ਕੁੰਵਰ ਵਿਜੇ ਪ੍ਰਤਾਪ ਦੇ ‘AAP’ ’ਚ ਸ਼ਾਮਿਲ ਹੋਣ ਦਾ ਪੰਜਾਬ ਦੀ ਸਿਆਸਤ ’ਤੇ ਕੀ ਅਸਰ ਪਵੇਗਾ

ਤਸਵੀਰ ਸਰੋਤ, RaVINDER singh robin/bbc
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ।
ਇਸ ਵੇਲੇ ਉਨ੍ਹਾਂ ਨੇ ਕਿਹਾ, "ਮੈਂ ਸਿਆਸਤ ਕਰਨ ਲਈ ਨਹੀਂ ਬਲਕਿ ਪੰਜਾਬ ਰਾਜਨੀਤੀ ਵਿਚ ਸੁਧਾਰ ਕਰਨ ਲਈ ਪਾਰਟੀ ਵਿਚ ਆ ਰਿਹਾ ਹਾਂ। ਪੰਜਾਬ ਵਿਚੋਂ ਨਵੀਂ ਸ਼ੁਰੂਆਤ ਕੀਤੀ ਹੈ।"
ਐਤਵਾਰ (20 ਜੂਨ 2021) ਨੂੰ ਬੀਬੀਸੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕਰਕੇ ਪੁੱਛਿਆ ਸੀ ਕਿ ਕੁੰਵਰ ਵਿਜੈ ਪ੍ਰਤਾਪ ਦੀ ਸੰਭਾਵਤ ਐਂਟਰੀ ਦਾ ਕੀ ਹੋ ਸਕਦਾ ਹੈ ਪੰਜਾਬ ਦੀ ਰਾਜਨੀਤੀ ’ਤੇ ਅਸਰ। ਪੇਸ਼ ਹੈ ਉਨ੍ਹਾਂ ਨਾਲ ਹੋਈ ਪੂਰੀ ਗੱਲਬਾਤ
ਇਹ ਵੀ ਪੜ੍ਹੋ
ਸਵਾਲ: ਪੰਜਾਬ ਦੀ ਸਿਆਸਤ 'ਚ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਕੁੰਵਰ ਵਿਜੈ ਪ੍ਰਤਾਪ ਪੰਜਾਬੀ ਨਹੀਂ ਹਨ ਪਰ ਪੰਜਾਬੀਆਂ 'ਚ ਉਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਕਾਇਮ ਜ਼ਰੂਰ ਕੀਤੀ ਹੈ। ਉਨ੍ਹਾਂ ਦੇ ਆਮ ਆਦਮੀ ਪਾਰਟੀ 'ਚ ਜਾਣ ਨਾਲ ਪੰਜਾਬ ਦੀ ਸਿਆਸਤ ਨੂੰ ਕਿੰਨ੍ਹਾਂ ਫ਼ਰਕ ਪਵੇਗਾ?
ਜਵਾਬ: ਗੱਲ ਜ਼ਿਆਦਾ ਵਿਅਕਤੀਗਤ ਨਹੀਂ ਹੈ। ਗੱਲ ਤਾਂ ਪੰਜਾਬ ਦੇ ਮੁੱਦਿਆਂ ਦੀ ਹੈ ਅਤੇ ਲੋਕ ਕੁੰਵਰ ਵਿਜੈ ਪ੍ਰਤਾਪ ਨੂੰ ਪੰਜਾਬ ਦੇ ਕਿਹੜੇ ਮੁੱਦਿਆਂ ਨਾਲ ਜੋੜ ਕੇ ਦੇਖਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੋਈ ਅਫ਼ਸਰ ਰਾਜਨੀਤੀ 'ਚ ਆਉਣ ਲੱਗਾ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ 'ਚ ਬਹੁਤ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਕਾ ਨੀਲਾ ਤਾਰਾ ਤੋਂ ਬਾਅਦ ਸਿਆਸਤ 'ਚ ਆਏ ਸਨ। ਉਹ ਦੋ ਵਾਰ ਐਮਪੀ ਵੀ ਬਣੇ ਸਨ।
ਪਰ ਉਹ ਸਿਆਸਤ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਸਨ, ਜਿਸ ਕਰਕੇ ਉਹ ਹੌਲੀ-ਹੌਲੀ ਮੁੱਖ ਧਾਰਾ 'ਚੋਂ ਬਾਹਰ ਹੋ ਗਏ ਸਨ।

ਤਸਵੀਰ ਸਰੋਤ, fb/kunwar
ਹੁਣ ਇੱਕ ਹੋਰ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਸਿਆਸਤ ਵਿੱਚ ਕਦਮ ਰੱਖ ਸਕਦਾ ਹੈ। ਇਨ੍ਹਾਂ ਦਾ ਪਿਛਲੇ ਕੁਝ ਸਮੇਂ ਤੋਂ ਇੱਕ ਵੱਡਾ ਨਾਮ ਬਣ ਗਿਆ ਸੀ, ਵਿਸ਼ੇਸ ਕਰਕੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ, ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਮਾਮਲੇ ਬਾਰੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਹਰ ਕੋਈ ਇੰਨ੍ਹਾਂ ਨੂੰ ਜਾਣਨ ਲੱਗ ਪਿਆ ਸੀ।
ਉਹ ਜਾਂਚ ਇਕ ਤਰ੍ਹਾਂ ਨਾਲ ਅਕਾਲੀ ਦਲ ਵੱਲੋਂ ਵਿਵਾਦਿਤ ਬਣ ਗਈ ਸੀ। ਇਹ ਆਮ ਗੱਲ ਹੈ ਕਿ ਜਿਸ ਪਾਰਟੀ 'ਤੇ ਇਲਜ਼ਾਮ ਲੱਗਦੇ ਹਨ, ਉਹ ਆਪਣੇ ਬਚਾਅ ਲਈ ਕਾਊਂਟਰ ਐਲੀਗੇਸ਼ਨ ਲਗਾਇਆ ਕਰਦੀ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ।
ਆਖ਼ਰਕਾਰ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਥਿਤੀ ਇਹ ਬਣ ਗਈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਅਸਤੀਫਾ ਦੇਣਾ ਪਿਆ। ਜਿੰਨ੍ਹੀ ਕੁ ਮੈਨੂੰ ਸਮਝ ਆਈ ਹੈ, ਇਸ ਤਰ੍ਹਾਂ ਲਗਦਾ ਹੈ ਕਿ ਉਹ ਪੰਜਾਬ ਦੇ ਸਿਆਸਤ ਬਾਰੇ ਚਰਚਾ ਨੂੰ ਬਦਲਣਾ ਚਾਹੁੰਦੇ ਹਨ।
2017 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਇਲਜ਼ਾਮ, ਅਕਾਲੀ ਦਲ-ਭਾਜਪਾ ਦੀ ਸਰਕਾਰ 'ਤੇ ਲੱਗ ਰਹੇ ਸਨ, ਤਕਰੀਬਨ ਉਸੇ ਤਰ੍ਹਾਂ ਦੇ ਇਲਜ਼ਾਮ ਕਾਂਗਰਸ ਸਰਕਾਰ ’ਤੇ ਲਗ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਜ਼ਿਆਦਾਤਰ ਪੰਜਾਬੀਆਂ ਦੀਆਂ ਨਜ਼ਰਾਂ ਵਿੱਚ ਹੁਣ ਕਾਂਗਰਸ ਅਤੇ ਅਕਾਲੀ ਦਲ 'ਚ ਕੋਈ ਫ਼ਰਕ ਨਹੀਂ ਰਿਹਾ ਹੈ।

ਤਸਵੀਰ ਸਰੋਤ, kejriwal/facebook
ਕੀ ਇਸ ਸਥਿਤੀ ਨੂੰ ਬਦਲਿਆ ਜਾ ਸਕਦਾ ਹੈ? ਮੇਰੀ ਸਮਝ ਇਹ ਕਹਿੰਦੀ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਇਸ ਸਥਿਤੀ ਨੂੰ ਬਦਲਣ ਦੇ ਏਜੰਡੇ ਨਾਲ ਅੱਗੇ ਆਉਣ ਦਾ ਯਤਨ ਕਰ ਰਹੇ ਹਨ।
ਸਵਾਲ:ਉਨ੍ਹਾਂ ਦੀ ਆਮ ਆਦਮੀ ਪਾਰਟੀ 'ਚ ਐਂਟਰੀ ਦਾ ਕੀ ਮਤਲਬ ?
ਜਵਾਬ: ਇਸ ਦਾ ਮਤਲਬ ਬਹੁਤ ਹੀ ਸਪੱਸ਼ਟ ਹੈ। ਉਹ ਤੀਜੀ ਧਿਰ ਜਿਸ ਦਾ ਨਾਮ ਆਮ ਆਦਮੀ ਪਾਰਟੀ ਹੈ, ਉਸ ਦੀ ਸੋਚ ਨਾਲ ਜੁੜ ਰਹੇ ਹਨ।
ਆਮ ਆਦਮੀ ਪਾਰਟੀ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਹੀ ਉਭਾਰ 'ਚ ਸੀ। ਇਸ ਪਾਰਟੀ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸਨ ਪਰ ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਗਈਆਂ, ਇਹ ਪਾਰਟੀ ਆਪਣਾ ਰੁਤਬਾ ਕਾਇਮ ਨਾ ਰੱਖ ਸਕੀ।
ਅੱਜ ਜਦੋਂ ਮੈਂ ਕਹਿੰਦਾ ਹਾਂ ਕਿ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਕੋਈ ਫ਼ਰਕ ਨਹੀਂ ਰਹਿ ਗਿਆ ਹੈ, ਇਸ ਸਮੇਂ ਲੋਕ ਬਦਲ ਦੀ ਮੰਗ ਕਰ ਰਹੇ ਹਨ। ਪੰਜਾਬ ਦੀ ਸਿਆਸਤ 'ਚ ਇੱਕ ‘ਖਾਲੀਪਨ’ ਮੌਜੂਦ ਹੈ, ਜਿਸ ਨੂੰ ਕਾਂਗਰਸ ਅਤੇ ਅਕਾਲੀ ਦਲ ਪੂਰਾ ਨਹੀਂ ਕਰ ਸਕਦੇ ਹਨ।
ਉਸ ਪਾੜੇ ਨੂੰ ਕਿਹੜੀ ਸਿਆਸਤ ਪੂਰ ਸਕਦੀ ਹੈ, ਮੈਂ ਇੱਥੇ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਹਾਂ। ਅੱਜ ਪੰਜਾਬ ਨੂੰ ਇੱਕ ਨਵੀਂ ਸਿਆਸਤ, ਨਵੀਂ ਪੌਲੀਟਿਕਸ ਦੀ ਜ਼ਰੂਰਤ ਹੈ।
ਕੀ ਉਹ ਸਿਆਸਤ ਆਮ ਆਦਮੀ ਪਾਰਟੀ ਪੂਰੀ ਕਰ ਸਕਦੀ ਹੈ?
ਇਸ ਸਦੰਰਭ 'ਚ ਵਿਜੈ ਪ੍ਰਤਾਪ ਦਾ ਪਾਰਟੀ 'ਚ ਸਾਮਲ ਹੋਣਾ ਮਹੱਤਵਪੂਰਨ ਹੈ, ਕਿਉਂਕਿ ਉਹ ਆਪਣੇ ਆਪ ਨੂੰ ਇੱਕ ਬਦਲ ਦੀ ਸਿਆਸਤ ਵੱਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ-
ਸਵਾਲ: ਉਨ੍ਹਾਂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਨਾਲ ਕਾਂਗਰਸ ਅਤੇ ਅਕਾਲੀ ਦਲ ਲਈ ਕਿੰਨ੍ਹੀ ਕੁ ਘਬਰਾਹਟ ਵਾਲੀ ਗੱਲ ਹੋ ਸਕਦੀ ਹੈ? ਉਹ ਤਾਂ ਬਤੌਰ ਇੱਕ ਅਫ਼ਸਰ ਇੰਨ੍ਹਾਂ ਪਾਰਟੀਆਂ ਵਿਰੁੱਧ ਬੋਲਦੇ ਰਹੇ ਹਨ, ਫਿਰ ਇੱਕ ਸਿਆਸੀ ਆਗੂ ਬਣ ਕੇ ਉਹ ਕੀ ਕਰ ਸਕਦੇ ਹਨ?
ਜਵਾਬ: ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਬਿਲਕੁੱਲ ਵਿਸ਼ੇਸ਼ (ਸਪੈਸੀਫਿਕ) ਹਨ। ਉਹ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਚਿੰਤਤ ਸਨ।
ਉਹ ਮੁੱਦਾ 2015 'ਚ ਜਿਸ ਮੋੜ 'ਤੇ ਖੜਾ ਸੀ ਅੱਜ ਵੀ ਉਹ ਉੱਥੇ ਦਾ ਉੱਥੇ ਹੀ ਹੈ। ਅਜਿਹੇ ਵਿਵਾਦਿਤ ਮੁੱਦੇ ਸੁਲਝਾਉਣੇ ਬਹੁਤ ਜ਼ਰੂਰੀ ਹਨ ਨਹੀਂ ਤਾਂ ਪੰਜਾਬ ਵਰਗੇ ਸਰਹੱਦੀ ਸੂਬੇ 'ਚ ਲੰਮੇ ਸਮੇਂ ਲਈ ਇਸ ਦੇ ਨਤੀਜੇ ਚੰਗੇ ਨਹੀਂ ਨਿਕਲ ਸਕਦੇ ਹਨ।
ਪੰਜਾਬ ਪਹਿਲਾਂ ਵੀ ਭੁਗਤ ਚੁੱਕਿਆ ਹੈ। ਮੈਂ ਸਿਰਫ ਕੁੰਵਰ ਵਿਜੈ ਪ੍ਰਤਾਪ ਦੇ ਬਿਆਨਾਂ ਦੀ ਨਹੀਂ ਗੱਲ ਕਰਾਂਗਾ ਬਲਕਿ ਇੱਕ ਮੁੱਦਾ ਵੀ ਚੁੱਕਣਾ ਚਾਹਾਂਗਾ ਕਿ ਉਹ ਕੋਟਕਪੁਰਾ ਅਤੇ ਬਹਿਬਲਾਂ ਕਲਾਂ ਗੋਲੀਬਾਰੀ ਦੀ ਜਾਂਚ ਦੀ ਅਗਵਾਈ ਕਰ ਰਹੇ ਸਨ।
ਪਰ ਅਜੇ ਤੱਕ ਇਸ ਗੱਲ ਦਾ ਜਵਾਬ ਨਹੀਂ ਮਿਲਿਆ ਹੈ ਜੋ ਵਿਰੋਧ ਪ੍ਰਦਰਸ਼ਨ ਕੋਟਕਪੁਰਾ ਵਿਖੇ ਹੋ ਰਿਹਾ ਸੀ, ਉਸ ਨੂੰ ਹਟਾਉਣ ਦੀ ਸਰਕਾਰ ਦੀ ਕੀ ਮਜਬੂਰੀ ਸੀ?

ਤਸਵੀਰ ਸਰੋਤ, fb/kunwar
ਇਸੇ ਤਰ੍ਹਾਂ ਬਹਿਬਲਾਂ ਕਲਾਂ, ਜਿੱਥੇ ਪੁਲਿਸ ਫਾਇਰਿੰਗ 'ਚ ਲੋਕ ਮਾਰੇ ਗਏ ਸਨ, ਉਹ ਵਿਰੋਧ ਪ੍ਰਦਰਸ਼ਨ ਤਾਂ ਸੜਕ ਤੋਂ ਪਰਾਂ ਹੋ ਰਿਹਾ ਸੀ, ਫਿਰ ਉੱਥੇ ਗੋਲੀ ਚਲਾਉਣ ਦੀ ਲੋੜ ਕਿਉਂ ਪਈ?
ਇਹ ਕੁਝ ਅਜਿਹੇ ਮੁੱਦੇ ਹਨ, ਜਿੰਨ੍ਹਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ ਹਨ। ਇਸ ਬਾਰੇ ਜਾਂਚ ਹੋਣੀ ਚਾਹੀਦੀ ਹੈ।
ਇਸ ਲਈ ਜਵਾਬਦੇਹੀ ਤਤਕਾਲੀ ਸਰਕਾਰ ਦੀ ਬਣਦੀ ਹੈ। ਉਸ ਸਮੇਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਇਸ ਲਈ ਜਦੋਂ ਤੱਕ ਇਹ ਮੁੱਦੇ ਨਹੀਂ ਸੁਲਝਦੇ ਹਨ ਉਦੋਂ ਤੱਕ ਪੰਜਾਬ ਦੀ ਸਥਿਤੀ ਇਸ ਤਰ੍ਹਾਂ ਹੀ ਉੱਪਰ ਥੱਲੇ ਹੁੰਦੀ ਰਹੇਗੀ।
ਸਵਾਲ:ਤੁਹਾਨੂੰ ਕੀ ਲੱਗਦਾ ਹੈ ਕਿ ਬੇਅਦਬੀ ਮਾਮਲੇ ਮੁੜ ਚੁੱਕੇ ਜਾਣ ਦਾ ਸਿਆਸਤ ’ਤੇ ਕੀ ਅਸਰ ਰਹੇਗਾ?
ਜਵਾਬ: ਅਸਲ 'ਚ ਜਦੋਂ ਤੱਕ ਇਹ ਸਾਰੇ ਮੁੱਦੇ ਸੁਲਝਦੇ ਨਹੀਂ ਹਨ, ਉਦੋਂ ਤੱਕ ਇਹ ਇੰਝ ਹੀ ਉੱਠਦੇ ਰਹਿਣਗੇ। ਇਸਦੇ ਦੋ ਪੱਖ ਹੁੰਦੇ ਹਨ। ਇਕ ਤਾਂ ਹੁੰਦਾ ਹੈ ਸਿਆਸੀ ਪੱਧਰ 'ਤੇ...ਅਕਾਲੀ ਦਲ ਨੂੰ 2017 ਦੀਆਂ ਚੋਣਾਂ ਦੌਰਾਨ ਇਸ ਦੀ ਸਜ਼ਾ ਮਿਲ ਚੁੱਕੀ ਹੈ। ਅਕਾਲੀ ਦਲ ਦੀਆਂ ਸੀਟਾਂ ਸਿਰਫ 15 ਰਹਿ ਗਈਆਂ ਸਨ। ਅੱਜ ਵੀ ਸਥਿਤੀ ਜਿਉਂ ਦੀ ਤਿਉਂ ਹੀ ਹੈ।
ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਸ 'ਚ ਇਨਸਾਫ ਦਵਾਵਾਂਗੇ, ਪਰ ਉਨ੍ਹਾਂ ਨੇ ਕੁਝ ਨਾ ਕੀਤਾ। ਇਸ ਲਈ ਹੀ ਮੈਂ ਕਹਿੰਦਾ ਹਾਂ ਕਿ ਕਾਂਗਰਸ ਅਤੇ ਅਕਾਲੀ ਦਲ 'ਚ ਕੋਈ ਅੰਤਰ ਨਹੀਂ ਹੈ।
ਪਹਿਲਾਂ ਮੈਨੂੰ ਲੱਗਦਾ ਸੀ ਕਿ ਇਹ ਮੁੱਦਾ ਵਧੇਰੇ ਪ੍ਰਭਾਵ ਨਹੀਂ ਪਾਵੇਗਾ। ਪਰ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਇਹ ਮੁੱਦਾ ਮੁੜ ਤੋਂ ਖੜ੍ਹਾ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿਸਾਨੀ ਅਤੇ ਬੇਅਦਬੀ ਦਾ ਮਾਮਲਾ ਆਉਣ ਵਾਲੀਆਂ ਚੋਣਾਂ ਨੂੰ ਕਾਫ਼ੀ ਪ੍ਰਭਾਵਤ ਕਰੇਗਾ।

ਤਸਵੀਰ ਸਰੋਤ, fb/kunwar
ਸਵਾਲ:ਜਦੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਉਸ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਸੀ। ਇਸ ਤੋਂ ਕੀ ਸਮਝਿਆ ਜਾਵੇ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਸ਼ਹਿਰ 'ਚ ਫਿਟ ਕੀਤਾ ਜਾ ਸਕਦਾ ਹੈ।
ਜਵਾਬ: ਉਨ੍ਹਾਂ ਸਿੱਖ ਜਥੇਬੰਦੀਆਂ ਦਾ ਅੰਮ੍ਰਿਤਸਰ ਸ਼ਹਿਰ ਨਾਲ ਕੋਈ ਨਾਤਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਜਥੇਬੰਦੀਆਂ ਦਾ ਲੋਕਾਂ 'ਚ ਕੋਈ ਅਸਰ ਹੈ। ਮੇਰੇ ਖ਼ਿਆਲ 'ਚ ਉਨ੍ਹਾਂ ਜਥੇਬੰਦੀਆਂ ਤੋਂ ਮੈਡਲ ਲੈਣਾ ਕੁੰਵਰ ਵਿਜੈ ਪ੍ਰਤਾਪ ਦੀ ਗਲਤੀ ਸੀ।
ਉਨ੍ਹਾਂ ਲੋਕਾਂ ਦਾ ਕੋਈ ਅਧਾਰ ਨਹੀਂ ਹੈ ਅਤੇ ਇੰਨ੍ਹਾਂ 'ਚ ਕੁਝ ਲੋਕ ਉਹ ਵੀ ਸਨ ਜਿੰਨ੍ਹਾਂ ਨੇ ਬਰਗਾੜੀ ਵਿਰੋਧ ਪ੍ਰਦਰਸ਼ਨ ਚਲਾਇਆ ਸੀ।
ਇਸ ਲਈ ਜਿੰਨ੍ਹਾਂ ਲੋਕਾਂ ਦਾ ਅਧਾਰ ਹੀ ਕੋਈ ਨਹੀਂ ਹੈ, ਉਨ੍ਹਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਅੰਮ੍ਰਿਤਸਰ ਸ਼ਹਿਰ 'ਚ ਤਾਂ ਉਨ੍ਹਾਂ ਦਾ ਕੋਈ ਪ੍ਰਭਾਵ ਨਹੀਂ ਹੈ।
ਅੰਮ੍ਰਿਤਸਰ ਸ਼ਹਿਰ ਦਾ ਢਾਂਚਾ ਬਿਲਕੁੱਲ ਵੱਖਰਾ ਹੈ। ਮੁੱਦਾ ਇਹ ਨਹੀਂ ਹੈ ਕਿ ਕੁੰਵਰ ਪ੍ਰਤਾਪ ਆਪ ਚੋਣ ਮੈਦਾਨ 'ਚ ਉਤਰਦੇ ਹਨ ਜਾਂ ਫਿਰ ਨਹੀਂ, ਮੁੱਦਾ ਤਾਂ ਇਹ ਹੈ ਕਿ ਉਹ ਪਾਰਟੀ 'ਚ ਸ਼ਾਮਲ ਹੋ ਕੇ ਸਿਆਸੀ ਡਿਸਕੋਰਸ ਨੂੰ ਕਿਸ ਹੱਦ ਤੱਕ ਅਤੇ ਕਿਵੇਂ ਪ੍ਰਭਾਵਿਤ ਕਰਨ ਦਾ ਯਤਨ ਕਰਨਗੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਵਾਲ:ਕੁੰਵਰ ਪ੍ਰਤਾਪ ਸਿੰਘ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਬੇਅਦਬੀ ਮਾਮਲੇ ਬਾਰੇ ਗੱਲ ਕਰਨ ਦੀ ਕਹਿ ਰਹੇ ਹਨ। ਇਸ ਦੇ ਕੀ ਮਾਅਨੇ ਹਨ?
ਜਵਾਬ: ਅਸਲ 'ਚ ਇਸ ਦੇ ਕੀ ਮਾਅਨੇ ਹਨ, ਇਸ ਬਾਰੇ ਤਾਂ ਉਹ ਆਪ ਹੀ ਦੱਸ ਸਕਦੇ ਹਨ। ਇਹ ਇੱਕ ਕਾਨੂੰਨੀ ਮੁੱਦਾ ਹੈ। ਜਿਸ ਪਹਿਲੂ ਨੂੰ ਨਜ਼ਰ 'ਚ ਰੱਖਦਿਆਂ ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ, ਮੈਂ ਉਸ ਦਾ ਮਾਹਰ ਨਹੀਂ ਹਾਂ।
ਉਹ ਕਾਨੂੰਨੀ ਪਹਿਲੂ ਹੈ, ਪਰ ਜਿਹੜੀ ਚਰਚਾ ਲਗਾਤਾਰ ਹੋ ਰਹੀ ਹੈ ਕਿ ਜਿਹੜਾ ਮੁੱਦਾ ਹਾਈ ਕੋਰਟ ਅੱਗੇ ਨਹੀਂ ਰੱਖਿਆ ਗਿਆ ਸੀ ਹਾਈ ਕੋਰਟ ਨੇ ਉਸ 'ਤੇ ਹੀ ਆਪਣਾ ਫ਼ੈਸਲਾ ਦਿੱਤਾ ਹੈ।
ਹਾਈ ਕੋਰਟ ਕੋਈ ਟਰਾਇਲ ਕੋਰਟ ਨਹੀਂ ਹੈ। ਇਸ ਮਾਮਲੇ 'ਚ ਹਾਈ ਕੋਰਟ ਨੇ ਆਪਣੇ ਆਪ ਨੂੰ ਟ੍ਰਾਇਲ ਕੋਰਟ ਦੀ ਤਰ੍ਹਾਂ ਪੇਸ਼ ਕੀਤਾ ਹੈ।
ਸਵਾਲ:ਨੌਕਰੀਆਂ ਨੂੰ ਲੈ ਕੇ ਜੋ ਮਸਲਾ ਚਰਚਾ ਹੈ। ਪ੍ਰਗਟ ਸਿੰਘ ਅਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀ ਜਾ ਰਹੀਆਂ ਹਨ। ਇੰਨ੍ਹਾਂ ਇਤਰਾਜਾਂ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ: ਮੇਰੇ ਖਿਆਲ 'ਚ ਇਹ ਬਹੁਤ ਹੀ ਗਲਤ ਫ਼ੈਸਲਾ ਹੈ। ਪਹਿਲੀ ਗੱਲ ਤਾਂ ਨੌਕਰੀਆਂ ਹਿੰਸਾ ਦੇ ਪੀੜ੍ਹਤਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਦੂਜੀ ਗੱਲ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ ਤਰਸ ਦੇ ਅਧਾਰ 'ਤੇ ਨੌਕਰੀ ਪਰ ਇੰਨ੍ਹਾਂ 'ਤੇ ਤਰਸ ਕਿਸ ਗੱਲ ਦਾ, ਇਹ ਤਾਂ ਕਰੋੜਾਂਪਤੀ ਬੱਚੇ ਹਨ।
ਇਹ ਤਾਂ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਕਾਫ਼ੀ ਵੱਡੀ ਸ਼ਰਾਰਤ, ਸਾਜਿਸ਼ ਹੈ। ਪੰਜਾਬ 'ਚ ਇਸ ਇੱਕਲੇ ਮੁੱਦੇ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਕਰ ਦੇਣਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














