ਕੋਰੋਨਾ ਹੌਟਸਪੌਟ: ਭਾਰਤ ਦੇ ਕਿਹੜੇ ਸੂਬੇ ਵਿਚ ਕਿੱਥੇ ਜਾਣਾ, ਬਣ ਸਕਦਾ ਹੈ ਤੁਹਾਡੇ ਲਈ ਖਤਰਾ

ਤਸਵੀਰ ਸਰੋਤ, Getty Images
- ਲੇਖਕ, ਸ਼ਾਦਾਬ ਨਜ਼ਮੀ
- ਰੋਲ, ਬੀਬੀਸੀ ਪੱਤਰਕਾਰ
ਭਾਰਤ 'ਚ ਕੋਰੋਨਾ ਮਹਾਂਮਾਰੀ ਦੀ ਲਾਗ ਦੇ ਨਵੇਂ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਜੋ ਅੰਕੜਾ ਰੋਜ਼ਾਨਾ ਦਰਜ ਹੋ ਰਿਹਾ ਹੈ, ਉਸ 'ਚ ਬਿਲਕੁੱਲ ਵੀ ਖੜੋਤ ਵੇਖਣ ਨੂੰ ਨਹੀਂ ਮਿਲ ਰਹੀ ਹੈ।
ਇੱਥੇ ਹਰ ਦਿਨ ਲਗਭਗ ਚਾਰ ਲੱਖ ਲਾਗ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਰੋਜ਼ਾਨਾ 4 ਹਜ਼ਾਰ ਦਰਜ ਕੀਤੀ ਜਾ ਰਹੀ ਹੈ।
ਵਿਸ਼ਵ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਸਭ ਤੋਂ ਵੱਡੀ ਗਿਣਤੀ 'ਚ ਇਹ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ:
ਹਾਲਾਂਕਿ ਇਹ ਸਿਰਫ ਤਾਂ ਸਿਰਫ ਸਰਕਾਰੀ ਅੰਕੜੇ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਟੈਸਟਿੰਗ 'ਚ ਜਿੰਨ੍ਹੇ ਲੋਕਾਂ ਨੂੰ ਛੱਡਿਆ ਜਾ ਰਿਹਾ ਹੈ ਅਤੇ ਮਹਾਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਜਿਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਦਰਜ ਨਹੀਂ ਹੋ ਰਹੀ ਹੈ, ਉਸ ਸਭ ਤੋਂ ਲੱਗਦਾ ਹੈ ਕਿ ਲਾਗ ਨਾਲ ਪ੍ਰਭਾਵਿਤ ਅਤੇ ਮਰਨ ਵਾਲਿਆਂ ਦਾ ਅੰਕੜਾ ਸਰਕਾਰੀ ਅੰਕੜਿਆਂ ਦੇ ਮੁਕਾਬਲੇ 5 ਤੋਂ 6 ਗੁਣਾ ਵਧੇਰੇ ਹੋ ਸਕਦਾ ਹੈ।
ਅਜਿਹੀ ਸਥਿਤੀ 'ਚ ਅਸੀਂ ਅੱਗੇ ਇਹ ਵੇਖਾਂਗੇ ਕਿ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਮਹਾਂਰਾਸ਼ਟਰ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਕੀ ਹਾਲਾਤ ਹਨ ਅਤੇ ਇਸ ਦੇ ਨਾਲ ਹੀ ਕਿ ਕੀ ਕੋਰੋਨਾ ਵਾਇਰਸ ਨੇ ਉੱਤਰ ਤੋਂ ਉੱਤਰ-ਪੂਰਬੀ ਅਤੇ ਉੱਤਰ ਤੋਂ ਦੂਰ ਦੇ ਰਾਜਾਂ ਵੱਲ ਆਪਣਾ ਰੁਖ਼ ਕਰ ਲਿਆ ਹੈ।
ਉਤਰਾਖੰਡ
ਉਤਰਾਖੰਡ 'ਚ ਹੁਣ ਤੱਕ ਕੋਰੋਨਾ ਦੀ ਲਾਗ ਦੇ ਜਿੰਨ੍ਹੇ ਵੀ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚੋਂ 58% ਮਾਮਲੇ ਸਿਰਫ ਤਾਂ ਸਿਰਫ ਅਪ੍ਰੈਲ ਅਤੇ ਮਈ ਮਹੀਨੇ ਹੀ ਦਰਜ ਕੀਤੇ ਗਏ ਹਨ। ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਸਮੇਂ ਉਤਰਾਖੰਡ ਲਾਗ ਦੇ ਮਾਮਲਿਆਂ 'ਚ ਸਭ ਤੋਂ ਤੇਜ਼ੀ ਨਾਲ ਵਾਧਾ ਵੇਖਿਆ ਗਿਆ ਹੈ।
ਇਸ ਸਮੇਂ ਨਾਲ ਸਿਰਫ ਲਾਗ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਬਲਕਿ ਇੱਥੇ ਮੌਤਾਂ ਦੀ ਗਿਣਤੀ 'ਚ ਵੀ ਇਜ਼ਾਫਾ ਹੋਇਆ ਹੈ। 8 ਮਈ ਤੱਕ ਉਤਰਾਖੰਡ 'ਚ ਮੌਤਾਂ ਦੀ ਗਿਣਤੀ ਪਿਛਲੇ ਹਫ਼ਤੇ ਦੇ ਮੁਕਾਬਲੇ ਮਰਨ ਵਾਲਿਆਂ ਦੇ ਅੰਕੜੇ ਨਾਲੋਂ 30% ਵਧੇਰੇ ਦਰਜ ਕੀਤੀ ਗਈ।
ਲਾਗ ਅਤੇ ਮੌਤਾਂ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਇਸ ਵਾਧੇ ਦੇ ਰੁਝਾਨ ਦੇ ਚੱਲਦਿਆਂ ਮਈ ਮਹੀਨੇ ਇੰਨ੍ਹਾਂ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਚੰਪਾਵਤ ਅਤੇ ਦੇਹਰਾਦੂਨ ਤੋਂ ਬਾਅਧ ਹਰਿਦੁਆਰ ਉਤਰਾਖੰਡ ਦਾ ਤੀਜਾ ਅਜਿਹਾ ਜ਼ਿਲ੍ਹਾ ਬਣ ਗਿਆ ਹੈ, ਜਿੱਥੇ ਅਪ੍ਰੈਲ ਅਤੇ ਮਈ ਮਹੀਨੇ ਦਰਮਿਆਨ ਲਾਗ ਦੇ ਮਾਮਲਿਆਂ 'ਚ 120% ਵਾਧਾ ਦਰਜ ਕੀਤਾ ਗਿਆ ਹੈ

ਇਹ ਚਾਰਟ ਦਰਸਾਉਂਦਾ ਹੈ ਕਿ ਮਹਾਰਾਸ਼ਟਰ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ 'ਚ ਅਪ੍ਰੈਲ ਦੀ ਸ਼ੂਰੂਆਤ ਤੋਂ ਹੀ ਲਾਗ ਦੇ ਮਾਮਲਿਆਂ 'ਚ ਇਕੋ ਜਿਹਾ ਵਾਧਾ ਹੋਇਆ ਹੈ। ਮਹਾਰਾਸ਼ਟਰ 'ਚ ਮਾਰਚ ਮਹੀਨੇ ਦੇ ਪਹਿਲੇ ਪੰਦਰਾ ਦਿਨਾਂ 'ਚ ਲਾਗ ਦੀ ਸਥਿਤੀ ਆਪਣੇ ਸਿਖਰ 'ਤੇ ਸੀ, ਪਰ ਲੌਕਡਾਊਨ ਦੇ ਸਖ਼ਤ ਨਿਯਮਾਂ, ਪਾਬੰਦੀਆਂ ਦੇ ਕਾਰਨ ਇੱਥੇ ਲਾਗ ਦੇ ਮਾਮਲਿਆਂ 'ਚ ਕੁਝ ਕਮੀ ਦਰਜ ਕੀਤੀ ਗਈ ਹੈ।
ਦੂਜੇ ਪਾਸੇ ਇਸੇ ਅਰਸੇ ਦੌਰਾਨ ਉਤਰਾਖੰਡ 'ਚ ਕੁੰਭ ਮੇਲਾ ਚੱਲ ਰਿਹਾ ਸੀ ਅਤੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਰਿਦੁਆਰ 'ਚ ਪਵਿੱਤਰ ਗੰਗਾ ਨਦੀ 'ਚ ਇਸ਼ਨਾਨ ਕੀਤਾ।
ਅੰਕੜੇ ਦੱਸਦੇ ਹਨ ਕਿ ਸਿਰਫ ਮਹਾਰਾਸ਼ਟਰ ਅਤੇ ਦਿੱਲੀ 'ਚ ਹੀ ਕੋਰੋਨਾ ਲਾਗ ਦੇ ਮਾਮਲਿਆਂ 'ਚ ਕਮੀ ਆਈ ਹੈ, ਬਲਕਿ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਵੀ ਲਾਗ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ ਹੈ।
ਉਤਰਾਖੰਡ 'ਚ ਮੌਤਾਂ ਦੀ ਵੱਧ ਰਹੀ ਗਿਣਤੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। 1 ਅਪ੍ਰੈਲ ਤੋਂ ਬਾਅਦ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 'ਚ 117% ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਅੰਕੜਾ ਹਰ ਹਫ਼ਤੇ 30% ਦੇ ਵਾਧੇ ਦੀ ਦਰ ਨਾਲ ਲਗਾਤਾਰ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਇਸ ਦੇ ਹੋਰ ਤੇਜ਼ੀ ਨਾਲ ਵੱਧਣ ਦੀ ਸੰਭਾਵਨਾ ਹੈ। ਇਸ ਸਮੇਂ ਝਾਰਖੰਡ ਅਤੇ ਗੋਆ ਅਜਿਹੇ ਦੋ ਰਾਜ ਹਨ, ਜਿੱਥੇ ਮੌਤ ਦੀ ਦਰ ਉਤਰਾਖੰਡ ਨਾਲੋਂ ਵਧੇਰੇ ਹੈ।
ਝਾਰਖੰਡ
ਝਾਰਖੰਡ 'ਚ ਕੋਰੋਨਾ ਲਾਗ ਦੇ ਮਾਮਲਿਆਂ 'ਚ ਤੇਜ਼ੀ ਨਾਲ ਭਾਵੇਂ ਵਾਧਾ ਨਹੀਂ ਹੋ ਰਿਹਾ ਹੈ, ਪਰ ਇੱਥੇ ਜਿਸ ਰਫ਼ਤਾਰ ਨਾਲ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ, ਉਹ ਇਕ ਖ਼ਤਰੇ ਦੀ ਘੰਟੀ ਨਾਲੋਂ ਘੱਟ ਨਹੀਂ ਹੈ।

ਪਿਛਲੇ ਹਫ਼ਤੇ ਦੇ ਮੁਕਾਬਲੇ ਝਾਰਖੰਡ 'ਚ ਕੋਰੋਨਾ ਲਾਗ ਦੇ ਮਾਮਲਿਆਂ 'ਚ 18% ਵਾਧਾ ਦਰਜ ਕੀਤਾ ਗਿਆ ਹੈ। ਪਰ ਜਦੋਂ ਅਸੀਂ ਮਰਨ ਵਾਲਿਆਂ ਦੀ ਗਿਣਤੀ ਵੱਲ ਧਿਆਨ ਦਿੰਦੇ ਹਾਂ ਤਾਂ ਇਹ ਇਕ ਹੈਰਾਨ ਕਰਨ ਵਾਲੀ ਤਸਵੀਰ ਪੇਸ਼ ਕਰਦਾ ਹੈ।
ਅਪ੍ਰੈਲ ਦੀ ਸ਼ੁਰੂਆਤ ਤੱਕ ਇੱਥੇ ਕੋਰੋਨਾ ਨਾਲ ਸਿਰਫ 1,114 ਲੋਕਾਂ ਦੀ ਹੀ ਮੌਤ ਹੋਈ ਸੀ, ਪਰ ਮਹੀਨੇ ਦੇ ਅੰਦਰ -ਅਮਦਰ ਹੀ ਝਾਰਖੰਡ 'ਚ 3800 ਲੋਕਾਂ ਦੀ ਮੌਤ ਹੋ ਗਈ ਹੈ। ਇਹ 246% ਦੇ ਵਾਧੇ ਨੂੰ ਦਰਸਾਉਂਦਾ ਹੈ।
ਝਾਰਖੰਡ 'ਚ ਇਸ ਸਮੇਂ ਰੋਜ਼ਾਨਾ 90 ਲੋਕਾਂ ਦੀ ਮੌਤ ਹੋ ਰਹੀ ਹੈ। ਅਪ੍ਰੈਲ ਦੇ ਅਖੀਰ ਤੱਕ ਇੱਥੇ ਮੌਤਾਂ ਦੀ ਗਿਣਤੀ 'ਚ 45% ਦਾ ਵਾਧਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਮਈ ਮਹੀਨੇ ਮੌਤਾਂ ਦੇ ਅੰਕੜੇ ਨੂੰ ਕੁਝ ਠੱਲ ਪਈ ਹੈ, ਪਰ ਫਿਰ ਵੀ ਇਸ ਸੂਬੇ 'ਚ ਮੌਤਾਂ ਦੀ ਗਿਣਤੀ ਦਾ ਗ੍ਰਾਫ਼ ਤੇਜ਼ੀ ਨਾਲ ਉੱਪਰ ਵੱਲ ਨੂੰ ਗਿਆ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਗੋਆ
ਅਪ੍ਰੈਲ ਮਹੀਨੇ ਜਦੋਂ ਦੇਸ਼ ਦੇ ਪੱਛਮੀ ਸੂਬਿਆਂ 'ਚ ਕੋਰੋਨਾ ਲਾਗ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਸੀ, ਉਸ ਸਮੇਂ ਗੋਆ ਇੱਕਲਾ ਅਜਿਹਾ ਸੂਬਾ ਸੀ, ਜਿੱਥੇ ਹਰ ਹਫ਼ਤੇ ਲਾਗ ਦੇ ਮਾਮਲੇ 5% ਤੋਂ ਘੱਟ ਦਰ ਨਾਲ ਵੱਧ ਰਹੇ ਸਨ।
ਰਾਜ ਖੁੱਲਾ ਸੀ ਅਤੇ ਕਿਸੇ ਦੇ ਵੀ ਇੱਥੇ ਆਉਣ 'ਤੇ ਕੋਈ ਪਾਬੰਦੀ ਨਹੀਂ ਸੀ। ਦੇਸ਼ ਭਰ ਤੋਂ ਸੈਲਾਨੀ ਇੱਥੇ ਆ-ਜਾ ਰਹੇ ਸਨ। ਪਰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਹੀ ਇਸ ਤੱਟਵਰਤੀ ਸੂਬੇ 'ਚ ਕੋਰੋਨਾ ਦੇ ਮਾਮਲਿਆਂ 'ਚ ਅਚਾਨਕ ਤੇਜ਼ੀ ਦਰਜ ਕੀਤੀ ਗਈ।

ਪਿਛਲੇ ਕੁਝ ਹਫ਼ਤਿਆਂ ਤੋਂ ਗੋਆ 'ਚ ਮੌਤਾਂ ਦੀ ਗਿਣਤੀ 'ਚ ਖਾਸਾ ਵਾਧਾ ਹੋਇਆ ਹੈ। ਰਾਜ 'ਚ ਮੌਤ ਦਰ ਦਾ ਅੰਕੜਾ ਜੋ ਕਿ 11% ਦੀ ਦਰ ਨਾਲ ਵੱਧ ਰਿਹਾ ਸੀ, ਉਹ ਸਿਰਫ 15 ਦਿਨਾਂ ਦੇ ਅੰਦਰ ਤਿੰਨ ਗੁਣਾ ਵਧੇਰੇ ਮਤਲਬ 33% ਦੀ ਦਰ ਨਾਲ ਵੱਧਣ ਲੱਗਾ।
ਧੁਰ ਉੱਤਰ ਅਤੇ ਉੱਤਰ-ਪੂਰਬੀ ਸੂਬੇ
ਉੱਤਰ ਭਾਰਤ 'ਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ 'ਚ ਕੋਰੋਨਾ ਦੀ ਲਾਗ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। 8 ਅਪ੍ਰੈਲ ਤੋਂ ਜੰਮੂ ਅਤੇ ਕਸ਼ਮੀਰ 'ਚ ਹਰ ਹਫ਼ਤੇ ਲਾਗ ਦੇ ਮਾਮਲੇ 3% ਦੀ ਦਰ ਨਾਲ ਵੱਧ ਰਹੇ ਹਨ । ਇਸ ਲਈ ਹੁਣ ਇੱਥੇ ਸਥਿਤੀ ਆਪਣੇ ਸਿਖਰ 'ਤੇ ਕਹੀ ਜਾ ਸਕਦੀ ਹੈ।
ਜੰਮੂ-ਕਸ਼ਮੀਰ 'ਚ ਲਾਗ ਦੇ ਮਾਮਲੇ ਹੁਣ 18% ਦੀ ਦਰ ਨਾਲ ਵੱਧ ਰਹੇ ਹਨ ਅਤੇ ਇਸ 'ਚ ਕਮੀ ਬਿਲਕੁੱਲ ਵੀ ਵਿਖਾਈ ਨਹੀਂ ਦੇ ਰਹੀ ਹੈ।
ਦੂਜੇ ਪਾਸੇ, ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਲਾਗ ਦੇ ਮਾਮਲੇ 24% ਦੀ ਦਰ ਨਾਲ ਵੱਧ ਰਹੇ ਹਨ।
8 ਅਪ੍ਰੈਲ ਨੂੰ ਇਹ ਵਾਧਾ ਦਰ ਮਹਿਜ਼ 8% ਹੀ ਸੀ।
ਇੰਨ੍ਹਾਂ ਦੋਵਾਂ ਸੂਬਿਆਂ 'ਚ ਸਮੱਸਿਆ ਸਿਰਫ ਲਾਗ ਦੇ ਮਾਮਲਿਆਂ ਦੇ ਵਾਧੇ ਦੀ ਹੀ ਨਹੀਂ ਹੈ ਬਲਕਿ ਇੱਥੇ ਸਥਿਤੀ 'ਚ ਰੱਤਾ ਜਿੰਨ੍ਹਾਂ ਵੀ ਸੁਧਾਰ ਹੁੰਦਾ ਵਿਖਾਈ ਨਹੀਂ ਦੇ ਰਿਹਾ ਹੈ।

ਅੰਕੜੇ ਜੋ ਤਸਵੀਰ ਪੇਸ਼ ਕਰ ਰਹੇ ਹਨ, ਉਸ ਤੋਂ ਇੰਝ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇੰਨ੍ਹਾਂ ਸੂਬਿਆਂ ਦੀ ਸਥਿਤੀ ਬਦ ਤੋਂ ਬਦਤਰ ਹੋ ਸਕਦੀ ਹੈ।
ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਉੱਤਰ-ਪੂਰਬੀ ਭਾਰਤ ਦੇ ਰਾਜ ਲਗਭਗ ਕੋਰੋਨਾ ਲਾਗ ਤੋਂ ਬਚੇ ਹੀ ਰਹੇ ਸਨ। ਪਰ ਹੁਣ ਇੱਥੇ ਲਾਗ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।
ਮਿਜ਼ੋਰਮ 'ਚ ਲਾਗ ਦੇ ਮਾਮਲਿਆਂ 'ਚ 18% ਦੀ ਦਰ ਨਾਲ ਵਾਧਾ ਦਰਜ ਕੀਤਾ ਗਿਆ ਹੈ। ਅਪ੍ਰੈਲ ਦੀ ਸ਼ੁਰੂਆਤ 'ਚ ਇੱਥੇ ਲਾਗ ਦੇ ਮਾਮਲੇ ਮਹਿਜ਼ 1% ਦੀ ਦਰ ਨਾਲ ਵੱਧ ਰਹੇ ਸਨ। ਕੋਰੋਨਾ ਲਾਗ ਦੇ ਮਾਮਲੇ ਨਾ ਸਿਰਫ ਮਿਜ਼ੋਰਮ ਬਲਕਿ ਮੇਘਾਲਿਆ, ਅਸਾਮ, ਨਾਗਾਲੈਂਡ, ਮਨੀਪੁਰ ਅਤੇ ਤ੍ਰਿਪੁਰਾ 'ਚ ਵੀ ਤੇਜ਼ੀ ਨਾਲ ਵਧੇ ਹਨ।
ਇੱਥੇ ਕੋਰੋਨਾ ਲਾਗ ਦੇ ਮਾਮਲੇ ਜਿਣ ਤੇਜ਼ੀ ਨਾਲ ਵੱਧ ਰਹੇ ਹਨ, ਉਸ ਨੂੰ ਵੇਖਦਿਆਂ ਇੱਥੋਂ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਲਗਾਤਾਰ ਵੱਧ ਰਹੇ ਲਾਗ ਦੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਦਰਸਾਉਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਇੱਥੋਂ ਦੀ ਸਥਿਤੀ 'ਚ ਕੋਈ ਸੁਧਾਰ ਨਹੀਂ ਵਿਖਾਈ ਦੇ ਰਿਹਾ ਹੈ।


ਇਹ ਵੀ ਪੜ੍ਹੋ:














