ਨਵਜੋਤ ਸਿੰਘ ਸਿੱਧੂ: 'ਮੇਰੇ ਲਈ ਪੰਜਾਬ ਤੋਂ ਵੱਡਾ ਕੋਈ ਧਰਮ ਨਹੀਂ..' ਕਹਿਣ ਵਾਲੇ ਸਿੱਧੂ ਦੇ ਕ੍ਰਿਕਟ ਤੋਂ ਸਿਆਸਤ ਤੱਕ ਇੰਝ ਰਹੇ ਹਨ ਬਗਾਵਤੀ ਸੁਰ

ਭਾਵੇਂ ਕ੍ਰਿਕਟ ਹੋਵੇ ਜਾਂ ਰਾਜਨੀਤੀ, ਦੋਹਾਂ ਦੇ 'ਕਪਤਾਨਾਂ' ਨਾਲ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਪੁਰਾਣਾ ਰਿਹਾ ਹੈ। 2004 ਵਿੱਚ ਕ੍ਰਿਕਟ ਤੋਂ ਬਾਅਦ ਰਾਜਨੀਤੀ ਦਾ ਰਾਹ ਚੁਣਨ ਵਾਲੇ ਨਵਜੋਤ ਸਿੰਘ ਸਿੱਧੂ ਭਾਜਪਾ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਤੋਂ ਵਿਧਇਕ ਰਹੇ ਹਨ।

ਪਹਿਲਾਂ ਭਾਜਪਾ ਅਤੇ ਹੁਣ ਕਾਂਗਰਸ ਦੇ ਆਗੂ ਵਜੋਂ ਸਿੱਧੂ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।

ਨਵਜੋਤ ਸਿੰਘ ਸਿੱਧੂ ਨਿਧੜਕ ਹੋ ਕੇ ਆਪਣਾ ਪੱਖ ਜ਼ਾਹਿਰ ਕਰਦੇ ਹਨ। ਭਾਵੇਂ ਫਿਰ ਉਹ ਭਾਰਤੀ ਟੀਮ ਦਾ ਹਿੱਸਾ ਹੋ ਕੇ ਟੀਮ ਕੈਪਟਨ ਮੁਹੰਮਦ ਅਜ਼ਹਰੂਦੀਨ ਦਾ ਵਿਰੋਧ ਹੋਵੇ ਜਾਂ ਫਿਰ ਪੰਜਾਬ ਕੈਬਨਿਟ ਦਾ ਹਿੱਸਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋਵੇ।

ਅਕਾਲੀ- ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਬਾਦਲ ਪਰਿਵਾਰ ਦਾ ਵਿਰੋਧ ਵੀ ਉਸ ਸਮੇਂ ਭਾਜਪਾ ਸਾਂਸਦ ਰਹੇ ਸਿੱਧੂ ਨੇ ਖੁੱਲ੍ਹ ਕੇ ਕੀਤਾ ਸੀ।

ਇਹ ਵੀ ਪੜ੍ਹੋ

1. ਜਦੋਂ 1988 ਦੀ ਘਟਨਾ ਦਾ ਖਾਮਿਆਜ਼ਾ 2006 ਵਿੱਚ ਭੁਗਤਣਾ ਪਿਆ

2004 ਵਿੱਚ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਸਾਂਸਦ ਬਣੇ।

1988 ਵਿੱਚ ਪਟਿਆਲਾ ਨਿਵਾਸੀ ਗੁਰਨਾਮ ਸਿੰਘ ਦੀ ਕਾਰ ਡਰਾਈਵਿੰਗ ਅਤੇ ਪਾਰਕਿੰਗ ਨਾਲ ਸਬੰਧਿਤ ਕਥਿਤ ਕੁੱਟਮਾਰ ਦੇ ਇਲਜ਼ਾਮ ਨਵਜੋਤ ਸਿੰਘ ਸਿੱਧੂ ਉੱਪਰ ਲੱਗੇ ਸਨ। ਗੁਰਨਾਮ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।

2006 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਕੇਸ ਵਿੱਚ ਦੋਸ਼ੀ ਪਾਇਆ ਅਤੇ ਤਿੰਨ ਸਾਲ ਦੀ ਸਜ਼ਾ ਸੁਣਾਈ।

ਸਿੱਧੂ ਨੂੰ ਅੰਮ੍ਰਿਤਸਰ ਤੋਂ ਭਾਜਪਾ ਸਾਂਸਦ ਵਜੋਂ ਅਸਤੀਫ਼ਾ ਦੇਣਾ ਪਿਆ ਸੀ।

ਸੁਪਰੀਮ ਕੋਰਟ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਸਿੱਧੂ ਵੱਲੋਂ ਇਹ ਕੇਸ ਲੜਿਆ ਅਤੇ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ।

ਅੰਮ੍ਰਿਤਸਰ ਤੋਂ ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਸਿੱਧੂ ਮੁੜ ਸਾਂਸਦ ਬਣੇ ਸਨ। ਸਿੱਧੂ ਅਤੇ ਜੇਤਲੀ ਦੇ ਰਿਸ਼ਤੇ ਹੋਰ ਗੂੜ੍ਹੇ ਹੋ ਗਏ।

ਨਵਜੋਤ ਸਿੰਘ ਸਿੱਧੂ ਦਾ ਜੱਦੀ ਪਿੰਡ ਜ਼ਿਲ੍ਹਾ ਸੰਗਰੂਰ ਦੇ ਧੂਰੀ ਦਾ ਮਾਨਵਾਲਾ ਹੈ। ਸਿੱਧੂ ਅੰਮ੍ਰਿਤਸਰ ਨੂੰ ਆਪਣੇ ਦਿਲ ਦੇ ਬਹੁਤ ਕਰੀਬ ਮੰਨਦੇ ਹਨ।

2014 ਵਿੱਚ ਭਾਜਪਾ ਨੇ ਜਦੋਂ ਅੰਮ੍ਰਿਤਸਰ ਤੋਂ ਸਿੱਧੂ ਦੀ ਥਾਂ ਅਰੁਣ ਜੇਤਲੀ ਨੂੰ ਟਿਕਟ ਦਿੱਤੀ ਤਾਂ ਸਿੱਧੂ ਨੇ ਚੋਣਾਂ ਨਾ ਲੜਨ ਦਾ ਐਲਾਨ ਕੀਤਾ।

ਸਿੱਧੂ ਦੇ ਸਿਆਸੀ ਕਰੀਅਰ ਉੱਪਰ 1988 ਦੇ ਕੇਸ ਦਾ ਪਰਛਾਵਾਂ ਵੀ ਹਮੇਸ਼ਾ ਪੈਂਦਾ ਰਿਹਾ ਹੈ।

2. ਗੱਠਜੋੜ ਦੌਰਾਨ ਅਕਾਲੀ ਦਲ ਦਾ ਵਿਰੋਧ ਅਤੇ ਅਸਤੀਫ਼ਾ

ਨਵਜੋਤ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੋਵਾਂ ਦੇ ਬਾਦਲ ਸਰਕਾਰ ਨਾਲ ਵੱਖ-ਵੱਖ ਸਮੇਂ 'ਤੇ ਮਤਭੇਦ ਰਹੇ ਹਨ।

ਇਹ ਕਿਸੇ ਤੋਂ ਲੁਕਿਆ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨਾਲ ਸਿੱਧੂ ਦਾ ਕੋਈ ਖਾਸ ਪਿਆਰ ਜਾਂ ਰਿਸ਼ਤਾ ਨਹੀਂ ਰਿਹਾ।

2014 ਵਿੱਚ ਕੇਂਦਰ ਵਿੱਚ ਭਾਜਪਾ ਦੀ ਅਤੇ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ।

ਭ੍ਰਿਸ਼ਟਾਚਾਰ, ਕੇਬਲ ਮਾਫੀਆ, ਮਾਈਨਿੰਗ ਮਾਫੀਆ, ਬੇਅਦਬੀ ਸਮੇਤ ਕਈ ਮੁੱਦਿਆਂ 'ਤੇ ਸਿੱਧੂ ਨੇ ਅਕਾਲੀ ਦਲ ਨੂੰ ਘੇਰਿਆ।

ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਇਸ ਸਰਕਾਰ ਵਿੱਚ ਮੁੱਖ ਪਾਰਲੀਮਾਨੀ ਸਕੱਤਰ (ਸੀਪੀਐੱਸ) ਸਨ।

ਅਪ੍ਰੈਲ 2016 ਵਿੱਚ ਸਿੱਧੂ ਨੂੰ ਰਾਜ ਸਭਾ ਸਾਂਸਦ ਬਣਾਇਆ ਗਿਆ ਪਰ ਉਨ੍ਹਾਂ ਨੇ ਤਿੰਨ ਮਹੀਨੇ ਬਾਅਦ ਹੀ ਅਸਤੀਫ਼ਾ ਦੇ ਦਿੱਤਾ।

ਤਿੰਨ ਮਹੀਨੇ ਬਾਅਦ ਜੁਲਾਈ ਵਿੱਚ ਸਿੱਧੂ ਨੇ ਰਾਜ ਸਭਾ ਤੋਂ ਵੀ ਅਸਤੀਫਾ ਦੇ ਦਿੱਤਾ।

'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਦੀ ਹਾਮੀ ਭਰਨ ਦਾ ਦਾਅਵਾ ਕਰਨ ਵਾਲੇ ਸਿੱਧੂ ਨੇ ਭਾਜਪਾ ਤੋਂ ਅਸਤੀਫਾ ਦੇ ਕੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਪੰਜਾਬ ਤੋਂ ਦੂਰ ਰਹਿਣ ਲਈ ਆਖਿਆ ਗਿਆ ਸੀ। ਸਿੱਧੂ ਦਾ ਕਹਿਣਾ ਸੀ ਕਿ, "ਮੇਰੇ ਲਈ ਪੰਜਾਬ ਤੋਂ ਵੱਡਾ ਕੋਈ ਧਰਮ ਨਹੀਂ ਹੈ।"

ਨਵਜੋਤ ਕੌਰ ਸਿੱਧੂ ਨੇ ਵੀ ਸੀਪੀਐੱਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸਿਆਸੀ ਗਲਿਆਰਿਆਂ ਵਿੱਚ ਸਿੱਧੂ ਜੋੜੇ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਚਰਚਾ ਸਿਖਰਾਂ ਉਪਰ ਪਹੁੰਚ ਗਈ ਸੀ। ਕਈ ਉਹਨਾਂ ਨੂੰ 'ਆਪ' ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੇਖਣ ਲੱਗੇ ਸਨ।

ਇਸ ਸਭ ਤੋਂ ਉਲਟ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਪ੍ਰਿਅੰਕਾ ਅਤੇ ਰਾਹੁਲ ਗਾਂਧੀ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦਾ ਹੱਥ ਫੜ ਲਿਆ।

ਇਸ ਤੋਂ ਪਹਿਲਾਂ 'ਆਵਾਜ਼ -ਏ -ਪੰਜਾਬ' ਫੋਰਮ ਦਾ ਐਲਾਨ ਵੀ ਕੀਤਾ ਜਿਸ ਵਿੱਚ ਬੈਂਸ ਭਰਾ ਅਤੇ ਪਰਗਟ ਸਿੰਘ ਵੀ ਸ਼ਾਮਲ ਸਨ।

3. ਕਾਂਗਰਸ ਵਿੱਚ ਕੈਪਟਨ ਨਾਲ ਕਲੇਸ਼ ਅਤੇ ਕੈਬਨਿਟ ਤੋਂ ਅਸਤੀਫ਼ਾ

2017 ਵਿੱਚ ਕਾਂਗਰਸ ਨੇ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਈ ਅਤੇ ਸਿੱਧੂ ਕੈਬਨਿਟ ਮੰਤਰੀ ਬਣੇ।

ਕੁਝ ਹੀ ਮਹੀਨਿਆਂ ਬਾਅਦ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਨੂੰ ਲੈ ਕੇ ਸਿੱਧੂ ਨੇ ਨਾਰਾਜ਼ਗੀ ਪ੍ਰਗਟ ਕੀਤੀ।

ਖ਼ਬਰਾਂ ਅਨੁਸਾਰ ਸਿੱਧੂ ਨੂੰ ਮੇਅਰ ਦੀ ਚੋਣ ਲਈ ਅੰਮ੍ਰਿਤਸਰ ਮਿਊਂਸਿਪਲ ਕਾਰਪੋਰੇਸ਼ਨ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਸੱਦਾ ਨਹੀਂ ਮਿਲਿਆ ਸੀ। ਇਹ ਵਿਭਾਗ ਸਿੱਧੂ ਦੇ ਮੰਤਰਾਲੇ ਅਧੀਨ ਹੀ ਸੀ।

ਸਿੱਧੂ ਵੱਲੋਂ ਕੇਬਲ ਨੈੱਟਵਰਕ ਉੱਪਰ ਮਨੋਰੰਜਨ ਟੈਕਸ ਅਤੇ ਰੇਤੇ ਦੀ ਮਾਈਨਿੰਗ ਲਈ ਕਾਰਪੋਰੇਸ਼ਨ ਬਣਾਉਣ ਦੀ ਤਜਵੀਜ਼ ਨੂੰ ਨਾਮਨਜ਼ੂਰ ਕੀਤਾ ਗਿਆ।

ਅਪ੍ਰੈਲ 2018 ਦੌਰਾਨ 1988 ਦਾ ਗੁਰਨਾਮ ਸਿੰਘ ਨਾਲ ਜੁੜਿਆ 'ਰੋਡ ਰੇਜ' ਕੇਸ ਫਿਰ ਅਦਾਲਤ ਵਿਚ ਪੁੱਜਾ ਅਤੇ ਪੰਜਾਬ ਸਰਕਾਰ ਵੱਲੋਂ ਸਿੱਧੂ ਦੇ ਖ਼ਿਲਾਫ਼ ਹਲਫਨਾਮਾ ਦਾਇਰ ਕੀਤਾ ਗਿਆ।

2019 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦਾ ਫੇਰਬਦਲ ਕੀਤਾ ਤਾਂ ਸਿੱਧੂ ਦਾ ਮਹਿਕਮਾ ਬਦਲ ਕੇ ਬਿਜਲੀ ਕਰ ਦਿੱਤਾ ਤਾਂ ਵੱਖਰੇਵੇਂ ਹੋਰ ਵੱਧ ਗਏ ਅਤੇ ਮਹਿਕਮਾ ਸੰਭਾਲੇ ਬਿਨਾਂ ਉਨ੍ਹਾਂ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ।

4. ਪਾਕਿਸਤਾਨ ਦੇ ਫੌਜ ਮੁਖੀ ਨੂੰ ਪਾਈ ਜੱਫ਼ੀ

ਕ੍ਰਿਕਟ ਦੇ ਦੌਰ ਤੋਂ ਸਿੱਧੂ ਦੇ ਦੋਸਤ ਰਹੇ ਇਮਰਾਨ ਖ਼ਾਨ ਪਾਕਿਸਤਾਨ ਵਿੱਚ 2018 'ਚ ਚੋਣਾਂ ਜਿੱਤ ਗਏ ਅਤੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸਿੱਧੂ ਨੂੰ ਸੱਦਾ ਭੇਜਿਆ।

ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਬਾਰੇ ਮੁੜ ਵਿਚਾਰ ਕਰਨ ਨੂੰ ਆਖਿਆ।

ਵਾਹਗਾ -ਅਟਾਰੀ ਬਾਰਡਰ ਰਾਹੀਂ ਸਿੱਧੂ ਪਾਕਿਸਤਾਨ ਵੀ ਗਏ ਅਤੇ ਪਾਕਿਸਤਾਨ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਉਦੋਂ ਜੱਫੀ ਪਾਈ ਜਦੋਂ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਕੀਤੀ।

ਇਸ ਜੱਫੀ ਤੋਂ ਬਾਅਦ ਸਿੱਧੂ ਹੋਰ ਵਿਵਾਦਾਂ ਵਿੱਚ ਘਿਰ ਗਏ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੀ ਖੁੱਲ੍ਹ ਕੇ ਨਿਖੇਧੀ ਕੀਤੀ।

ਸਿੱਧੂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਵੀ 'ਦੋਸਤੀ ਬਸ' ਲੈ ਕੇ ਲਾਹੌਰ ਗਏ ਸਨ ਅਤੇ ਨਰਿੰਦਰ ਮੋਦੀ ਨੇ ਨਵਾਜ਼ ਸ਼ਰੀਫ ਨੂੰ ਸਹੁੰ ਚੁੱਕ ਸਮਾਗਮ ਵਿੱਚ ਬੁਲਾਇਆ ਸੀ।

5. ਜਦੋਂ ਕਿਹਾ, ‘ਰਾਹੁਲ ਗਾਂਧੀ ਮੇਰੇ ਕੈਪਟਨ’

ਤੇਲੰਗਾਨਾ ਵਿੱਚ ਕਾਂਗਰਸ ਲਈ ਚੋਣ ਪ੍ਰਚਾਰ ਕਰਦੇ ਸਮੇਂ ਸਿੱਧੂ ਨੇ ਕਿਹਾ ਸੀ,"ਮੇਰੇ ਕੈਪਟਨ ਰਾਹੁਲ ਗਾਂਧੀ ਹਨ।ਉਨ੍ਹਾਂ ਨੇ ਹੀ ਮੈਨੂੰ ਸਭ ਜਗ੍ਹਾ ਭੇਜਿਆ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਕੈਪਟਨ ਵੀ ਰਾਹੁਲ ਗਾਂਧੀ ਹਨ।"

ਸਿੱਧੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਕੁਝ ਕਾਂਗਰਸੀ ਹਲਕਿਆਂ ਵਿੱਚ ਉਨ੍ਹਾਂ ਦਾ ਕਾਫ਼ੀ ਵਿਰੋਧ ਹੋਇਆ ਸੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਕਹਿ ਦਿੱਤਾ ਸੀ।

2019 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਮੌਕੇ ਵੀ ਸਿੱਧੂ ਜ਼ਿਆਦਾ ਨਜ਼ਰ ਨਹੀਂ ਆਏ। ਪ੍ਰਿਯੰਕਾ ਗਾਂਧੀ ਵਾਡਰਾ ਦੀ ਅਪੀਲ ਤੋਂ ਬਾਅਦ ਸਿੱਧੂ ਨੇ ਬਠਿੰਡਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

ਇਸ ਚੋਣ ਪ੍ਰਚਾਰ ਦੌਰਾਨ ਬੇਅਦਬੀ ਮਾਮਲੇ ਵਿੱਚ ਸਰਕਾਰ ਉਪਰ ਸਵਾਲ ਚੁੱਕਣ ਕਾਰਨ ਅਤੇ ਬਿਨਾਂ ਨਾਮ ਲਏ ‘75:25 ਹਿੱਸੇਦਾਰੀ’ ’ਤੇ ਬਿਆਨ ਦੇਣ ਤੋਂ ਬਾਅਦ ਸਿੱਧੂ ਮੁੜ ਵਿਵਾਦਾਂ ਵਿੱਚ ਘਿਰ ਗਏ। ਪੰਜਾਬ ਕਾਂਗਰਸ ਦੇ ਕਈ ਆਗੂਆਂ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਪੰਜਾਬ ਵਿੱਚ ਕਾਂਗਰਸ ਨੇ ਅੱਠ ਸੀਟਾਂ ਤੇ ਜਿੱਤ ਹਾਸਿਲ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਵਿੱਚੋਂ ਸਿੱਧੂ ਸਮੇਤ ਕਈ ਮੰਤਰੀਆਂ ਦਾ ਮਹਿਕਮਾ ਬਦਲ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਰੀਆਂ ਵਧ ਗਈਆਂ ਅਤੇ ਉਨ੍ਹਾਂ ਨੇ ਜੂਨ 2019 ਵਿੱਚ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ।

ਇਹ ਅਸਤੀਫਾ ਵੀ ਕਾਂਗਰਸ ਪ੍ਰਧਾਨ ਦੇ ਨਾਮ ਲਿਖਿਆ ਗਿਆ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਗਿਆ।

6. 'ਜਿੱਤੇਗਾ ਪੰਜਾਬ'

ਕੈਬਨਿਟ ਵਿੱਚੋਂ ਅਸਤੀਫ਼ੇ ਤੋਂ ਬਾਅਦ ਸਿੱਧੂ ਆਪਣੇ ਹਲਕੇ ਤੋਂ ਬਿਨਾਂ ਕਿਤੇ ਜ਼ਿਆਦਾ ਨਜ਼ਰ ਨਹੀਂ ਆਏ। ਫਰਵਰੀ 2020 ਵਿੱਚ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮਾਰਚ ਵਿੱਚ ਉਨ੍ਹਾਂ ਨੇ ਆਪਣਾ ਯੂਟਿਊਬ ਚੈਨਲ 'ਜਿੱਤੇਗਾ ਪੰਜਾਬ' ਸ਼ੁਰੂ ਕੀਤਾ।

ਇਸ ਚੈਨਲ ਰਾਹੀਂ ਉਹ ਪੰਜਾਬ ਦੇ ਭਖਦੇ ਮਸਲਿਆਂ ਉਤੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਹਨ ਅਤੇ ਇਸ ਵੇਲੇ ਚੈਨਲ ਦੇ ਇੱਕ ਲੱਖ ਤੋਂ ਵੱਧ ਸਬਸਕ੍ਰਾਈਬਰਜ਼ ਹਨ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਵਿਖੇ ਕੀਤੇ ਗਏ ਧਰਨਾ ਪ੍ਰਦਰਸ਼ਨ ਵਿੱਚ ਸਿੱਧੂ ਸ਼ਾਮਲ ਹੋਏ ਸਨ।

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਟਰੈਕਟਰ ਰੈਲੀ ਵਿੱਚ ਵੀ ਉਹ ਨਜ਼ਰ ਆਏ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਆਪਣੇ ਘਰ ਦੁਪਹਿਰ ਦੇ ਭੋਜਨ ਲਈ ਨਿਓਤਾ ਵੀ ਭੇਜਿਆ ਜਿਸ ਤੋਂ ਬਾਅਦ ਦੂਰੀਆਂ ਘਟਦੀਆਂ ਨਜ਼ਰ ਆਈਆਂ।

ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਸਮੇਤ ਕਈ ਮੁੱਦਿਆਂ ਉੱਪਰ ਸਰਕਾਰ ਨੂੰ ਮੁੜ ਘੇਰਿਆ।ਇਸ ਨੂੰ ਵਿਚਾਰਨ ਲਈ ਹਾਈ ਕਮਾਨ ਨੇ ਪੈਨਲ ਵੀ ਬਣਾਇਆ।

7. ਕਈਆਂ ਦੇ ਚਹੇਤੇ ਅਤੇ ਕਈਆਂ ਨੂੰ ਨਾਪਸੰਦ ਸਿੱਧੂ

ਪਾਕਿਸਤਾਨ ਜਾ ਕੇ ਨਵਜੋਤ ਸਿੰਘ ਸਿੱਧੂ ਭਾਵੇਂ ਆਲੋਚਨਾ ਦਾ ਕੇਂਦਰ ਬਣੇ ਪਰ ਪੰਜਾਬ ਦਾ ਇੱਕ ਤਬਕਾ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਲਈ ਨਵਜੋਤ ਸਿੰਘ ਸਿੱਧੂ ਨੂੰ ਮਹੱਤਵਪੂਰਨ ਕੜੀ ਮੰਨਦਾ ਹੈ।

2018 ਵਿੱਚ ਉਨ੍ਹਾਂ ਦੇ ਬੇਟੇ ਕਰਨ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ। ਨਵਜੋਤ ਕੌਰ ਸਿੱਧੂ ਨੂੰ ਵੀ ਵੇਅਰਹਾਊਸ ਕਾਰਪੋਰੇਸ਼ਨ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਰਾਜਨੀਤਕ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਇਹ ਅਹੁਦੇ ਨਹੀਂ ਲਏ ਸਨ।

ਪੰਜਾਬ ਦੀ ਰਾਜਨੀਤੀ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਅਜਿਹਾ ਚਿਹਰਾ ਹਨ ਜਿਸ ਨੂੰ ਚਾਹੇ ਕੋਈ ਪਸੰਦ ਕਰੇ ਜਾਂ ਨਾਪਸੰਦ ਪਰ ਨਜ਼ਰਅੰਦਾਜ਼ ਨਹੀਂ ਕਰ ਸਕਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)