You’re viewing a text-only version of this website that uses less data. View the main version of the website including all images and videos.

Take me to the main website

ਸਿੱਧੂ ਨੇ ਰਿਹਾਈ 'ਚ ਦੇਰੀ 'ਤੇ ਘੇਰੀ ਮਾਨ ਸਰਕਾਰ, ਰਾਹੁਲ ਗਾਂਧੀ ਦੀ ਸਿਫ਼ਤ ਕਰਦਿਆਂ ਕਿਹਾ 'ਲੋਕਤੰਤਰ ਬੇੜੀਆਂ ਵਿੱਚ'

ਇਸ ਲਾਈਵ ਪੇਜ ਜ਼ਰੀਏ ਅਸੀਂ ਤੁਹਾਨੂੰ ਪੰਜਾਬ, ਭਾਰਤ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ ਤੋਂ ਜਾਣੂ ਕਰਵਾਵਾਂਗੇ

ਲਾਈਵ ਕਵਰੇਜ

  1. ਅਰਸ਼ਦੀਪ ਦੀ ਗੇਂਦ ਦਾ ਕਮਾਲ, ਮੁਹਾਲੀ ’ਚ ਪੰਜਾਬ ਕਿੰਗਜ਼ ਦੀ ਜਿੱਤ

    ਪੰਜਾਬ ਕਿੰਗਜ਼ ਨੇ ਕੇਕੇਆਰ ਨੂੰ ਸੱਤ ਰਨਾਂ ਨਾਲ ਰਹਾ ਦਿੱਤਾ ਹੈ। ਪੰਜਾਬ ਕਿੰਗਜ਼ ਨੇ 20 ਓਵਰਾਂ ਵਿੱਚ 5 ਵਿਕਟਾਂ ਨਾਲ 191 ਰਨ ਬਣਾਏ ਸਨ।

    ਜਦਕਿ ਕੋਲਕੱਤਾ ਨਾਈਟ ਰਾਇਡਰਜ਼ (ਕੇਕੇਆਰ) ਨੇ 16 ਓਵਰਾਂ ਵਿੱਚ 7 ਵਿਕਟਾਂ ਨਾਲ 146 ਰਨ ਬਣਾਏ ਸਨ।

    ਭਾਰੀ ਮੀਂਹ ਪੈਣ ਕਾਰਨ ਡੀਐੱਲਐੱਸ ਤਹਿਤ ਪੰਜਾਬ ਕਿੰਗਜ਼ ਨੂੰ 7 ਰਨਾਂ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ।

    ਮੁਹਾਲੀ ਵਿੱਚ ਆਈਪੀਐਲ ਦੇ ਹੋਏ ਮੈਚ ਦੌਰਾਨ ਅਰਸ਼ਦੀਪ ਸਿੰਘ ਦੀ ਗੇਂਦ ਨੇ ਕਮਾਲ ਦਿਖਾਇਆ, ਭਾਨੁਕਾ ਰਾਜਪਕਸ਼ੇ ਅਤੇ ਸ਼ਿਖਰ ਧਵਨ ਦਾ ਬੱਲਾਂ ਗਰਜਿਆ।

    ਦੂਜੇ ਪਾਸੇ ਕੇਕੇਆਰ ਨੂੰ ਮੁਹਾਲੀ ਦਾ ਮੌਸਮ ਖਾਸ ਰਾਸ ਨਹੀਂ ਆਇਆ।

    ਕੇਕੇਆਰ ਦਾ ਕੋਈ ਖਿਡਾਰੀ ਬੱਲੇਬਾਜੀ ਵਿੱਚ ਕਮਾਲ ਨਹੀਂ ਦਿਖਾ ਸਕਿਆ।

    ਪੰਜਾਬ ਲਈ ਅਰਸ਼ਦੀਪ ਸਿੰਘ ਨੇ 19 ਰਨ ਦੇ ਕੇ 3 ਵਿਕਟਾਂ ਲਈਆਂ।

  2. ਪਟਿਆਲਾ ਜੇਲ੍ਹ ਵਿੱਚੋਂ ਬਾਹਰ ਆ ਕੇ ਨਵਜੋਤ ਸਿੰਘ ਸਿੱਧੂ ਜੋ ਬੋਲੇ

    ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ ਵਿੱਚ ਸਜ਼ਾ ਕੱਟ ਕੇ ਪਟਿਆਲਾ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ।

    ਸਿੱਧੂ ਨੂੰ ਸਾਲ 1988 ਦੇ ਇਸ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਸੀ, ਜਿਸ ਵਿੱਚ ਉਹ ਸਮੇਂ ਤੋਂ ਪਹਿਲਾਂ ਬਾਹਰ ਆਏ ਹਨ।

    ਨਵਜੋਤ ਸਿੰਘ ਸਿੱਧੂ ਨੇ ਤਕਰੀਬਨ 10 ਮਹੀਨੇ ਦੀ ਸਜ਼ਾ ਕੱਟੀ ਹੈ।

    ਜੇਲ੍ਹ ਤੋਂ ਬਾਹਰ ਆ ਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਵਿੱਚ ਜੋ ਕਿਹਾ:-

    • ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਲੋਕਤੰਤਰ ਬੇੜੀਆਂ ਵਿੱਚ ਹੈ।
    • ਪੰਜਾਬ ਨੂੰ ਕਮਜ਼ੋਰ ਕਰੋਗੇ ਤਾਂ ਖੁਦ ਕਮਜ਼ੋਰ ਹੋ ਜਾਓਗੇ।
    • ਅੱਜ ਸੰਸਥਾਵਾਂ ਕਮਜ਼ੋਰ ਹੋ ਗਈਆਂ ਹਨ।
    • ਰਾਹੁਲ ਗਾਂਧੀ ਦੇ ਪੁਰਖਿਆਂ ਨੇ ਭਾਰਤ ਨੂੰ ਆਜ਼ਾਦ ਕਰਵਾਇਆ ਸੀ।
    • ਪੁਰਖਿਆਂ ਤੋਂ ਪ੍ਰੇਰਣਾ ਲੈ ਕੇ ਰਾਹੁਲ ਗਾਂਧੀ ਲੋਕਤੰਤਰ ਅਤੇ ਸੰਸਥਾਵਾਂ ਦੀਆਂ ਬੇੜੀਆਂ ਕੱਟ ਰਿਹਾ ਹੈ।
    • ਦੇਸ਼ ਵਿੱਚ ਜਦੋਂ ਜਦੋਂ ਤਾਨਾਸ਼ਾਹੀ ਆਈ ਹੈ ਤਾਂ ਇੱਕ ਕ੍ਰਾਂਤੀ ਵੀ ਆਈ ਹੈ ਅਤੇ ਇਸ ਵਾਰ ਇਸ ਕ੍ਰਾਂਤੀ ਦਾ ਨਾਮ ਹੈ ਰਾਹੁਲ ਗਾਂਧੀ।
    • ਸੰਵਿਧਾਨ ਨੂੰ ਮੈਂ ਆਪਣਾ ਗ੍ਰੰਥ ਮੰਨਦਾ ਹਾਂ। ਲੋਕਤੰਤਰ ਦਾ ਮਤਲਬ ਹੈ ਲੋਕਾਂ ਦੀ ਤਾਕਤ।
    • ਅੱਜ ਸੰਸਥਾਵਾਂ ਗੁਲਾਮ ਹਨ। ਰਾਹੁਲ ਗਾਂਧੀ ਦੇ ਬਜੁਰਗਾਂ ਨੇ ਦੇਸ਼ ਨੂੰ ਆਜਾਦ ਕਰਵਾਇਆ ਸੀ।
    • ਇਨਸਾਫ਼ ਨਾਮ ਦੀ ਅੱਜ ਕੋਈ ਗੱਲ ਨਹੀਂ ਰਹਿ ਗਈ। ਲੋਕਾਂ ਦੀ ਤਾਕਤ ਲੋਕਾਂ ਕੋਲ ਨਹੀਂ ਹੈ।
    • ਰਾਸ਼ਟਰਧਰਮ ਤੋਂ ਵੱਡਾ ਕੋਈ ਧਰਮ ਨਹੀਂ।
    • ਮੈਂ ਔਖੇ ਵੇਲੇ ਹਰ ਵਰਕਰ, ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਖੜ੍ਹਾ ਰਹਾਂਗਾ।
    • ਪੰਜਾਬ ਦੇ ਲੋਕਾਂ ਲਈ ਅਤੇ ਅਗਲੀ ਪੀੜ੍ਹੀ ਲਈ ਸੱਚ ਬੋਲਿਆ ਜਾਵੇ।
    • ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ।
    • ਮੈਂ ਜ਼ਿੰਦਗੀ ਵਿੱਚ ਇੱਕ ਵਾਰ ਮਰਾਂਗਾ, ਵਾਰ ਵਾਰ ਕਾਇਰ ਮਰਦੇ ਹਨ।
    • ਸਰਕਾਰ ਇੰਤਜ਼ਾਰ ਕਰ ਰਹੀ ਸੀ ਕਿ ਟੀਵੀ ਵਾਲੇ ਕਦੋਂ ਜਾਣਗੇ ਇਸ ਲਈ ਮੈਂ ਦੇਰੀ ਨਾਲ ਬਾਹਰ ਆਇਆ।
    • ਦੇਰੀ ਤਾਂ ਹੋਈ ਪਰ ਕਾਂਗਰਸ ਦੇ ਕਾਰਕੁਨ ਬਰਫ਼ ਦੀ ਡਲੀ ਨਹੀਂ ਜੋ ਪਿਘਲ ਜਾਣਗੇ।
    • ਭਗਵੰਤ ਮਾਨ ਦੀ ਸਿਆਹੀ ਕਿੱਥੇ ਗਈ ਜੋ ਕਹਿੰਦਾ ਸੀ ਕਿ ਮੈਂ ਮੁਲਾਜ਼ਮਾਂ ਲਈ ਹਰਾ ਪੈੱਨ ਲੈ ਕੇ ਬੈਠਾ ਹਾਂ।
    • ਕਾਨੂੰਨ ਵਿਵਸਥਾ ਲਈ ਕੇਂਦਰ ਸਰਕਾਰ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੀ ਸੂਬਾ ਸਰਕਾਰ।
    • ਸਿੱਧੂ ਮੂਸੇਵਾਲਾ ਦੇ ਮੁੱਦੇ ਉੱਤੇ ਮੈਂ ਉਸਦੇ ਘਰ ਜਾ ਕੇ ਗੱਲ ਕਰਾਂਗਾ।

    ਆਮ ਆਦਮੀ ਪਾਰਟੀ ਵੱਲੋਂ ਪਲਟਵਾਰ

    ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਨਵਜੋਤ ਸਿੰਘ ਸਿੱਧੂ ਉਪਰ ਪਲਟਵਾਰ ਕਰਦਿਆਂ ਕਿਹਾ ਹੈ, “ਪੰਜਾਬ ਸਰਕਾਰ ਨੇ ਉਹਨਾਂ ਦੀ ਰਿਹਾਈ ਦੇ ਆਦੇਸ਼ ਸਵੇਰੇ ਅੱਠ ਵਜੇ ਹੀ ਕਰ ਦਿੱਤੇ ਸਨ।”

    ਮਾਲਵਿੰਦਰ ਸਿੰਘ ਕੰਗ ਨੇ ਕਿਹਾ, “ਸਿੱਧੂ ਨੇ ਰਾਹੁਲ ਗਾਂਧੀ ਦਾ ਗੁਣਗਾਨ ਕਰਨਾ ਸੀ, ਇਸ ਲਈ ਉਹਨਾਂ ਨੇ ਡਰਾਮਾ ਕੀਤਾ। ਸਿੱਧੂ ਵੱਲੋਂ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਉਪਰ ਜੋ ਟਿੱਪਣੀਆਂ ਕੀਤੀਆਂ ਹਨ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਕਿੰਨੀ ਕਾਹਲੀ ਹੈ। ਤੁਸੀਂ ਦੇਸ਼ ਦੀ ਆਜਾਦੀ ਲਈ ਜੇਲ੍ਹ ਨਹੀਂ ਗਏ ਸੀ ਸਗੋਂ ਕਤਲ ਕੇਸ ਵਿੱਚ ਜੇਲ੍ਹ ਗਏ ਸੀ।”

    ਪਟਿਆਲਾ ਜੇਲ੍ਹ ਵਿੱਚੋਂ ਬਾਹਰ ਆ ਕੇ ਨਵਜੋਤ ਸਿੱਧੂ ਨੇ ਪੰਜਾਬ ਸਰਕਾਰਨੂੰ ਆਪਣੀ ਰਿਹਾਈ ’ਚ ਦੇਰੀ, ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਹੋਰ ਮੁੱਦਿਆਂ ਉਪਰ ਘੇਰਿਆ ਸੀ।

  3. ਅਮਰੀਕਾ-ਕੈਨੇਡਾ ਸਰਹੱਦ ’ਤੇ ਅੱਠ ਲਾਸ਼ਾਂ ਮਿਲੀਆਂ, ਮ੍ਰਿਤਕਾਂ ’ਚ ਭਾਰਤੀ ਪਰਿਵਾਰ ਵੀ ਸ਼ਾਮਿਲ: ਪੁਲਿਸ

    ਕੈਨੇਡਾ ਦੇ ਅਧਿਰਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅੱਠ ਪ੍ਰਵਾਸੀਆਂ ਦੀਆਂ ਲਾਸ਼ਾਂ ਅਮਰੀਕਾ-ਕੈਨੇਡਾ ਸਰਹੱਦ ਤੋਂ ਬਰਾਮਦ ਕੀਤੀਆਂ ਹਨ।

    ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਿਲ ਸਨ ਅਤੇ ਇਹ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

    ਪੁਲਿਸ ਦੇ ਹੈਲੀਕਾਪਟਰ ਨੇ ਦੋ ਹੋਰ ਲਾਸ਼ਾਂ ਸੈਂਟ ਲਾਰੈਂਸ ਨਦੀ ਕੋਲ ਵੀਰਵਾਰ ਨੂੰ ਪਾਈਆਂ ਸਨ।

    ਮਰਨ ਵਾਲੇ ਪਰਿਵਾਰ ਭਾਰਤ ਅਤੇ ਰੋਮਾਨੀਆ ਨਾਲ ਸਬੰਧਤ ਸਨ।

    ਪੁਲਿਸ ਇੱਕ 30 ਸਾਲਾ ਕਿਸ਼ਤੀ ਵਾਲੇ ਕੇਸੀ ਓਕਸ ਨੂੰ ਲੱਭ ਰਹੀ ਸੀ ਜੋ ਹਾਲੇ ਤੱਕ ਨਹੀਂ ਮਿਲਿਆ ਹੈ।

    ਹਾਲਾਂਕਿ, ਇਹ ਸਾਫ਼ ਨਹੀਂ ਹੈ ਕਿ ਓਕਸ ਅਤੇ ਇਹਨਾਂ ਪਰਿਵਾਰਾਂ ਵਿੱਚ ਕੋਈ ਸਬੰਧ ਸੀ।

    ਪੁਲਿਸ ਨੇ ਦੱਸਿਆ ਕਿ ਪਹਿਲੀ ਲਾਸ਼ 17:00 ਸਥਾਨਕ ਸਮੇਂ (21:00 GMT) ਦੇ ਆਸਪਾਸ ਅਮਰੀਕਾ-ਕੈਨੇਡਾ ਦੀ ਸਰਹੱਦ ਦੇ ਵਿਚਕਾਰ ਮੋਹੌਕ ਖੇਤਰ, ਅਕਵੇਸਾਨੇ ਵਿੱਚ ਸਿ ਸਨਾਈਹਨੇ ਵਿੱਚ ਦਲਦਲ ਵਿੱਚੋਂ ਮਿਲੀ ਸੀ।

    ਦੂਸਰੀਆਂ ਲਾਸਾਂ ਇਸ ਦੇ ਨੇੜੇ ਹੀ ਮਿਲੀਆਂ ਸਨ।

    ਇਹਨਾਂ ਦੀ ਪਛਾਣ ਪੁਲਿਸ ਵੱਲੋਂ ਹਾਲੇ ਜਾਰੀ ਨਹੀਂ ਕੀਤੀ ਗਈ। ਮਰਨ ਵਾਲਿਆਂ ਵਿੱਚ 6 ਬਾਲਗ ਅਤੇ ਦੋ ਬੱਚੇ ਹਨ।

    ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਬੱਚਿਆਂ ਦੇ ਪਾਸਪੋਰਟ ਕੈਨੇਡੀਅਨ ਸਨ।

    ਅਕਵੇਸਾਨੇ ਮੋਹੌਕ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਲੀ-ਐਨ ਓਬ੍ਰਾਇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਲਾਸ਼ਾਂ ਦੋ ਪਰਿਵਾਰਾਂ ਦੀਆਂ ਮੰਨੀਆਂ ਜਾਂਦੀਆਂ ਹਨ, ਇੱਕ ਰੋਮਾਨੀਅਨ ਮੂਲ ਦਾ ਅਤੇ ਇੱਕ ਭਾਰਤੀ ਮੂਲ ਦਾ ਹੈ।

  4. ਮੁਹਾਲੀ ’ਚ ਸਿੱਖ ਕੈਦੀਆਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ

    ਕੌਮੀ ਇਨਸਾਫ਼ ਮੋਰਚਾ ਦੇ ਕਾਰਕੁਨਾਂ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਅੱਜ ਮੁਹਾਲੀ ਵਿੱਚ ਆਪਣਾ ਸੰਘਰਸ਼ ਤੇਜ ਕਰ ਦਿੱਤਾ ਗਿਆ।

    ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਮਾਰਚ ਕੱਢਿਆ ਗਿਆ ਪਰ ਪੁਲਿਸ ਵੱਲੋਂ ਉਹਨਾਂ ਨੂੰ ਮੁਹਾਲੀ ਦੇ ਫੇਜ਼ 7 ਦੀਆਂ ਬੱਤੀਆਂ ਕੋਲ ਰੋਕ ਦਿੱਤਾ ਗਿਆ।

    ਇਸ ਤੋਂ ਬਾਅਦ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਏਥੇ ਹੀ ਜਾਰੀ ਰੱਖਿਆ।

    ਆਈਪੀਐੱਲ-16 ਦੇ ਸੀਜ਼ਨ ਦਾ ਦੂਜਾ ਮੈਚ ਅੱਜ ਮੁਹਾਲੀ ਵਿੱਚ ਹੋਣਾ ਹੈ। ਮੁਹਾਲੀ ਵਿੱਚ ਇਸ ਮੈਚ ਨੂੰ ਦੇਖਦਿਆਂ ਪੁਲਿਸ ਨੇ ਸੁਰੱਖਿਆ ਕਰੜੀ ਕਰ ਦਿੱਤੀ ਹੈ।

  5. ਪਿਤਾ ਬਾਹਰ ਆਉਣ ਲਈ ਤਿਆਰ, ਕੁਝ ਕਾਗਜੀ ਕਾਰਵਾਈ ਬਾਕੀ : ਕਰਨ ਸਿੱਧੂ

    ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਸਮੱਰਥਕ ਅਤੇ ਰਿਸ਼ਤੇਦਾਰ ਅੱਜ ਸਵੇਰ ਤੋਂ ਹੀ ਪਟਿਆਲਾ ਜੇਲ੍ਹ ਦੇ ਬਾਹਰ ਉਹਨਾਂ ਦੇ ਬਾਹਰ ਆਉਣ ਲਈ ਇੰਤਜਾਰ ਕਰ ਰਹੇ ਹਨ।

    ਨਵਜੋਤ ਸਿੰਘ ਸਿੱਧੂਦੇ ਪੁੱਤਰ ਕਰਨ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਜੇਲ੍ਹ ਤੋਂ ਬਾਹਰ ਆਉਣ ਲਈ ਤਿਆਰ ਬੈਠੇ ਹਨ ਪਰ ਹਾਲੇ ਕੁਝ ਕਾਗਜੀ ਕਾਰਵਾਈਆਂ ਬਾਕੀ ਹਨ।

    ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈਆਂ ਥੋੜੇ ਹੀ ਸਮੇਂ ਵਿੱਚ ਪੂਰੀਆਂ ਹੋਣ ਜਾਣਗੀਆਂ ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ।

  6. ਪਾਕਿਸਤਾਨ ਦੇ ਪੇਸ਼ਾਵਰ 'ਚ ਸਿੱਖ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ

    ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਸਿੱਖ ਦੁਕਾਨਦਾਰ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਿਆਲ ਸਿੰਘ ਵਜੋਂ ਹੋਈ ਹੈ।

    ਸਥਾਨਕ ਪੁਲਿਸ ਅਧਿਕਾਰੀਆਂ ਅਨੁਸਾਰ, ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਹਮਲਾਵਰਾਂ ਨੇ ਦਿਆਲ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚਲੱਗੀ ਹੋਈ ਹੈ।

    ਜਾਣਕਾਰੀ ਮੁਤਾਬਕ, ਦਿਆਲ ਸਿੰਘ ਪੇਸ਼ਾਵਰ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੇ ਸਨਅਤੇ ਉਨ੍ਹਾਂ ਦਾ ਕਤਲ ਵੀ ਉਨ੍ਹਾਂ ਦੀ ਦੁਕਾਨ ਅੰਦਰ ਹੀ ਕੀਤਾ ਗਿਆ।

    ਇਸ ਦੌਰਾਨ ਕਿਸੇ ਹੋਰ ਨੂੰ ਕੋਈ ਸੱਟ ਜਾ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਪਹਿਲੀ ਨਜ਼ਰੇ ਜਾਪੁ ਰਿਹਾ ਹੈ ਕਿ ਪੀੜਤ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ।

    ਮੌਕੇ ਤੋਂ 30 ਕੈਲੀਬਰ ਪਿਸਤੌਲ ਦੇ ਕਾਰਤੂਸ ਬਰਾਮਦ ਹੋਏ ਹਨ ਅਤੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

    ਦਿਆਲ ਸਿੰਘ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ।

  7. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ 'ਵੈਲਕਮ'

    ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੰਧੂ ਦੀ ਜੇਲ੍ਹ ਤੋਂ ਰਿਹਾਈ ਮੌਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ।

    ਇੱਕ ਟਵੀਟ ਕਰਦਿਆਂ ਵੜਿੰਗ ਨੇ ਲਿਖਿਆ, ''ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦਾ ਸਵਾਗਤ ਹੈ। ਤੁਸੀਂ ਪੰਜਾਬੀਆਂ ਦੀ ਸੇਵਾ ਵਿੱਚ ਮੁੜ ਸਰਗਰਮ ਹੋਵੇ, ਤੁਹਾਡੇ ਨਾਲ ਜਲਦ ਮੁਲਾਕਾਤ ਹੋਵੇਗੀ।''

    ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇੱਕ ਪੁਰਾਣੇ 'ਰੋਡ ਰੇਜ' ਮਾਮਲੇ ਵਿੱਚ ਲਗਭਗ 10 ਮਹੀਨਿਆਂ ਦੇ ਸਜ਼ਾ ਕੱਟਣ ਤੋਂ ਬਾਅਦ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ।

    ਇਸ ਮਕੇ ਉਨ੍ਹਾਂ ਦੇ ਬਹੁਤ ਸਾਰੇ ਸਮਰਥਕ ਜੇਲ੍ਹ ਬਾਹਰ ਜੁੜੇ ਹਨ, ਹਾਲਾਂਕਿ ਰਾਜਾ ਵੜਿੰਗ ਉੱਥੇ ਮੌਜੂਦ ਨਹੀਂ ਹਨ।

  8. ਅੱਜ ਤੋਂ ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਐਚਯੂਆਈਡੀ ਕੋਡ ਹੋਇਆ ਲਾਜ਼ਮੀ, ਪੁਰਾਣੇ ਸਟਾਕ ਨੂੰ ਹਟਾਉਣ ਲਈ ਤਿੰਨ ਮਹੀਨਿਆਂ ਦਾ ਸਮਾਂ

    1 ਅਪ੍ਰੈਲ ਤੋਂ ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਛੇ ਅੰਕਾਂ ਵਾਲੇ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਕੋਡ (HUID ਕੋਡ) ਨੂੰ ਭਾਰਤ ਸਰਕਾਰ ਨੇ ਲਾਜ਼ਮੀ ਕਰ ਦਿੱਤਾ ਹੈ।

    ਇਸ ਤੋਂ ਇੱਕ ਦਿਨ ਪਹਿਲਾਂ, ਸਰਕਾਰ ਵੱਲੋਂ ਗਹਿਣੇ ਵੇਚਣ ਵਾਲੇ ਕਈ ਵਿਕਰੇਤਾਵਾਂ ਨੂੰ ਤਿੰਨ ਮਹੀਨਿਆਂ ਦੀ ਛੋਟ ਦਿੱਤੀ ਹੈ ਤਾਂ ਜੋ ਉਹ ਪੁਰਾਣੇ ਸਟਾਕ ਨੂੰ ਕਲੀਅਰ ਕਰ ਸਕਣ।

    ਗਹਿਣਿਆਂ ਅਤੇ ਇਸ ਖੇਤਰ ਦੇ ਮਾਹਿਰਾਂ ਨਾਲ ਕੁਝ ਦਿਨ ਪਹਿਲਾਂ ਹੋਈ ਮੀਟਿੰਗ ਤੋਂ ਬਾਅਦ ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

    ਇਸ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਮੰਤਰਾਲੇ ਨੇ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਅਤੇ ਸੋਨੇ ਦੀਆਂ ਕਲਾਕ੍ਰਿਤੀਆਂ ਸਬੰਧੀ ਆਦੇਸ਼, 2020 ਵਿੱਚ ਸੋਧ ਕੀਤੀ ਹੈ।

    ਇਸ ਸੋਧ ਰਾਹੀਂ ਉਨ੍ਹਾਂ ਦੁਕਾਨਦਾਰਾਂ ਨੂੰ ਛੋਟ ਦਿੱਤੀ ਗਈ ਹੈ, ਜਿਨ੍ਹਾਂ ਨੇ 1 ਜੁਲਾਈ, 2021 ਤੋਂ ਪਹਿਲਾਂ ਮੌਜੂਦ ਸੋਨੇ ਦੇ ਗਹਿਣਿਆਂ ਅਤੇ ਕਲਾਕ੍ਰਿਤੀਆਂ ਬਾਰੇ ਐਲਾਨ ਕੀਤਾ ਹੈ।

    ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ, ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੀ ਵਧੀਕ ਸਕੱਤਰ ਨਿਧੀ ਖਰੇ ਨੇ ਦੱਸਿਆ ਕਿ ਦੇਸ਼ ਵਿੱਚ ਗਹਿਣੇ ਵੇਚਣ ਵਾਲੇ ਅਜਿਹੇ 1.56 ਲੱਖ ਵਿਕਰੇਤਾ ਹਨ ਜੋ ਰਜਿਸਟਰਡ ਹਨ। ਇਨ੍ਹਾਂ ਵਿੱਚੋਂ 16,243 ਗਹਿਣੇ ਵੇਚਣ ਵਾਲਿਆਂ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਪੁਰਾਣੇ ਹਾਲਮਾਰਕ ਵਾਲੇ ਗਹਿਣੇ ਹਨ।

    ਨਿਧੀ ਖਰੇ ਨੇ ਦੱਸਿਆ ਕਿ ਅਜਿਹੇ ਗਹਿਣੇ ਵੇਚਣ ਵਾਲਿਆਂ ਨੂੰ ਆਪਣਾ ਸਟਾਕ ਖਤਮ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

  9. ਨਵਜੋਤ ਸਿੰਘ ਸਿੱਧੂ: 'ਮੇਰੇ ਲਈ ਪੰਜਾਬ ਤੋਂ ਵੱਡਾ ਕੋਈ ਧਰਮ ਨਹੀਂ..' ਕਹਿਣ ਵਾਲੇ ਸਿੱਧੂ ਦਾ ਕ੍ਰਿਕਟ ਤੋਂ ਸਿਆਸਤ ਤੱਕ ਇੰਝ ਰਹੇ ਹਨ ਬਗਾਵਤੀ ਸੁਰ

    ਭਾਵੇਂ ਕ੍ਰਿਕਟ ਹੋਵੇ ਜਾਂ ਸਿਆਸਤ, ਦੋਹਾਂ ਦੇ 'ਕਪਤਾਨਾਂ' ਨਾਲ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਪੁਰਾਣਾ ਰਿਹਾ ਹੈ।

    2004 ਵਿੱਚ ਕ੍ਰਿਕਟ ਤੋਂ ਬਾਅਦ ਸਿਆਸਤ ਦੀ ਰਾਹ ਚੁਣਨ ਵਾਲੇ ਨਵਜੋਤ ਸਿੰਘ ਸਿੱਧੂ ਭਾਜਪਾ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਤੋਂ ਵਿਧਇਕ ਰਹੇ ਹਨ।

    ਪਹਿਲਾਂ ਭਾਜਪਾ ਅਤੇ ਹੁਣ ਕਾਂਗਰਸ ਦੇ ਆਗੂ ਵਜੋਂ ਸਿੱਧੂ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।

    ਨਵਜੋਤ ਸਿੰਘ ਸਿੱਧੂ ਨਿਧੜਕ ਹੋ ਕੇ ਆਪਣਾ ਪੱਖ ਜ਼ਾਹਿਰ ਕਰਦੇ ਹਨ। ਭਾਵੇਂ ਫਿਰ ਉਹ ਭਾਰਤੀ ਟੀਮ ਦਾ ਹਿੱਸਾ ਹੋ ਕੇ ਟੀਮ ਕੈਪਟਨ ਮੁਹੰਮਦ ਅਜ਼ਹਰੂਦੀਨ ਦਾ ਵਿਰੋਧ ਹੋਵੇ ਜਾਂ ਫਿਰ ਪੰਜਾਬ ਕੈਬਨਿਟ ਦਾ ਹਿੱਸਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋਵੇ।

  10. ਨਵਜੋਤ ਸਿੰਘ ਸਿੱਧੂ : ਲਗਭਗ 10 ਮਹੀਨਿਆਂ ਦੀ ਸਜ਼ਾ ਕੱਟਣ ਤੋਂ ਬਾਅਦ ਹੋ ਰਹੀ ਹੈ ਜੇਲ੍ਹ ਤੋਂ ਰਿਹਾਈ

    'ਰੋਡ ਰੇਜ' ਮਾਮਲੇ 'ਚ ਲਗਭਗ 10 ਮਹੀਨਿਆਂ ਦੀ ਸਜ਼ਾ ਕੱਟਣ ਤੋਂ ਬਾਅਦ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ।

    ਉਹ 'ਰੋਡ ਰੇਜ' ਦੇ ਇੱਕ ਮਾਮਲੇ ਵਿੱਚ ਸਜ਼ਾ ਕੱਟ ਕੱਟ ਰਹੇ ਸਨ।

    ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਲਈ ਹੁਣ ਕੀ ਕਰਨਾ ਚਾਹੀਦਾ ਹੈ?

    ਤੁਸੀਂ ਆਪਣੀ ਰਾਇ ਸਾਡੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕਰ ਸਕਦੇ ਹੋ

  11. ਨਵਜੋਤ ਸਿੰਘ ਸਿੱਧੂ ਖਿਲਾਫ਼ ਕੀ ਸੀ ਉਹ ਮਾਮਲਾ ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਹੋਈ

    ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਵਿੱਚੋਂ 1 ਅਪ੍ਰੈਲ ਨੂੰ ਰਿਹਾਅ ਹੋ ਰਹੇ ਹਨ।

    ਸਿੱਧੂ ਨੂੰ ਮਈ 2022 ਵਿੱਚ 'ਰੋਡ ਰੇਜ' ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

    ਇਹ ਮਾਮਲਾ ਲਗਭਗ 3 ਦਹਾਕੇ ਪੁਰਾਣਾ ਹੈ ਅਤੇ ਇਸ ਘਟਨਾ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਸੀ।

    ਇਸ ਤੋਂ ਪਹਿਲਾਂ ਵੀ ਸਿੱਧੂ ਦੀ ਰਿਹਾਈ ਦੇ ਕਿਆਸ ਲਗਾਏ ਗਏ ਸਨ, ਪਰ ਉਸ ਵੇਲੇ ਉਨ੍ਹਾਂ ਦੀ ਰਿਹਾਈ ਨਹੀਂ ਹੋਈ ਸੀ।

    ਕੀ ਸੀ ਇਹ ਮਾਮਲਾ, ਪੜ੍ਹਨ ਲਈ ਕਲਿੱਕ ਕਰੋ

  12. ਨਵਜੋਤ ਸਿੰਘ ਸਿੱਧੂ: ‘ਬੇਅਦਬੀ ਤੇ ਭ੍ਰਿਸ਼ਟਾਚਾਰ’ ਦੇ ਮਾਮਲਿਆਂ ’ਚ ਦੋ ਮੁੱਖ ਮੰਤਰੀਆਂ ਨਾਲ 'ਟੱਕਰ' ਵਾਲਾ ਕਾਂਗਰਸੀ ਆਗੂ ਹੁਣ ਕੀ ਕਰੇਗਾ

    ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਰੋਡ ਰੇਜ' ਮਾਮਲੇ ਵਿੱਚ ਕਰੀਬ 10 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ 1 ਅਪ੍ਰੈਲ ਨੂੰ ਰਿਹਾਅ ਹੋ ਰਹੇ ਹਨ।

    ਇਹ ਜਾਣਕਾਰੀ ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਆਈ ਹੈ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਸਾਲ 20 ਮਈ ਨੂੰ ਆਤਮ ਸਮਰਪਣ ਕੀਤਾ ਸੀ। ਉਹ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹਨ।

    ਮਈ 2022 ਵਿੱਚ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 'ਰੋਡ ਰੇਜ' ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

    ਜਦੋਂ ਸਿੱਧੂ ਜੇਲ੍ਹ ਗਏ ਉਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹਾਲੇ 2 ਮਹੀਨੇ ਹੀ ਹੋਏ ਸਨ।

    ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕਈ ਬਦਲਾਅ ਆਏ ਹਨ। ਸਵਾਲ ਪੈਦਾ ਹੋ ਰਹੇ ਹਨ ਕਿ ਪੰਜਾਬ ਦੇ ਤਾਜ਼ਾ ਹਲਾਤ ਵਿੱਚ ਸਿੱਧੂ ਆਪਣੀ ਰਾਜਨੀਤਿਕ ਥਾਂ ਕਿਵੇਂ ਬਣਾਉਣਗੇ?

    ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ

  13. ਨਵਜੋਤ ਸਿੰਘ ਸਿੱਧੂ ਰਿਹਾਈ ਤੋਂ ਬਾਅਦ ਕਿੱਥੇ ਜਾਣਗੇ

    ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਕਰੀਬ 10 ਮਹੀਨੇ ਬਾਅਦ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ।

    ਨਵਜੋਤ ਸਿੱਧੂ ਦੇ ਸੁਆਗਤ ਵਿੱਚ ਜੇਲ੍ਹ ਦੇ ਬਾਹਰ ਉਨ੍ਹਾਂ ਦੇ ਸਮਰਥਕ ਢੋਲ ਨਗਾੜਿਆਂ ਨਾਲ ਪਹੁੰਚੇ ਹਨ।

    1988 ਵਿੱਚ ਵਾਪਰੀ 'ਰੋਡ ਰੇਜ' ਦੀ ਘਟਨਾ ਮਗਰੋਂ ਇੱਕ ਸ਼ਖਸ ਦੀ ਮੌਤ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਜੇਲ੍ਹ ਵਿੱਚ ਸਨ।

    ਪਟਿਆਲਾ ਪਹੁੰਚੇ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਵੀ ਮੀਡੀਆ ਨਾਲ ਮੁਖਾਤਬ ਹੋਏ।

    ਕਰਨ ਸਿੱਧੂ ਨੇ ਕਿਹਾ, ''ਪਾਪਾ ਸਭ ਤੋਂ ਪਹਿਲਾਂ ਮੰਮੀ ਕੋਲ ਜਾਣਗੇ।''

    ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕੈਂਸਰ ਨਾਲ ਪੀੜਤ ਹਨ ਅਤੇ ਉਨ੍ਹਾਂ ਦਾ ਇਲਾਜ ਡੇਰਾ ਬੱਸੀ ਦੇ ਇੱਕ ਹਸਪਤਾਲ ਵਿੱਚ ਜਾਰੀ ਹੈ।

  14. ਲਾਈਵ ਪੇਜ 'ਤੇ ਤੁਹਾਡਾ ਸੁਆਗਤ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ।

    ਇਸ ਪੇਜ ਰਾਹੀਂ ਅਸੀਂ ਤੁਹਾਨੂੰ ਅਮ੍ਰਿਤਪਾਲ ਸਿੰਘ ਖਿਲਾਫ ਜਾਰੀ ਪੁਲਿਸ ਦੀ ਕਾਰਵਾਈ ਬਾਰੇ ਤਾਜ਼ਾ ਅਪਡੇਟ ਦੇਵਾਂਗੇ।

    ਤੁਹਾਡੇ ਨਾਲ ਜੁੜੇ ਰਹਿਣਗੇਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਅਨੁਰੀਤ ਸ਼ਰਮਾ

    ਇਸ ਤੋਂ ਇਲਾਵਾ ਪੰਜਾਬ, ਭਾਰਤ ਅਤੇ ਵਿਦੇਸ਼ ਵਿੱਚ ਕਿਹੜੇ ਅਹਿਮ ਘਟਨਾਕ੍ਰਮ ਵਾਪਰ ਰਹੇ ਹਨ, ਉਨ੍ਹਾਂ ਬਾਰੇ ਵੀ ਜਾਣਕਾਰੀ ਦੇਵਾਂਗੇ।

    31ਮਾਰਚ ਨੂੰ ਕਿਹੜੀਆਂ ਅਹਿਮ ਖ਼ਬਰਾਂ ਚਰਚਾ ਵਿੱਚ ਰਹੀਆਂ ਜੇਕਰ ਤੁਸੀਂ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਕਲਿੱਕਕਰ ਸਕਦੇ ਹੋ। ਧੰਨਵਾਦ