ਨਵਜੋਤ ਸਿੰਘ ਸਿੱਧੂ ਖਿਲਾਫ਼ ਕੀ ਸੀ ਉਹ ਮਾਮਲਾ ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਹੋਈ

ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਵਿੱਚੋਂ ਰਿਹਾਈ ਹੋਣ ਵਾਲੀ ਹੈ। ਉਹ ਰੋਡਰੇਜ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਸਨ, ਇਸ ਘਟਨਾ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਸੀ।

ਇਸਤੋਂ ਪਹਿਲਾਂ ਵੀ ਉਨ੍ਹਾਂ ਦੀ ਰਿਹਾਈ ਦੇ ਕਿਆਸ ਲਗਾਏ ਗਏ ਸਨ, ਪਰ ਉਸ ਵੇਲੇ ਉਨ੍ਹਾਂ ਦੀ ਰਿਹਾਈ ਨਹੀਂ ਹੋਈ ਸੀ।

ਸਿੱਧੂ ਨੂੰ ਮਈ 2022 ਵਿੱਛ ਰੋਡਰੇਜ ਮਾਮਲੇ 'ਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਵੱਲੋਂ ਪਾਈ ਗਈ ਪੁਨਰਵਿਚਾਰ ਯਾਚਿਕਾ 'ਤੇ ਇਹ ਸੁਣਵਾਈ ਕੀਤੀ ਸੀ। ਇਹ ਮਾਮਲਾ ਲਗਭਗ 3 ਦਹਾਕੇ ਪੁਰਾਣਾ ਹੈ।

ਪੀੜਤ ਪਰਿਵਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਸਾਲ 2018 ਦੇ ਫੈਸਲੇ ਖ਼ਿਲਾਫ਼ ਪੁਨਰਵਿਚਾਰ ਅਰਜ਼ੀ ਦਾਇਰ ਕੀਤੀ ਸੀ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕੀ ਕਿਹਾ?

ਸਾਲ 2018 ਦੇ ਆਪਣੇ ਫੈਸਲੇ 'ਚ ਸੁਪਰੀਮ ਕੋਰਟ ਨੇ ਸਿੱਧੂ 'ਤੇ ਲੱਗੇ ਗੈਰ-ਇਰਾਦਤਨ ਕਤਲ ਦੇ ਇਲਜ਼ਾਮ ਨੂੰ ਖਾਰਜ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਤਿੰਨ ਸਾਲ ਦੀ ਸਜ਼ਾ ਨੂੰ ਬਦਲਦੇ ਹੋਏ ਉਨ੍ਹਾਂ ਉੱਪਰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ।

ਸਿੱਧੂ ਦੇ ਕੇਸ ਦੀ ਸੁਣਵਾਈ ਕਰ ਰਹੇ ਬੈਂਚ ਦੀ ਅਗਵਾਈ ਜਸਟਿਸ ਏਐਮ ਖਨਵਿਲਕਰ ਕਰ ਰਹੇ ਸਨ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਉਨ੍ਹਾਂ ਦੇ ਨਾਲ ਸਨ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ, ''ਅਸੀਂ ਸਜ਼ਾ ਦੇ ਮੁੱਦੇ ਤੇ ਨਜ਼ਰਸਾਨੀ ਅਰਜੀ ਦੇਣ ਦੀ ਆਗਿਆ ਦਿੰਦੇ ਹਾਂ। ਜ਼ੁਰਮਾਨੇ ਦੇ ਨਾਲ ਹੀ ਅਸ਼ੀਂ ਇੱਕ ਸਾਲ ਦੀ ਬਾਮੁਸ਼ੱਕਤ ਕੈਦ ਵੀ ਸੁਣਾਉਂਦੇ ਹਾਂ ਜੋ ਕਿ ਰਿਪਸਪੌਂਡੇਂਟ 1 (ਸਿੱਧੂ) ਨੂੰ ਭੁਗਤਣੀ ਪਵੇਗੀ।''

ਕੀ ਹੈ ਪੂਰਾ ਮਾਮਲਾ?

ਨਵਜੋਤ ਸਿੱਧੂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ 27 ਦਸੰਬਰ 1988 'ਚ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ 65 ਸਾਲਾ ਗੁਰਨਾਮ ਸਿੰਘ ਨਾਲ ਕੁੱਟਮਾਰ ਕੀਤੀ ਸੀ ਅਤੇ ਉਸੇ ਕੁੱਟਮਾਰ ਵਿੱਚ ਵੱਜੀ ਸੱਟ ਕਾਰਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।

ਟਰਾਇਲ ਕੋਰਟ ਨੇ ਨਵਜੋਤ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਨਵਜੋਤ ਸਿੱਧੂ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।

ਸਰਕਾਰੀ ਵਕੀਲ ਦਾ ਦਾਅਵਾ ਸੀ ਕਿ ਸਿੱਧੂ ਅਤੇ ਉਸ ਦਾ ਦੋਸਤ ਰੁਪਿੰਦਰ ਸਿੰਘ ਸੰਧੂ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਜਿਪਸੀ ਵਿੱਚ ਜਾ ਰਹੇ ਸਨ ਦੂਜੇ ਪਾਸੇ ਗੁਰਨਾਮ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਮਾਰੂਤੀ ਕਾਰ ਵਿੱਚ ਸਵਾਰ ਸਨ।

ਗੱਡੀ ਨੂੰ ਹਟਾਉਣ ਦੇ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਦੀ ਗੁਰਨਾਮ ਸਿੰਘ ਨਾਲ ਬਹਿਸ ਹੋਈ। ਬਹਿਸ ਦੌਰਾਨ ਗਰਮਾ-ਗਰਮੀ ਹੋ ਗਈ ਅਤੇ ਦੋਵੇਂ ਧਿਰਾਂ ਵਿਚਕਾਰ ਹੱਥੋਪਾਈ ਵੀ ਹੋ ਗਈ।

ਇਸ ਦੌਰਾਨ ਗੁਰਨਾਮ ਸਿੰਘ ਡਿੱਗ ਗਏ ਅਤੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ।

ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਤੇ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

ਸਿੱਧੂ 'ਤੇ ਹਾਈ ਕੋਰਟ ਦਾ ਫੈਸਲਾ ਕੀ ਸੀ

ਮਾਮਲਾ 2006 ਵਿੱਚ ਹਾਈਕੋਰਟ ਵਿੱਚ ਪਹੁੰਚਿਆ, ਜਿੱਥੇ ਨਵਜੋਤ ਸਿੰਘ ਸਿੱਧੂ ਅਤੇ ਰੁਪਿੰਦਰ ਸਿੰਘ ਸੰਧੂ ਨੂੰ ਦੋਸ਼ੀ ਕਰਾਰ ਦਿੰਦਿਆਂ ਦੋਵਾਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ।

ਇਸ ਤੋਂ ਇਲਾਵਾ, ਅਦਾਲਤ ਨੇ ਦੋਵਾਂ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਹਾਈ ਕੋਰਟ ਦੇ ਫ਼ੈਸਲੇ ਨੂੰ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਿਸ ਵਿਚ ਦਾਅਵਾ ਕੀਤਾ ਕਿ ਗੁਰਨਾਮ ਸਿੰਘ ਦੀ ਮੌਤ ਦੇ ਕਾਰਨਾਂ ਬਾਰੇ ਡਾਕਟਰਾਂ ਦੀ ਰਾਏ ਅਸਪੱਸ਼ਟ ਹੈ।

ਇਸ ਤੋਂ ਬਾਅਦ, ਸਿੱਧੂ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਪੀੜਤ ਧਿਰ ਵੱਲੋਂ ਪਾਈ ਰੀਵਿਊ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਸੁਪਰੀਮ ਕੋਰਟ ਨੇ ਇਸ 'ਤੇ ਸੁਣਵਾਈ ਕਰਨ ਦੀ ਅਪੀਲ ਸਵੀਕਾਰ ਕੀਤੀ ਸੀ ਅਤੇ ਸਿੱਧੂ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਹੋਰ ਸਖ਼ਤ ਸਜ਼ਾ ਕਿਉਂ ਨਾ ਦਿੱਤੀ ਜਾਵੇ।

ਬਤੌਰ ਕ੍ਰਿਕਟਰ ਅਤੇ ਸਿਆਸਤਦਾਨ ਸਿੱਧੂ ਦਾ ਕਰੀਅਰ

ਜਿਸ ਸਮੇਂ ਸਿੱਧੂ ਖ਼ਿਲਾਫ਼ ਇਹ ਕੇਸ ਦਰਜ ਹੋਇਆ, ਉਸ ਵੇਲੇ ਸਿੱਧੂ ਆਪਣੇ ਕ੍ਰਿਕਟ ਕਰੀਅਰ ਵਿੱਚ ਵੀ ਸਰਗਰਮ ਸਨ।

1983 ਤੋਂ 1999 ਤੱਕ ਭਾਰਤ ਦੀ ਕ੍ਰਿਕਟ ਟੀਮ ਦਾ ਹਿੱਸਾ ਰਹੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਕ੍ਰਿਕਟ ਦੇ ਕਰੀਅਰ ਵਿੱਚ 51 ਟੈਸਟ ਮੈਚ ਅਤੇ 136 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਸਾਲ 1987 ਵਿੱਚ ਵਰਲਡ ਕੱਪ ਟੀਮ ਦਾ ਵੀ ਹਿੱਸਾ ਰਹੇ।

ਈਐੱਸਪੀਐੱਨ ਕ੍ਰਿਕਇਨਫ਼ੋ ਦੀ ਜਾਣਕਾਰੀ ਮੁਤਾਬਕ, 1996-97 ਵਿੱਚ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਟੈਸਟ ਮੈਚ ਵਿੱਚ ਸਿੱਧੂ ਨੇ ਸ਼ਾਨਦਾਰ ਦੁਹਰਾ ਸੈਂਕੜਾ ਬਣਾਇਆ ਸੀ।

ਸਿੱਧੂ ਨੇ ਆਪਣੇ ਕਰੀਅਰ ਦਾ ਆਖ਼ਰੀ ਟੈਸਟ ਮੈਚ ਨਿਊਜ਼ੀਲੈਂਡ ਦੇ ਖ਼ਿਲਾਫ਼ 2-6 ਜਨਵਰੀ 1999 ਨੂੰ ਖੇਡਿਆ, ਜਿਸ ਵਿੱਚ ਉਨ੍ਹਾਂ ਨੇ ਮਹਿਜ਼ 1 ਦੌੜ ਬਣਾਈ ਸੀ।

ਸਾਲ 1999 ਵਿੱਚ ਹੀ ਉਨ੍ਹਾਂ ਨੇ ਬਤੌਰ ਕ੍ਰਿਕਟਰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਹਾਲਾਂਕਿ ਉਹ ਕਮੈਂਟੇਟਰ ਦੇ ਤੌਰ 'ਤੇ ਇਸ ਖੇਡ ਨਾਲ ਜੁੜੇ ਰਹੇ।

ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੱਕ ਟੀਵੀ ਸ਼ੋਅ ਵਿੱਚ ਸਰਗਰਮ ਰਹੇ ਅਤੇ ਆਪਣੇ ਖ਼ਾਸ ਅੰਦਾਜ਼ ਕਾਰਨ ਵੱਖਰੀ ਪਛਾਣ ਬਣਾਈ।

ਉਨ੍ਹਾਂ ਦੇ ਪਿਤਾ ਦਾ ਨਾਮ ਭਗਵੰਤ ਸਿੰਘ ਸੀ, ਸਿੱਧੂ ਦੇ ਪਿਤਾ ਵੀ ਕਾਂਗਰਸ ਨਾਲ ਜੁੜੇ ਰਹੇ ਸਨ।

ਨਵਜੋਤ ਸਿੰਘ ਸਿੱਧੂ ਦਾ ਜੱਦੀ ਪਿੰਡ ਜ਼ਿਲ੍ਹਾ ਸੰਗਰੂਰ ਦੇ ਧੂਰੀ ਦਾ ਮਾਨਵਾਲਾ ਹੈ।

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪੰਜਾਬ ਸਰਕਾਰ ਵਿੱਚ ਚੀਫ ਪਾਰਲੀਮਾਨੀ ਸਕੱਤਰ ਰਹੇ ਹਨ।

ਦੋਵਾਂ ਦੇ ਦੋ ਬੱਚੇ ਹਨ ਕਰਨ ਸਿੱਧੂ ਅਤੇ ਰਾਬੀਆ ਸਿੱਧੂ।

ਨਵਜੋਤ ਸਿੰਘ ਸਿੱਧੂ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਵੀ ਰਹੇ ਹਨ।

ਕਾਂਗਰਸ ਪਾਰਟੀ ਜੁਆਇਨ ਕਰਨ ਤੋਂ ਬਾਅਦ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ ਅਤੇ ਉਹ ਪੰਜਾਬ ਕੈਬਨਿਟ ਵਿੱਚ ਵੀ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)