ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਨਿਰਮਾਣ 'ਤੇ ਸਿਆਸੀ ਆਗੂਆਂ ਨੇ ਚੁੱਕੇ ਸਵਾਲ - ਅਹਿਮ ਖ਼ਬਰਾਂ

PM Modi

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਸਬੰਧਿਤ ਅਹਿਮ ਖ਼ਬਰਾਂ ਦਿੰਦੇ ਰਹਾਂਗੇ। ਭਾਰਤ ਵਿੱਚ ਕੋਰੋਨਾ ਵਾਇਰਸ ਦਾ ਸਥਾਨਕ ਵੇਰੀਐਂਟ ਵੱਧਦੇ ਮਾਮਲਿਆਂ ਦਾ ਕਾਰਨ ਬਣ ਰਿਹਾ ਹੈ।

ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਆਗੂ ਸੀਤਾਰਾਮ ਯੈਚੂਰੀ ਨੇ ਮੋਦੀ ਸਰਕਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਗਰ ਉਹ ਕੁਝ ਨਹੀਂ ਕਰ ਸਕਦੇ ਤਾਂ ਕੁਰਸੀ ਤੋਂ ਉਤਰ ਕਿਉਂ ਨਹੀਂ ਜਾਂਦੇ।

ਇੱਕ ਹੋਰ ਟਵੀਟ ਕਰਦਿਆਂ ਨਵੀਂ ਪਾਰਲੀਮੈਂਟ ਬਿਲਡਿੰਗ 'ਤੇ ਹੋ ਰਹੇ ਖਰਚ ਦਾ ਜ਼ਿਕਰ ਕਰਦਿਆਂ ਸੀਤਾਰਾਮ ਯੈਚੂਰੀ ਨੇ ਕਿਹਾ ਕਿ ਇਸ ਦੇ ਨਿਰਮਾਣ ਨੂੰ ਰੋਕਿਆ ਜਾਵੇ ਤੇ ਸਾਰੇ ਭਾਰਤੀਆਂ ਨੂੰ ਆਕਸੀਜਨ ਤੇ ਮੁਫਤ ਵੈਕਸੀਨ ਦਿਵਾਉਣ ਦੇ ਲਈ ਪੈਸੇ ਨੂੰ ਇਸਤੇਮਾਲ ਕੀਤਾ ਜਾਵੇ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਨ੍ਹਾਂ ਨੇ ਕਿਹਾ ਇਹ ਬਹੁਤ ਭੱਦੀ ਗੱਲ ਹੈ ਕਿ ਮੋਦੀ ਨੇ ਨਿਰਮਾਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ ਤੇ ਲੋਕ ਬਿਨਾਂ ਸਾਹ ਦੇ ਮਰ ਰਹੇ ਹਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਅੱਜ ਮੋਦੀ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਨਵੀਂ ਸੰਸਦ ਤੇ ਬੁੱਤਾਂ ਦੇ ਨਿਰਮਾਣ 'ਤੇ ਹਜ਼ਾਰਾਂ ਕਰੋੜ ਖਰਚ ਹੋ ਰਿਹਾ ਹੈ ਤੇ ਵੈਕਸੀਨ ਲਈ ਪੈਸੇ ਨਹੀਂ ਹਨ।

ਇਹ ਵੀ ਪੜ੍ਹੋ:

ਕੋਰੋਨਾ ਮਈ ਦੇ ਅੰਤ ਤੱਕ ਭਾਰਤ ਵਿੱਚ ਘੱਟ ਹੋਣ ਲੱਗੇਗੀ ਲਾਗ- ਡਾ. ਕੰਗ

ਉੱਘੇ ਵਾਇਰੋਲੌਜਿਸਟ ਅਤੇ ਪੰਜਾਬ ਸਰਕਾਰ ਦੇ ਕੋਰੋਨਾ ਮਹਾਂਮਰੀ ਸਬੰਧੀ ਸਲਾਹਕਾਰ ਗਗਨਦੀਪ ਕੰਗ ਦਾ ਕਹਿਣਾ ਹੈ ਕਿ ਦੇਸ ਵਿੱਚ ਮਈ ਮਹੀਨੇ ਦੇ ਅਖ਼ੀਰ ਤੱਕ ਕੋਵਿਡ-19 ਦੀ ਦੂਜੀ ਲਹਿਰ ਦਾ ਅਸਰ ਘੱਟ ਹੋਣ ਲੱਗੇਗਾ।

ਬੁੱਧਵਾਰ ਨੂੰ ਭਾਰਤੀ ਮਹਿਲਾ ਪ੍ਰੈਸ ਕੋਰ ਦੇ ਮੈਂਬਰਾਂ ਨਾਲ ਇੱਕ ਵਰਚੁਅਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, ''ਜਿਸ ਤਰ੍ਹਾਂ ਦੇ ਮਾਡਲ ਅਸੀਂ ਦੇਖ ਰਹੇ ਹਾਂ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਈ ਦੇ ਮੱਧ ਤੋਂ ਲੈ ਕੇ ਅੰਤ ਤੱਕ ਕੋਰੋਨਾ ਦਾ ਪ੍ਰਭਾਵ ਘੱਟ ਹੋਣ ਲੱਗੇਗਾ। ਕੁਝ ਮਾਡਲਜ਼ ਨੂੰ ਦੇਖਦੇ ਹੋਏ ਇਹ ਵੀ ਸੰਭਵ ਹੈ ਕਿ ਜੂਨ ਦੀ ਸ਼ੁਰੂਆਤ ਵਿੱਚ ਮਾਮਲੇ ਘੱਟ ਹੋਣ ਲੱਗਣ। ਪਰ ਜੋ ਸਾਨੂੰ ਹਾਲੇ ਨਜ਼ਰ ਆ ਰਿਹਾ ਹੈ ਉਸ ਦੇ ਆਧਾਰ 'ਤੇ ਮਈ ਦੇ ਅੰਤਰ ਤੱਕ ਅਜਿਹਾ ਹੋਣ ਦੀ ਵਧੇਰੇ ਸੰਭਾਵਨਾ ਹੈ।''

ਕੰਗ ਭਾਰਤ ਦੇ ਪਹਿਲੇ ਔਰਤ ਵਿਗਿਆਨੀ ਹਨ, ਜਿਨ੍ਹਾਂ ਨੂੰ ਰੌਇਲ ਸੋਸਾਇਟੀ ਦੇ ਫ਼ੈਲੋ ਵਜੋਂ ਚੁਣਿਆ ਗਿਆ ਹੈ। ਉਹ ਵਾਇਰਸ ਅਤੇ ਬੈਕਟੀਰਿਆ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਕੀਤੇ ਗਏ ਇੰਟਰ-ਡਿਸਿਪਲਿਨਰੀ ਰਿਸਰਚ ਲਈ ਜਾਣੇ ਜਾਂਦੇ ਹਨ।ਉਹ ਇਸ ਸਮੇਂ ਪੰਜਾਬ ਅਤੇ ਆਂਧਰਾ ਪ੍ਰਦੇਸ ਸਰਕਾਰ ਦੇ ਨਾਲ ਬਤੌਰ ਸਲਾਹਕਾਰ ਜੁੜੇ ਹੋਏ ਹਨ ਅਤੇ ਮਹਾਂਮਾਰੀ ਨਾਲ ਨਜਿੱਠਣ ਵਿੱਚ ਸੂਬਿਆਂ ਦੀ ਮਦਦ ਕਰ ਰਹੇ ਹਨ।

ਵੈਕਸੀਨ ਹਰ ਸੂਰਤੇ-ਹਾਲ ਅਸਰਦਾਰ

ਉਨ੍ਹਾਂ ਨੇ ਭਾਰਤ ਵਿੱਚ ਲਗਾਈ ਜਾ ਰਹੀ ਵੈਕਸੀਨ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਅਸਰਦਾਰ ਹੋਣ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਵੀ ਲੋਕਾਂ ਦੇ ਸੰਸੇ ਦੂਰ ਕੀਤੇ ਅਤੇ ਕਿਹਾ ਕਿ ਜਲਦ ਹੀ ਭਾਰਤ ਵਿੱਚ ਹੋਰ ਵੀ ਵੈਕਸੀਨ ਬਦਲ ਉਪਲੱਬਧ ਹੋਣਗੇ।

ਉਨ੍ਹਾਂ ਕਿਹਾ, ''ਵੈਕਸੀਨ ਬੀਮਾਰੀਆਂ ਤੋਂ ਬਚਾਉਂਦੀ ਹੈ, ਇਹ ਬੀਮਰੀ ਤੋਂ ਸੁਰੱਖਿਆ ਤਾਂ ਦਿੰਦੀ ਹੀ ਹੈ ਨਾਲ ਹੀ ਲਾਗ਼ ਤੋਂ ਵੀ ਬਚਾਉਂਦੀ ਹੈ। ਜੇ ਤੁਸੀਂ ਲਾਗ਼ ਤੋਂ ਬਚੇ ਤਾਂ ਤੁਸੀਂ ਇਸ ਨੂੰ ਹੋਰਾਂ ਤੱਕ ਪਹੁੰਚਾ ਵੀ ਨਹੀਂ ਸਕਦੇ। ਇਸ ਲਈ ਵੈਕਸੀਨ ਹਮੇਸ਼ਾਂ ਬੀਮਾਰੀਆਂ ਦੇ ਖ਼ਿਲਾਫ਼ ਬਹੁਤ ਚੰਗਾ ਕੰਮ ਕਰਦੀ ਹੈ।''

ਉਨ੍ਹਾਂ ਨਾਲ ਹੀ ਕਿਹਾ ਕਿ ਵੈਕਸੀਨ ਲਾਗ਼ ਨੂੰ ਰੋਕ ਨਹੀਂ ਸਕਦੀ ਪਰ ਇਸ ਨੂੰ ਘਟਾ ਜ਼ਰੂਰ ਸਕਦੀ ਹੈ।

ਡਾ. ਕੰਗ ਦੇਸ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਜ਼ਿੰਮੇਵਾਰ ਮੱਧ ਵਰਗ ਅਤੇ ਪੇਂਡੂ ਇਲਾਕਿਆਂ ਵਿੱਚ ਇਸ ਦੇ ਵਿਸਥਾਰ ਨੂੰ ਮੰਨਦੇ ਹਨ-ਜਿੱਥੇ ਇਹ ਲਾਗ਼ ਦੀ ਪਹਿਲੀ ਲਹਿਰ ਦੌਰਾਨ ਨਹੀਂ ਸੀ ਪਹੁੰਚਿਆ।

ਅਵਰ ਵਰਲਡ ਇੰਨ ਡਾਟਾਬੇਸ 'ਤੇ ਮੌਜੂਦ ਅੰਕੜਿਆਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਜੋ ਮਾਮਲੇ ਅਸੀਂ ਦੇਖ ਰਹੇ ਹਾਂ ਉਹ ਪਿਛਲੀ ਵਾਰ ਦੇ ਮੁਕਾਬਲੇ ਤਿੰਨ ਤੋਂ ਸਾਢੇ ਤਿੰਨ ਗੁਣਾ ਜ਼ਿਆਦਾ ਹਨ।

ਉਨ੍ਹਾਂ ਕਿਹਾ, ''ਜਿੰਨੀ ਤੇਜ਼ੀ ਨਾਲ ਮਹਾਂਮਾਰੀ ਫ਼ੈਲੀ ਹੈ ਉਨੀਂ ਹੀ ਤੇਜ਼ੀ ਨਾਲ ਇਹ ਘਟੇਗੀ ਵੀ। ਟੈਸਟਿੰਗ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਘੱਟ ਹੋਣ ਦੇ ਬਾਵਜੂਦ ਅਸੀਂ ਇਸ ਸਮੇਂ ਕੋਰੋਨਾ ਦੇ ਮਾਮਲਿਆਂ ਦੀ ਸਿਖ਼ਰ ਦੇਖ ਰਹੇ ਹਾਂ। ਹਰ ਰੋਜ਼ ਚਾਰ-ਸਾਢੇ ਚਾਰ ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।''

ਜੇ ਲੋਕਾਂ ਦੇ ਰਹਿਣ ਲਈ ਜਗ੍ਹਾ ਅਤੇ ਖਾਣਾ ਹੋਵੇ ਤਾਂ ਫ਼ੌਰੀ ਤੌਰ 'ਤੇ ਤਾਲਾਬੰਦੀ ਜ਼ਰੂਰੀ।

ਇਹ ਵੀ ਪੜ੍ਹੋ:

ਕੀ ਦੇਸ ਵਿੱਚ ਤਾਲਾਬੰਦੀ ਹੀ ਆਉਣ ਵਾਲੇ ਸਮੇਂ ਵਿੱਚ ਇਸ ਦਾ ਹੱਲ ਹੋ ਸਕਦਾ ਹੈ?

ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, ''ਜੇ ਅਸੀਂ ਅਗਲੇ ਦੋ-ਤਿੰਨ ਹਫ਼ਤਿਆਂ ਤੱਕ ਘੱਟ ਨਵੇਂ ਮਾਮਲੇ ਚਾਹੁੰਦੇ ਹਾਂ ਤਾਂ ਤਾਲਾਬੰਦੀ ਇਸ ਵਿੱਚ ਜ਼ਰੂਰ ਮਦਦ ਕਰੇਗੀ। ਅਸੀਂ ਅੱਜ ਹੀ ਲੌਕਡਾਊਨ ਲਗਾਉਣਾ ਚਹੁੰਦੇ ਹਾਂ, ਇਸ ਨਾਲ ਇੱਕ ਵਾਰ ਦੀ ਗਾਰੰਟੀ ਹੋਵੇਗੀ ਕਿ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਘੱਟ ਜਾਣਗੇ।''

''ਪਰ ਸਵਾਲ ਇਹ ਹੈ ਕਿ ਕੀ ਅਸੀਂ ਇਹ ਕਰਨ ਦੀ ਸਥਿਤੀ ਵਿੱਚ ਹਾਂ, ਜੇ ਤੁਸੀਂ ਇਹ ਕਰਦੇ ਹੋ ਤਾਂ ਤੁਹਾਨੂੰ ਦਿਖਾਉਣਾ ਪਵੇਗਾ ਕਿ ਤੁਸੀਂ ਬੀਤੇ ਸਾਲ ਜੋ ਮਨੁੱਖੀ ਤ੍ਰਾਸਦੀ ਤਾਲਾਬੰਦੀ ਨਾਲ ਪੈਦਾ ਹੋਈ ਸੀ ਉਸ ਨਾਲ ਨਜਿੱਠਣਾ ਲਈ ਕੀ ਸਿੱਖਿਆ ਹੈ, ਜੇ ਇਹ ਗਾਰੰਟੀ ਦਿੱਤੀ ਜਾਵੇ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ, ਲੋਕਾਂ ਨੂੰ ਰਹਿਣ ਲਈ ਸੁਰੱਖਿਅਤ ਜਗ੍ਹਾ, ਖਾਣਾ ਦਿੱਤਾ ਜਾਵੇ, ਇਹ ਤੈਅ ਕੀਤਾ ਜਾਵੇ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੁੰਦੀ ਤਾਂ ਲੌਕਡਾਊਨ ਲਗਾਉਣਾ ਚਾਹੀਦਾ ਹੈ।''

18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਵਿੱਚ ਲਾਗ਼ ਦਾ ਸਭ ਤੋਂ ਘੱਟ ਖ਼ਤਰਾ ਹੈ, ਮੁਕਾਬਲਤਨ ਬਜ਼ੁਰਗਾਂ ਅਤੇ ਉਨ੍ਹਾਂ ਲੋਕਾਂ ਦੇ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਹਨ, ਉਨ੍ਹਾਂ ਨੂੰ ਖ਼ਤਰਾ ਥੋੜ੍ਹਾ ਜ਼ਿਆਦਾ ਹੈ।ਕੰਗ ਕਹਿੰਦੇ ਹਨ, ''ਹਰ ਦੇਸ 'ਚ ਟੀਕਾਕਰਨ ਦੀ ਸ਼ੁਰੂਆਤ ਗੇੜਾਂ ਵਿੱਚ ਵੰਡ ਕੇ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਨ੍ਹਾਂ ਲੋਕਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਮਿਲੇ।''

ਭਾਰਤ ਵਿੱਚ ਕੋਰੋਨਾ ਵਾਇਰਸ ਦਾ ਸਥਾਨਕ ਵੇਰੀਐਂਟ ਵੱਧਦੇ ਮਾਮਲਿਆਂ ਦਾ ਕਾਰਨ

ਭਾਰਤ ਵਿੱਚ ਕੋਰੋਨਾ ਵਾਇਰਸ ਦਾ ਸਥਾਨਕ ਵੇਰੀਐਂਟ ਵੱਧਦੇ ਮਾਮਲਿਆਂ ਦਾ ਕਾਰਨ ਬਣ ਰਿਹਾ ਹੈ।

ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਦੇ ਮੁਖੀ ਸੁਜੀਤ ਕੁਮਾਰ ਨੇ ਦੱਸਿਆ ਹੈ, ''ਭਾਰਤ ਵਿੱਚ ਯੂਕੇ ਵੇਰੀਐਂਟ ਵਾਲੇ ਕੁਝ ਕੋਰੋਨਾ ਲਾਗ਼ ਦੇ ਮਾਮਲੇ ਸ਼ੁਰੂਆਤੀ ਦਿਨਾਂ ਵਿੱਚ ਮਿਲੇ ਸਨ, ਪਰ ਹੁਣ ਕਈ ਸੂਬਿਆਂ ਵਿੱਚ ਕੋਰੋਨਾ ਦੇ ਸਥਾਨਕ ਵੇਰੀਐਂਟ ਦੁਆਰਾ ਲਾਗ਼ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ।''

ਬੁੱਧਵਾਰ ਨੂੰ ਦੇਸ ਭਰ 'ਚ ਕੋਰੋਨਾ ਦੇ 4,12,262 ਨਵੇਂ ਮਾਮਲੇ ਸਾਹਮਣੇ ਆਏ ਅਤੇ ਪਿਛਲੇ 24 ਘੰਟਿਆਂ ਵਿੱਚ 3,980 ਲੋਕਾਂ ਦੀ ਕੋਰੋਨਾ ਲਾਗ਼ ਨਾਲ ਮੌਤ ਹੋਈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਹੁਣ ਤੱਕ ਦੇਸ ਵਿੱਚ ਕੋਰੋਨਾ ਲਾਗ਼ ਦੇ ਕੁੱਲ 2,10,77,410 ਮਾਮਲੇ ਆ ਚੁੱਕੇ ਹਨ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 23,01,68 ਹੋ ਚੁੱਕੀ ਹੈ।

ਕੇਰਲ ਅਤੇ ਹਿਮਾਚਲ ਪ੍ਰਦੇਸ਼ ਵਿੱਚ 16 ਮਈ ਤੱਕ ਤਾਲਾਬੰਦੀ ਦਾ ਐਲਾਨ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਪਸਾਰ ਕਾਰਨ ਵੱਖ- ਵੱਖ ਸੂਬੇ ਸਥਿਤੀ ਅਨੁਸਾਰ ਫ਼ੈਸਲੇ ਲੈ ਰਹੇ ਹਨ। ਇਸੇ ਤਹਿਤ ਕੇਰਲ ਨੇ ਤਾਲਾਬੰਦੀ ਦਾ ਐਲਾਨ ਕੀਤਾ ਹੈ।

8 ਮਈ ਨੂੰ ਸਵੇਰੇ 6 ਵਜੇ ਤੋਂ ਇਹ ਤਾਲਾਬੰਦੀ ਲਾਗੂ ਹੋਵੇਗੀ। ਮੁੱਖ ਮੰਤਰੀ ਪਿਨਰਾਈ ਵਿਜਯਨ ਦੇ ਦਫ਼ਤਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਕੇਰਲ ਤੋਂ ਇਲਾਵਾ ਹੋਰ ਵੀ ਕਈ ਸੂੁਬੇ ਤਾਲਾਬੰਦੀ ਵੱਲ ਵਧ ਰਹੇ।

ਹਿਮਾਚਲ ਪ੍ਰਦੇਸ਼ ਨੇ ਵੀ 7 ਮਈ ਤੋਂ 16 ਮਈ ਤੱਕ ਕੋਰੋਨਾ ਕਰਫ਼ਿਊ ਦੀ ਘੋਸ਼ਣਾ ਕੀਤੀ ਹੈ। ਸੂਬੇ ਦੀਆਂ ਸਿੱਖਿਆ ਸੰਸਥਾਵਾਂ ਵੀ 31 ਮਈ ਤੱਕ ਬੰਦ ਰਹਿਣਗੀਆਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਪ੍ਰਮੋਟ ਕੀਤਾ ਜਾਵੇਗਾ।

ਇਹ ਫ਼ੈਸਲਾ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਵਿੱਚ ਹੋਈ ਮੰਤਰੀਮੰਡਲ ਦੀ ਬੈਠਕ ਵਿੱਚ ਲਿਆ ਗਿਆ।

ਦਿੱਲੀ ਅਤੇ ਮਹਾਰਾਸ਼ਟਰ ਵਿੱਚ ਪਹਿਲਾਂ ਤੋਂ ਹੀ ਤਾਲਾਬੰਦੀ ਜਾਰੀ ਹੈ ਅਤੇ ਉੱਤਰ ਪ੍ਰਦੇਸ਼, ਉਡੀਸ਼ਾ ਵਰਗੇ ਸੂਬਿਆਂ ਵਿਚ ਨਾਈਟ ਕਰਫਿਊ ਲਾਗੂ ਹੈ।

ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੀ ਕੋਰੋਨਾ ਨਾਲ ਹੋਈ ਮੌਤ

ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੀ ਮੰਗਲਵਾਰ ਰਾਤ ਕੋਰੋਨਾ ਲਾਗ਼ ਲੱਗਣ ਨਾਲ ਸਿਹਤ ਵਿਗੜਨ ਤੋਂ ਮੌਤ ਹੋ ਗਈ। ਉਹ 82 ਵਰ੍ਹਿਆਂ ਦੇ ਸਨ।

ਅਜੀਤ ਸਿੰਘ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਅਜੀਤ ਸਿੰਘ ਦੀ ਹਾਲਤ ਫ਼ੇਫੜਿਆਂ ਦੀ ਇੰਨਫ਼ੈਕਸ਼ਨ ਵੱਧਣ ਨਾਲ ਖ਼ਰਾਬ ਹੋਈ ਅਤੇ ਉਨ੍ਹਾਂ ਨੇ ਮੰਗਲਵਾਰ ਰਾਤ ਆਖ਼ਰੀ ਸਾਹ ਲਏ।

ਇੰਡੀਆ ਟੂਡੇ ਦੀ ਇੱਕ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਦੇ ਉੱਘੇ ਆਗੂ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਗੂਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਇਲਾਜ ਚੱਲ ਰਿਹਾ ਸੀ।

ਅਜੀਤ ਸਿੰਘ ਦੀ ਹਾਲਤ ਫ਼ੇਫੜਿਆਂ ਦੀ ਇੰਨਫ਼ੈਕਸ਼ਨ ਵੱਧਣ ਨਾਲ ਖ਼ਰਾਬ ਹੋਈ ਅਤੇ ਉਨ੍ਹਾਂ ਨੇ ਮੰਗਲਵਾਰ ਰਾਤ ਆਖ਼ਰੀ ਸਾਹ ਲਏ।

ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ ਖੜਗਪੁਰ ਅਤੇ ਇਲੀਨੋਇਸ ਇੰਸਟੀਚਿਊਟ ਆਫ਼ ਟੈਕਨੋਲੋਜੀ ਸ਼ਿਕਾਗੋ ਦੇ ਵਿਦਿਆਰਥੀ ਰਹਿ ਚੁੱਕੇ ਚੌਧਰੀ ਅਜੀਤ ਸਿੰਘ ਪਹਿਲੀ ਵਾਰ ਸਾਲ 1986 ਵਿੱਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਪਿਛਲੇ 24 ਘੰਟਿਆਂ ਵਿੱਚ ਸਵਾ ਚਾਰ ਲੱਖ ਨਵੇਂ ਮਰੀਜ਼

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਬੁੱਧਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 4,12,262 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ 3,980 ਲੋਕਾਂ ਦੀ ਮੌਤ ਹੋਈ ਹੈ। ਇਸ ਸਮੇਂ ਦੇਸ਼ ਵਿਚ ਕੁੱਲ 35,66,398 ਮਾਮਲੇ ਐਕਟਿਵ ਹਨ।ਬੀਤੇ ਘੰਟਿਆਂ ਵਿੱਚ 3,29,113 ਲੋਕ ਹਸਪਤਾਲ ਤੋਂ ਠੀਕ ਹੋ ਕੇ ਘਰ ਵਾਪਸ ਆ ਗਏ ਹਨ।

ਦੇਸ਼ ਵਿੱਚ ਕੋਰੋਨਾ ਲਾਗ ਦੇ ਕੁੱਲ 2,10,77,410 ਮਾਮਲੇ ਹੋ ਚੁੱਕੇ ਹਨ । ਸਰਕਾਰੀ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਸੰਖਿਆ 2,301,68 ਹੋ ਚੁੱਕੀ ਹੈ।

ਵੈਕਸੀਨ ਦੇ ਪੇਟੇਂਟ ਵਿੱਚ ਛੋਟ ਦੇਵੇਗਾ ਅਮਰੀਕਾ, ਭਾਰਤ ਨੂੰ ਮਿਲੇਗੀ ਵੱਡੀ ਰਾਹਤ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਇਹ ਫ਼ੈਸਲਾ ਕੋਰੋਨਾ ਮਹਾਂਮਾਰੀ ਦੀ ਜੰਗ ਜਿੱਤਣ ਵਿੱਚ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਰਾਸ਼ਟਰਪਤੀ ਬਾਇਡਨ ਨੇ ਬੁੱਧਵਾਰ ਨੂੰ ਕੋਵਿਡ-19 ਵੈਕਸੀਨ ਨੂੰ ਬੌਧਿਕ ਜਾਇਦਾਦ ਪੇਟੇਂਟ ਤੋਂ ਮੁਕਤ ਰੱਖਣ ਦਾ ਸਮਰਥਨ ਕੀਤਾ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਪਹਿਲਾਂ ਹੀ ਭਾਰਤ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਰਗੇ ਦੇਸ ਕੌਮਾਂਤਰੀ ਪੱਧਰ 'ਤੇ ਕੋਸ਼ਿਸ਼ ਕਰ ਰਹੇ ਸਨ ਕਿ ਕੋਵਿਡ ਵੈਕਸੀਨ ਨੂੰ ਪੇਟੇਂਟ ਮੁਕਤ ਰੱਖਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਇਸ ਮਹਾਂਮਾਰੀ ਨਾਲ ਲੜਨ ਵਿੱਚ ਮਦਦ ਮਿਲੇ।

ਵਿਸ਼ਵ ਵਪਾਰ ਸੰਗਠਨ ਯਾਨੀ ਡਬਲਿਉਟੀਓ ਵਿੱਚ ਅਮਰੀਕਾ ਪ੍ਰਸਾਤਾਵ ਦੇ ਖ਼ਿਲਾਫ਼ ਸੀ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਇਸ ਨੂੰ ਪੇਟੇਂਟ ਮੁਕਤ ਰੱਖਿਆ ਜਾਵੇ। ਪਰ ਜੋਅ ਬਾਇਡਨ 'ਤੇ ਇਸ ਮਾਮਲੇ ਵਿੱਚ ਕਾਫ਼ੀ ਦਬਾਅ ਸੀ।

ਇਥੋਂ ਤੱਕ ਕਿ ਕਾਂਗਰਸ ਵਿੱਚ ਵੀ ਡੈਮੋਕ੍ਰੇਟਿਕ ਸੰਸਦ ਚਾਹੁੰਦੇ ਸਨ ਕਿ ਵੈਕਸੀਨ ਨੂੰ ਬੌਧਿਕ ਜਾਇਦਾਦ ਪੇਟੇਂਟ ਦੇ ਦਾਇਰੇ ਵਿੱਚੋਂ ਬਾਹਰ ਰੱਖਿਆ ਜਾਵੇ ਤਾਂ ਕਿ ਬਾਕੀ ਦੇਸਾਂ ਨੂੰ ਕੋਰੋਨਾ ਖ਼ਿਲਾਫ ਜੰਗ ਵਿੱਚ ਮਦਦ ਮਿਲੇ।

ਬੁੱਧਵਾਰ ਨੂੰ ਡਬਲਿਉਟੀਓ ਵਿੱਚ ਅਮਰੀਕਾ ਦੇ ਵਣਿਜ ਦੂਤ ਕੈਥਰੀਨ ਤਾਈ ਨੇ ਕਿਹਾ, ''ਇਹ ਬਹੁਤ ਹੀ ਅਸਧਾਰਨ ਸਮਾਂ ਹੈ ਅਤੇ ਅਸੀਂ ਅਸਧਾਰਨ ਫ਼ੈਸਲਾ ਲਿਆ ਹੈ। ਅਮਰੀਕਾ ਨੇ ਕੋਵਿਡ-19 ਵੈਕਸੀਨ ਨੂੰ

ਬੌਧਿਕ ਜਾਇਦਾਦ ਪੇਟੇਂਟ ਤੋਂ ਬਾਹਰ ਰੱਖਣ ਦਾ ਸਮਰਥਨ ਕੀਤਾ ਹੈ ਤਾਂ ਜੋ ਮਹਾਂਮਾਰੀ ਨੂੰ ਖ਼ਤਮ ਕਰਨ ਵਿੱਚ ਮਦਦ ਮਿਲੇ।''

''ਅਸੀਂ ਬੌਧਿਕ ਜਾਇਦਾਦ ਦੇ ਪੇਟੇਂਟ ਵਿੱਚ ਪੂਰਾ ਯਕੀਨ ਰੱਖਦੇ ਹਾਂ ਪਰ ਕੋਵਿਡ-19 ਵੈਕਸੀਨ ਵਿੱਚ ਛੋਟ ਦੇ ਰਹੇ ਹਾਂ ਤਾਂ ਕਿ ਪੂਰੀ ਦੁਨੀਆਂ ਵਿੱਚੋਂ ਮਹਾਂਮਾਰੀ ਨੂੰ ਖ਼ਤਮ ਕਰਨ ਵਿੱਚ ਮਦਦ ਮਿਲ ਸਕੇ। ਸਾਡਾ ਉਦੇਸ਼ ਹੈ ਕਿ ਦੁਨੀਆਂ ਭਰ ਵਿੱਚ ਲੋਕਾਂ ਤੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਪਹੁੰਚੇ। ਅਸੀਂ ਵੈਕਸੀਨ ਲਈ ਕੱਚੇ ਮਾਲ ਦੇ ਉਤਪਾਦਨ ਨੂੰ ਵੀ ਵਧਾਵਾਂਗੇ।''

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਬਾਇਡਨ ਪ੍ਰਸ਼ਾਸਨ 'ਤੇ ਸਮਾਜਿਕ ਕਾਰਕੁਨਾਂ ਦਾ ਵੀ ਦਬਾਅ ਸੀ ਕਿ ਮਹਾਂਮਾਰੀ ਦੇ ਸਮੇਂ ਵਿੱਚ ਅਮਰੀਕਾ ਵੈਕਸੀਨ ਨੂੰ ਪੇਟੇਂਟ ਤੋਂ ਮੁਕਤ ਰੱਖੇ।

ਪਰ ਕਿਹਾ ਜਾ ਰਿਹਾ ਹੈ ਕਿ ਸਿਰਫ਼ ਪੇਟੇਂਟ ਵਿੱਚ ਛੋਟ ਦੇਣ ਨਾਲ ਹੀ ਵੈਕਸੀਨ ਦੀ ਸਪਲਾਈ ਵਿੱਚ ਵਾਧਾ ਨਹੀਂ ਹੋ ਜਾਵੇਗਾ। ਇਸ ਲਈ ਤਕਨੀਕ ਟ੍ਰਾਂਸਫ਼ਰ ਵੀ ਜ਼ਰੂਰੀ ਹੋਵੇਗੀ ਅਤੇ ਤਕਨੀਕ ਦੇ ਇਸਤੇਮਾਨ ਨੂੰ ਵੀ ਸਿਖਣਾ ਪਵੇਗਾ।

ਯੇਲ ਯੂਨੀਵਰਸਿਟੀ ਦੇ ਲਾਗ਼ ਮਾਹਰ ਅਤੇ ਏਡਸ ਐਕਟੀਵਿਸਟ ਗ੍ਰੇਗ ਗੌਂਜਾਲਵੇਸ ਨੇ ਕਿਹਾ ਕਿ ਇਹ ਸ਼ੁਰੂਆਤ ਹੈ ਅਤੇ ਅੱਗੇ ਬਾਕੀ ਪ੍ਰੀਕਿਰਿਆ ਲਈ ਉਡੀਕ ਕਰਨੀ ਪਵੇਗੀ।ਉੁਨ੍ਹਾਂ ਨੇ ਕਿਹਾ ਕਿ ਇਸ ਦਾ ਕੰਮ ਤਕਨੀਕ ਟ੍ਰਾਂਸਫ਼ਰ ਤੋਂ ਬਿਨਾ ਨਹੀਂ ਹੋਵੇਗਾ।

WTO ਵਿੱਚ ਭਾਰਤ ਅਤੇ ਦੱਖਣ ਅਫ਼ਰੀਕਾ ਨੇ ਕੋਵਿਡ-19 ਵੈਕਸੀਨ ਨੂੰ ਬੌਧਿਕ ਜਾਇਦਾਦ ਦੇ ਪੇਟੇਂਟ ਦੇ ਦਾਇਰੇ ਤੋਂ ਬਾਹਰ ਰੱਖਣ ਲਈ ਪ੍ਰਸਤਾਵ ਪੇਸ ਕੀਤਾ ਸੀ।

ਵੀਡੀਓ ਕੈਪਸ਼ਨ, ਅਲੀ ਕਾਜ਼ਮੀ ਨੇ ਭਾਰਤੀਆਂ ਦੀ ਤੰਦਰੁਸਤੀ ਲਈ ਇੰਝ ਮੰਗੀ ਦੁਆ

ਕੋਵਿਡ ਵੈਕਸੀਨ ਨੂੰ ਪੇਟੇਂਟ ਮੁਕਤ ਰੱਖਣ ਨਾਲ ਭਾਰਤ ਵਿੱਚ ਵੈਕਸੀਨ ਦਾ ਉਤਪਾਦਨ ਵਧੇਗਾ ਅਤੇ ਕਈ ਤਰ੍ਹਾਂ ਦੀ ਵੈਕਸੀਨ ਦਾ ਉਤਪਾਦਨ ਹੋ ਸਕੇਗਾ।

ਭਾਰਤ ਇੱਕ ਅਰਬ 30 ਕਰੋੜ ਦੀ ਆਬਾਦੀ ਵਾਲਾ ਦੇਸ ਹੈ ਅਤੇ ਅਮਰੀਕਾ ਦੇ ਇਸ ਫ਼ੈਸਲੇ ਨਾਲ ਵਪਾਰਕ ਪੈਮਾਨਿਆਂ 'ਤੇ ਟੀਕਾਕਰਨ ਮੁਹਿੰਮ ਚਲਾਉਣ ਵਿੱਚ ਵੱਡੀ ਮਦਦ ਮਿਲੇਗੀ।ਅਮਰੀਕਾ ਦੇ ਇਸ ਫ਼ੈਸਲੇ ਦਾ ਵਿਸ਼ਵ ਸਿਹਤ ਸੰਗਠਨ ਨੇ ਵੀ ਸਵਾਗਤ ਕੀਤਾ ਹੈ।

ਡਬਲਿਉਐੱਚਓ ਮੁਖੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਇੱਕ ਪ੍ਰਭਾਵਸ਼ਾਲੀ ਅਗਵਾਈ ਦਾ ਫ਼ੈਸਲਾ ਹੈ ਤੇ ਦੁਨੀਆਂ ਦੀਆਂ ਸਿਹਤ ਚਿੰਤਾਵਾਂ ਨੂੰ ਸਮਝਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਫ਼ੈਸਲਾ ਹੈ ਜਿਸ ਨਾਲ ਦੁਨੀਆਂ ਵਿੱਚ ਹਰ ਇੱਕ ਨੂੰ ਔਖੇ ਸਮੇਂ ਵਿੱਚ ਮਦਦ ਮਿਲੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)