ਪਾਕਿਸਤਾਨ ਨੇ ਜੂਨ ਮਹੀਨੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਆਉਣ ਵਾਲੇ ਵਿਦੇਸ਼ੀ ਜਥਿਆਂ ਦੇ ਦੌਰੇ ਰੱਦ ਕੀਤੇ - ਅਹਿਮ ਖ਼ਬਰਾਂ

ਤਸਵੀਰ ਸਰੋਤ, Ravinder Singh Robin/BBC
ਇਸ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਕੋਰੋਨਾਵਾਇਰਸ ਅਤੇ ਦੇਸ਼-ਦੁਨੀਆਂ ਦੀਆਂ ਅਹਿਮ ਖਬਰਾਂ ਪਹੁੰਚਾ ਰਹੇ ਹਾਂ।
ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪਾਕਿਸਤਾਨ ਨੇ ਜੂਨ ਮਹੀਨੇ ਦੌਰਾਨ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਜਥਿਆਂ ਦੇ ਦੌਰੇ ਰੱਦ ਕਰ ਦਿੱਤੇ ਹਨ।
ETPB ਚੇਅਰਮੈਨ ਡਾ. ਅਮੀਰ ਅਹਿਮਦ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਵਿਚ ਫੈਸਲੇ ਦੀ ਪੁਸ਼ਟੀ ਕੀਤੀ ਹੈ।
ਜੂਨ ਮਹੀਨੇ ਦੌਰਾਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਰਤ ਤੋਂ ਵੱਡੇ ਸਿੱਖ ਜਥਿਆ ਨੇ ਪਾਕਿਸਤਾਨ ਜਾਣਾ ਸੀ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਵੀ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਾਰਤ ਤੋਂ ਜਾਣ ਵਾਲੇ ਜਥੇ ਦੀ ਯਾਤਰਾ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ.। ਵਕਤਾ ਮੁਤਾਬਕ ਸ੍ਰੋਮਣੀ ਕਮੇਟੀ ਨੂੰ ਇਸ ਬਾਬਤ ਰਸਮੀ ਤੌਰ ਉੱਤੇ ਲਿਖਤੀ ਨੋਟ ਰਾਹੀ ਜਾਣਕਾਰੀ ਭੇਜੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਮੇਜ਼ਬਾਨ ਦੇਸ ਦੇ ਇਹ ਅਧਿਕਾਰ ਹੈ ਕਿ ਉਹ ਇਸ ਬਾਬਤ ਫੈਸਲੇ ਕਰੇ।
ਗੌਤਮ ਗੰਭੀਰ ਫਾਊਡੇਸ਼ਨ ਜਮ੍ਹਾਂਖੋਰੀ ਦੀ ਦੋਸ਼ੀ
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੀ ਫਾਉਂਡੇਸ਼ਨ ਨੂੰ ਨਾਜਾਇਜ਼ ਢੰਗ ਨਾਲ ਦਵਾਈਆਂ ਦੀ ਜਮਾਖੋਰੀ ਕਰਨ ਅਤੇ ਕੋਵਿਡ -19 ਦੇ ਮਰੀਜ਼ਾਂ ਵਿੱਚ ਫੈਬੀ-ਫਲੂ ਨਾਮਕ ਦਵਾਈ ਵੰਡਣ ਦਾ ਦੋਸ਼ੀ ਪਾਇਆ ਗਿਆ ਹੈ।
ਭਾਰਤ ਦੇ ਡਰੱਗ ਕੰਟਰੋਲਰ ਨੇ ਦਿੱਲੀ ਹਾਈ ਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਅਦਾਲਤ ਨੂੰ ਕਿਹਾ ਹੈ ਕਿ ਬਿਨਾਂ ਕਿਸੇ ਦੇਰੀ ਦੇ ਗੰਭੀਰ ਫਾਉਂਡੇਸ਼ਨ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਸਾਰੇ ਡੀਲਰਾਂ ਅਤੇ ਵੇਚਣ ਵਾਲਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਬਾਰੇ ਅਜਿਹੀਆਂ ਸ਼ਿਕਾਇਤਾਂ ਆਈਆਂ ਹਨ।
ਦਿੱਲੀ ਹਾਈ ਕੋਰਟ ਨੇ ਕੋਰੋਨਾ ਮਹਾਂਮਾਰੀ ਦੌਰਾਨ ਵੱਡੀ ਮਾਤਰਾ ਵਿਚ ਕੋਵਿਡ-19 ਦੇ ਇਲਾਜ ਦੌਰਾਨ ਵਰਤੀਆਂ ਜਾਂਦੀਆਂ ਦਵਾਈਆਂ ਦੀ ਅਣਅਧਿਕਾਰਤ ਖਰੀਦ ਦੇ ਮਾਮਲੇ ਵਿਚ ਡਰੱਗ ਕੰਟਰੋਲਰ ਵੱਲੋਂ ਕੀਤੀ ਗਈ ਕਾਰਵਾਈ 'ਤੇ ਸਵਾਲ ਉਠਾਇਆ ਸੀ।
ਸੁਣਵਾਈ ਦੌਰਾਨ, ਡਰੱਗ ਕੰਟਰੋਲਰ ਨੇ ਮੰਨਿਆ ਕਿ ਗੌਤਮ ਗੰਭੀਰ ਫਾਉਂਡੇਸ਼ਨ ਨੇ ਡਰੱਗਜ਼ ਅਤੇ ਕਾਸਮੈਟਿਕਸ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਹੈ।
ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਦਿੱਤੀ ਕਲੀਨ ਚਿੱਟ 'ਤੇ ਨਾਰਾਜ਼ਗੀ ਜ਼ਾਹਰ ਕੀਤੀ।
ਅਦਾਲਤ ਨੇ ਕਿਹਾ ਕਿ "ਅਸੀਂ ਵੇਖਿਆ ਹੈ ਕਿ ਗੰਭੀਰ ਨੇ ਇਨ੍ਹਾਂ ਦਵਾਈਆਂ ਨੂੰ ਖਰੀਦਣ ਲਈ ਬਹੁਤ ਸਾਰਾ ਪੈਸਾ ਖਰਚ ਕੀਤਾ ਸੀ, ਪਰ ਤੁਹਾਡੇ ਕੋਲ ਇੰਨੀ ਵੱਡੀ ਮਾਤਰਾ ਵਿਚ ਅਣਅਧਿਕਾਰਤ ਜਮ੍ਹਾਂ ਹੋਣ ਕਰਕੇ, ਦੂਜਿਆਂ ਨੂੰ ਉਸ ਸਮੇਂ ਇਹ ਦਵਾਈ ਨਹੀਂ ਮਿਲ ਸਕੀ।"
ਕੋਰੋਨਿਲ ਕਿੱਟ: ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਨੂੰ ਸੰਮਨ ਜਾਰੀ ਕੀਤਾ

ਤਸਵੀਰ ਸਰੋਤ, Getty Images
ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਰਾਮਦੇਵ ਅਤੇ ਹੋਰਾਂ ਨੂੰ ਤਲਬ ਕਰਦਿਆਂ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀਐਮਏ) ਦੀ ਪਟੀਸ਼ਨ 'ਤੇ ਜਵਾਬ ਮੰਗਿਆ ਹੈ।
ਡੀਐਮਏ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ 'ਰਾਮਦੇਵ ਨੂੰ ਕੋਰੋਨਿਲ ਕਿੱਟ ਬਾਰੇ ਗਲਤ ਜਾਣਕਾਰੀ ਦੇਣ ਤੋਂ ਰੋਕਿਆ ਜਾਵੇ।'
ਡੀਐਮਏ ਦਾ ਕਹਿਣਾ ਹੈ ਕਿ ਯੋਗ ਗੁਰੂ ਰਾਮਦੇਵ ਲਈ ਪਤੰਜਲੀ ਦੀ ਕੋਰੋਨਿਲ ਕਿੱਟ ਦਾ ਕੋਵਿਡ -19 ਦੇ ਇਲਾਜ ਵਜੋਂ ਵਰਣਨ ਕਰਨਾ ਗਲਤ ਹੈ।
ਕਾਨੂੰਨੀ ਮਾਮਲਿਆਂ ਬਾਰੇ ਜਾਣਕਾਰੀ ਦੇਣ ਵਾਲੀ ਇਕ ਸੀਨੀਅਰ ਪੱਤਰਕਾਰ ਸੁਚਿੱਤਰਾ ਮੁਹੰਤੀ ਦੇ ਅਨੁਸਾਰ, ਜਸਟਿਸ ਸੀ ਹਰੀ ਸ਼ੰਕਰ ਦੀ ਅਗਵਾਈ ਵਾਲੇ ਬੈਂਚ ਨੇ ਰਾਮਦੇਵ ਤੋਂ ਇਲਾਵਾ ਕਈ ਸੋਸ਼ਲ ਮੀਡੀਆ ਕੰਪਨੀਆਂ ਅਤੇ ਟਵਿੱਟਰ ਵਰਗੇ ਮੀਡੀਆ ਚੈਨਲਾਂ ਤੋਂ ਵੀ ਜਵਾਬ ਮੰਗੇ ਹਨ।
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਹਾਈ ਕੋਰਟ ਨੇ ਰਾਮਦੇਵ ਲਈ ਪੇਸ਼ ਹੋਏ ਵਕੀਲ ਨੂੰ ਕਿਹਾ ਕਿ ਉਹ ਰਾਮਦੇਵ ਨੂੰ ਕਹਿਣ ਕੇ ਉਹ ਸੁਣਵਾਈ ਦੀ ਅਗਲੀ ਤਰੀਕ ਤੱਕ ਕੋਈ ਭੜਕਾਉ ਬਿਆਨ ਨਾ ਦੇਣ।
ਇਸ ਮਾਮਲੇ ਵਿਚ ਅਦਾਲਤ ਵਿਚ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।
ਵਿਨੋਦ ਦੂਆ ਰਾਜਧ੍ਰੋਹ ਕੇਸ ਰੱਦ : ਹਰ ਪੱਤਰਕਾਰ ਕੇਦਾਰਨਾਥ ਫ਼ੈਸਲੇ ਦੀ ਸੁਰੱਖਿਆ ਦਾ ਹੱਕਦਾਰ -ਸੁਪਰੀਮ ਕੋਰਟ

ਤਸਵੀਰ ਸਰੋਤ, facebook/ Vinod Dua
ਸੁਪਰੀਮ ਕੋਰਟ ਨੇ ਸੀਨੀਅਰ ਪੱਤਰਕਾਰ ਵਿਨੋਦ ਦੁਆ ਖਿਲਾਫ ਭਾਜਪਾ ਦੇ ਇੱਕ ਨੇਤਾ ਵੱਲੋਂ ਦਾਇਰ ਰਾਜ ਧ੍ਰੋਹ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਹੈ।
ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੇ ਇੱਕ ਸਥਾਨਕ ਨੇਤਾ ਨੇ ਵਿਨੋਦ ਦੇ ਯੂਟਿਊਬ ਸ਼ੋਅ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਰਾਜਧ੍ਰੋਹ ਅਤੇ ਹੋਰ ਇਲਜ਼ਾਮਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ।
ਹਾਲਾਂਕਿ ਜਸਟਿਸ ਯੂਯੂ ਲਲਿਤ ਅਤੇ ਵਿਨੀਤ ਸ਼ਰਨ ਨੇ ਵਿਨੋਦ ਦੂਆ ਦੀ ਉਸ ਬੇਨਤੀ ਨੂੰ ਵੀ ਨਾਮਨਜ਼ੂਰ ਕਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਦਸ ਸਾਲ ਤੋਂ ਵੱਧ ਤਜਰਬੇ ਵਾਲੇ ਪੱਤਰਕਾਰਾਂ ਖ਼ਿਲਾਫ਼ ਐੱਫਆਈਆਰ ਉਦੋਂ ਤੱਕ ਦਰਜ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਉਸ ਨੂੰ ਇਕ ਸਮਿਤੀ ਪਾਸ ਨਾ ਕਰ ਦੇਵੇ।
ਅਦਾਲਤ ਨੇ ਪਿਛਲੇ ਸਾਲ 20 ਜੁਲਾਈ ਨੂੰ ਇਸ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਹੋਣ ਦੀ ਸੁਰੱਖਿਆ ਨੂੰ ਅਗਲੇ ਹੁਕਮਾਂ ਤਕ ਵਧਾ ਦਿੱਤਾ ਸੀ।
ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਭੇਜੇ ਗਏ ਕਿਸੇ ਵੀ ਸਵਾਲ ਦੇ ਜਵਾਬ ਦੇਣ ਦੀ ਲੋੜ ਨਹੀਂ ਹੈ।
ਵਿਨੋਦ ਦੁਆ ਖ਼ਿਲਾਫ਼ ਪਿਛਲੇ ਸਾਲ 6 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਸਥਾਨਕ ਨੇਤਾ ਸ਼ਾਮ ਨੇ ਸ਼ਿਮਲਾ ਦੇ ਕੁਮਾਰਸੇਨ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ।
ਸ਼ਾਮ ਨੇ ਸ਼ਿਕਾਇਤ ਕੀਤੀ ਸੀ ਕਿ ਦੁਆ ਨੇ ਆਪਣੇ ਯੂਟਿਊਬ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਕੁਝ ਇਲਜ਼ਾਮ ਲਗਾਏ ਸਨ।
2022 ਤੱਕ ਦੁਨੀਆਂ ਭਰ ਵਿੱਚ ਬੇਰੁਜ਼ਗਾਰਾਂ ਦੀ ਸੰਖਿਆ 20 ਕਰੋੜ ਤੋਂ ਵੱਧ ਹੋ ਜਾਵੇਗੀ: ILO
ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ ਮਹਾਂਮਾਰੀ ਕਾਰਨ ਦੁਨੀਆ ਭਰ 'ਚ ਨੌਕਰੀਆਂ ਦਾ ਜੋ ਸੰਕਟ ਆਇਆ ਹੈ ਉਸ ਤੋਂ ਉਭਰਨ ਲਈ ਕਾਫ਼ੀ ਸਮਾਂ ਲੱਗੇਗਾ।
ਇੰਟਰਨੈਸ਼ਨਲ ਲੇਬਰ ਆਰਗ਼ੇਨਾਈਜ਼ੇਸ਼ਨ ਨੇ ਆਖਿਆ ਹੈ ਕਿ ਪੂਰੀ ਦੁਨੀਆਂ ਵਿੱਚ ਮਹਾਂਮਾਰੀ ਕਾਰਨ ਲੱਖਾਂ ਨੌਕਰੀਆਂ ਗਈਆਂ ਹਨ ਅਤੇ ਲੱਖਾਂ ਨਵੀਆਂ ਨੌਕਰੀਆਂ ਜੋ ਪੈਦਾ ਹੋਣੀਆਂ ਸਨ, ਉਹ ਨਹੀਂ ਹੋ ਪਾਈਆਂ।
ਅਜਿਹੇ ਵਿੱਚ ਇਸ ਸਾਲ ਮਹਾਂਮਾਰੀ ਕਾਰਨ ਗਈਆਂ ਨੌਕਰੀਆਂ ਦਾ ਅੰਕੜਾ ਕਰੀਬ 7.5 ਕਰੋੜ ਹੋ ਗਿਆ ਹੈ।
ਆਈਐਲਓ ਦੇ ਡਾਇਰੈਕਟਰ- ਜਨਰਲ ਗਾਇ ਰਾਈਡਰ ਨੇ ਕਿਹਾ ਹੈ, "ਸਾਡਾ ਅੰਦਾਜ਼ਾ ਹੈ ਕਿ ਸਾਲ 2022 ਤੱਕ ਪੂਰੀ ਦੁਨੀਆਂ ਵਿੱਚ ਬੇਰੁਜ਼ਗਾਰੀ ਦਾ ਅੰਕੜਾ 20.5 ਕਰੋੜ ਤਕ ਪਹੁੰਚ ਸਕਦਾ ਹੈ।''
''ਜੇਕਰ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਮੇਂ ਨਾਲ ਇਸਦੀ ਤੁਲਨਾ ਕੀਤੀ ਜਾਵੇ ਤਾਂ ਸਾਲ 2019 ਵਿੱਚ ਇਹ ਅੰਕੜਾ 18.7 ਕਰੋੜ ਸੀ। ਇਸ ਦਾ ਮਤਲਬ ਹੈ ਕਿ ਸਾਡੇ ਕੋਲ ਸਾਲ 2019 ਵਿੱਚ ਬੇਰੁਜ਼ਗਾਰਾਂ ਦੀ ਸੰਖਿਆ ਜਿੱਥੇ 18.7 ਕਰੋੜ ਸੀ ਉੱਥੇ ਸਾਲ 2022 ਤੱਕ ਇਹ ਸੰਖਿਆ 20.5 ਕਰੋੜ ਹੋ ਜਾਵੇਗੀ।"
ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਸਾਰੇ ਦੇਸ਼ਾਂ ਵਿੱਚ ਇੱਕੋ ਜਿਹੀ ਨਹੀਂ ਹੋਵੇਗੀ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਨਾਲ ਅਮੀਰ ਦੇਸ਼ ਨਿਪਟ ਸਕਣਗੇ ਪਰ ਗ਼ਰੀਬ ਦੇਸ਼ਾਂ ਵਿੱਚ ਪਹਿਲਾਂ ਤੋਂ ਮੌਜੂਦ ਨਾ ਬਰਾਬਰੀ ਕਾਰਨ ਮਹਿਲਾਵਾਂ ਅਤੇ ਨੌਜਵਾਨਾਂ ਦੀਆਂ ਨੌਕਰੀਆਂ ਉੱਤੇ ਜ਼ਿਆਦਾ ਅਸਰ ਪਵੇਗਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਰਾਈਡਰ ਨੇ ਕਿਹਾ, "ਸਾਨੂੰ ਡਰ ਹੈ ਕਿ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਬੁਰੀ ਹੋ ਸਕਦੀ ਹੈ। ਵੈਕਸੀਨ ਤੱਕ ਪਹੁੰਚ ਅਤੇ ਮਜ਼ਬੂਤ ਆਰਥਿਕ ਨੀਤੀਆਂ ਦੀ ਸਹਾਇਤਾ ਨਾਲ ਜ਼ਿਆਦਾ ਆਮਦਨੀ ਵਾਲੇ ਦੇਸ਼ ਇਸ ਹਾਲਾਤ ਨਾਲ ਬਿਹਤਰ ਨਿਪਟ ਸਕਣਗੇ।"
ਉਨ੍ਹਾਂ ਨੇ ਆਖਿਆ ਕਿ ਮਹਾਮਾਰੀ ਦੌਰਾਨ ਲੱਖਾਂ ਲੋਕਾਂ ਕੋਲ ਨੌਕਰੀ ਨਾ ਰਹਿਣ ਕਰਕੇ ਪਰਿਵਾਰਾਂ ਵਿੱਚ ਗ਼ਰੀਬੀ ਵਧੀ ਹੈ ਅਤੇ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਵੀ ਘੱਟ ਹੋਈ ਹੈ।

ਤਸਵੀਰ ਸਰੋਤ, Getty Images
ਰਾਈਡਰ ਨੇ ਕਿਹਾ ਕਿ ਅੰਦਾਜ਼ੇ ਮੁਤਾਬਕ 2019 ਸਾਲ ਦੇ ਮੁਕਾਬਲੇ 3.1 ਕਰੋੜ ਕੰਮਕਾਜੀ ਲੋਕਾਂ ਨੂੰ ਬੇਹੱਦ ਗ਼ਰੀਬ ਕਿਹਾ ਜਾ ਸਕਦਾ ਹੈ।
ਇਹ ਉਹ ਲੋਕ ਹਨ ਜੋ ਸੰਯੁਕਤ ਰਾਸ਼ਟਰ ਵੱਲੋਂ ਨਿਰਧਾਰਿਤ 1.90 ਡਾਲਰ ਪ੍ਰਤੀ ਦਿਨ ਦੀ ਅੰਤਰਰਾਸ਼ਟਰੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ।
ਰਾਈਡਰ ਮੁਤਾਬਕ ਗ਼ਰੀਬੀ ਹਟਾਉਣ ਲਈ ਹੁਣ ਤੱਕ ਜੋ ਕੰਮ ਕੀਤੇ ਗਏ ਹਨ ਉਸ ਨੂੰ ਮਹਾਂਮਾਰੀ ਨੇ ਪੰਜ ਸਾਲ ਤੱਕ ਪਿੱਛੇ ਧੱਕ ਦਿੱਤਾ ਹੈ।
Please wait...
ਜੰਮੂ-ਕਸ਼ਮੀਰ: ਭਾਜਪਾ ਨੇਤਾ ਰਾਕੇਸ਼ ਪੰਡਿਤਾ ਦਾ ਕਤਲ, ਪੁਲਵਾਮਾ 'ਚ ਕੱਟੜਪੰਥੀਆਂ ਨੇ ਮਾਰੀ ਗੋਲੀ
ਜੰਮੂ-ਕਸ਼ਮੀਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਪਾਰਸ਼ਦ ਰਾਕੇਸ਼ ਪੰਡਿਤਾ ਦਾ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਹੈ।
ਸੂਬੇ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਸਣੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਪੁਲਵਾਮਾ ਵਿੱਚ ਬੁੱਧਵਾਰ ਦੇਰ ਸ਼ਾਮ ਭਾਜਪਾ ਨੇਤਾ ਰਾਕੇਸ਼ ਪੰਡਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਸਮਾਚਾਰ ਏਜੰਸੀ ਪੀਟੀਆਈ ਨੇ ਪੁਲਿਸ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਬੁੱਧਵਾਰ ਦੇਰ ਸ਼ਾਮ ਜੰਮੂ-ਕਸ਼ਮੀਰ ਤੋਂ ਭਾਜਪਾ ਕਾਊਂਸਲਰ ਰਾਕੇਸ਼ ਪੰਡਿਤਾ ਪੁਲਵਾਮਾ ਦੇ ਤਰਾਲ ਇਲਾਕੇ ਵਿੱਚ ਆਪਣੇ ਮਿੱਤਰ ਨਾਲ ਮੁਲਾਕਾਤ ਕਰਨ ਪਹੁੰਚੇ ਸਨ।
ਰਾਤ ਕਰੀਬ 10.15 ਵਜੇ ਤਿੰਨ ਅਣਜਾਣ ਬੰਦੂਕਧਾਰੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਰਾਕੇਸ਼ ਪੰਡਿਤਾ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਅਤੇ ਬਾਅਦ ਵਿੱਚ ਹਸਪਤਾਲ ਜਾਣ ਦੌਰਾਨ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਹਮਲੇ ਵਿੱਚ ਉਨ੍ਹਾਂ ਦੇ ਦੋਸਤ ਦੀ ਧੀ ਨੂੰ ਵੀ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪੁਲਿਸ ਬੁਲਾਰੇ ਮੁਤਾਬਕ, "ਪੰਡਿਤਾ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਦੇ ਨਾਲ ਹਮੇਸ਼ਾ ਦੋ ਨਿੱਜੀ ਸੁਰੱਖਿਆ ਅਧਿਕਾਰੀ ਰਹਿੰਦੇ ਸਨ। ਇਸ ਦੇ ਨਾਲ ਹੀ ਸ਼੍ਰੀਨਗਰ ਵਿੱਚ ਰਹਿਣ ਲਈ ਉਨ੍ਹਾਂ ਨੂੰ ਇੱਕ ਸੁਰੱਖਿਅਤ ਘਰ ਵੀ ਦਿੱਤਾ ਗਿਆ ਸੀ।"
ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਪੰਡਿਤਾ ਸੁਰੱਖਿਆ ਪ੍ਰਕਿਰਿਆ ਦਾ ਉਲੰਘਣ ਕਰਕੇ ਬਿਨਾਂ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਆਪਣੇ ਦੱਖਣੀ ਕਸ਼ਮੀਰ ਵਿੱਚ ਵਸੇ ਜੱਦੀ ਪਿੰਡ ਗਏ ਸਨ।
ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਵਿੱਚ ਲੱਗ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਹਮਲੇ ਵੇਲੇ ਉਨ੍ਹਾਂ ਨਾਲ ਗਾਰਡ ਕਿਉਂ ਨਹੀਂ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













