ਕੋਰੋਨਾ ਕਾਲ ਵਿੱਚ ਇੱਕ ਮਾਂ ਦੀ ਕਹਾਣੀ ਜਿਸ ਨੂੰ ਆਪਣੀ ਧੀ ਦੇ ਖ਼ੂਨ ਲਈ ਸੰਘਰਸ਼ ਕਰਨਾ ਪਿਆ

    • ਲੇਖਕ, ਅਰਜੁਨ ਪਰਮਾਰ
    • ਰੋਲ, ਬੀਬੀਸੀ ਗੁਜਰਾਤੀ

"ਸਾਡੀ ਬੇਟੀ ਸਿਮਰਨ ਥੈਲੇਸੀਮੀਆ ਪੀੜਤ ਹੈ। ਉਸ ਨੂੰ ਹਰ 15 ਦਿਨਾਂ ਬਾਅਦ ਖੂਨ ਚੜ੍ਹਾਉਣ ਦੀ ਜ਼ਰੂਰਤ ਹੁੰਦੀ ਹੈ, ਪਰ ਇਸ ਵਾਰ ਅਪ੍ਰੈਲ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ, ਸਾਨੂੰ ਉਸ ਲਈ 25 ਦਿਨਾਂ ਤੱਕ ਖੂਨ ਨਹੀਂ ਮਿਲਿਆ।"

"ਉਸ ਵਜ੍ਹਾ ਕਰਕੇ ਉਸ ਦੀ ਸਰੀਰਿਕ ਕਮਜ਼ੋਰੀ ਵੱਧ ਗਈ ਸੀ। ਉਹ ਕਮਜ਼ੋਰ ਮਹਿਸੂਸ ਕਰਨ ਲੱਗੀ। ਹਰ ਦਿਨ ਬੀਤਣ ਨਾਲ ਉਸ ਦੀ ਸਥਿਤੀ ਵਿਗੜਦੀ ਗਈ।"

ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਸ਼ਿਨੌਰ ਤਾਲੁਕਾ ਦੇ ਸਾਧਲੀ ਪਿੰਡ ਦੀ ਆਇਸ਼ਾ ਸਿੰਧੀ ਆਪਣੀ 16 ਸਾਲਾ ਬੇਟੀ ਸਿਮਰਨ ਲਈ ਖੂਨ ਲੈਣ ਲਈ ਜਿਹੜੀਆਂ ਮੁਸ਼ਕਲਾਂ ਵਿੱਚੋਂ ਲੰਘੇ ਹਨ, ਉਸ ਬਾਰੇ ਗੱਲ ਕਰਦਿਆਂ ਉਹ ਬਹੁਤ ਦੁਖੀ ਹੋ ਜਾਂਦੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਦਿਨਾਂ ਦੌਰਾਨ ਸਿਮਰਨ ਲਈ ਖੂਨ ਪ੍ਰਾਪਤ ਕਰਨ ਲਈ ਕੀਤੇ ਸੰਘਰਸ਼ ਬਾਰੇ ਦੱਸਦਿਆਂ ਉਹ ਕਹਿੰਦੇ ਹਨ, "ਇਹ ਚੰਗਾ ਸੀ ਕਿ ਆਖਰੀ ਪਲਾਂ ਵਿੱਚ ਖੂਨ ਦਾ ਪ੍ਰਬੰਧ ਹੋ ਗਿਆ, ਪਰ ਜੇ ਅਜਿਹਾ ਨਾ ਹੁੰਦਾ ਤਾਂ...।"

ਆਇਸ਼ਾ ਵਰਗੇ ਬਹੁਤ ਸਾਰੇ ਮਾਪਿਆਂ ਨੂੰ ਆਪਣੇ ਜਿਗਰ ਦੇ ਟੋਟਿਆਂ-ਬੱਚਿਆਂ ਤੋਂ ਹੱਥ ਧੋਣ ਵਰਗਾ ਭੈੜਾ ਸੋਚਦਿਆਂ ਦੁਖਦਾਈ ਅਨੁਭਵ ਵਿੱਚੋਂ ਗੁਜ਼ਰਨਾ ਪਿਆ।

ਵਡੋਦਰਾ ਦੀ ਇੱਕ ਨੌਂ ਸਾਲਾਂ ਦੀ ਬੱਚੀ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ।

ਬੱਚੀ ਦੇ ਮਾਪਿਆਂ ਨੂੰ ਖੂਨ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਵਾਲੀ ਇੱਕ ਔਰਤ ਨੇ ਕਿਹਾ, 'ਉਸ ਨੂੰ ਵੀ 25 ਦਿਨਾਂ ਤੱਕ ਖੂਨ ਨਹੀਂ ਚੜ੍ਹਾ ਸਕੇ। ਲੜਕੀ ਦਾ ਹੀਮੋਗਲੋਬਿਨ ਦਾ ਪੱਧਰ ਅੱਠ ਸੀ। ਉਸ ਨੂੰ ਖੂਨ ਚੜ੍ਹਾਉਣ ਦੀ ਸਖ਼ਤ ਜ਼ਰੂਰਤ ਸੀ।"

"ਉਸ ਦੇ ਮਾਪੇ ਕਈ ਦਿਨਾਂ ਤੋਂ ਉਸ ਲਈ ਖੂਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਬਲੱਡ ਬੈਂਕ ਕੋਲ ਖੂਨ ਨਹੀਂ ਸੀ ਜੋ ਲੜਕੀ ਦੇ ਬਲੱਡ ਗਰੁੱਪ ਨਾਲ ਮੇਲ ਖਾਂਦਾ ਹੋਵੇ। ਫਿਰ ਅਸੀਂ ਸਥਾਨਕ ਵਟਸਐਪ ਗਰੁੱਪਾਂ ਤੋਂ ਮਦਦ ਮੰਗੀ ਅਤੇ ਉਸ ਨੂੰ ਖੂਨ ਚੜ੍ਹਾਉਣ ਦਾ ਪ੍ਰਬੰਧ ਕੀਤਾ।"

ਉਸ ਨੇ ਕਿਹਾ, "ਜੇ ਲੜਕੀ ਨੂੰ ਖੂਨ ਪ੍ਰਾਪਤ ਕਰਨ ਵਿੱਚ ਥੋੜ੍ਹੀ ਦੇਰ ਹੁੰਦੀ ਤਾਂ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦੇਣਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਸਕਦੀ ਸੀ।"

ਸੂਚਨਾ ਦੇ ਅਧਿਕਾਰ ਐਕਟ (ਆਰਟੀਆਈ) ਤਹਿਤ ਪਟੀਸ਼ਨ ਦੇ ਜਵਾਬ ਵਿੱਚ, ਬੀਬੀਸੀ ਗੁਜਰਾਤੀ ਨੂੰ ਪਤਾ ਲੱਗਿਆ ਕਿ ਪੂਰੇ ਭਾਰਤ ਵਿੱਚ ਖੂਨਦਾਨ ਵਿੱਚ 21 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਸਿਮਰਨ ਵਰਗੇ ਲੋੜਵੰਦ ਬੱਚਿਆਂ ਨੂੰ ਸਮੇਂ ਸਿਰ ਖੂਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਸੰਸਥਾਵਾਂ ਦੇ ਪ੍ਰਬੰਧਕ ਮੰਨਦੇ ਹਨ ਕਿ ਕੋਵਿਡ -19 ਲਾਗ ਦਾ ਡਰ ਖੂਨਦਾਨ ਵਿੱਚ ਗਿਰਾਵਟ ਲਈ ਜ਼ਿੰਮੇਵਾਰ ਹੈ।

ਅਸੀਂ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੁਝ ਮਾਹਰਾਂ ਨਾਲ ਗੱਲਬਾਤ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਨੈਸ਼ਨਲ ਏਡਜ਼ ਕੰਟਰੋਲ ਸੰਗਠਨ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ 2020-21 ਦੌਰਾਨ ਭਾਰਤ ਭਰ ਵਿੱਚੋਂ ਖੂਨਦਾਨ ਕਰਨ ਵਾਲਿਆਂ ਦੀ ਗਿਣਤੀ ਵਿੱਚ 21 ਪ੍ਰਤੀਸ਼ਤ ਦੀ ਕਮੀ ਆਈ ਹੈ।

ਨੈਸ਼ਨਲ ਏਡਜ਼ ਕੰਟਰੋਲ ਸੰਗਠਨ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ, ਸਾਲ 2020-21 ਦੌਰਾਨ ਪੂਰੇ ਭਾਰਤ ਵਿੱਚੋਂ ਖੂਨਦਾਨ ਰਾਹੀਂ 1,01,24,565 ਯੂਨਿਟ ਖੂਨ ਪ੍ਰਾਪਤ ਹੋਇਆ ਸੀ।

ਹਾਲਾਂਕਿ, 2019-20 ਵਿੱਚ ਇਹ ਅੰਕੜਾ 1,27,27,288 ਯੂਨਿਟ ਸੀ।

ਇਸ ਦਾ ਮਤਲਬ ਹੈ ਕਿ 2020-21 ਦੌਰਾਨ ਭਾਰਤ ਵਿੱਚ ਖੂਨਦਾਨ ਕਰਨ ਦਾ ਅਨੁਪਾਤ ਤਕਰੀਬਨ 26 ਲੱਖ ਯੂਨਿਟ ਘਟਿਆ ਹੈ।

ਜ਼ਿਕਰਯੋਗ ਹੈ ਕਿ ਮਾਹਰਾਂ ਅਤੇ ਸਰਕਾਰੀ ਸੰਸਥਾਵਾਂ ਅਨੁਸਾਰ ਖੂਨਦਾਨ ਦੀ ਮਾਤਰਾ ਭਾਰਤ ਵਿੱਚ ਲੋੜੀਂਦੇ ਖੂਨ ਦੀ ਮਾਤਰਾ ਨਾਲੋਂ ਘੱਟ ਹੈ। ਕੋਵਿਡ -19 ਮਹਾਂਮਾਰੀ ਕਾਰਨ ਇਹ ਸਮੱਸਿਆ ਹੋਰ ਵੀ ਵਧ ਗਈ ਹੈ।

ਇਹ ਜਾਣਨਾ ਜ਼ਰੂਰੀ ਹੈ ਕਿ ਇੱਕ ਯੂਨਿਟ ਖੂਨ 350 ਮਿਲੀਲੀਟਰ ਦੇ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਪਿਛਲੇ ਸਾਲ ਭਾਰਤ ਵਿੱਚ ਅੰਦਾਜ਼ਨ 9,10,000 ਲਿਟਰ ਘੱਟ ਖੂਨਦਾਨ ਕੀਤਾ ਗਿਆ ਸੀ।

ਇਹ ਖੁਲਾਸਾ ਬੀਬੀਸੀ ਗੁਜਰਾਤੀ ਵੱਲੋਂ ਦਾਇਰ ਕੀਤੀ ਗਈ ਇੱਕ ਆਰਟੀਆਈ ਅਰਜ਼ੀ ਤੋਂ ਹੋਇਆ ਹੈ।

'ਕੋਰੋਨਾ ਦਾ ਗ੍ਰਹਿਣ'

ਵਡੋਦਰਾ ਦੀ ਬੌਂਡ ਥੈਲੇਸੀਮਿਕ ਫਾਊਂਡੇਸ਼ਨ ਦੇ ਅੰਸ਼ੁਲ ਗੋਇਲ ਥੈਲੇਸੀਮੀਆ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਮੇਂ ਸਿਰ ਖੂਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਮ ਕਰਦੇ ਹਨ।

ਉਹ ਕਹਿੰਦੇ ਹਨ, "ਅਸੀਂ ਦੇਖਿਆ ਹੈ ਕਿ ਕੋਵਿਡ-19 ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਵਡੋਦਰਾ ਵਿੱਚ ਹੀ ਲੋੜਵੰਦਾਂ ਲਈ ਖੂਨ ਪ੍ਰਾਪਤ ਕਰਨ ਲਈ ਬਹੁਤ ਸਾਰੇ ਯਤਨ ਕਰਨੇ ਪਏ। ਅਕਸਰ ਮਰੀਜ਼ ਨੂੰ ਖੂਨ ਦੀ ਸਪਲਾਈ ਉਦੋਂ ਮਿਲਦੀ ਹੈ ਜਦੋਂ ਉਹ ਮੌਤ ਦੇ ਨੇੜੇ ਹੁੰਦਾ ਹੈ। ਇਹ ਸਮੱਸਿਆ ਵਿਗੜਦੀ ਹੁੰਦੀ ਜਾ ਰਹੀ ਹੈ, ਖ਼ਾਸਕਰ ਕੋਵਿਡ -19 ਦੌਰਾਨ।"

ਉਨ੍ਹਾਂ ਕਿਹਾ ਕਿ ਥੈਲੇਸੀਮੀਆ ਦੇ ਮਰੀਜ਼ਾਂ, ਕੈਂਸਰ ਦੇ ਮਰੀਜ਼ਾਂ ਅਤੇ ਸਰਜਰੀ ਕਰਵਾਉਣ ਵਾਲਿਆਂ ਲਈ ਖ਼ੂਨ ਦੀ ਅਕਸਰ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਕੋਵਿਡ-19 ਦੌਰਾਨ ਮੁਸ਼ਕਲਾਂ ਆਈਆਂ ਸਨ। ਅਜਿਹੇ ਲੋਕਾਂ ਲਈ ਖੂਨ ਦੀ ਸਪਲਾਈ ਪ੍ਰਾਪਤ ਕਰਨਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸਮਾਂ ਲੈ ਰਿਹਾ ਹੈ। ਇਸ ਨੇ ਬਹੁਤ ਸਾਰੇ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਇਆ ਹੈ।

ਅੰਸ਼ੁਲ ਨੇ ਕਿਹਾ, "ਵੱਖ-ਵੱਖ ਚੈਰੀਟੇਬਲ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਬਹੁਤ ਸਾਰੇ ਪੇਂਡੂ ਖੇਤਰਾਂ ਵਿੱਚ ਖੂਨ ਦੀ ਸਪਲਾਈ ਵਿੱਚ ਦੇਰੀ ਕਾਰਨ ਕਈਆਂ ਵੱਲੋਂ ਆਪਣੀ ਜਾਨ ਗਵਾਉਣ ਦੇ ਕੁਝ ਮਾਮਲੇ ਸਾਹਮਣੇ ਆਏ ਹਨ।"

ਅੰਸ਼ੁਲ ਅਨੁਸਾਰ ਇਹ ਮੰਦਭਾਗਾ ਹੈ ਕਿਉਂਕਿ ਹਰ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ। ਇੰਨੀ ਵੱਡੀ ਆਬਾਦੀ ਵਾਲੇ ਦੇਸ਼ ਵਿੱਚ ਜੇ ਕੋਈ ਖੂਨ ਦੀ ਘਾਟ ਕਾਰਨ ਮਰ ਜਾਂਦਾ ਹੈ ਤਾਂ ਇਹ ਬਹੁਤ ਹੀ ਮੰਦਭਾਗਾ ਹੋਵੇਗਾ।

ਖੂਨਦਾਨ ਘਟਿਆ ਕਿਉਂ?

ਕੋਵਿਡ -19 ਦੌਰਾਨ ਖੂਨਦਾਨ ਵਿੱਚ ਗਿਰਾਵਟ ਦੇ ਕਾਰਨਾਂ ਬਾਰੇ ਗੱਲ ਕਰਦਿਆਂ ਅੰਸ਼ੁਲ ਨੇ ਕਿਹਾ, "ਸਭ ਤੋਂ ਵੱਡਾ ਕਾਰਨ ਕੋਵਿਡ-19 ਦੀ ਲਾਗ ਲੱਗਣ ਦਾ ਡਰ ਹੈ। ਅਸੀਂ ਪਿਛਲੇ ਡੇਢ ਸਾਲ ਤੋਂ ਕੋਰੋਨਾ ਯੁੱਗ ਵਿੱਚ ਰਹਿ ਰਹੇ ਹਾਂ।"

"ਇਸ ਸਮੇਂ ਦੌਰਾਨ, ਲੋਕ ਆਪਣੇ ਅਤੇ ਆਪਣੇ ਪਰਿਵਾਰ ਪ੍ਰਤੀ ਇੰਨੀ ਸਾਵਧਾਨੀ ਵਰਤ ਰਹੇ ਹਨ ਕਿ ਉਹ ਖੂਨਦਾਨ ਲਈ ਬਲੱਡ ਬੈਂਕ ਜਾਂ ਹਸਪਤਾਲ ਜਾਣ ਤੋਂ ਗੁਰੇਜ਼ ਕਰ ਰਹੇ ਹਨ, ਉਹ ਡਰਦੇ ਹਨ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)