ਦਿਲੀਪ ਕੁਮਾਰ ਦਾ ਦੇਹਾਂਤ: ਜਦੋਂ ਦਿਲੀਪ ਕੁਮਾਰ ਨੇ ਨਵਾਜ਼ ਸ਼ਰੀਫ ਨੂੰ ਕਿਹਾ, 'ਤੁਹਾਡੇ ਤੋਂ ਇਹ ਉਮੀਦ ਨਹੀਂ ਸੀ'
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਫਿਲਮ ਜਗਤ ਦੇ ਜਾਣ-ਪਛਾਣੇ ਅਦਾਕਾਰ ਦਿਲੀਪ ਕੁਮਾਰ ਦੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਅੱਜ ਮੌਤ ਹੋ ਗਈ। ਉਹ 98 ਸਾਲਾਂ ਦੇ ਸਨ।
ਉਹ ਪਿਛਲੇ ਕਾਫ਼ੀ ਸਮੇਂ ਬਿਮਾਰ ਚਲੇ ਆ ਰਹੇ ਸਨ। ਇਸ ਮਹੀਨੇ ਇਹ ਦੂਜੀ ਵਾਰ ਸੀ, ਜਦੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ਤੋਂ ਸਵੇਰੇ ਇਹ ਟਵੀਟ ਕੀਤਾ ਗਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਦਿਲੀਪ ਕੁਮਾਰ ਦੀ ਸ਼ਖਸੀਅਤ ਦੇ ਕੁਝ ਪਹਿਲੂ
ਇਹ ਗੱਲ 1999 ਦੀ ਹੈ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਏਡੀਸੀ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਫੋਨ ਹੈ। ਉਹ ਤੁਹਾਡੇ ਨਾਲ ਹੁਣੇ ਗੱਲ ਕਰਨਾ ਚਾਹੁੰਦੇ ਹਨ।
ਨਵਾਜ਼ ਸ਼ਰੀਫ ਤੁਰੰਤ ਫੋਨ 'ਤੇ ਆਏ ਤਾਂ ਵਾਜਪਾਈ ਨੇ ਉਨ੍ਹਾਂ ਨੂੰ ਕਿਹਾ, ''ਇੱਕ ਪਾਸੇ ਤੁਸੀਂ ਲਾਹੌਰ 'ਚ ਸਾਡਾ ਨਿੱਘਾ ਸਵਾਗਤ ਕਰ ਰਹੇ ਸੀ, ਪਰ ਦੂਜੇ ਪਾਸੇ ਤੁਹਾਡੀ ਫੌਜ ਕਾਰਗਿਲ 'ਚ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਰਹੀ ਸੀ।''
ਇਹ ਵੀ ਪੜ੍ਹੋ:
ਦਿਲੀਪ ਕੁਮਾਰ: ਪੇਸ਼ਾਵਰ ਦੇ ਇਸ ਮੁੰਡੇ ਦਾ ਨਾਂ ਯੂਸੁਫ਼ ਖ਼ਾਨ ਤੋਂ ਦਿਲੀਪ ਕੁਮਾਰ ਕਿਵੇਂ ਪਿਆ, ਵੇਖੋ ਵੀਡੀਓ
ਨਵਾਜ਼ ਸ਼ਰੀਫ ਨੇ ਜਵਾਬ ਦਿੱਤਾ ਕਿ ਤੁਸੀਂ ਜੋ ਕੁਝ ਵੀ ਕਹਿ ਰਹੇ ਹੋ, ਉਸ ਬਾਰੇ ਮੈਨੂੰ ਕੋਈ ਇਲਮ ਨਹੀਂ ਹੈ। ਤੁਸੀਂ ਮੈਨੂੰ ਕੁਝ ਸਮਾਂ ਦਿਓ, ਮੈਂ ਆਪਣੇ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ਰੱਫ ਨਾਲ ਇਸ ਸਬੰਧੀ ਗੱਲ ਕਰਕੇ ਤੁਹਾਨੂੰ ਤੁਰੰਤ ਫੋਨ ਕਰਦਾ ਹਾਂ।
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਨੇ ਆਪਣੀ ਸਵੈ-ਜੀਵਨੀ 'ਨੀਦਰ ਏ ਹੋਕ ਨੋਰ ਏ ਡਵ' 'ਚ ਲਿਖਿਆ ਹੈ, "ਟੈਲੀਫੋਨ 'ਤੇ ਗੱਲਬਾਤ ਖ਼ਤਮ ਹੋਣ ਤੋਂ ਪਹਿਲਾਂ ਵਾਜਪਾਈ ਨੇ ਨਵਾਜ਼ ਸ਼ਰੀਫ ਨੂੰ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਾਗੇ ਬੈਠੇ ਇੱਕ ਵਿਅਕਤੀ ਨਾਲ ਗੱਲ ਕਰੋ ਜੋ ਕਿ ਸਾਡੀ ਪੂਰੀ ਗੱਲਬਾਤ ਸੁਣ ਰਿਹਾ ਹੈ।"
ਨਵਾਜ਼ ਸ਼ਰੀਫ ਨੇ ਉਸ ਸਮੇਂ ਫੋਨ 'ਤੇ ਜੋ ਆਵਾਜ਼ ਸੁਣੀ ਉਸ ਨੂੰ ਨਾ ਸਿਰਫ ਉਹ ਬਲਕਿ ਪੂਰਾ ਭਾਰਤੀ ਉਪ ਮਹਾਂਦੀਪ ਪਛਾਣਦਾ ਹੈ।
ਇਹ ਆਵਾਜ਼ ਸੀ ਪੀੜ੍ਹੀਆਂ ਤੋਂ ਭਾਰਤੀ ਅਤੇ ਪਾਕਿਸਤਾਨੀ ਫ਼ਿਲਮ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਦਿਲੀਪ ਕੁਮਾਰ ਦੀ।

ਤਸਵੀਰ ਸਰੋਤ, Twitter@Thedilipkumar
ਦਿਲੀਪ ਕੁਮਾਰ ਨੇ ਕਿਹਾ, "ਮਿਆਂ ਸਾਹਬ ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਤੁਸੀਂ ਸ਼ਾਇਦ ਇਸ ਗੱਲ ਤੋਂ ਵਾਕਫ਼ ਨਹੀਂ ਹੋ ਕੇ ਜਦੋਂ ਵੀ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਹੁੰਦਾ ਹੈ, ਭਾਰਤੀ ਮੁਸਲਮਾਨਾਂ ਦੀ ਸਥਿਤੀ ਬਹੁਤ ਖ਼ਰਾਬ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ 'ਚ ਵੀ ਮੁਸ਼ਕਲ ਹੋ ਜਾਂਦੀ ਹੈ। ਸਥਿਤੀ ਨੂੰ ਕਾਬੂ 'ਚ ਕਰਨ ਲਈ ਜਲਦੀ ਹੀ ਕੁਝ ਕਰੋ।"
ਚੁੱਪੀ ਦੀ ਭਾਸ਼ਾ
ਦਿਲੀਪ ਕੁਮਾਰ ਨੇ ਆਪਣੇ ਛੇ ਦਹਾਕਿਆਂ ਤੱਕ ਚੱਲੇ ਫ਼ਿਲਮੀ ਸਫ਼ਰ ਦੌਰਾਨ ਸਿਰਫ਼ 63 ਫ਼ਿਲਮਾਂ ਹੀ ਕੀਤੀਆਂ ਸਨ, ਪਰ ਉਨ੍ਹਾਂ ਨੇ ਹਿੰਦੀ ਸਿਨੇਮਾ 'ਚ ਅਦਾਕਾਰੀ ਦੀ ਕਲਾ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਸੀ।
ਖਾਲਸਾ ਕਾਲਜ 'ਚ ਉਨ੍ਹਾਂ ਦੇ ਸਹਿਪਾਠੀ ਰਾਜ ਕਪੂਰ ਜਦੋਂ ਪਾਰਸੀ ਕੁੜੀਆਂ ਨਾਲ ਫਲਰਟ ਕਰਦੇ ਸਨ, ਉਸ ਸਮੇਂ ਸ਼ਰਮੀਲੇ ਦਿਲੀਪ ਕੁਮਾਰ ਟਾਂਗੇ ਦੇ ਇਕ ਕੋਨੇ 'ਚ ਬੈਠੇ, ਬੱਸ ਉਨ੍ਹਾਂ ਨੂੰ ਦੇਖਦੇ ਰਹਿੰਦੇ ਸਨ।
ਕੌਣ ਜਾਣਦਾ ਸੀ ਕਿ ਇਕ ਦਿਨ ਇਹ ਸਖ਼ਸ਼ ਭਾਰਤ ਦੇ ਫ਼ਿਲਮ ਪ੍ਰੇਮੀਆਂ ਨੂੰ ਚੁੱਪੀ ਦੀ ਭਾਸ਼ਾ ਸਿਖਾਏਗਾ ਅਤੇ ਉਨ੍ਹਾਂ ਦੀ ਇਕ ਹੀ ਨਜ਼ਰ ਉਹ ਸਭ ਕੁਝ ਕਹਿ ਦੇਵੇਗੀ, ਜਿਸ ਨੂੰ ਕਿ ਕਈ ਪੰਨ੍ਹਿਆਂ 'ਤੇ ਲਿਖੇ ਡਾਇਲਾਗ ਵੀ ਕਹਿਣ 'ਚ ਅਸਮਰੱਥ ਹੋਣਗੇ।
ਦਿਲੀਪ ਕੁਮਾਰ : ਯੋਗਰਾਜ ਸਿੰਘ ਤੋਂ ਧਰਮਿੰਦਰ ਤੱਕ ਸਣੇ ਸਿਤਾਰਿਆਂ ਨੇ ਕੀਤਾ ਯਾਦ - ਵੀਡੀਓ
ਦਿਲੀਪ ਕੁਮਾਰ ਨੂੰ ਪਤਾ ਸੀ ਪੋਜ਼ ਦੀ ਮਹੱਤਤਾ
ਜਦੋਂ ਦਿਲੀਪ ਕੁਮਾਰ ਨੇ 1944 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਪਾਰਸੀ ਥਿਏਟਰ ਦੇ ਅਸਰ ਕਾਰਨ ਫ਼ਿਲਮਾਂ ਦੇ ਅਦਾਕਾਰ ਲਾਊਡ ਐਕਟਿੰਗ ਕਰਦੇ ਸਨ।
ਕਹਾਣੀਕਾਰ ਸਲੀਮ ਕਹਿੰਦੇ ਹਨ, "ਦਿਲੀਪ ਕੁਮਾਰ ਨੇ ਸਭ ਤੋਂ ਪਹਿਲਾ ਭੂਮਿਕਾ ਨੂੰ ਅੰਡਰਪਲੇਅ ਕਰਨਾ ਸ਼ੁਰੂ ਕੀਤਾ ਅਤੇ ਸੂਖ਼ਮ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਪਰਦੇ 'ਤੇ ਉਤਾਰਿਆ।"
ਉਦਾਹਰਣ ਲਈ ਉਨ੍ਹਾਂ ਦੇ ਪੋਜ਼ ਅਤੇ ਜਾਣਬੁੱਝ ਕੇ ਚੁੱਪ ਰਹਿਣ ਦੀ ਅਦਾ ਨੇ ਦਰਸ਼ਕਾਂ 'ਤੇ ਜ਼ਬਰਦਸਤ ਅਸਰ ਛੱਡਿਆ।"
ਮੁਗ਼ਲ-ਏ-ਆਜ਼ਮ ਫ਼ਿਲਮ ਵਿੱਚ ਪ੍ਰਿਥਵੀਰਾਜ ਕਪੂਰ ਦਾ ਚਰਿੱਤਰ ਖ਼ਾਸਾ ਅਸਰਦਾਰ ਅਤੇ ਲਾਊਡ ਸੀ।
ਦਿਲੀਪ ਕੁਮਾਰ: ਪੇਸ਼ਾਵਰ ਰਹਿੰਦੇ ਦਿਲੀਪ ਕੁਮਾਰ ਦੇ ਫੈਨ ਤੇ ਗੁਆਂਢੀ ਉਨ੍ਹਾਂ ਦੇ ਕਿੰਨੇ ਦੀਵਾਨੇ, ਵੇਖੋ ਵੀਡੀਓ
ਸ਼ਹਿਜ਼ਾਦਾ ਸਲੀਮ ਦੀ ਭੂਮਿਕਾ ਵਿੱਚ ਕੋਈ ਹੋਰ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਸਾਹਮਣੇ ਓਨਾਂ ਹੀ ਲਾਊਡ ਨਹੀਂ ਹੋ ਪਾ ਰਿਹਾ ਸੀ ਪਰ ਦਿਲੀਪ ਕੁਮਾਰ ਨੇ ਜਾਣਬੁੱਝ ਕੇ ਬਿਨਾਂ ਆਪਣੀ ਆਵਾਜ਼ ਉੱਚੀ ਕੀਤਿਆਂ ਆਪਣੀ ਮੁਲਾਇਮ, ਸੱਭਿਆਚਾਰਕ ਪਰ ਦ੍ਰਿੜ ਆਵਾਜ਼ ਵਿੱਚ ਆਪਣੇ ਡਾਇਲਾਗ ਬੋਲੇ ਅਤੇ ਦਰਸ਼ਕਾਂ ਦੀ ਵਾਹਵਾਹੀ ਖੱਟੀ।
ਦਿਲੀਪ ਕੁਮਾਰ, ਰਾਜ ਕਪੂਰ ਅਤੇ ਦੇਵਾਨੰਦ ਨੂੰ ਭਾਰਤੀ ਫ਼ਿਲਮ ਜਗਤ ਦੀ ਤ੍ਰਿਮੂਰਤੀ ਕਿਹਾ ਜਾਂਦਾ ਹੈ, ਪਰ ਜਿੰਨੇ ਬਹੁਪੱਖੀ ਪਹਿਲੂ ਦਿਲੀਪ ਕੁਮਾਰ ਦੀ ਅਦਾਕਾਰੀ 'ਚ ਸਨ, ਉਨ੍ਹੇ ਸ਼ਾਇਦ ਹੀ ਇੰਨ੍ਹਾਂ ਦੋਵਾਂ ਦੀ ਅਦਾਕਾਰੀ 'ਚ ਮੌਜੂਦ ਨਹੀਂ ਸਨ।
ਰਾਜ ਕਪੂਰ ਨੇ ਚਾਰਲੀ ਚੈਪਲਿਨ ਨੂੰ ਆਪਣਾ ਆਦਰਸ਼ ਬਣਾਇਆ ਸੀ ਅਤੇ ਦੇਵਾਨੰਦ ਗ੍ਰੈਗਰੀ ਪੈਕ ਦੀ ਸ਼ੈਲੀ 'ਚ ਇੱਕ ਸਭਿਅਕ, ਸੁਚੱਜੇ ਅਤੇ ਅਦਾਵਾਂ ਵਾਲੇ ਵਿਅਕਤੀ ਦੀ ਤਸਵੀਰ ਤੋਂ ਹੀ ਬਾਹਰ ਨਾ ਆ ਸਕੇ ਸੀ।
ਦੇਵਿਕਾ ਰਾਣੀ ਲਿਆਈ ਸੀ ਦਿਲੀਪ ਕੁਮਾਰ ਨੂੰ ਫਿਲਮਾਂ 'ਚ
ਦਿਲੀਪ ਕੁਮਾਰ ਨੇ ਗੰਗਾ ਜਮਨਾ ਫ਼ਿਲਮ 'ਚ ਇੱਕ ਅਣਪੜ੍ਹ-ਗਵਾਰ ਕਿਰਦਾਰ ਦੀ ਭੂਮਿਕਾ ਜਿਸ ਸ਼ਾਨਦਾਰ ਢੰਗ ਨਾਲ ਨਿਭਾਈ ਸੀ, ਉਨ੍ਹਾਂ ਹੀ ਨਿਆਂ ਉਨ੍ਹਾਂ ਨੇ ਮੁਗ਼ਲ-ਏ-ਆਜ਼ਮ ਫ਼ਿਲਮ 'ਚ ਮੁਗ਼ਲ ਸ਼ਹਿਜ਼ਾਦੇ ਦੀ ਭੂਮਿਕਾ ਨਾਲ ਕੀਤਾ ਸੀ।
ਦੇਵਿਕਾ ਰਾਣੀ ਨਾਲ ਅਚਾਨਕ ਹੋਈ ਇੱਕ ਮੁਲਾਕਾਤ ਨੇ ਦਿਲੀਪ ਕੁਮਾਰ ਦੀ ਜ਼ਿੰਦਗੀ ਬਦਲ ਕੇ ਹੀ ਰੱਖ ਦਿੱਤੀ ਸੀ।
ਭਾਵੇਂ ਕਿ ਦੇਵਿਕਾ ਰਾਣੀ ਚਾਲ੍ਹੀ ਦੇ ਦਹਾਕੇ 'ਚ ਭਾਰਤੀ ਫ਼ਿਲਮ ਜਗਤ ਦਾ ਬਹੁਤ ਵੱਡਾ ਨਾਮ ਸੀ, ਪਰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਪੇਸ਼ਾਵਰ ਦੇ ਫ਼ਲ ਵਪਾਰੀ ਦੇ ਪੁੱਤਰ ਯੁਸੂਫ਼ ਖਾਨ ਨੂੰ 'ਦਿਲੀਪ ਕੁਮਾਰ' ਬਣਾਉਣ 'ਚ ਸੀ।

ਤਸਵੀਰ ਸਰੋਤ, Twitter@The Dilip Kumar
ਬੰਬੇ ਟਾਕੀਜ਼ ਵਿਖੇ ਇੱਕ ਫ਼ਿਲਮ ਦੀ ਸ਼ੂਟਿੰਗ ਵੇਖਣ ਗਏ ਯੁਸੂਫ਼ ਖਾਨ ਨੂੰ ਉਨ੍ਹਾਂ ਨੇ ਪੁੱਛਿਆ ਕਿ ਕੀ ਤੁਸੀਂ ਉਰਦੂ ਜਾਣਦੇ ਹੋ?
ਯੁਸੂਫ਼ ਦੇ ਹਾਂ ਕਹਿੰਦਿਆਂ ਹੀ ਉਨ੍ਹਾਂ ਨੇ ਦੂਜਾ ਸਵਾਲ ਕੀਤਾ ਕੀ ਤੁਸੀਂ ਅਦਾਕਾਰ ਬਣਨਾ ਚਾਹੁੰਦੇ ਹੋ? ਅੱਗੇ ਦੀ ਕਹਾਣੀ ਇਤਿਹਾਸ ਹੈ।
ਦਿਲੀਪ ਕੁਮਾਰ ਬਣਨ ਦੀ ਕਹਾਣੀ
ਦੇਵਿਕਾ ਰਾਣੀ ਦਾ ਮੰਨਣਾ ਸੀ ਕਿ ਇੱਕ ਰੁਮਾਂਟਿਕ ਹੀਰੋ 'ਤੇ ਯੁਸੂਫ਼ ਖਾਨ ਦਾ ਨਾਂਅ ਵਧੀਆ ਨਹੀਂ ਲੱਗੇਗਾ।
ਉਸ ਸਮੇਂ ਬੰਬੇ ਟਾਕੀਜ਼ 'ਚ ਕੰਮ ਕਰਨ ਵਾਲੇ ਅਤੇ ਬਾਅਦ 'ਚ ਹਿੰਦੀ ਦੇ ਮਹਾਨ ਕਵੀ ਬਣੇ ਨਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਤਿੰਨ ਨਾਮ ਸੁਝਾਏ- ਜਹਾਂਗੀਰ, ਵਾਸੁਦੇਵ ਅਤੇ ਦਿਲੀਪ ਕੁਮਾਰ।
ਯੁਸੂਫ ਖਾਨ ਨੇ ਆਪਣਾ ਨਵਾਂ ਨਾਮ ਦਿਲੀਪ ਕੁਮਾਰ ਚੁਣਿਆ ਸੀ।
ਇਸ ਨਾਮ ਦੀ ਚੋਣ ਪਿੱਛੇ ਇੱਕ ਪ੍ਰਮੁੱਖ ਕਾਰਨ ਇਹ ਵੀ ਸੀ ਕਿ ਇਸ ਨਾਮ ਤੋਂ ਉਨ੍ਹਾਂ ਦੇ ਪੁਰਾਣੇ ਵਿਚਾਰਾਂ ਵਾਲੇ ਪਿਤਾ ਨੂੰ ਉਨ੍ਹਾਂ ਦੇ ਅਸਲੀ ਪੇਸ਼ੇ ਦਾ ਪਤਾ ਨਹੀਂ ਲੱਗੇਗਾ।
ਫ਼ਿਲਮਾਂ ਬਣਾਉਣ ਵਾਲਿਆਂ ਬਾਰੇ ਉਨ੍ਹਾਂ ਦੇ ਪਿਤਾ ਦੀ ਰਾਏ ਚੰਗੀ ਨਹੀਂ ਸੀ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਨੌਟੰਕੀ ਵਾਲਾ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ।
ਦਿਲਚਸਪ ਗੱਲ ਇਹ ਹੈ ਕਿ ਆਪਣੇ ਪੂਰੇ ਫ਼ਿਲਮੀ ਸਫ਼ਰ ਦੌਰਾਨ ਦਿਲੀਪ ਕੁਮਾਰ ਨੇ ਸਿਰਫ਼ ਇੱਕ ਵਾਰ ਹੀ ਮੁਸਲਮਾਨ ਕਿਰਦਾਰ ਨਿਭਾਇਆ ਸੀ ਅਤੇ ਉਹ ਫ਼ਿਲਮ ਸੀ ਆਸਿਫ਼ ਦੀ ਮੁਗ਼ਲ-ਏ-ਆਜ਼ਮ।
ਸਿਤਾਰ ਵਜਾਉਣ ਦੀ ਸਿਖਲਾਈ
ਛੇ ਦਹਾਕਿਆਂ ਤੱਕ ਚੱਲੇ ਆਪਣੇ ਫ਼ਿਲਮੀ ਸਫ਼ਰ 'ਚ ਦਿਲੀਪ ਕੁਮਾਰ ਨੇ ਕੁੱਲ 63 ਫ਼ਿਲਮਾਂ 'ਚ ਕੰਮ ਕੀਤਾ ਅਤੇ ਹਰ ਕਿਰਦਾਰ 'ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲਿਆ ਵੀ।
ਫ਼ਿਲਮ ਕੋਹੇਨੂਰ 'ਚ ਇੱਕ ਗਾਣੇ 'ਚ ਸਿਤਾਰ ਵਜਾਉਣ ਦੇ ਰੋਲ ਲਈ ਉਨ੍ਹਾਂ ਨੇ ਕਈ ਸਾਲ ਉਸਤਾਦ ਅਬਦੁੱਲ ਹਲੀਮ ਜਾਫ਼ਰ ਖਾਨ ਤੋਂ ਸਿਤਾਰ ਵਜਾਉਣ ਦੀ ਸਿਖਲਾਈ ਲਈ ਸੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਦਿਲੀਪ ਕੁਮਾਰ ਨੇ ਕਿਹਾ ਸੀ, "ਸਿਰਫ ਇਹ ਸਿੱਖਣ ਲਈ ਕਿ ਸਿਤਾਰ ਫੜ੍ਹਿਆ ਕਿਵੇਂ ਜਾਂਦਾ ਹੈ, ਮੈਂ ਕਈ ਸਾਲਾਂ ਤੱਕ ਸਿਤਾਰ ਵਜਾਉਣ ਦੀ ਸਿਖਲਾਈ ਲਈ ਸੀ....ਇੱਥੋਂ ਤੱਕ ਕਿ ਸਿਤਾਰ ਦੀਆਂ ਤਾਰਾਂ ਦੇ ਨਾਲ ਮੇਰੀਆਂ ਉਂਗਲੀਆਂ ਤੱਕ ਕੱਟ ਗਈਆਂ ਸਨ।"

ਤਸਵੀਰ ਸਰੋਤ, twitter@nfaiofficial
ਇਸੇ ਤਰ੍ਹਾਂ 'ਨਇਆ ਦੌਰ' ਫ਼ਿਲਮ ਦੇ ਨਿਰਮਾਣ ਦੌਰਾਨ ਦਿਲੀਪ ਕੁਮਾਰ ਨੇ ਟਾਂਗਾ ਚਲਾਉਣ ਵਾਲਿਆਂ ਕੋਲੋਂ ਟਾਂਗਾ ਚਲਾਉਣ ਦੀ ਸਿਖਲਾਈ ਲਈ ਸੀ।
ਇਹੀ ਕਾਰਨ ਸੀ ਕਿ ਮਸ਼ਹੂਰ ਫ਼ਿਲਮ ਨਿਰਦੇਸ਼ਕ ਸੱਤਿਆਜੀਤ ਰੇਅ ਨੇ ਉਨ੍ਹਾਂ ਨੂੰ 'ਮੈਥਡ ਅਭਿਨੇਤਾ' ਦਾ ਖ਼ਿਤਾਬ ਦਿੱਤਾ ਸੀ।
ਟ੍ਰੈਜੇਡੀ ਕਿੰਗ ਦਿਲੀਪ ਕੁਮਾਰ
ਦਿਲੀਪ ਕੁਮਾਰ ਨੇ ਕਈ ਅਭਿਨੇਤਰੀਆਂ ਨਾਲ ਰੁਮਾਂਟਿਕ ਜੋੜੀਆਂ ਬਣਾਈਆਂ। ਕਈਆਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਵੀ ਰਹੇ ਪਰ ਉਹ ਉਨ੍ਹਾਂ ਸਬੰਧਾਂ ਨੂੰ ਵਿਆਹ ਦੇ ਮੁਕਾਮ ਤੱਕ ਨਾ ਪਹੁੰਚਾ ਸਕੇ।
ਸ਼ਾਇਦ ਦਿਲ ਟੁੱਟਣ ਕਾਰਨ ਉਨ੍ਹਾਂ ਅਜਿਹੀ ਅਦਾਕਾਰੀ ਕਰਨ ਲਈ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੂੰ ਟ੍ਰੈਜੇਡੀ ਕਿੰਗ ਦਾ ਖ਼ਿਤਾਬ ਮਿਲਿਆ।
ਉਨ੍ਹਾਂ ਨੇ ਕਈ ਫਿਲਮਾਂ ਵਿੱਚ ਮਰਨ ਦੀ ਅਦਾਕਾਰੀ ਕੀਤੀ। ਇੱਕ ਵੇਲਾ ਅਜਿਹਾ ਸੀ ਕਿ ਉਨ੍ਹਾਂ ਦੀ ਹਰ ਦੂਜੀ ਫਿਲਮ ਵਿੱਚ ਉਨ੍ਹਾਂ ਦੀ ਮੌਤ ਹੋ ਜਾਂਦੀ ਸੀ ਅਤੇ ਉਹ ਮੌਤ ਦੇ ਉਸ ਚਰਿੱਤਰ ਨੂੰ ਅਸਲ ਦਿਖਾਉਣ ਲਈ ਆਪਣੀ ਪੂਰੀ ਜੀਅ-ਜਾਨ ਲਗਾ ਦਿੰਦੇ ਸਨ।
ਦਿਲੀਪ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਸੀ, "ਇੱਕ ਵੇਲਾ ਅਜਿਹਾ ਵੀ ਆਇਆ ਕਿ ਮੌਤ ਵਾਲੇ ਸੀਨ ਕਰਦਿਆਂ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਇਸ ਨੂੰ ਦੂਰ ਕਰਨ ਲਈ ਡਾਕਟਰਾਂ ਤੋਂ ਮੈਨੂੰ ਇਲਾਜ ਕਰਵਾਉਣਾ ਪਿਆ।"

ਤਸਵੀਰ ਸਰੋਤ, twitter@aapkadharam
"ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਟ੍ਰੈਜਿਕ ਫਿਲਮਾਂ ਛੱਡ ਕੇ ਕਾਮੇਡੀ ਵਿੱਚ ਆਪਣਾ ਹੱਥ ਅਜ਼ਮਾਵਾਂ। ਲੰਡਨ ਵਿੱਚ ਇਲਾਜ ਕਰਵਾ ਕੇ ਵਾਪਸ ਆਉਣ ਤੋਂ ਬਾਅਦ ਮੈਂ ਕੋਹੇਨੂਰ, ਆਜ਼ਾਦ ਅਤੇ ਰਾਮ ਅਤੇ ਸ਼ਿਆਮ ਵਰਗੀਆਂ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਕਾਮੇਡੀ ਜ਼ਿਆਦਾ ਸੀ।"
ਮਧੂਬਾਲਾ ਨਾਲ ਮਤਭੇਦ
ਦਿਲੀਪ ਕੁਮਾਰ ਨੇ ਸਭ ਤੋਂ ਵੱਧ 7 ਫਿਲਮਾਂ ਨਰਗਿਸ ਨਾਲ ਕੀਤੀਆ ਪਰ ਉਨ੍ਹਾਂ ਦੀ ਖੁਬਸੂਰਤ ਜੋੜੀ ਮਧੂਬਾਲਾ ਨਾਲ ਬਣੀ ਸੀ ਅਤੇ ਜਿਸ ਨਾਲ ਉਨ੍ਹਾਂ ਨੂੰ ਪਿਆਰ ਹੋ ਗਿਆ ਸੀ।
ਦਿਲੀਪ ਕੁਮਾਰ ਆਪਣੀ ਸਵੈ-ਜੀਵਨੀ 'ਦਿ ਸਬਸਟੈਂਸ ਐਂਡ ਦਿ ਸ਼ੈਡੋਅ' ਵਿੱਚ ਮੰਨਦੇ ਹਨ ਕਿ ਉਹ ਇੱਕ ਕਲਾਕਾਰ ਅਤੇ ਇੱਕ ਔਰਤ ਦੇ ਰੂਪ 'ਚ ਮਧੂਬਾਲਾ ਵੱਲ ਆਕਰਸ਼ਤ ਸਨ।
ਉਹ ਕਹਿੰਦੇ ਹਨ ਕਿ ਮਧੂਬਾਲਾ ਬਹੁਤ ਹੀ ਖੁਸ਼ ਮਿਜਾਜ਼, ਫੁਰਤੀਲੀ ਔਰਤ ਸੀ।
''ਮਧੂਬਾਲਾ ਨੂੰ ਮੇਰੇ ਵਰਗੇ ਸ਼ਰਮੀਲੇ ਅਤੇ ਘੱਟ ਬੋਲਣ ਵਾਲੇ ਵਿਅਕਤੀ ਨਾਲ ਵੀ ਗੱਲਬਾਤ ਕਰਨ 'ਚ ਕੋਈ ਮੁਸ਼ਕਲ ਨਹੀਂ ਹੁੰਦੀ ਸੀ।''
ਪਰ ਮਧੂਬਾਲਾ ਦੇ ਪਿਤਾ ਕਰਕੇ ਇਹ ਪ੍ਰੇਮ ਕਹਾਣੀ ਜ਼ਿਆਦਾ ਦੇਰ ਤੱਕ ਚੱਲ ਨਹੀਂ ਪਾਈ ਸੀ।
ਮਧੂਬਾਲਾ ਦੀ ਛੋਟੀ ਭੈਣ ਮਧੁਰ ਭੂਸ਼ਣ ਯਾਦ ਕਰਦਿਆਂ ਕਹਿੰਦੀ ਹੈ, "ਅੱਬਾ ਨੂੰ ਲੱਗਦਾ ਸੀ ਕਿ ਦਿਲੀਪ ਉਮਰ 'ਚ ਮਧੂਬਾਲਾ ਨਾਲੋਂ ਵੱਡੇ ਹਨ। ਹਾਲਾਂਕਿ ਉਹ ਦੋਵੇਂ 'ਮੇਡ ਫਾਰ ਈਚ ਅਦਰ' ਸਨ। ਉਹ ਬਹੁਤ ਹੀ ਖੂਬਸੂਰਤ ਜੋੜੀ ਸੀ। ਪਰ ਅੱਬਾ ਕਹਿੰਦੇ ਸਨ ਕਿ ਇਸ ਨੂੰ ਰਹਿਣ ਦਿਓ। ਇਹ ਸਹੀ ਰਸਤਾ ਨਹੀਂ ਹੈ।"
ਪਰ ਉਹ ਉਨ੍ਹਾਂ ਦੀ ਬਿਲਕੁੱਲ ਨਹੀਂ ਸੁਣਦੀ ਸੀ ਅਤੇ ਕਿਹਾ ਕਰਦੀ ਸੀ ਕਿ ਉਹ ਦਿਲੀਪ ਨੂੰ ਪਿਆਰ ਕਰਦੀ ਹੈ।
ਪਰ ਜਦੋਂ ਨਇਆ ਦੌਰ ਫ਼ਿਲਮ ਨੂੰ ਲੈ ਕੇ ਬੀ ਆਰ ਚੋਪੜਾ ਨਾਲ ਕੋਰਟ ਕੇਸ ਹੋਇਆ ਤਾਂ ਮੇਰੇ ਵਾਲਿਦ ਅਤੇ ਦਿਲੀਪ ਸਾਹਿਬ ਵਿਚਾਲੇ ਵੀ ਮਤਭੇਦ ਹੋ ਗਏ ਸਨ। ਭਾਵੇਂ ਕਿ ਬਾਅਦ 'ਚ ਅਦਾਲਤ 'ਚ ਉਨ੍ਹਾਂ ਦਰਮਿਆਨ ਸਮਝੌਤਾ ਵੀ ਹੋ ਗਿਆ ਸੀ।
ਦਿਲੀਪ ਕੁਮਾਰ ਨੇ ਕਿਹਾ ਕਿ ਚਲੋ ਅਸੀਂ ਵਿਆਹ ਕਰ ਲੈਂਦੇ ਹਾਂ, ਪਰ ਮਧੂਬਾਲਾ ਨੇ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਵਾਲਿਦ ਤੋਂ ਮੁਆਫ਼ੀ ਮੰਗੋ, ਫਿਰ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ। ਪਰ ਦਿਲੀਪ ਕੁਮਾਰ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਉਸ ਨੇ ਇੱਥੋਂ ਤੱਕ ਕਿਹਾ ਕਿ ਘਰ ਦੇ ਅੰਦਰ ਹੀ ਉਨ੍ਹਾਂ ਦੇ ਗਲੇ ਲੱਗ ਜਾਓ, ਪਰ ਦਿਲੀਪ ਕੁਮਾਰ ਨੇ ਇਹ ਗੱਲ ਵੀ ਨਾ ਮੰਨੀ।

ਤਸਵੀਰ ਸਰੋਤ, Kabir m ali
ਮੁਗ਼ਲ-ਏ-ਆਜ਼ਮ ਦੇ ਨਿਰਮਾਣ ਮੌਕੇ ਤਾਂ ਹਾਲਤ ਇਹ ਬਣ ਗਈ ਸੀ ਕਿ ਦੋਵੇਂ ਹੀ ਇੱਕ ਦੂਜੇ ਨਾਲ ਗੱਲਬਾਤ ਵੀ ਨਹੀਂ ਕਰਦੇ ਸਨ।
ਇਸ ਫ਼ਿਲਮ ਦੇ ਕਲਾਸਿਕ ਪਰਾਂ ਵਾਲੇ ਰੁਮਾਂਟਿਕ ਸੀਨ ਦੀ ਸ਼ੂਟਿੰਗ ਉਸ ਸਮੇਂ ਕੀਤੀ ਗਈ ਸੀ, ਜਦੋਂ ਮਧੂਬਾਲਾ ਅਤੇ ਦਿਲੀਪ ਕੁਮਾਰ ਨੇ ਜਨਤਕ ਤੌਰ 'ਤੇ ਇਕ ਦੂਜੇ ਨੂੰ ਪਛਾਣਨਾ ਵੀ ਬੰਦ ਕਰ ਦਿੱਤਾ ਸੀ।
ਸਾਇਰਾ ਬਾਨੋ ਨਾਲ ਵਿਆਹ ਤੋਂ ਬਾਅਦ ਜਦੋਂ ਮਧੂਬਾਲਾ ਬਹੁਤ ਬਿਮਾਰ ਹੋ ਗਈ ਸੀ ਤਾਂ ਉਨ੍ਹਾਂ ਨੇ ਦਿਲੀਪ ਕੁਮਾਰ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ।
ਜਦੋਂ ਦਿਲੀਪ ਕੁਮਾਰ ਉਸ ਨੂੰ ਮਿਲਣ ਗਏ ਤਾਂ ਉਸ ਸਮੇਂ ਤੱਕ ਉਹ ਬਹੁਤ ਹੀ ਕਮਜ਼ੋਰ ਹੋ ਚੁੱਕੀ ਸੀ। ਦਿਲੀਪ ਕੁਮਾਰ ਮਧੂਬਾਲਾ ਦੀ ਇਹ ਸਥਿਤੀ ਵੇਖ ਕੇ ਬਹੁਤ ਉਦਾਸ ਹੋਏ। ਹਮੇਸ਼ਾ ਹੱਸਣ ਵਾਲੀ ਮਧੂਬਾਲਾ ਦੇ ਬੁੱਲਾਂ 'ਤੇ ਉਸ ਦਿਨ ਸਿਰਫ਼ ਇੱਕ ਛੋਟੀ ਜਿਹੀ ਮੁਸਕਾਨ ਹੀ ਸੀ।
ਮਧੂਬਾਲਾ ਨੇ ਉਨ੍ਹਾਂ ਦੀਆਂ ਅੱਖਾਂ 'ਚ ਵੇਖਦਿਆਂ ਕਿਹਾ, "ਸਾਡੇ ਸ਼ਹਿਜ਼ਾਦੇ ਨੂੰ ਉਸ ਦੀ ਰਾਜਕੁਮਾਰੀ ਮਿਲ ਹੀ ਗਈ। ਮੈਂ ਬਹੁਤ ਖੁਸ਼ ਹਾਂ।"
23 ਫਰਵਰੀ, 1969 ਨੂੰ ਸਿਰਫ 35 ਸਾਲ ਦੀ ਉਮਰ 'ਚ ਹੀ ਮਧੂਬਾਲਾ ਦਾ ਦੇਹਾਂਤ ਹੋ ਗਿਆ ਸੀ।
ਸਟਾਈਲ ਆਈਕੌਨ ਦਿਲੀਪ ਕੁਮਾਰ
ਦਿਲੀਪ ਕੁਮਾਰ ਦੇ ਮੱਥੇ 'ਤੇ ਵਾਲ ਨੈਸ਼ਨਲ ਕ੍ਰੇਜ਼ ਬਣ ਗਏ। ਦਿਲੀਪ ਕੁਮਾਰ ਦੀ ਜੀਵਨੀ ਲਿਖਣ ਵਾਲੇ ਮੇਘਨਾਥ ਦੇਸਾਈ ਲਿਖਦੇ ਹਨ, 'ਅਸੀਂ ਲੋਕ ਉਨ੍ਹਾਂ ਦੇ ਵਾਲਾਂ, ਕੱਪੜਿਆਂ, ਡਾਇਲੌਗ ਅਤੇ ਮੈਨੇਰਿਜ਼ਮ ਦੀ ਨਕਲ ਕਰਦੇ ਸੀ ਅਤੇ ਉਨ੍ਹਾਂ ਦੇ ਚਰਿੱਤਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਪਰਦੇ 'ਤੇ ਬਿਠਾਇਆ।"
"ਚਿੱਟੇ ਰੰਗ ਨਾਲ ਉਨ੍ਹਾਂ ਨੂੰ ਬੇਹੱਦ ਪਿਆਰ ਸੀ। ਅਕਸਰ ਉਹ ਚਿੱਟੇ ਕਮੀਜ਼ ਅਤੇ ਥੋੜ੍ਹੀ ਢਿੱਲੀ ਚਿੱਟੀ ਪੈਂਟ ਵਿੱਚ ਦਿਖ ਜਾਂਦੇ ਸਨ। ਉਰਦੂ ਸ਼ਾਇਰੀ ਅਤੇ ਸਾਹਿਤ ਵਿੱਚ ਉਨ੍ਹਾਂ ਨੂੰ ਖ਼ਾਸ ਦਿਲਚਸਪੀ ਸੀ।"

ਤਸਵੀਰ ਸਰੋਤ, Dilip Kumar
"ਉਹ ਬਹੁਤ ਪੜ੍ਹੇ-ਲਿਖੇ ਸ਼ਖ਼ਸ ਸਨ ਅਤੇ ਉਰਦੂ, ਹਿੰਦੀ, ਅੰਗਰੇਜ਼ੀ, ਪਸ਼ਤੋ ਅਤੇ ਪੰਜਾਬੀ ਭਾਸ਼ਾਵਾਂ 'ਤੇ ਉਨ੍ਹਾਂ ਦਾ ਇੱਕੋ-ਜਿਹਾ ਅਧਿਕਾਰ ਸੀ। ਉਹ ਮਰਾਠੀ, ਭੋਜਪੁਰੀ ਅਤੇ ਫ਼ਾਰਸੀ ਵੀ ਚੰਗੀ ਤਰ੍ਹਾਂ ਬੋਲ ਅਤੇ ਸਮਝ ਲੈਂਦੇ ਸਨ।"
ਖੇਡਾਂ ਦੇ ਸ਼ੌਕੀਨ
ਦਿਲੀਪ ਕੁਮਾਰ ਸ਼ੁਰੂ ਵਿੱਚ ਫੁੱਟਬਾਲ ਦੇ ਬਹੁਤ ਸ਼ੌਕੀਨ ਸਨ ਅਤੇ ਵਿਲਸਨ ਕਾਲਜ ਅਤੇ ਖ਼ਾਲਸਾ ਕਾਲਜ ਦੀ ਫੁੱਟਬਾਲ ਟੀਮ ਦੇ ਮੈਂਬਰ ਹੁੰਦੇ ਸਨ। ਬਾਅਦ ਵਿੱਚ ਕ੍ਰਿਕਟ ਵਿੱਚ ਉਨ੍ਹਾਂ ਦੀ ਦਿਲਚਸਪੀ ਵੱਧ ਹੋ ਗਈ ਸੀ।
ਇੱਕ ਵਾਰ ਲਖਨਊ ਦੇ ਕੇ ਡੀ ਸਿੰਘ ਬਾਬੂ ਸਟੇਡੀਅਮ ਵਿੱਚ ਮੁਸ਼ਤਾਬ ਅਲੀ ਬੇਨੇਫ਼ਿਟ ਮੈਚ ਵਿੱਚ ਖੇਡਦੇ ਹੋਏ ਉਨ੍ਹਾਂ ਨੇ ਇੱਕ ਬਿਹਤਰੀਨ ਸਕਵਾਇਰ ਡ੍ਰਾਈਵ ਲਗਾਇਆ ਸੀ। ਉਸ ਵੇਲੇ ਉਨ੍ਹਾਂ ਦੀ ਫ਼ਿਲਮ ਗੋਪੀ ਸ਼ਹਿਰ ਦੇ ਇੱਕ ਹਾਲ ਓਡੀਅਨ ਵਿੱਚ ਚੱਲ ਰਹੀ ਸੀ।
ਦਿਲੀਪ ਕੁਮਾਰ ਨੂੰ ਬੈਡਮਿੰਟਨ ਖੇਡਣਾ ਵੀ ਬਹੁਤ ਪਸੰਦ ਸੀ। ਉਹ ਅਕਸਰ ਖ਼ਾਰ ਜਿਮਖਾਨਾ ਵਿੱਚ ਸੰਗੀਤਕਾਰ ਨੌਸ਼ਾਦ ਦੇਨਾਲ ਬੈਡਮਿੰਟਨ ਖੇਡਦੇ ਸਨ।
ਕਈ ਪੁਰਸਕਾਰਾਂ ਨਾਲ ਦਿਲੀਪ ਕੁਮਾਰ ਨੂੰ ਨਵਾਜ਼ਿਆ ਗਿਆ
ਦਿਲੀਪ ਕੁਮਾਰ ਨੂੰ 1991 ਵਿੱਚ ਪਦਮ ਭੂਸ਼ਣ ਅਤੇ 2010 ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਮਨਮਾਨਿਤ ਕੀਤਾ ਗਿਆ। ਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿੱਚ ਉਨ੍ਹਾਂ ਦੇ ਪਾਲੀ ਹਿੱਲ ਵਿਖੇ ਘਰ ਜਾਕੇ ਇਹ ਪੁਰਸਕਾਰ ਦਿੱਤਾ ਸੀ।

ਤਸਵੀਰ ਸਰੋਤ, vimal thakker
ਦਿਲੀਪ ਕੁਮਾਰ ਨੂੰ 1995 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਦਿੱਤਾ ਗਿਆ।
ਸਾਲ 1997 ਵਿੱਚ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਿਸ਼ਾਨ ਏ ਇਮਤਿਆਜ਼ ਨਾਲ ਸਨਮਾਨਿਤ ਕੀਤਾ।
ਦਿਲੀਪ ਕੁਮਾਰ ਨੇ ਇਸ ਸਨਮਾਨ ਨੂੰ ਸਵੀਕਾਰ ਕਰਨ ਲਈ ਬਕਾਇਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਇਜਾਜ਼ਤ ਲਈ ਸੀ।
1981 ਵਿੱਚ ਜਦੋਂ ਉਹ ਮਨੋਜ ਕੁਮਾਰ ਦੀ ਫ਼ਿਲਮ ਕ੍ਰਾਂਤੀ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਸ਼ਰਦ ਪਵਾਰ ਅਤੇ ਰਜਨੀ ਪਟੇਲ ਨੇ ਉਨ੍ਹਾਂ ਨੂੰ ਬੰਬਈ ਦਾ ਸ਼ੇਰਿਫ਼ ਬਣਨ ਲਈ ਮਨਾ ਲਿਆ। ਦਿਲਚਸਪ ਗੱਲ ਇਹ ਸੀ ਕਿ ਉਨ੍ਹਾਂ ਦੀ ਸ਼ਰਦ ਪਵਾਰ ਨਾਲ ਉਨੀਂ ਹੀ ਡੂੰਘੀ ਦੋਸਤੀ ਸੀ ਜਿੰਨੇ ਉਨ੍ਹਾਂ ਦੇ ਸਿਆਸੀ ਵਿਰੋਧੀ ਬਾਲ ਠਾਕਰੇ ਨਾਲ ਸੀ।
ਕਿਹਾ ਜਾਂਦੀ ਹੈ ਕਿ ਉਨ੍ਹਾਂ ਨੇ ਠਾਕਰੇ ਦੇ ਘਰ ਮਾਤੋਸ਼੍ਰੀ ਵਿੱਚ ਕਈ ਵਾਰ ਉਨ੍ਹਾਂ ਦੇ ਨਾਲ ਬੀਅਰ ਪੀਤੀ ਸੀ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਬਾਦਸ਼ਾਹ ਜ਼ਹੀਰਸ਼ਾਹ ਅਤੇ ਈਰਾਨ ਦੇ ਸ਼ਾਹ ਰਜ਼ਾ ਸ਼ਾਹ ਪਹਿਲਵੀ ਵੀ ਦਿਲੀਪ ਕੁਮਾਰ ਦੇ ਕਰੀਬੀ ਮਿੱਤਰ ਸਨ।
ਰਾਜ ਕਪੂਰ ਵੱਲੋਂ ਕੀਤੀ ਗਈ ਪ੍ਰਸ਼ੰਸਾ
ਮੁਗ਼ਲ-ਏ-ਆਜ਼ਮ ਤੋਂ ਬਾਅਦ ਜਿਸ ਫ਼ਿਲਮ ਲਈ ਦਿਲੀਪ ਕੁਮਾਰ ਨੂੰ ਸਭ ਤੋਂ ਵੱਧ ਖਿਆਤੀ ਹਾਸਲ ਹੋਈ ਸੀ, ਉਹ ਫ਼ਿਲਮ ਸੀ- ਗੰਗਾ ਜਮੁਨਾ।

ਤਸਵੀਰ ਸਰੋਤ, twitter@dilipkumar
ਅਮਿਤਾਭ ਬੱਚਨ ਮੰਨਦੇ ਹਨ ਕਿ ਜਦੋਂ ਉਹ ਇਲਾਹਾਬਾਦ 'ਚ ਪੜ੍ਹ ਰਹੇ ਸਨ, ਉਸ ਸਮੇਂ ਉਨ੍ਹਾਂ ਨੇ ਇਹ ਫ਼ਿਲਮ ਇਸ ਲਈ ਵਾਰ-ਵਾਰ ਵੇਖੀ ਸੀ, ਕਿਉਂਕਿ ਉਹ ਜਾਣਨਾ ਚਾਹੁੰਦੇ ਸਨ ਕਿ ਇੱਕ ਪਠਾਨ ਜਿਸ ਦਾ ਉੱਤਰ ਪ੍ਰਦੇਸ਼ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਸੀ, ਉਹ ਕਿਸ ਤਰ੍ਹਾਂ ਉੱਥੋਂ ਦੀ ਬੋਲੀ ਇੰਨ੍ਹੇ ਸਹਿਜ ਅਤੇ ਸਹੀ ਢੰਗ ਨਾਲ ਬੋਲ ਸਕਦਾ ਹੈ।
ਬਾਅਦ 'ਚ ਦੋਵਾਂ ਨੇ ਰਮੇਸ਼ ਸਿੱਪੀ ਦੇ ਨਿਰਦੇਸ਼ਨ 'ਚ ਸ਼ਕਤੀ ਫ਼ਿਲਮ 'ਚ ਕੰਮ ਕੀਤਾ।
ਉਨ੍ਹਾਂ ਦੇ ਬਚਪਨ ਦੇ ਦੋਸਤ, ਸਮਕਾਲੀ ਅਤੇ ਮਹਾਨ ਅਦਾਕਾਰ ਰਾਜ ਕਪੂਰ ਨੇ ਸ਼ਕਤੀ ਫ਼ਿਲਮ ਵੇਖਣ ਤੋਂ ਬਾਅਦ ਬੰਗਲੌਰ ਤੋਂ ਉਨ੍ਹਾਂ ਨੂੰ ਫੋਨ ਕਰਕੇ ਕਿਹਾ, "ਅੱਜ ਫ਼ੈਸਲਾ ਹੋ ਗਿਆ ਹੈ....ਤੁਸੀਂ ਹੁਣ ਤੱਕ ਦੇ ਸਭ ਤੋਂ ਮਹਾਨ ਕਲਾਕਾਰ ਹੋ!"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















