵਿੱਚ ਇਹ ਮੀਟਿੰਗ ਇੱਕ ਡਰਾਮਾ ਸੀ ਤੇ ਇਹ ਡਰਾਮਾ ਕਿਉਂ ਸੀ? ਕਿਉਂਕਿ ਇਸ ਨੂੰ ਇੱਕ ਪਬਲਿਕ ਰਿਲੇਸ਼ਨ ਐਕਸਰਸਾਈਜ਼ ਕਿਹਾ ਜਾ ਸਕਦਾ ਹੈ ਪਰ ਇਸ ਤੋਂ ਹਾਸਲ ਕੁਝ ਨਹੀਂ ਹੋਣਾ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)