ਕੋਰੋਨਾਵਾਇਰਸ: ਭਾਰਤ ਦੇ ਕੋਰੋਨਾ ਸੰਕਟ ਦੀ ਚਿੰਤਾ ਪੂਰੀ ਦੁਨੀਆ ਨੂੰ ਕਿਉਂ ਕਰਨੀ ਚਾਹੀਦੀ ਹੈ

ਤਸਵੀਰ ਸਰੋਤ, AFP
''ਮੈਂ ਇਸ ਤਰ੍ਹਾਂ ਦੇ ਡਰਾਉਣੇ ਹਾਲਾਤ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੇ ਸਨ। ਮੈਨੂੰ ਤਾਂ ਯਕੀਨ ਵੀ ਨਹੀਂ ਹੋ ਰਿਹਾ ਹੈ ਕਿ ਅਸੀਂ ਭਾਰਤ ਦੀ ਰਾਜਧਾਨੀ ਵਿੱਚ ਹਾਂ।''
ਇਹ ਕਹਿਣਾ ਸੀ ਜਯੰਤ ਮਲਹੋਤਰਾ ਦਾ।
ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, ''ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਹੈ ਅਤੇ ਉਹ ਜਾਨਵਰਾਂ ਦੀ ਤਰ੍ਹਾਂ ਮਰ ਰਹੇ ਹਨ।''
ਜਯੰਤ ਮਲਹੋਤਰਾ ਦਿੱਲੀ ਦੇ ਇੱਕ ਸ਼ਮਸ਼ਾਨ ਘਾਟ ਵਿੱਚ ਲੋਕਾਂ ਦੇ ਅੰਤਿਮ ਸੰਸਕਾਰ ਵਿੱਚ ਮਦਦ ਕਰਦੇ ਹਨ। ਦਿੱਲੀ ਦੇ ਲਗਭਗ ਸਾਰੇ ਹਸਪਤਾਲ ਕੋਰੋਨਾ ਮਰੀਜ਼ਾਂ ਦੀ ਰੋਜ਼ ਵਧਦੀ ਗਿਣਤੀ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ
ਸੋਮਵਾਰ ਨੂੰ ਭਾਰਤ ਵਿੱਚ ਲਗਾਤਾਰ ਪੰਜਵੇਂ ਦਿਨ ਵੀ ਤਿੰਨ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਰੋਜ਼ਾਨਾ ਭਾਰਤ ਵਿੱਚ ਆ ਰਹੇ ਹਨ।
ਹਾਲਾਂਕਿ ਮੰਗਲਵਾਰ ਨੂੰ ਕੋਰੋਨਾ ਲਾਗ ਤੋਂ ਪੀੜਤਾਂ ਦੀ ਸੰਖਿਆ ਵਿੱਚ ਲਗਭਗ 30 ਹਜ਼ਾਰ ਦੀ ਕਮੀ ਦੇਖੀ ਗਈ।
ਪਿਛਲੇ ਦੋ ਹਫ਼ਤਿਆਂ ਵਿੱਚ ਭਾਰਤ ਵਿੱਚ ਕੋਰੋਨਾ ਲਾਗ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਅਣਕਿਆਸਿਆ ਉਛਾਲ ਦੇਖਿਆ ਜਾ ਰਿਹਾ ਹੈ, ਉੱਧਰ ਚੀਨ, ਅਮਰੀਕਾ ਅਤੇ ਯੂਰੋਪ ਦੇ ਕਈ ਦੇਸ਼ਾਂ ਵਿੱਚ ਇਸ ਦੌਰਾਨ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।
ਕਈ ਦੇਸ਼ ਲੌਕਡਾਊਨ ਹਟਾ ਰਹੇ ਹਨ। ਯੂਰਪੀਅਨ ਯੂਨੀਅਨ ਨੇ ਤਾਂ ਅਮਰੀਕਾ ਤੋਂ ਆਉਣ ਵਾਲਿਆਂ ਨੂੰ ਇਜਾਜ਼ਤ ਦੇਣ ਦੇ ਸਾਰੇ ਸੰਕੇਤ ਦਿੱਤੇ ਹਨ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ।
ਪਰ ਕੀ ਭਾਰਤ ਵਿੱਚ ਕੋਰੋਨਾ ਕਾਰਨ ਖ਼ਰਾਬ ਹੁੰਦੇ ਹਾਲਤ ਦੁਨੀਆ ਲਈ ਵੀ ਇੱਕ ਵੱਡੀ ਸਮੱਸਿਆ ਬਣ ਸਕਦੇ ਹਨ?

ਤਸਵੀਰ ਸਰੋਤ, Reuters
ਭਾਰਤ ਦਾ ਕੋਰੋਨਾ ਸੰਕਟ ਕਿੰਨਾ ਗੰਭੀਰ ਹੈ?
ਇਸ ਸਾਲ ਫਰਵਰੀ ਵਿੱਚ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਭਗ 12 ਹਜ਼ਾਰ ਸੀ ਅਤੇ ਮਰਨ ਵਾਲਿਆਂ ਦੀ ਗਿਣਤੀ ਕੁਝ ਸੌ ਸੀ, ਉਦੋਂ ਲੋਕਾਂ ਨੂੰ ਉਮੀਦ ਹੋ ਗਈ ਸੀ ਕਿ ਭਾਰਤ ਵਿੱਚ ਕੋਰੋਨਾ ਦਾ ਸਭ ਤੋਂ ਬੁਰਾ ਦੌਰ ਗੁਜ਼ਰ ਚੁੱਕਿਆ ਹੈ।
ਪਰ 17 ਅਪ੍ਰੈਲ ਦੇ ਬਾਅਦ ਤੋਂ ਭਾਰਤ ਵਿੱਚ ਰੋਜ਼ਾਨਾ ਦੋ ਲੱਖ ਤੋਂ ਜ਼ਿਆਦਾ ਲਾਗ ਦੇ ਮਾਮਲੇ ਆ ਰਹੇ ਹਨ ਜਦੋਂਕਿ ਪਿਛਲੇ ਸਾਲ ਸਤੰਬਰ ਵਿੱਚ ਜਦੋਂ ਕੋਰੋਨਾ ਆਪਣੇ ਸਿਖ਼ਰ 'ਤੇ ਸੀ, ਉਦੋਂ ਭਾਰਤ ਵਿੱਚ ਰੋਜ਼ਾਨਾ ਲਗਭਗ 93 ਹਜ਼ਾਰ ਮਾਮਲੇ ਆ ਰਹੇ ਸਨ।
ਇਸ ਦੌਰਾਨ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਜੋ 25 ਅਪ੍ਰੈਲ ਤੱਕ ਔਸਤਨ 2336 ਹੋ ਗਈ ਹੈ। ਪਿਛਲੇ ਸਾਲ ਦੇ ਪੀਕ ਵਿੱਚ ਰੋਜ਼ਾਨਾ ਮਰਨ ਵਾਲਿਆਂ ਦੀ ਲਗਭਗ ਦੋ ਗੁਣਾ।
ਬੀਬੀਸੀ ਦੇ ਸਿਹਤ ਅਤੇ ਵਿਗਿਆਨ ਪੱਤਰਕਾਰ ਜੇਮਜ ਗੈਲੇਹਰ ਅਨੁਸਾਰ ਸਪੱਸ਼ਟ ਹੈ ਕਿ ਭਾਰਤ ਜੂਝ ਰਿਹਾ ਹੈ। ਸਾਹਮਣੇ ਜੋ ਡਰ ਸਤਾ ਰਿਹਾ ਹੈ, ਉਹ ਮੈਨੂੰ ਉਸ ਸਮੇਂ ਦੀ ਯਾਦ ਦਿਵਾ ਰਿਹਾ ਹੈ ਜਦੋਂ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਅਤੇ ਲੋਕਾਂ ਨੂੰ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ।
ਜੇਮਜ ਕਹਿੰਦੇ ਹਨ, ''ਪੂਰੇ ਮੈਡੀਕਲ ਕੇਅਰ ਤੋਂ ਬਾਅਦ ਵੀ ਕੋਰੋਨਾ ਜਾਨਲੇਵਾ ਹੋ ਸਕਦਾ ਹੈ, ਪਰ ਜਦੋਂ ਹਸਪਤਾਲਾਂ ਵਿੱਚ ਜਗ੍ਹਾ ਵੀ ਨਹੀਂ ਹੈ, ਉਦੋਂ ਤਾਂ ਉਹ ਲੋਕ ਵੀ ਮਾਰੇ ਜਾਂਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਸ਼ਾਇਦ ਬਚਾਈ ਜਾ ਸਕਦੀ ਸੀ।''
ਦਿੱਲੀ ਵਿੱਚ ਹਾਲਾਤ ਜ਼ਿਆਦਾ ਖ਼ਰਾਬ ਹਨ, ਜਿੱਥੇ ਇੱਕ ਵੀ ਆਈਸੀਯੂ ਬੈੱਡ ਖਾਲੀ ਨਹੀਂ ਹੈ।
ਕਈ ਹਸਪਤਾਲ ਨਵੇਂ ਮਰੀਜ਼ਾਂ ਨੂੰ ਐਡਮਿਟ ਕਰਨ ਤੋਂ ਮਨ੍ਹਾਂ ਕਰ ਰਹੇ ਹਨ ਅਤੇ ਘੱਟ ਤੋਂ ਘੱਟ ਦਿੱਲੀ ਦੇ ਦੋ ਹਸਪਤਾਲਾਂ ਵਿੱਚ ਤਾਂ ਆਕਸੀਜਨ ਦੀ ਸਪਲਾਈ ਰੁਕ ਜਾਣ ਨਾਲ ਮਰੀਜ਼ਾਂ ਦੀ ਮੌਤ ਹੋ ਗਈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਰੋਨਾ ਮਰੀਜ਼ਾਂ ਦੇ ਪਰਿਵਾਰ ਵਾਲੇ ਸੋਸ਼ਲ ਮੀਡੀਆ 'ਤੇ ਲੋਕਾਂ ਤੋਂ ਹਸਪਤਾਲ ਵਿੱਚ ਬੈੱਡ, ਆਕਸੀਜਨ ਸਿਲੰਡਰ ਅਤੇ ਵੈਂਟੀਲੇਟਰ ਲਈ ਮਦਦ ਮੰਗ ਰਹੇ ਹਨ।
ਕੋਰੋਨਾ ਦਾ ਟੈਸਟ ਕਰਨ ਵਾਲੀਆਂ ਲੈਬਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੈ ਕਿਉਂਕਿ ਟੈਸਟ ਕਰਾਉਣ ਵਾਲਿਆਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ ਅਤੇ ਇਸ ਕਾਰਨ ਟੈਸਟ ਦੇ ਨਤੀਜੇ ਆਉਣ ਵਿੱਚ ਘੱਟ ਤੋਂ ਘੱਟ 3-4 ਦਿਨ ਲੱਗ ਰਹੇ ਹਨ।
ਸ਼ਮਸ਼ਾਨ ਘਾਟ ਵਿੱਚ ਲਾਸ਼ਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਅਤੇ ਉੱਥੇ 24 ਘੰਟੇ ਦਾਹ ਸੰਸਕਾਰ ਕੀਤਾ ਜਾ ਰਿਹਾ ਹੈ।
ਦਿੱਲੀ ਦੇ ਇਲਾਵਾ ਦੂਜੇ ਸ਼ਹਿਰਾਂ ਵਿੱਚ ਵੀ ਇਹ ਹੀ ਹਾਲਾਤ ਹਨ। ਅਜੇ ਤੱਕ ਅਧਿਕਾਰਤ ਰੂਪ ਨਾਲ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ 70 ਲੱਖ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ 92 ਹਜ਼ਾਰ ਹੋ ਗਈ ਹੈ।
ਪਰ ਬਹੁਤ ਜ਼ਿਆਦਾ ਸ਼ੱਕ ਹੈ ਕਿ ਇਹ ਅੰਕੜੇ ਸਹੀ ਨਹੀਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਧਰੇ ਜ਼ਿਆਦਾ ਹੈ।
ਭਾਰਤ ਦੀ ਆਬਾਦੀ ਇੰਨੀ ਜ਼ਿਆਦਾ ਹੈ ਅਤੇ ਲੌਜਿਸਟਿਕ ਦੀ ਇੰਨੀ ਸਮੱਸਿਆ ਹੈ ਕਿ ਸਾਰੇ ਕੋਰੋਨਾ ਮਰੀਜ਼ਾਂ ਦਾ ਟੈਸਟ ਕਰਨਾ ਅਤੇ ਮਰਨ ਵਾਲਿਆਂ ਦਾ ਸਹੀ-ਸਹੀ ਰਿਕਾਰਡ ਰੱਖਣਾ ਬਹੁਤ ਮੁਸ਼ਕਿਲ ਹੈ। ਇਸ ਲਈ ਯੂਰੋਪ ਅਤੇ ਅਮਰੀਕਾ ਦੀ ਤੁਲਨਾ ਵਿੱਚ ਭਾਰਤ ਵਿੱਚ ਕੋਰੋਨਾ ਦੀ ਸਮੱਸਿਆ ਦਾ ਸਹੀ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ।

ਤਸਵੀਰ ਸਰੋਤ, AFP
ਹਾਲਤ ਕਿੰਨੇ ਖ਼ਰਾਬ ਹੋ ਸਕਦੇ ਹਨ?
ਜੇਮਜ ਗੈਲਾਘਰ ਕਹਿਦੇ ਹਨ, ''ਦੁੱਖ ਦੀ ਗੱਲ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਹਾਲਾਤ ਹੋਰ ਖ਼ਰਾਬ ਹੋਣਗੇ। ਇੱਕ ਸਬਕ ਜੋ ਅਸੀਂ ਬਾਰ-ਬਾਰ ਸਿੱਖਿਆ ਹੈ, ਉਹ ਇਹ ਹੈ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਦਾ ਮਤਲਬ ਹੈ ਕਿ ਕੁਝ ਹਫ਼ਤਿਆਂ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਇਜ਼ਾਫ਼ਾ ਹੋਵੇਗਾ।''
ਉਹ ਕਹਿੰਦੇ ਹਨ, ''ਜੇਕਰ ਭਾਰਤ ਕਿਸੇ ਤਰ੍ਹਾਂ ਵਾਇਰਸ ਨੂੰ ਫੈਲਣ ਤੋਂ ਰੋਕ ਵੀ ਲੈਂਦਾ ਹੈ ਤਾਂ ਵੀ ਮਰਨ ਵਾਲਿਆਂ ਦੀ ਗਿਣਤੀ ਵਧਦੀ ਰਹੇਗੀ ਕਿਉਂਕਿ ਜ਼ਿਆਦਾ ਗਿਣਤੀ ਵਿੱਚ ਲੋਕ ਪਹਿਲਾਂ ਤੋ ਹੀ ਸੰਕਰਮਿਤ ਹੋ ਚੁੱਕੇ ਹਨ। ਅਜੇ ਤਾਂ ਇਸ ਗੱਲ ਦੇ ਵੀ ਕੋਈ ਆਸਾਰ ਨਹੀਂ ਹਨ ਕਿ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ। ਮਰੀਜ਼ਾਂ ਦੀ ਗਿਣਤੀ ਕਿੰਨੀ ਵਧੇਗੀ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਲੌਕਡਾਊਨ ਅਤੇ ਵੈਕਸੀਨੇਸ਼ਨ ਨਾਲ ਕਿੰਨੀ ਸਫਲਤਾ ਮਿਲਦੀ ਹੈ।''
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਵਿੱਚ ਅਜੇ ਤੱਕ ਨਾ ਹੀ ਲਾਗ ਦਾ ਪੀਕ ਆਇਆ ਹੈ ਅਤੇ ਨਾ ਹੀ ਮ੍ਰਿਤਕਾਂ ਦਾ। ਜੌਨਸ ਹਾਪਕਿੰਨਜ਼ ਯੂਨੀਵਰਸਿਟੀ ਅਨੁਸਾਰ 26 ਅਪ੍ਰੈਲ ਤੱਕ ਅਮਰੀਕਾ ਵਿੱਚ ਤਿੰਨ ਕਰੋੜ 20 ਲੱਖ ਲੋਕਾਂ ਨੂੰ ਲਾਗ ਲੱਗ ਚੁੱਕੀ ਹੈ ਅਤੇ ਪੰਜ ਲੱਖ 72 ਹਜ਼ਾਰ ਤੋਂ ਜ਼ਿਆਦਾ ਲੋਕ ਮਰ ਚੁੱਕੇ ਹਨ।
ਹਰ 10 ਲੱਖ ਦੀ ਆਬਾਦੀ 'ਤੇ ਮਰਨ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਭਾਰਤ ਅਜੇ ਯੂਰਪ ਅਤੇ ਲਤੀਨੀ ਅਮਰੀਕਾ ਦੇ ਕਈ ਦੇਸ਼ਾਂ ਦੀ ਤੁਲਨਾ ਵਿੱਚ ਪਿੱਛੇ ਹੈ।

ਤਸਵੀਰ ਸਰੋਤ, ADNAN ABIDI / REUTERS
ਪਰ ਭਾਰਤ ਦੀ ਆਬਾਦੀ ਇੰਨੀ ਜ਼ਿਆਦਾ ਹੈ ਅਤੇ ਹਾਲ ਹੀ ਦੇ ਦਿਨਾਂ ਵਿੱਚ ਮਰੀਜ਼ਾਂ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਇਸ ਕਦਰ ਇਜ਼ਾਫ਼ਾ ਹੋਇਆ ਹੈ ਕਿ ਇਸ ਨਾਲ ਦੁਨੀਆ ਭਰ ਨੂੰ ਚਿੰਤਾ ਹੋ ਰਹੀ ਹੈ।
ਸੰਕਰਮਿਤ ਰੋਗਾਂ ਦੇ ਇੱਕ ਮਾਹਿਰ ਪ੍ਰੋਫੈਸਰ ਗੌਤਮ ਮੇਨਨ ਨੇ ਬੀਬੀਸੀ ਨੂੰ ਦੱਸਿਆ ਕਿ ''ਅਸੀਂ ਇਸ ਤਰ੍ਹਾਂ ਦੇ ਹਾਲਤ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੇ ਜਿੱਥੇ ਕਿ ਹੈਲਥ ਸਿਸਟਮ ਇੰਨੀ ਵੱਡੀ ਸੰਖਿਆ ਵਿੱਚ ਮਰੀਜ਼ਾਂ ਕਾਰਨ ਪੂਰੀ ਤਰ੍ਹਾਂ ਚਰਮਰਾ ਜਾਵੇ।''
ਜਦੋਂ ਹੈਲਥ ਸਿਸਟਮ ਦੀ ਤਬਾਹ ਹੋ ਜਾਵੇ ਤਾਂ ਲੋਕ ਕਈ ਕਾਰਨਾਂ ਨਾਲ ਜ਼ਿਆਦਾ ਗਿਣਤੀ ਵਿੱਚ ਮਰਨ ਲੱਗਦੇ ਹਨ ਅਤੇ ਇਨ੍ਹਾਂ ਦੀ ਮੌਤ ਦਾ ਜ਼ਿਕਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਲਿਸਟ ਵਿੱਚ ਸ਼ਾਮਲ ਨਹੀਂ ਹੁੰਦਾ ਹੈ।
ਇਸ ਦੇ ਇਲਾਵਾ ਭਾਰਤ ਵਿੱਚ ਸਿਹਤ ਸੇਵਾਵਾਂ ਦੇਣ ਵਾਲਿਆਂ ਦੇ ਸਾਹਮਣੇ ਵੀ ਇੰਨੀ ਵੱਡੀ ਆਬਾਦੀ ਨੂੰ ਸੇਵਾ ਦੇਣ ਦੀ ਚੁਣੌਤੀ ਹੁੰਦੀ ਹੈ ਅਤੇ ਭਾਰਤ ਵਿੱਚ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਿਹਤ ਸੇਵਾ ਹਾਸਲ ਨਹੀਂ ਹੈ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਇਸ ਦੇ ਦੁਨੀਆ ਲਈ ਕੀ ਮਾਅਨੇ ਹਨ?
ਕੋਰੋਨਾ ਮਹਾਂਮਾਰੀ ਇੱਕ ਆਲਮੀ ਖ਼ਤਰਾ ਹੈ।
ਸ਼ੁਰੂਆਤ ਦੇ ਦਿਨਾਂ ਵਿੱਚ ਹੀ ਵਿਗਿਆਨੀਆਂ ਅਤੇ ਸਿਹਤ ਮਾਹਿਰਾਂ ਨੇ ਕਹਿ ਦਿੱਤਾ ਸੀ ਕਿ ਹਵਾਈ ਯਾਤਰਾ ਅਤੇ ਅਰਥਵਿਵਸਥਾ ਦੇ ਗਲੋਬਲ ਹੋਣ ਕਾਰਨ ਇਹ ਵਾਇਰਸ ਇੱਕ ਤੋਂ ਦੂਜੇ ਦੇਸ਼ ਵਿੱਚ ਫੈਲ ਰਿਹਾ ਹੈ।
ਰਾਸ਼ਟਰੀ ਸਰਹੱਦਾਂ ਨੇ ਅਜੇ ਤੱਕ ਇਸ ਵਾਇਰਸ ਨੂੰ ਰੋਕਣ ਵਿੱਚ ਕੋਈ ਸਫਲਤਾ ਹਾਸਲ ਨਹੀਂ ਕੀਤੀ ਹੈ ਅਤੇ ਜੇਕਰ ਇਹ ਅਸੰਭਵ ਨਹੀਂ ਹੈ ਤਾਂ ਇਹ ਵਿਵਹਾਰਕ ਵੀ ਨਹੀਂ ਕਿ ਯਾਤਰਾ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇ ਜਾਂ ਫਿਰ ਸਰਹੱਦਾਂ ਨੂੰ ਅਨਿਸ਼ਚਤਕਾਲ ਲਈ ਬੰਦ ਕਰ ਦਿੱਤਾ ਜਾਵੇ।
ਇਸ ਲਈ ਜੋ ਭਾਰਤ ਵਿੱਚ ਹੁੰਦਾ ਹੈ, ਉਹ ਨਿਸ਼ਚਤ ਤੌਰ 'ਤੇ ਦੁਨੀਆ ਵਿੱਚ ਵੀ ਫੈਲੇਗਾ। ਖ਼ਾਸ ਕਰਕੇ ਜਦੋਂ ਭਾਰਤ ਇਸ ਗੱਲ 'ਤੇ ਮਾਣ ਕਰਦਾ ਹੈ ਕਿ ਭਾਰਤ ਜਾਂ ਭਾਰਤੀ ਮੂਲ ਦੇ ਸਭ ਤੋਂ ਜ਼ਿਆਦਾ ਲੋਕ ਦੁਨੀਆ ਭਰ ਵਿੱਚ ਫੈਲੇ ਹੋਏ ਹਨ।
ਜੇਮਜ ਗੈਲਾਘਰ ਕਹਿੰਦੇ ਹਨ, ''ਇਸ ਮਹਾਂਮਾਰੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਇੱਕ ਦੇਸ਼ ਦੀ ਸਮੱਸਿਆ ਸਾਰਿਆਂ ਦੀ ਸਮੱਸਿਆ ਹੈ। ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਇੱਕ ਸ਼ਹਿਰ (ਵੂਹਾਨ) ਵਿੱਚ ਪਾਇਆ ਗਿਆ ਸੀ, ਪਰ ਹੁਣ ਇਹ ਵਾਇਰਸ ਹਰ ਜਗ੍ਹਾ ਫੈਲ ਚੁੱਕਾ ਹੈ। ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਰਿਕਾਰਡ ਨੰਬਰ ਦੀ ਸੰਖਿਆ ਦਾ ਮਤਲਬ ਹੈ ਕਿ ਇੱਕ ਤੋਂ ਦੂਜੇ ਦੇਸ਼ਾਂ ਵਿੱਚ ਵੀ ਲਾਗ ਫੈਲ ਸਕਦਾ ਹੈ। ਇਸ ਲਈ ਕਈ ਦੇਸ਼ਾਂ ਨੇ ਭਾਰਤ ਤੋਂ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋਣ ਕਾਰਨ ਵਾਇਰਸ ਦੇ ਨਵੇਂ ਵੇਰੀਐਂਟਸ ਨੂੰ ਪੈਰ ਪਸਾਰਨ ਵਿੱਚ ਮਦਦ ਮਿਲਦੀ ਹੈ।''

ਤਸਵੀਰ ਸਰੋਤ, Getty Images
ਭਾਰਤ ਵਿੱਚ ਜਨਮ ਲੈਣ ਵਾਲਾ ਇੱਕ ਨਵਾਂ ਖ਼ਤਰਾ?
ਭਾਰਤ ਵਿੱਚ ਕੋਰੋਨਾ ਦੇ ਖ਼ਰਾਬ ਹੁੰਦੇ ਹਾਲਾਤ ਦੁਨੀਆ ਭਰ ਵਿੱਚ ਕੋਰੋਨਾ ਦੇ ਖ਼ਿਲਾਫ਼ ਚੱਲ ਰਹ ਲੜਾਈ ਲਈ ਇੱਕ ਬੁਰੀ ਖ਼ਬਰ ਹੋ ਸਕਦੀ ਹੈ।
ਕੈਂਬਰਿਜ ਯੂਨੀਵਰਸਿਟੀ ਵਿੱਚ ਕਲੀਨਿਕਲ ਬਾਇਓਲੌਜੀ ਦੇ ਪ੍ਰੋਫੈਸਰ ਰਵੀ ਗੁਪਤਾ ਕਹਿੰਦੇ ਹਨ,''ਭਾਰਤ ਦੀ ਜ਼ਿਆਦਾ ਆਬਾਦੀ ਅਤੇ ਘਣਤਾ ਇਸ ਵਾਇਰਸ ਨੂੰ ਮਿਊਟੇਸ਼ਨ ਲਈ ਪ੍ਰਯੋਗ ਕਰਨ ਦੀ ਸਭ ਤੋਂ ਬਿਹਤਰੀਨ ਜਗ੍ਹਾ ਹੈ।''
ਜੇਕਰ ਵਾਇਰਸ ਨੂੰ ਇੰਨੇ ਬਿਹਤਰੀਨ ਵਾਤਾਵਰਣ ਵਿੱਚ ਮਿਊਟੇਟ ਕਰਨ ਦਾ ਮੌਕਾ ਮਿਲਦਾ ਹੈ ਤਾਂ ਫਿਰ ਇਸ ਨਾਲ ਵਾਇਰਸ ਦੀ ਸਮਰੱਥਾ ਵਿੱਚ ਦੁਨੀਆ ਭਰ ਵਿੱਚ ਇਜ਼ਾਫ਼ਾ ਹੋ ਜਾਵੇਗਾ।
ਜੇਮਜ ਕਹਿੰਦੇ ਹਨ, ''ਵਾਇਰਸ ਨੂੰ ਮਿਊਟੇਟ ਹੋਣ ਦਾ ਜਿੰਨਾ ਮੌਕਾ ਮਿਲੇਗਾ, ਉਸ ਨੂੰ ਲੋਕਾਂ ਨੂੰ ਲਾਗ ਲਾਉਣ ਦਾ ਓਨਾ ਹੀ ਜ਼ਿਆਦਾ ਮੌਕਾ ਮਿਲੇਗਾ। ਇੱਥੋਂ ਤੱਕ ਕਿ ਉਹ ਉਨ੍ਹਾਂ ਲੋਕਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ ਜਿਨ੍ਹਾਂ ਨੇ ਵੈਕਸੀਨ ਲਗਵਾ ਲਈ ਹੈ।''
ਯੂਕੇ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਦੇ ਨਵੇਂ ਵੇਰੀਐਂਟਸ ਨੇ ਪਹਿਲਾਂ ਹੀ ਦੁਨੀਆ ਭਰ ਵਿੱਚ ਫੈਲ ਕੇ ਸਮੱਸਿਆ ਖੜ੍ਹੀ ਕਰ ਰੱਖੀ ਹੈ ਅਤੇ ਹੁਣ ਪ੍ਰੋਫ਼ੈਸਰ ਮੇਨਨ ਭਾਰਤ ਵਿੱਚ ਨਵੇਂ ਵੈਰੀਐਂਟਸ ਦੀ ਚਿਤਾਵਨੀ ਦਿੰਦੇ ਹੋਏ ਕਹਿੰਦੇ ਹਨ, ''ਕੁਝ ਵਾਇਰਸ ਪ੍ਰੋਟੀਨ ਨਾਲ ਸਬੰਧਿਤ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਵਾਇਰਸਾਂ ਨੂੰ ਕੋਸ਼ਿਕਾਵਾਂ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ ਹੈ ਅਤੇ ਨਾਲ ਹੀ ਉਹ ਐਂਟੀਬਾਡੀਜ਼ ਦੇ ਬੰਧਨ ਨੂੰ ਵੀ ਕਮਜ਼ੋਰ ਕਰਨ ਵਿੱਚ ਸਫਲ ਹੋ ਜਾਂਦੇ ਹਨ।''
''ਵਾਇਰਸ ਦੇ ਵੇਰੀਐਂਟਸ ਨੂੰ ਫੈਲਣ ਤੋਂ ਰੋਕਣਾ ਲਗਭਗ ਅਸੰਭਵ ਹੈ। ਕੋਰੋਨਾ ਵਾਇਰਸ ਦਾ B.1.617 ਵੇਰੀਐਂਟ ਜੋ ਸਭ ਤੋਂ ਪਹਿਲਾਂ ਭਾਰਤ ਵਿੱਚ ਪਾਇਆ ਗਿਆ ਸੀ, ਹੁਣ ਭਾਰਤ ਤੋਂ ਬਾਹਰ ਦੁਨੀਆ ਦੇ ਕਈ ਦੇਸ਼ਾਂ ਵਿੱਚ ਦੇਖਿਆ ਗਿਆ ਹੈ ਅਤੇ ਇਸ ਦਾ ਸੰਭਾਵਿਤ: ਇੱਕ ਹੀ ਕਾਰਨ ਹੈ ਕਿ ਉਹ ਭਾਰਤ ਤੋਂ ਉੱਥੇ ਗਿਆ ਹੈ।''

ਤਸਵੀਰ ਸਰੋਤ, NAVEEN SHARMA/SOPA IMAGES/SHUTTERSTOCK
ਪ੍ਰੋਫ਼ੈਸਰ ਮੇਨਨ ਚਿਤਾਵਨੀ ਦਿੰਦੇ ਹੋਏ ਕਹਿੰਦੇ ਹਨ ਕਿ ਵਾਇਰਸ ਮਿਊਟੇਟ ਕਰਦੇ ਰਹਿਣਗੇ ਅਤੇ ਉਹ ਇਮਊਨਿਟੀ ਤੋਂ ਬਚਣ ਲਈ ਵੀ ਰਸਤਾ ਖੋਜ ਲੈਣਗੇ ਤਾਂ ਕਿ ਜੋ ਇੱਕ ਵਾਰ ਸੰਕਰਮਿਤ ਹੋ ਚੁੱਕੇ ਹਨ ਜਾਂ ਜਿਨ੍ਹਾਂ ਨੇ ਵੈਕਸੀਨ ਲਗਵਾ ਲਈ ਹੈ, ਉਨ੍ਹਾਂ ਨੂੰ ਵੀ ਲਾਗ ਲਾ ਸਕਦੇ ਹਨ।
ਸਵਾਲ ਇਹ ਹੈ ਕਿ ਉਹ ਕਿੰਨੀ ਜਲਦੀ ਅਜਿਹਾ ਕਰ ਸਕਦੇ ਹਨ।
ਪ੍ਰੋਫ਼ੈਸਰ ਮੇਨਨ ਕਹਿੰਦੇ ਹਨ, ''ਦੁਨੀਆ ਭਰ ਦੇ ਵਿਭਿੰਨ ਵੇਰੀਐਂਟਸ ਦੇ ਅਧਿਐਨ ਤੋ ਅਸੀਂ ਜਾਣਦੇ ਹਾਂ ਕਿ SARS-CoV-2 ਮਿਊਟੇਟ ਕਰ ਸਕਦਾ ਹੈ ਤਾਂ ਕਿ ਉਹ ਜ਼ਿਆਦਾ ਆਸਾਨੀ ਨਾਲ ਫੈਲ ਸਕੇ। ਅਜੇ ਤੱਕ ਸਾਡਾ ਮੰਨਣਾ ਹੈ ਕਿ ਵੈਕਸੀਨ ਇਨ੍ਹਾਂ ਨਵੇਂ ਵੇਰੀਐਂਟਸ 'ਤੇ ਵੀ ਪ੍ਰਭਾਵੀ ਹੁੰਦੀ ਹੈ, ਪਰ ਹੋ ਸਕਦਾ ਹੈ ਕਿ ਭਵਿੱਖ ਵਿੱਚ ਇਹ ਬਦਲ ਜਾਵੇ।''

ਤਸਵੀਰ ਸਰੋਤ, Getty Images
ਭਾਰਤ (ਅਤੇ ਪੂਰੀ ਦੁਨੀਆ) ਕਿਵੇਂ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕਦਾ ਹੈ?
ਭਾਰਤ ਵਿੱਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਅੰਤਰਰਾਸ਼ਟਰੀ ਮਦਦ ਕੀਤੀ ਜਾ ਰਹੀ ਹੈ।
ਯੂਕੇ ਨੇ ਵੈਂਟੀਲੇਟਰ ਅਤੇ ਆਕਸੀਜਨ ਕੰਸਟਰੇਟਰਜ਼ ਭੇਜਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਮਰੀਕਾ ਨੇ ਵੈਕਸੀਨ ਬਣਾਉਣ ਲਈ ਕੰਮ ਆਉਣ ਵਾਲੇ ਕੱਚੇ ਪਦਾਰਥਾਂ ਦੇ ਨਿਰਯਾਤ 'ਤੇ ਪਾਬੰਦੀ ਹਟਾ ਲਈ ਹੈ ਜਿਸ ਨਾਲ ਐਸਟਰਾਜ਼ੇਨਿਕਾ ਦੀ ਵੈਕਸੀਨ ਕੋਵੀਸ਼ੀਲਡ ਬਣਾਉਣ ਵਿੱਚ ਮਦਦ ਮਿਲੇਗੀ।
ਕਈ ਦੂਜੇ ਦੇਸ਼ ਵੀ ਭਾਰਤ ਨੂੰ ਮੈਡੀਕਲ ਸਟਾਫ਼ ਅਤੇ ਦੂਜੇ ਮੈਡੀਕਲ ਉਪਕਰਨ ਭੇਜ ਰਹੇ ਹਨ।
ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 500 ਆਕਸੀਜਨ ਜਨਰੇਸ਼ਨ ਪਲਾਂਟ ਲਗਾਉਣ ਦੀ ਮਨਜ਼ੂਰ ਦੇ ਦਿੱਤੀ ਹੈ।
ਪਰ ਇਨ੍ਹਾਂ ਸਭ ਨਾਲ ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ, ਕੋਰੋਨਾ ਨਾਲ ਹੋਣ ਵਾਲੀ ਲਾਗ ਨੂੰ ਨਹੀਂ।
ਦੁਨੀਆ ਨੂੰ ਇਸ ਵਕਤ ਜ਼ਰੂਰਤ ਹੈ ਕਿ ਭਾਰਤ ਵੈਕਸੀਨੇਸ਼ਨ ਦੀ ਆਪਣੀ ਸਮਰੱਥਾ ਵਧਾਏ ਤਾਂ ਕਿ ਉਹ ਵਾਇਰਸ ਨੂੰ ਦੁਨੀਆ ਭਰ ਵਿੱਚ ਫੈਲਣ ਤੋਂ ਰੋਕੇ।
ਜਦੋਂ ਇਸ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ, ਉਦੋਂ ਭਾਰਤ ਨੂੰ ਇਸ 'ਤੇ ਕਾਬੂ ਪਾਉਣ ਦੀ ਉਮੀਦ ਸੀ ਅਤੇ ਉਸ ਦੇ ਕਾਰਨ ਵੀ ਸਨ ਕਿਉਂਕਿ ਜਿੱਥੋਂ ਤੱਕ ਵੈਕਸੀਨ ਦਾ ਸਵਾਲ ਹੈ ਭਾਰਤ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਵੈਕਸੀਨ ਬਣਾਉਂਦਾ ਹੈ।

ਤਸਵੀਰ ਸਰੋਤ, ADNAN ABIDI / REUTERS
ਭਾਰਤ ਵਿੱਚ ਟੀਕਾਕਰਨ ਦਾ ਬਹੁਤ ਵੱਡਾ ਅਭਿਆਨ ਚੱਲਦਾ ਹੈ, ਦੁਨੀਆ ਭਰ ਦੀ 60 ਫੀਸਦੀ ਵੈਕਸੀਨ ਭਾਰਤ ਵਿੱਚ ਬਣਦੀ ਹੈ ਅਤੇ ਦੁਨੀਆ ਭਰ ਦੇ ਵੱਡੇ ਦਵਾਈ ਨਿਰਮਾਤਾਵਾਂ ਵਿੱਚੋਂ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਸਮੇਤ ਕਰੀਬ ਅੱਧਾ ਦਰਜਨ ਦਾ ਹੈੱਡਕੁਆਰਟਰ ਤਾਂ ਭਾਰਤ ਵਿੱਚ ਹੀ ਹੈ।
ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਅਨੁਸਾਰ, ''ਪਰ ਇਨ੍ਹਾਂ ਸਭ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਖ਼ਿਲਾਫ਼ ਵੈਕਸੀਨੇਸ਼ਨ ਵਿੱਚ ਅਣਕਿਆਸੀ ਚੁਣੌਤੀ ਪੈਦਾ ਹੋ ਰਹੀ ਹੈ।''
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ 16 ਜਨਵਰੀ ਤੋਂ ਸ਼ੁਰੂ ਹੋਇਆ ਅਤੇ ਜੁਲਾਈ ਤੱਕ ਲਗਭਗ 25 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦਾ ਟੀਚਾ ਰੱਖਿਆ ਗਿਆ।
ਅਜੇ ਤੱਕ ਸਿਰਫ਼ 11 ਕਰੋੜ 80 ਲੱਖ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਜਾ ਸਕੀ ਹੈ, ਇਹ ਭਾਰਤ ਦੀ ਆਬਾਦੀ ਦਾ ਲਗਭਗ ਨੌਂ ਫੀਸਦੀ ਹੈ।
ਸਭ ਤੋਂ ਪਹਿਲਾਂ ਹੈਲਥ ਵਰਕਰਜ਼ ਅਤੇ ਫਰੰਟਲਾਈਨ ਸਟਾਫ਼ ਨੂੰ ਵੈਕਸੀਨ ਦਿੱਤੀ ਗਈ ਸੀ, ਪਰ ਹੁਣ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਇੱਕ ਮਈ ਤੋਂ ਵੈਕਸੀਨ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪਰ ਭਾਰਤ ਦੀ ਇੰਨੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਵੈਕਸੀਨੇਸ਼ਨ ਵਿੱਚ ਦਿੱਕਤਾਂ ਆ ਰਹੀਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਦੀ ਰਫ਼ਤਾਰ ਨੂੰ ਤੇਜ਼ ਕਰਨਾ ਹੋਵੇਗਾ, ਜੇਕਰ ਭਾਰਤ ਆਪਣਾ ਟੀਚਾ ਪੂਰਾ ਕਰਨਾ ਚਾਹੁੰਦਾ ਹੈ ਤਾਂ।

ਤਸਵੀਰ ਸਰੋਤ, Getty Images
ਸੌਤਿਕ ਬਿਸਵਾਸ ਕਹਿੰਦੇ ਹਨ, ''ਅਜੇ ਇਹ ਸਾਫ਼ ਨਹੀਂ ਹੈ ਕਿ ਭਾਰਤ ਕੋਲ ਉਚਿੱਤ ਮਾਤਰਾ ਵਿੱਚ ਵੈਕਸੀਨ ਹੈ ਜਾਂ ਨਹੀਂ ਜਾਂ ਉਸ ਕੋਲ ਨੌਜਵਾਨਾਂ ਨੂੰ ਵੀ ਵੈਕਸੀਨ ਦੇਣ ਦੀ ਸਮਰੱਥਾ ਹੈ ਜਾਂ ਨਹੀਂ।''
ਜਦੋਂ ਤੱਕ ਇੰਨੀ ਵੱਡੀ ਆਬਾਦੀ ਨੂੰ ਵੈਕਸੀਨ ਨਹੀਂ ਲੱਗ ਜਾਂਦੀ ਹੈ, ਉਦੋਂ ਤੱਕ ਇਹ ਪੂਰੀ ਦੁਨੀਆ ਲਈ ਖ਼ਤਰਾ ਹੈ।
ਪ੍ਰੋਫ਼ੈਸਰ ਮੇਨਨ ਕਹਿੰਦੇ ਹਨ, ''ਕੋਰੋਨਾ ਵਰਗੇ ਲਾਗ ਵਾਲੀਆਂ ਬਿਮਾਰੀਆਂ ਦੀ ਦਿੱਕਤ ਇਹ ਹੈ ਕਿ ਇਹ ਮਹਾਂਮਾਰੀ ਕਿਸੇ ਇੱਕ ਦੇਸ਼ ਦੀ ਸਮੱਸਿਆ ਨਹੀਂ ਹੈ, ਕੁਝ ਦੇਸ਼ਾਂ ਦੀ ਵੀ ਨਹੀਂ ਹੈ, ਬਲਕਿ ਇਹ ਤਾਂ ਸਚਮੁੱਚ ਵਿੱਚ ਆਲਮੀ ਸਮੱਸਿਆ ਹੈ।''
ਉਹ ਕਹਿੰਦੇ ਹਨ, ''ਸਾਨੂੰ ਕੋਰੋਨਾ ਦੇ ਟੈਸਟ ਅਤੇ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਹੋਰ ਜ਼ਿਆਦਾ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ ਹੈ।''
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਹੀ ਪਬਲਿਕ ਹੈਲਥ ਦੇ ਅਧਿਕਾਰੀਆਂ ਅਤੇ ਰਾਜਨੇਤਾਵਾਂ ਨੇ ਕਿਹਾ ਸੀ ਕਿ , ''ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੈ, ਉਸ ਵਕਤ ਤੱਕ ਕੋਈ ਸੁਰੱਖਿਅਤ ਨਹੀਂ ਹੈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












