ਅਯੁੱਧਿਆ: 'ਰਾਮ ਮੰਦਰ ਆਮ ਲੋਕਾਂ ਦੀ ਆਸਥਾ ਦਾ ਪ੍ਰਤੀਕ, ਪਰ BJP ਤੇ RSS ਨੇ ਵਪਾਰ ਦਾ ਜ਼ਰੀਆ ਬਣਾਇਆ' - ਕਾਂਗਰਸ

ਤਸਵੀਰ ਸਰੋਤ, Getty Images
- ਲੇਖਕ, ਸਮੀਰਾਤਮਜ ਮਿਸ਼ਰ
- ਰੋਲ, ਬੀਬੀਸੀ ਦੇ ਲਈ
ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਲਈ ਜ਼ਮੀਨ ਖ਼ਰੀਦ ਵਿੱਚ ਵੱਡੇ ਘੁਟਾਲੇ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਹਨ।
ਜ਼ਮੀਨ ਖ਼ਰੀਦ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਲੈ ਕੇ ਕਾਂਗਰਸ ਅਤੇ ਸੁਹੇਲਦੇਵ ਸਮਾਜ ਪਾਰਟੀ ਨੇ ਭਾਜਪਾ 'ਤੇ ਹਮਲਾ ਕੀਤਾ ਹੈ।
ਕਦੇ ਭਾਜਪਾ ਦੀ ਸਹਿਯੋਗੀ ਰਹੀ ਸੁਹੇਲਦੇਵ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਅਤੇ ਆਰਐਸਐਸ ਨੇ ਰਾਮ ਮੰਦਰ ਨੂੰ 'ਵਪਾਰ ਦਾ ਜ਼ਰੀਆ' ਬਣਾ ਲਿਆ ਹੈ। ਉਧਰ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਰਾਜਭਰ ਨੇ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਯਾਨਾਥ ਨੂੰ ਪੁੱਛਿਆ ਹੈ ਕਿ ਇਲਜ਼ਾਮਾਂ ਦੇ ਘੇਰੇ ਵਿੱਚ ਆਏ ਲੋਕਾਂ ਉੱਤੇ 'ਕਾਰਵਾਈ ਕਦੋਂ ਹੋਵੇਗੀ?'
ਉਨ੍ਹਾਂ ਨੇ ਕਿਹਾ, ''ਇਹ ਮੰਦਰ ਆਮ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੈ ਪਰ ਭਾਜਪਾ ਅਤੇ ਆਰਐਸਐਸ ਨੇ ਇਸ ਨੂੰ ਵਪਾਰ ਦਾ ਜ਼ਰੀਆ ਬਣਾ ਲਿਆ ਹੈ।''
ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਵਿਧਾਇਕ ਤੇਜਨਾਰਾਇਣ ਪਾਂਡੇ ਉਰਫ਼ ਪਵਨ ਪਾਂਡੇ ਨੇ ਇਲਜ਼ਾਮ ਲਗਾਇਆ ਹੈ ਕਿ 'ਦੋ ਕਰੋੜ ਰੁਪਏ ਵਿੱਚ ਖਰੀਦੀ ਗਈ ਜ਼ਮੀਨ ਸਿਰਫ਼ ਕੁਝ ਮਿੰਟਾਂ ਬਾਅਦ 18.5 ਕਰੋੜ ਰੁਪਏ ਵਿੱਚ ਖ਼ਰੀਦੀ ਗਈ।''
ਰਾਮ ਜਨਮ ਭੂਮੀ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।
ਇਹ ਵੀ ਪੜ੍ਹੋ:
ਇੱਕ ਬਿਆਨ ਜਾਰੀ ਕਰਦੇ ਹੋਏ ਚੰਪਤ ਰਾਏ ਨੇ ਕਿਹਾ ਹੈ ਕਿ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜਿੰਨੀ ਜ਼ਮੀਨ ਖ਼ਰੀਦੀ ਹੈ, ਉਹ ਖੁੱਲ੍ਹੇ ਬਾਜ਼ਾਰ ਦੀ ਕੀਮਤ ਤੋਂ ਬਹੁਤ ਘੱਟ ਕੀਮਤ 'ਤੇ ਖਰੀਦੀ ਹੈ।

ਤਸਵੀਰ ਸਰੋਤ, SHAMIM A AARZOO
ਐਤਵਾਰ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਪਵਨ ਪਾਂਡੇ ਨੇ ਅਯੁੱਧਿਆ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ ਲਗਾਇਆ ਕਿ ਜਿਸ ਦਿਨ ਜ਼ਮੀਨ ਦਾ ਬੈਨਾਮਾ ਦੋ ਕਰੋੜ ਰੁਪਏ ਵਿੱਚ ਹੋਇਆ, ਉਸੇ ਦਿਨ ਉਸ ਜ਼ਮੀਨ ਦਾ ਐਗਰੀਮੈਂਟ 18.5 ਕਰੋੜ ਰੁਪਏ ਵਿੱਚ ਹੋਇਆ।
ਸਪਾ ਨੇਤਾ ਦੇ ਇਲਜ਼ਾਮ
ਪਵਨ ਪਾਂਡੇ ਦਾ ਕਹਿਣਾ ਸੀ, ''18 ਮਾਰਚ 2021 ਨੂੰ ਲਗਭਗ 10 ਮਿੰਟ ਪਹਿਲਾਂ ਬੈਨਾਮਾ ਵੀ ਹੋਇਆ ਅਤੇ ਫਿਰ ਐਗਰੀਮੈਂਟ ਵੀ।
''ਜਿਸ ਜ਼ਮੀਨ ਨੂੰ ਦੋ ਕਰੋੜ ਰੁਪਏ ਵਿੱਚ ਖਰੀਦਿਆ ਗਿਆ ਉਸੇ ਜ਼ਮੀਨ ਦਾ 10 ਮਿੰਟ ਬਾਅਦ ਸਾਢੇ 18 ਕਰੋੜ ਰੁਪਏ ਵਿੱਚ ਐਗਰੀਮੈਂਟ ਕਿਉਂ ਹੋਇਆ?''
''ਐਗਰੀਮੈਂਟ ਅਤੇ ਬੈਨਾਮਾ ਦੋਵਾਂ ਵਿੱਚ ਹੀ ਟਰੱਸਟੀ ਅਨਿਲ ਮਿਸ਼ਰ ਅਤੇ ਮੇਅਰ ਰਿਸ਼ੀਕੇਸ਼ ਉਪਾਧਿਆਏ ਗਵਾਹ ਹਨ।''

ਤਸਵੀਰ ਸਰੋਤ, SHAMIM A AARZOO
ਪਵਨ ਪਾਂਡੇ ਨੇ ਸਵਾਲ ਚੁੱਕੇ ਹਨ ਕਿ ਸਿਰਫ਼ ਕੁਝ ਮਿੰਟਾਂ ਵਿੱਚ ਹੀ 2 ਕਰੋੜ ਰੁਪਏ ਦੀ ਕੀਮਤ ਦੀ ਜ਼ਮੀਨ ਸਾਢੇ 18 ਕਰੋੜ ਰੁਪਏ ਦੀ ਕਿਵੇਂ ਹੋ ਗਈ?
ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਮ ਮੰਦਿਰ ਦੇ ਨਾਂ 'ਤੇ ਜ਼ਮੀਨ ਖ਼ਰੀਦਣ ਦੇ ਬਹਾਨੇ ਰਾਮ ਭਗਤਾਂ ਨੂੰ ਠੱਗਿਆ ਜਾ ਰਿਹਾ ਹੈ।
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜ਼ਮੀਨ ਖ਼ਰੀਦਣ ਦਾ ਸਾਰਾ ਖੇਡ ਮੇਅਰ ਅਤੇ ਟਰੱਸਟੀ ਨੂੰ ਪਤਾ ਸੀ।
ਪਵਨ ਪਾਂਡੇ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਪਵਨ ਪਾਂਡੇ ਨੇ ਅਯੁੱਧਿਆ ਵਿੱਚ ਮੀਡੀਆ ਦੇ ਸਾਹਮਣੇ ਰਜਿਸਟਰੀ ਦੇ ਦਸਤਾਵੇਜ਼ ਪੇਸ਼ ਕਰਦੇ ਹੋਏ ਕਿਹਾ, ''ਰਾਮ ਜਨਮਭੂਮੀ ਦੀ ਜ਼ਮੀਨ ਨਾਲ ਲੱਗੀ ਇੱਕ ਜ਼ਮੀਨ ਪੁਜਾਰੀ ਹਰੀਸ਼ ਪਾਠਕ ਅਤੇ ਉਨ੍ਹਾਂ ਦੀ ਪਤਨੀ ਨੇ 18 ਮਾਰਚ ਦੀ ਸ਼ਾਮ ਸੁਲਤਾਨ ਅੰਸਾਰੀ ਅਤੇ ਰਵੀ ਮੋਹਨ ਨੂੰ ਦੋ ਕਰੋੜ ਰੁਪਏ ਵਿੱਚ ਵੇਚੀ ਸੀ।''
''ਉਹੀ ਜ਼ਮੀਨ ਕੁਝ ਮਿੰਟ ਬਾਅਦ ਚੰਪਤ ਰਾਏ ਨੇ ਰਾਮ ਜਨਮ ਭੂਮੀ ਟਰੱਸਟ ਵੱਲੋਂ 18.5 ਕਰੋੜ ਰੁਪਏ ਵਿੱਚ ਖਰੀਦ ਲਈ। ਮੈਂ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾ ਰਿਹਾ ਹਾਂ। ਅਜਿਹੀ ਕਿਹੜੀ ਵਜ੍ਹਾ ਸੀ ਕਿ ਉਸ ਜ਼ਮੀਨ ਨੇ 10 ਮਿੰਟ ਦੇ ਅੰਦਰ ਸੋਨਾ ਉਗਲ ਦਿੱਤਾ।''
ਇਹ ਵੀ ਪੜ੍ਹੋ:
ਦੂਜੇ ਸਿਆਸੀ ਦਲ ਵੀ ਉਤਰੇ ਮੈਦਾਨ ਵਿੱਚ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਲਖਨਊ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਰਾਮ ਮੰਦਰ ਦੇ ਨਾਂ 'ਤੇ ਖਰੀਦੀ ਜਾ ਰਹੀ ਜ਼ਮੀਨ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ।

ਤਸਵੀਰ ਸਰੋਤ, HINDUSTAN TIMES
ਉਨ੍ਹਾਂ ਦਾ ਕਹਿਣਾ ਸੀ, ''ਲਗਭਗ 5.5 ਲੱਖ ਰੁਪਏ ਪ੍ਰਤੀ ਸੈਕਿੰਡ ਜ਼ਮੀਨ ਦੀ ਕੀਮਤ ਵਧ ਗਈ। ਹਿੰਦੋਸਤਾਨ ਵਿੱਚ ਕਿਧਰੇ ਵੀ ਕੋਈ ਜ਼ਮੀਨ ਇੱਕ ਸੈਕਿੰਡ ਵਿੱਚ ਇੰਨੀ ਮਹਿੰਗੀ ਨਹੀਂ ਹੋਈ ਹੋਵੇਗੀ।''
''ਮੈਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਤੁਰੰਤ ਈਡੀ ਅਤੇ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਅਤੇ ਜੋ ਵੀ ਭ੍ਰਿਸ਼ਟਾਚਾਰੀ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ।''
ਕਾਂਗਰਸ ਪਾਰਟੀ ਦੇ ਵਿਧਾਇਕ ਦੀਪਕ ਸਿੰਘ ਨੇ ਵੀ ਰਾਮ ਮੰਦਿਰ ਲਈ ਖ਼ਰੀਦੀ ਗਈ ਜ਼ਮੀਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਰਾਮ ਜਨਮਭੂਮੀ ਟਰੱਸਟ ਨੇ ਜਾਰੀ ਕੀਤਾ ਬਿਆਨ
ਦੂਜੇ ਪਾਸੇ ਰਾਮ ਜਨਮਭੂਮੀ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।
ਐਤਵਾਰ ਦੇਰ ਸ਼ਾਮ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਚੰਪਤ ਰਾਏ ਨੇ ਕਿਹਾ, ''ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜਿੰਨੀ ਜ਼ਮੀਨ ਖ਼ਰੀਦੀ ਹੈ, ਉਹ ਖੁੱਲ੍ਹੇ ਬਾਜ਼ਾਰ ਦੀ ਕੀਮਤ ਤੋਂ ਬਹੁਤ ਘੱਟ ਕੀਮਤ 'ਤੇ ਖ਼ਰੀਦੀ ਹੈ।''
''ਜ਼ਮੀਨ ਨੂੰ ਖ਼ਰੀਦਣ ਲਈ ਮੌਜੂਦਾ ਵਿਕਰੇਤਾਵਾਂ ਨੇ ਸਾਲਾਂ ਪਹਿਲਾਂ ਜਿਸ ਕੀਮਤ 'ਤੇ ਇਕਰਾਰ ਕੀਤਾ ਸੀ, ਉਸ ਜ਼ਮੀਨ ਦਾ ਉਨ੍ਹਾਂ ਨੇ 18 ਮਾਰਚ 2021 ਨੂੰ ਬੈਨਾਮਾ ਕਰਾਇਆ, ਉਸ ਤੋਂ ਬਾਅਦ ਟਰੱਸਟ ਨਾਲ ਇਕਰਾਰਨਾਮਾ ਕੀਤਾ।''

ਦੂਜੇ ਪਾਸੇ ਵਿਸ਼ਵ ਹਿੰਦੂ ਪਰੀਸ਼ਦ ਨੇ ਇਸ ਮਾਮਲੇ ਵਿੱਚ ਕੋਈ ਵੀ ਟਿੱਪਣੀ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ।
ਵਿਸ਼ਵ ਹਿੰਦੂ ਸੰਗਠਨ ਨਾਲ ਜੁੜੇ ਨੁਮਾਇੰਦਿਆਂ ਦਾ ਅਜੇ ਇਹੀ ਜਵਾਬ ਹੈ ਕਿ ਉਹ ਇਲਜ਼ਾਮ ਦੇ ਸਾਰੇ ਦਸਤਾਵੇਜ਼ਾਂ ਨੂੰ ਦੇਖ ਕੇ ਉਸ ਦੀ ਸੱਚਾਈ ਦਾ ਪਤਾ ਲਗਾਉਣਗੇ।
ਵੀਐੱਚਪੀ ਦੇ ਵੱਡੇ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਸੰਗਠਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜੇਕਰ ਇਲਜ਼ਾਮ ਸਹੀ ਪਾਏ ਗਏ ਤਾਂ ਇਸ ਖਿਲਾਫ਼ ਅੰਦੋਲਨ ਕੀਤਾ ਜਾਵੇਗਾ।
ਅਯੁੱਧਿਆ ਵਿੱਚ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਦੇਖ-ਰੇਖ ਵਿੱਚ ਰਾਮ ਮੰਦਿਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਨਿਰਮਾਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਐਤਵਾਰ ਨੂੰ ਹੀ ਅਯੁੱਧਿਆ ਵਿੱਚ ਟਰੱਸਟ ਦੀ ਵੀ ਮੀਟਿੰਗ ਸੀ।
ਟਰੱਸਟ 'ਤੇ ਜ਼ਮੀਨ ਘੁਟਾਲੇ ਦੇ ਇਲਜ਼ਾਮਾਂ 'ਤੇ ਪਹਿਲਾਂ ਤਾਂ ਚੰਪਤ ਰਾਏ ਨੇ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰ ਐਤਵਾਰ ਦੇਰ ਸ਼ਾਮ ਉਨ੍ਹਾਂ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਸਫ਼ਾਈ ਦਿੱਤੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












