ਕੋਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਭਾਰਤ 'ਚ ਟੀਕਾਕਰਨ ਕਦੋਂ ਨਿਬੜੇਗਾ
- ਲੇਖਕ, ਰਾਘਵੇਂਦਰ ਰਾਓ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾ ਮਹਾਮਾਰੀ ਨਾਲ ਦੋ-ਚਾਰ ਹੋ ਰਹੇ ਭਰਤ ਦੀਆਂ ਉਮੀਦਾਂ ਟੀਕਾਕਰਨ 'ਤੇ ਟਿਕੀਆ ਹਨ। ਕੇਂਦਰ ਸਰਕਾਰ ਨੇ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਮੌਜੂਦਾ ਹਾਲਾਤ ਵਿੱਚ ਬਹੁਤ ਸਾਰੇ ਲੋਕਾ ਲਈ ਟੀਕਾ ਹਾਸਲ ਕਰਨਾ ਮੁਹਾਲ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਅਪ੍ਰੈਲ ਨੂੰ ਇਹ ਐਲਾਨ ਕੀਤਾ ਸੀ ਕਿ ਪਹਿਲੀ ਮਈ ਤੋਂ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਉਣੀ ਸ਼ੁਰੂ ਕੀਤੀ ਜਾਵੇਗੀ। ਕੋਰੋਨਾ ਮਹਾਮਾਰੀ ਦੇ ਦੂਜੇ ਉਬਾਲ ਨਾਲ ਸਿੱਝ ਰਹੇ ਭਾਰਤੀਆਂ ਲਈ ਇਹ ਐਲਾਨ ਇੱਕ ਵੱਡੀ ਰਾਹਤ ਵਾਲੀ ਖ਼ਬਰ ਸੀ।
ਹਾਲਾਂਕਿ ਇੱਕ ਮਈ ਆਉਣ ਤੋਂ ਪਹਿਲਾਂ ਹੀ ਇਹ ਸਾਫ਼ ਦਿਖਣ ਲੱਗਿਆ ਸੀ ਕਿ ਇਸ ਟੀਕਾਕਰਨ ਮਿਸ਼ਨ ਦੀ ਪੂਰੀ ਤਿਆਰੀ ਨਹੀਂ ਹੋ ਸਕੀ ਸੀ। 30 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਤਾ ਨੂੰ ਅਪੀਲ ਵਿੱਚ ਕਿਹਾ ਸੀ ਕਿ ਹਸਪਤਾਲਾਂ ਦੇ ਬਾਹਰ ਕਤਾਰਾਂ ਨਾ ਲਾਉਣ ਕਿਉਂਕਿ ਵੈਕਸੀਨ ਦੀ ਸਪਲਾਈ ਹਾਸਲ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ:
ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਜਿੱਥੇ ਇੱਕ ਪਾਸੇ ਦਿੱਲੀ ਸਰਕਾਰ ਵੈਕਸੀਨ ਖ਼ਰੀਦ ਨਹੀਂ ਸਕੀ, ਉਥੇ 30 ਅਪ੍ਰੈਲ ਦੀ ਸ਼ਾਮ ਦਿੱਲੀ ਦੇ ਕੁਝ ਨਿਜੀ ਹਸਪਤਾਲਾਂ ਨੇ ਇਹ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਵੈਕਸੀਨ ਦਾ ਸਟਾਕ ਮਿਲ ਗਿਆ ਹੈ ਅਤੇ ਉਹ ਪਹਿਲੀ ਮਈ ਤੋਂ ਟੀਕਾਕਰਨ ਸ਼ੁਰੂ ਕਰਨਗੇ।
ਪਹਿਲੀ ਮਈ ਦੀ ਸਵੇਰੇ ਹੀ ਦਿੱਲੀ ਦੇ ਵੱਡੇ ਨਿੱਜੀ ਹਸਪਤਾਲਾਂ ਦੇ ਬਾਹਰ ਵੈਕਸੀਨ ਲਵਾਉਣ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ ਪਰ ਦਿਨ ਖ਼ਤਮ ਹੁੰਦੇ-ਹੁੰਦੇ ਪੂਰੇ ਦੇਸ਼ ਵਿੱਚ 18 ਤੋਂ 44 ਸਾਲ ਦੇ ਲੋਕਾਂ ਵਿੱਚੋਂ ਸਿਰਫ਼ 84,599 ਨੂੰ ਹੀ ਕੋਵਿਡ ਦੇ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਸਕੀ।
ਕਈ ਸੂਬਾ ਸਰਕਾਰਾਂ ਜਿਨ੍ਹਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਵੀ ਸ਼ਾਮਲ ਹਨ, ਪਹਿਲਾ ਹੀ ਕਹਿ ਚੁੱਕੀਆਂ ਹਨ ਕਿ ਉਨ੍ਹਾਂ ਕੋਲ 18 ਸਾਲ ਤੋਂ ਵੱਡੇ ਲੋਕਾਂ ਨੂੰ ਲਾਉਣ ਦੀ ਲੋੜੀਂਦੀਆਂ ਖ਼ੁਰਾਕਾਂ ਨਹੀਂ ਹਨ।
ਕੋਵਿਨ ਪਲੇਟਫਾਰਮ 'ਤੇ ਟੀਕਾ ਲਵਾਉਣ ਲਈ ਰਜਿਸਟਰ ਕਰਨ ਤੋਂ ਬਾਅਦ ਵੀ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕੇ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਨਿੱਜੀ ਹਸਪਤਾਲ ਲੋਕਾਂ ਤੋਂ ਟੀਕਾ ਲਾਉਣ ਦੇ 900 ਤੋਂ 1250 ਰੁਪਏ ਤੱਕ ਵਸੂਲ ਕਰ ਰਹੇ ਹਨ। ਫਿਰ ਵੀ ਵੈਕਸੀਨ ਦੀ ਕਮੀ ਕਾਰਨ ਟੀਕੇ ਦੀ ਮੰਗ ਪੂਰੀ ਕਰਨ ਤੋਂ ਅਸਮਰੱਥ ਹਨ।
ਦਿਲ ਦੀਆਂ ਬੀਮਾਰੀਆਂ ਦੇ ਉੱਘੇ ਮਾਹਰ ਅਤੇ ਮੇਦਾਂਤਾ ਹਸਪਤਾਲ ਦੇ ਚੇਅਰਮੈਨ ਡਾ. ਨਰੇਸ਼ ਤਰੇਹਨ ਦਾ ਮੰਨਣਾ ਹੈ ਕਿ ਟੀਕਾਕਰਨ ਦੇ ਮਾਮਲੇ ਵਿੱਚ ਖੁੱਲ੍ਹੇ ਬਜ਼ਾਰ ਦੀ ਨੀਤੀ ਅਪਨਾਉਣਾ ਸਹੀ ਨਹੀਂ ਹੈ।
ਡਾ. ਤਰੇਹਨ ਕਹਿੰਦੇ ਹਨ, ਕੀਮਤ ਤੈਅ ਕਰ ਕੇ ਸਰਕਾਰ ਖ਼ਰੀਦ ਲੈਂਦੀ ਅਤੇ ਨਿੱਜੀ ਹਸਪਤਾਲ ਸਰਕਾਰ ਤੋਂ ਖ਼ਰੀਦ ਲੈਂਦੇ। ਲੋਕਾਂ ਨੇ ਫਰੀ-ਮਾਰਕੀਟ ਕਾਰਨ ਆਪਣੀ ਜਾਣ-ਪਛਾਣ ਨਾਲ ਜਾਂ ਪੈਸੇ ਦੇ ਕੇ ਕਿਸੇ ਰਾਹੀਂ ਟੀਕਾ ਖ਼ਰੀਦ ਲਿਆ ਇਹ ਗ਼ਲਤ ਹੈ।"
ਡਾ. ਤਰੇਹਨ ਕਹਿੰਦੇ ਹਨ ਕਿ ਉਹ ਇਸ ਪੱਖ ਵਿੱਚ ਹਨ ਕਿ ਨਿੱਜੀ ਖੇਤਰ ਨੂੰ ਆਗਿਆ ਦਿੱਤੀ ਜਾਵੇ ਪਰ ਉਸ ਲਈ ਮੁੱਲ ਤੈਅ ਕੀਤਾ ਜਾਵੇ।
ਉਹ ਕਹਿੰਦੇ ਹਨ,"ਇਹ ਨਿਆਂਯੁਕਤ ਹੁੰਦਾ ਕਿ ਸਾਰਿਆਂ ਨੂੰ ਇੱਕੋ ਮੁੱਲ ਤੇ ਟੀਕਾ ਮਿਲੇ।"

ਤਸਵੀਰ ਸਰੋਤ, TWITTER/NARENDRAMODI
ਕਿੰਨੀ ਵੈਕਸੀਨ ਦੀ ਲੋੜ ਹੈ?
ਭਾਰਤ ਵਿੱਚ 45 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਵਿੱਚ ਹੁਣ ਤੱਕ 16 ਕਰੋੜ ਨੂੰ ਖ਼ੁਰਾਕ ਮਿਲ ਚੁੱਕੀ ਹੈ ਪਰ ਇਸ ਵਰਗ ਵਿੱਚ ਆਉਣ ਵਾਲੇ ਇਨ੍ਹਾਂ 44 ਕਰੋੜ ਲੋਕਾਂ ਲਈ ਹਾਲੇ 72 ਕਰੋੜ ਟੀਕਿਆਂ ਦੀ ਲੋੜ ਹੈ ਕਿਉਂਕਿ 44 ਕਰੋੜ ਲੋਕਾਂ ਲਈ 88 ਕਰੋੜ ਖ਼ੁਰਾਕਾਂ ਦੀ ਲੋੜ ਪਵੇਗੇ।
ਮੌਜੂਦਾ ਹਾਲਤ ਇਹ ਹਨ ਕਿ ਭਾਰਤ ਵਿੱਚ ਹਰ ਦਿਨ ਔਸਤ 20 ਤੋਂ 25 ਲੱਖ ਟੀਕੇ ਹੀ ਲਾਏ ਜਾ ਰਹੇ ਹਨ। ਸ਼ਨਿੱਚਰਵਾਰ-ਐਤਵਾਰ ਨੂੰ ਇਹ ਸੰਖਿਆ ਹੋਰ ਵੀ ਹੇਠਾਂ ਡਿੱਗ ਜਾਂਦੀ ਹੈ।
ਮਿਸਾਲ ਵਜੋਂ ਦੋ ਮਈ ਨੂੰ ਐਤਵਾਰ ਸੀ ਅਤੇ ਉਸ ਦਿਨ ਪੂਰੇ ਦੇਸ਼ ਵਿੱਚ ਸਿਰਫ਼ 12.10 ਲੱਖ ਖ਼ੁਰਾਕਾਂ ਹੀ ਦਿੱਤੀਆਂ ਜਾ ਸਕੀਆਂ। ਵੀਕੈਂਡ ਦੇ ਦਿਨਾਂ ਵਿੱਚ ਟੀਕਾ ਲੱਗਣ ਦੀ ਸੰਖਿਆ ਵਿੱਚ ਵੱਡੀ ਕਮੀ ਕਈ ਹਫ਼ਤਿਆਂ ਤੋਂ ਦੇਖੀ ਜਾ ਰਹੀ ਹੈ।
ਜੇ ਅਸੀਂ ਮੰਨ ਕੇ ਚੱਲੀਏ ਕਿ 70 ਫ਼ੀਸਦੀ ਵਸੋਂ ਨੂੰ ਟੀਕਾ ਲਾਉਣ ਨਾਲ ਹਰਡ ਇਮਿਊਨਿਟੀ ਆਜਾਵੇਗੀ ਤਾਂ ਇਨ੍ਹਾਂ 106 ਕਰੋੜ ਲੋਕਾਂ ਵਿੱਚੋਂ ਘੱਟੋ-ਘੱਟ 74 ਕਰੋੜ ਲੋਕਾਂ ਨੂੰ ਇੱਕ ਸਾਲ ਦੇ ਅੰਦਰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗਣੀਆਂ ਚਾਹੀਦੀਆਂ ਹਨ। ਹਰ ਦਿਨ 40 ਲੱਖ ਲੋਕਾਂ ਦਾ ਟੀਕਾਕਰਨ ਯਕੀਨੀ ਬਣਾਉਣਾ ਪਵੇਗਾ। ਇਸ ਹਿਸਾਬ ਨਾਲ ਹਰ ਮਹੀਨੇ 12 ਕਰੋੜ ਟੀਕਿਆਂ ਦੀ ਲੋੜ ਪਵੇਗੀ।
ਕਿਵੇਂ ਰਿਹਾ ਵੈਕਸਈਨ ਦਾ ਰੋਲਆਊਟ?
ਭਾਰਤ ਵਿੱਚ ਜਨਵਰੀ ਤੋਂ ਸ਼ੁਰੂ ਹੋਣ ਤੋਂ ਬਾਅਦ ਚਾਰ ਮਈ ਦੇ ਸਵੇਰੇ ਤੱਕ ਵੈਕਸੀਨ ਦੀਆਂ ਕੁੱਲ 15.89 ਕਰੋੜ ਖ਼ੁਰਾਕਾਂ ਹੀ ਲਾਈਆਂ ਜਾ ਸਕੀਆਂ ਸਨ।
ਇਨ੍ਹਾਂ ਵਿੱਚੋਂ 12.92 ਕਰੋੜ ਪਹਿਲੀਆਂ ਖ਼ੁਰਾਕਾਂ ਸਨ ਅਤੇ 2.97 ਕਰੋੜ ਦੂਜੀਆਂ। ਬਹੁਤ ਸਾਰੇ ਸੂਬਿਆਂ ਵਿੱਚ ਪਹਿਲੀ ਖ਼ੁਰਾਕ ਲਗਵਾ ਚੁੱਕੇ ਲੋਕ ਦੂਜੀ ਵਾਰੀ ਦੀ ਉਡੀਕ ਕਰ ਰਹੇ ਹਨ ਪਰ ਵੈਕਸੀਨ ਦੀ ਕਮੀ ਕਾਰਨ ਦੂਜੀ ਡੋਜ਼ ਲੱਗਣ ਵਿੱਚ ਦੇਰੀ ਹੋ ਰਹੀ ਹੈ।
ਡਾ. ਨਰੇਸ਼ ਤਰੇਹਨ ਦਾ ਮੰਨਣਾ ਹੈ ਕਿ ਵੈਕਸੀਨ ਵੰਡਣ ਦਾ ਜੋ ਸਿਸਟਮ ਪਹਿਲਾ ਚੱਲ ਰਿਹਾ ਸੀ ਉਸ ਦਾ ਸੱਤਿਆ-ਨਾਸ ਕਰਨ ਦੀ ਲੋੜ ਨਹੀਂ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਉਹ ਕਹਿੰਦੇ ਹਨ, "ਜੇ ਕੰਪਨੀਆਂ ਨੂੰ ਵਧੇਰੇ ਮੁੱਲ ਦੇਣੇ ਹਨ ਅਤੇ ਸਰਕਾਰ ਉੱਪਰ ਬੋਝ ਘਟਾਉਣਾ ਹੈ ਤਾਂ ਅਜਿਹਾ ਹੋਣਾ ਚਾਹੀਦਾ ਹੈ। (ਪਰ) ਜੋ ਬਦਇੰਤਜ਼ਾਮੀ ਹੋ ਗਈ ਹੈ, ਬਜ਼ਾਰ ਵਿੱਚੋਂ ਜਿਸ ਨੇ ਪਿਛਲੇ ਦਰਵਾਜ਼ੇ ਤੋਂ ਵੈਕਸੀਨ ਖ਼ਰੀਦ ਲਈ ਉਹ ਖ਼ੁਸ਼ ਹਨ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇੱਕ ਖ਼ੁਰਾਕ ਲੱਗ ਚੁੱਕੀ ਸੀ ਉਹ ਵਿਚਕਾਰ ਫ਼ਸ ਗਏ ਹਨ। ਇਸ ਮੁਸ਼ਕਲ ਦਾ ਹੱਲ ਬਹੁਤ ਜ਼ਰੂਰੀ ਹੈ।"
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕਈ ਮੌਕਿਆਂ ਉੱਪਰ ਕਹਿੰਦੇ ਰਹੇ ਹਨ ਕਿ ਦੇਸ਼ ਵਿੱਚ ਵੈਕਸੀਨ ਦੀ ਕੋਈ ਕਮੀ ਨਹੀਂ ਹੈ। ਕੇਂਦਰ ਸਰਕਾਰ ਵੀ ਹਰ ਰੋਜ਼ ਬੁਲਿਟੇਨ ਜਾਰੀ ਕਰ ਕੇ ਦੱਸਦੀ ਹੈ ਕਿ ਉਸ ਨੇ ਸੂਬਿਆਂ ਨੂੰ ਹੁਣ ਤੱਕ ਕਿੰਨੇ ਮੁਫ਼ਤ ਟੀਕੇ ਮੁਹਈਆ ਕਰਵਾਏ ਹਨ ਅਤੇ ਸੂਬਿਆਂ ਕੋਲ ਕਿੰਨੀ ਖ਼ੁਰਾਕ ਬਚੀ ਹੈ।
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਦਿੱਤੇ ਗਏ 10 ਕਰੋੜ ਖ਼ੁਰਾਕਾਂ ਦੇ ਆਰਡਰ ਵਿੱਚੋਂ ਤਿੰਨ ਮਈ ਤੱਕ 8.74 ਕਰੋੜ ਕੋਵੀਸ਼ੀਲਡ ਟੀਕਿਆਂ ਦੀ ਡਲਿਵਰੀ ਹੋ ਚੁੱਕੀ ਸੀ। ਇਸੇ ਤਰ੍ਹਾਂ ਭਾਰਤ ਬਾਇਓਟੈਕ ਨੂੰ ਦਿੱਤੇ ਗਏ ਦੋ ਕਰੋੜ ਟੀਕਿਆਂ ਦੇ ਆਰਡਰ ਵਿੱਚੋਂ 88.13 ਲੱਖ ਖ਼ੁਰਾਕਾਂ ਤਿੰਨ ਮਈ ਤੱਕ ਆ ਚੁੱਕੀਆਂ ਸਨ।

ਤਸਵੀਰ ਸਰੋਤ, ANI
ਕੇਂਦਰ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਲਈ ਉਸ ਨੇ 11 ਕਰੋੜ ਕੋਵਿਸ਼ੀਲਡ ਅਤੇ ਪੰਜ ਕਰੋੜ ਵੈਕਸੀਨ ਟੀਕਿਆਂ ਦੀ ਖ਼ਰੀਦ ਦਾ ਆਰਡਰ ਦੇ ਦਿੱਤਾ ਗਿਆ ਹੈ।
ਜੇ ਇਹ ਮੰਨ ਕੇ ਵੀ ਚੱਲਿਆ ਜਾਵੇ ਕਿ ਮਈ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਤ ਕੇਂਦਰ ਸੂਬਿਆ ਨੂੰ 16 ਟੀਕੇ ਮੁਫ਼ਤਚ ਮੁਹਈਆ ਕਰਵਾਏਗੀ ਫਿਰ ਵੀ ਸੂਬਾ ਸਰਕਾਰਾਂ ਅਤੇ ਨਿੱਜੀ ਹਸਪਤਾਲਾਂ ਨੂੰ ਮਿਲ ਕੇ ਇਨ੍ਹਾਂ ਤਿੰਨ ਮਹੀਨਿਆਂ ਦੇ ਲਈ 20 ਕਰੋੜ ਟੀਕਿਆਂ ਦਾ ਬੰਦੋਬਸਤ ਕਰਨਾ ਹੋਵੇਗਾ।
ਜੇ ਹਰ ਰੋਜ਼ 40 ਲੱਖ ਟੀਕੇ, ਹਰ ਮਹੀਨੇ 12 ਕਰੋੜ ਟੀਕੇ ਅਗਲੇ ਤਿੰਨ ਮਹੀਨਿਆਂ ਵਿੱਚ 36 ਕਰੋੜ ਟੀਕੇ ਲਾਉਣ ਦਾ ਟੀਚਾ ਹੋਵੇ ਕਿਉਂਕਿ ਇਸ ਤੋਂ ਬਿਨਾਂ ਇੱਕ ਸਾਲ ਵਿੱਚ ਟੀਕਾਕਰਨ ਦਾ ਕੰਮ ਪੂਰਾ ਨਹੀਂ ਹੋ ਸਕੇਗਾ।
ਕੀ ਰਣਨੀਤੀ ਉੱਪਰ ਮੁੜ ਵਿਚਾਰ ਕਰਨ ਦੀ ਲੋੜ ਹੈ?
ਕਿਆਸਾਂ ਮੁਤਾਬਕ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਮਈ ਮਹੀਨੇ ਵਿੱਚ ਕੁੱਲ ਨੌਂ ਕਰੋੜ ਵੈਕਸੀਨ ਡੋਜ਼ ਬਣਾ ਸਕਣਗੇ। ਜਿਸ ਦਾ 50 ਫ਼ੀਸਦੀ ਕੇਂਦਰ ਸਰਕਾਰ ਨੂੰ ਦਿੱਤਾ ਜਾਵੇਗਾ ਅਤੇ ਬਾਕੀ ਸੂਬਾ ਸਰਕਾਰਾ ਅਤੇ ਨਿੱਜੀ ਹਸਪਤਾਲਾਂ ਨੂੰ ਜ਼ਿਆਦਾ ਕੀਮਤ ਉੱਪਰ ਖ਼ਰੀਦਣੀ ਪਵੇਗੀ।

ਤਸਵੀਰ ਸਰੋਤ, ANI
ਜਿੱਥੇ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਕੇਂਦਰ ਸਰਕਾਰ ਨੂੰ 150 ਰੁਪਏ ਵਿੱਚ ਵੈਕਸੀਨ ਦੀ ਇੱਕ ਖ਼ੁਰਾਕ ਵੇਚ ਰਹੇ ਹਨ ਉੱਥੇ ਦੂਜੇ ਪਾਸੇ ਉਹੀ ਖ਼ੁਰਾਕ ਸੂਬਿਆਂ ਅਤੇ ਨਿੱਜੀ ਹਸਪਤਾਲਾਂ ਨੂੰ ਮਹਿੰਗੇ ਮੁੱਲ ਵੇਚੀ ਜਾ ਰਹੀ ਹੈ।
ਸੀਰਮ ਇੰਸਟੀਚਿਊਟ ਸੂਬਿਆਂ ਨੂੰ 300 ਰੁਪਏ ਅਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਦੀ ਇੱਕ ਖ਼ੁਰਾਕ ਦੇ ਰਿਹਾ ਹੈ।
ਉੱਥੇ ਹੀ ਭਾਰਤ ਬਾਇਓਟੈਕ ਨੇ ਸੂਬਿਆਂ ਨੂੰ ਇਹ ਕੀਮਤ 400 ਰੁਪਏ ਅਤੇ ਨਿੱਜੀ ਹਸਪਤਾਲਾਂ ਲਈ 1200 ਰੁਪਏ ਪ੍ਰਤੀ ਖ਼ੁਰਾਕ ਰੱਖੀ ਹੈ।
ਬੀਬੀਸੀ ਨੇ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਤੋਂ ਜਾਣਨਾ ਚਾਹਿਆ ਕਿ ਹੁਣ ਤੱਕ ਉਨ੍ਹਾਂ ਨੇ ਕਿੰਨੇ ਟੀਕੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਤੇ ਕਿੰਨੇ ਟੀਕੇ ਨਿੱਜੀ ਹਸਪਤਾਲਾਂ ਨੂੰ ਮੁਹਈਆ ਕਰਵਾਏ ਹਨ।
ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਉਹ ਪ੍ਰਤੀ ਦਿਨ ਜਾਂ ਹਰ ਹਫ਼ਤੇ ਜਾਂ ਹਰ ਮਹੀਨੇ ਕਿੰਨੇ ਟੀਕਿਆਂ ਦਾ ਉਤਪਾਦਨ ਕਰ ਰਹੇ ਹਨ। ਇਹ ਸਵਾਲ ਵੀ ਕੀਤਾ ਗਿਆ ਕਿ ਕਿਹੜੀ-ਕਿਹੜੀ ਸੂਬਾ ਸਰਕਾਰ ਨੇ ਅਤੇ ਕਿਨ੍ਹਾਂ ਨਿੱਜੀ ਹਸਪਤਾਲਾਂ ਨੇ ਟੀਕੇ ਦਾ ਆਰਡਰ ਦਿੱਤੇ ਹਨ।
ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।

ਤਸਵੀਰ ਸਰੋਤ, Getty Images
ਡਾ. ਤਰੇਹਨ ਦਾ ਮੰਨਣਾ ਹੈ ਕਿ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ।
ਉਹ ਕਹਿੰਦੇ ਹਨ, "ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਨੂੰ ਥੋੜ੍ਹਾ ਰੋਕਣ। ਇਸ ਮਾਮਲੇ ਉੱਪਰ ਮੁੜ-ਵਿਚਾਰ ਕੀਤਾ ਜਾ ਸਕਦਾ ਹੈ। ਇਹ ਜਿਹੜੀ ਨਿਰਾਸ਼ਾ ਲੋਕ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਵੈਕਸੀਨ ਨਹੀਂ ਮਿਲੇਗੀ ਅਤੇ ਕਦੋਂ ਮਿਲਗੀ, ਇਹ ਨਿਰਾਸ਼ਾ ਅਜਿਹੀ ਲਾਗ ਦੇ ਸਮੇਂ ਲੋਕਾਂ ਵਿੱਚ ਨਹੀਂ ਆਉਣੀ ਚਾਹੀਦੀ।"
ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਕੋਵਿਡ ਦੇ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਹਰ ਰੋਜ਼ ਸਾਢੇ ਤਿੰਨ ਲੱਖ ਨੂੰ ਛੋਹ ਰਹੀ ਹੈ ਅਤੇ ਸਰਕਾਰ ਮੁਤਾਬਕ ਪ੍ਰਤੀ ਦਿਨ 3000 ਤੋਂ ਵਧੇਰੇ ਮੌਤਾਂ ਹੋ ਰਹੀਆਂ ਹਨ।
ਹਸਪਤਾਲ ਵਿੱਚ ਬੈਡਾਂ ਅਤੇ ਆਕਸੀਜਨ ਦੀ ਕਮੀ ਨੂੰ ਦੋ-ਚਾਰ ਹੋ ਰਹੇ ਦੇਸ਼ ਲਈ ਸਭ ਤੋਂ ਵੱਡੀ ਉਮੀਦ ਵੈਕਸੀਨ ਹੀ ਹੈ। (ਪਰ) ਜਿਸ ਤਰ੍ਹਾਂ ਟੀਕਾਕਰਨ ਚੱਲ ਰਿਹਾ ਹੈ, ਆਮ ਲੋਕਾਂ ਕੋਲ ਉਡੀਕ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ ਹੈ।
ਇਹ ਵੀ ਪੜ੍ਹੋ:













