ਕੋਰੋਨਾਵਾਇਰਸ: 'ਜਿਹੜੇ ਕਹਿੰਦੇ ਕੋਰੋਨਾ ਨਹੀਂ ਹੈ, ਉਹ ਪਰਿਵਾਰ ਤੇ ਸਮਾਜ ਨੂੰ ਧੋਖਾ ਦੇ ਰਹੇ'

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੀ ਪੰਜਾਬ ਦੇ ਲੋਕ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ ?

ਭਾਰਤ 'ਚ ਪਿਛਲੇ ਸੱਤ ਦਿਨਾਂ ਵਿੱਚ ਕਿਸੇ ਵੀ ਹੋਰ ਦੇਸ ਨਾਲੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਪਰ ਕਈ ਲੋਕਾਂ ਨੂੰ ਇਸ ਬਾਰੇ ਭੁਲੇਖੇ ਹਨ।

ਡਾ. ਐੱਚ. ਕੇ. ਬਾਲੀ ਨੇ ਕੋਰੋਨਾਵਾਇਰਸ ਸਬੰਧੀ ਬੀਬੀਸੀ ਨਿਉਜ਼ ਪੰਜਾਬੀ ਦੇ ਵੈਬੀਨਾਰ ਦੌਰਾਨ ਦੱਸਿਆ ਕਿ ਮੌਜੂਦਾ ਕੋਰੋਨਾ ਦੇ ਹਾਲਾਤ ਕੀ ਹਨ ਅਤੇ ਆਉਣ ਵਾਲੇ ਦਿਨਾਂ ਲਈ ਕੀ ਤਿਆਰੀਆਂ ਕਰਨ ਦੀ ਲੋੜ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਦੋਹਰਾ ਮਾਸਕ ਕਿੰਨਾ ਜ਼ਰੂਰੀ ਹੈ, ਸਾਨੂੰ ਕਿਹੜੇ ਮਾਪਦੰਡ ਅਪਣਾਉਣੇ ਚਾਹੀਦੇ ਹਨ?

ਇਹ ਵੀ ਪੜ੍ਹੋ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਸਬੰਧੀ ਭੁਲੇਖੇ ਅਤੇ ਆਉਣ ਵਾਲੇ ਦਿਨਾਂ 'ਚ ਤਿਆਰੀਆਂ ਬਾਰੇ ਮਾਹਰ ਦੀ ਰਾਇ

ਸਵਾਲ: ਕੋਰੋਨਾ ਦੀ ਇਸ ਪੂਰੀ ਸਥਿਤੀ ਨੂੰ ਲੈ ਕੇ ਤੁਹਾਡੀ ਕੀ ਸਮਝ ਬਣੀ ਹੈ?

ਕੋਰੋਨਾ ਦੀ ਇਸ ਦੂਜੀ ਲਹਿਰ ਕਾਰਨ ਜੋ ਮਰੀਜ਼ ਆ ਰਹੇ ਹਨ, ਉਨ੍ਹਾਂ 'ਚ ਲਾਗ ਵਧੇਰੇ ਹੈ। ਪਹਿਲੀ ਲਹਿਰ ਦੇ ਮੁਕਾਬਲੇ ਇਸ ਵਾਰ ਸਥਿਤੀ ਗੰਭੀਰ ਹੈ। ਜਿਸ ਕਰਕੇ ਮਰੀਜ਼ ਹਸਪਤਾਲਾਂ 'ਚ ਵਧੇਰੇ ਭਰਤੀ ਹੋ ਰਹੇ ਹਨ ਅਤੇ ਵੱਡੇ ਸ਼ਹਿਰਾਂ 'ਚ ਤਾਂ ਹਸਪਤਾਲਾਂ 'ਚ ਬੈੱਡਾਂ ਦੀ ਘਾਟ ਹੋ ਰਹੀ ਹੈ।

ਇਸ ਸਮੇਂ ਲੋਕਾਂ ਨੂੰ ਆਕਸੀਜਨ ਦੀ ਜ਼ਿਆਦਾ ਜ਼ਰੂਰਤ ਪੈ ਰਹੀ ਹੈ ਅਤੇ ਕਾਫ਼ੀ ਲੋਕ ਵੈਂਟੀਲੇਟਰ 'ਤੇ ਵੀ ਜਾ ਰਹੇ ਹਨ।

ਇਸ ਵਾਰ ਜੋ ਲਹਿਰ ਆਈ ਹੈ, ਉਸ 'ਚ ਲਾਗ ਦੇ ਮਾਮਲਿਆਂ ਦਾ ਨੰਬਰ ਵਧਿਆ ਹੈ ਅਤੇ ਨਾਲ ਹੀ ਉਸ ਦੀਆਂ ਕੌਂਪਲੀਕੇਸ਼ਨ 'ਚ ਵੀ ਵਾਧਾ ਹੋਇਆ ਹੈ।

ਖੁਸ਼ਕਿਸਮਤੀ ਇਹ ਕਿ ਇਸ ਖੇਤਰ 'ਚ ਆਕਸੀਜਨ ਦੀ ਕਮੀ ਦੀ ਇੰਨ੍ਹੀ ਜ਼ਿਆਦਾ ਸਮੱਸਿਆ ਨਹੀਂ ਹੈ, ਜਿੰਨੀ ਕਿ ਦੇਸ਼ ਦੇ ਦੂਜੇ ਰਾਜਾਂ 'ਚ ਆ ਰਹੀ ਹੈ।

ਆਉਣ ਵਾਲੇ ਸਮੇਂ 'ਚ ਇਹ ਨੰਬਰ ਹੋਰ ਵੱਧ ਸਕਦਾ ਹੈ, ਕਿਉਂਕਿ ਟਰਾਈਸਿਟੀ 'ਚ ਲਖਨਊ ਜਾਂ ਹੋਰ ਰਾਜਾਂ ਤੋਂ ਮਰੀਜ਼ ਆ ਰਹੇ ਹਨ ਅਤੇ ਇਸ ਨਾਲ ਮਾਮਲਿਆਂ 'ਚ ਇਜ਼ਾਫਾ ਹੋ ਸਕਦਾ ਹੈ। ਇਸ ਲਈ ਇਸ ਪੂਰੀ ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਸਾਨੂੰ ਪਹਿਲਾਂ ਹੀ ਤਿਆਰ ਹੋ ਜਾਣਾ ਚਾਹੀਦਾ ਹੈ।

ਦਿੱਲੀ ਅਤੇ ਮੁਬੰਈ 'ਚ ਜਿੰਨੀ ਸਥਿਤੀ ਖ਼ਰਾਬ ਹੈ, ਉਸ ਦੇ ਮੁਕਾਬਲੇ ਇੱਥੇ ਸਥਿਤੀ ਸੰਭਲੀ ਹੋਈ ਹੈ। ਪਰ ਫਿਰ ਵੀ ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਲੱਗਦਾ ਹੈ ਕਿ ਕੋਰੋਨਾ ਕੋਈ ਗੰਭੀਰ ਸਮੱਸਿਆ ਨਹੀਂ ਹੈ ਬਲਕਿ ਇਹ ਤਾਂ ਮੀਡੀਆ ਵੱਲੋਂ ਤਿਆਰ ਕੀਤੀ ਗਈ ਸਥਿਤੀ ਹੈ - ਡਾ. ਬਾਲੀ

ਸਵਾਲ:ਕੀ ਪੰਜਾਬ ਦੇ ਲੋਕ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ ?

ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਲੱਗਦਾ ਹੈ ਕਿ ਕੋਰੋਨਾ ਕੋਈ ਗੰਭੀਰ ਸਮੱਸਿਆ ਨਹੀਂ ਹੈ ਬਲਕਿ ਇਹ ਤਾਂ ਮੀਡੀਆ ਵੱਲੋਂ ਤਿਆਰ ਕੀਤੀ ਗਈ ਸਥਿਤੀ ਹੈ। ਲੋਕਾਂ 'ਚ ਇਸ ਪ੍ਰਤੀ ਜਾਗਰੂਕਤਾ ਦੀ ਘਾਟ ਹੈ।

ਉਹ ਤਾਂ ਕੋਰੋਨਾ ਨੂੰ ਕ੍ਰਿਏਟ ਕੀਤੀ ਬਿਮਾਰੀ ਮੰਨਦੇ ਹਨ ਅਤੇ ਇਸ ਦੀ ਅਸਲ ਹੋਂਦ ਨੂੰ ਨਕਾਰ ਰਹੇ ਹਨ। ਇਸੇ ਕਾਰਨ ਹੀ ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਵੱਲ ਉਹ ਧਿਆਨ ਹੀ ਨਹੀਂ ਦੇ ਰਹੇ ਹਨ।

ਇਸ ਖੇਤਰ 'ਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਿ ਕੋਰੋਨਾ ਪਾਬੰਦੀਆਂ ਜਾਂ ਜੋ ਇਹਤੀਆਤ ਵਰਤੀ ਜਾਣੀ ਚਾਹੀਦੀ ਹੈ, ਉਸ ਵੱਲ ਧਿਆਨ ਹੀ ਨਹੀਂ ਦਿੰਦੇ।

ਲੋਕ ਭਾਵੇਂ ਵਿਸਾਖੀ ਮੌਕੇ ਹਰਮੰਦਿਰ ਸਾਹਿਬ ਗਏ ਹੋਣ ਜਾਂ ਫਿਰ ਮਨਸਾ ਦੇਵੀ ਦੇ ਦਰਸ਼ਨਾਂ ਲਈ ਗਏ ਹੋਣ….ਕਿਸੇ ਵੀ ਧਾਰਮਿਕ ਥਾਂ 'ਤੇ ਲੋਕ ਬਿਨ੍ਹਾਂ ਮਾਸਕ ਦੇ ਹੀ ਘੁੰਮ ਰਹੇ ਹੁੰਦੇ ਹਨ।

ਉਨ੍ਹਾਂ ਨੂੰ ਲੱਗਦਾ ਹੈ ਕਿ ਧਾਰਮਿਕ ਜਗ੍ਹਾ 'ਤੇ ਉਨ੍ਹਾਂ ਨੂੰ ਇਹ ਬਿਮਾਰੀ ਨਹੀਂ ਘੇਰ ਸਕਦੀ ਹੈ। ਮੈਂ ਸਮਝਦਾ ਹਾਂ ਕਿ ਇੰਨ੍ਹਾਂ ਨੇਮਾਂ ਦੀ ਉਲੰਘਣਾ ਕਰਕੇ ਅਸੀਂ ਸਭ ਬਹੁਤ ਹੀ ਅਣਗਹਿਲੀ ਅਤੇ ਗਲਤ ਕਰ ਰਹੇ ਹਾਂ।

ਜਿੱਥੇ ਲੋਕਾਂ 'ਚ ਜਾਗਰੂਕਤਾ ਜਾਂ ਸਾਇੰਸ ਪ੍ਰਤੀ ਵਿਸ਼ਵਾਸ ਦੀ ਘਾਟ ਹੈ , ਉੱਥੇ ਹੀ ਸਾਡੀ ਟਾਸਕ ਫੋਰਸ ਦੀ ਵੀ ਗਲਤੀ ਹੈ ਕਿ ਉਹ ਜਨਤਾ 'ਚ ਲੋੜੀਂਦੀ ਜਾਗਰੂਕਤਾ ਨਹੀਂ ਫੈਲਾਅ ਪਾਏ ਹਨ।

ਮੀਡੀਆ ਹੋਵੇ ਜਾਂ ਫਿਰ ਸਿਆਸੀ, ਸਟਾਰ ਹਸਤੀਆਂ ਹੀ ਕਿਉਂ ਨਾ ਹੋਣ, ਇੰਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਇਹ ਲੋਕਾਂ ਨੂੰ ਕੋਰੋਨਾ ਮਾਹਾਮਾਰੀ ਪ੍ਰਤੀ ਚੌਕਸ ਕਰਦੇ।

ਵਾਇਰਸ ਤੋਂ ਬਚਣ ਲਈ ਇਹ ਜ਼ਰੂਰੀ ਨਹੀਂ ਕਿ ਕੋਈ ਸਰੀਰਕ ਪੱਖੋਂ ਕਿੰਨ੍ਹਾਂ ਮਜ਼ਬੂਤ ਹੈ ਬਲਕਿ ਸਾਨੂੰ ਇਸ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਹਰ ਕਿਸੇ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।

ਉੱਘੀਆਂ ਸ਼ਖਸੀਅਤਾਂ ਜਾਂ ਮੈਡੀਕਲ ਹਸਤੀਆਂ ਵੱਲੋਂ ਅੱਗੇ ਆ ਕੇ ਲੋਕਾਂ ਨੂੰ ਇਸ ਬਾਰੇ ਸਮਝ ਪ੍ਰਦਾਨ ਕਰਨੀ ਚਾਹੀਦੀ ਸੀ, ਪਰ ਇਸ ਪੱਧਰ 'ਤੇ ਭੁੱਲ ਜ਼ਰੂਰ ਹੋਈ ਹੈ।

ਦੂਜੀ ਗੱਲ ਇਹ ਹੈ ਕਿ ਕੋਵਿਡ ਦੇ ਟੀਕੇ ਨੂੰ ਲੈ ਕੇ ਵੀ ਲੋਕਾਂ ਦੀ ਗਲਤ ਧਾਰਨਾ ਹੈ। ਟੀਕਾ ਲਗਵਾਉਣ ਲਈ ਵੀ ਉਹ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਰਿਹਾ ਹੈ, ਜੋ ਕਿ ਜ਼ਰੂਰੀ ਸੀ। ਪੰਜਾਬ 'ਚ ਦੂਜੇ ਰਾਜਾਂ ਦੇ ਮੁਕਾਬਲੇ ਟੀਕਾਕਰਨ ਬਹੁਤ ਘੱਟ ਹੋ ਰਿਹਾ ਹੈ।

ਤੀਜਾ ਇਹ ਕਿ ਅਸੀਂ ਲੱਛਣਾਂ ਨੂੰ ਗੌਲਦੇ ਹੀ ਨਹੀਂ ਹਾਂ। ਸਾਡੇ ਇਸ ਖੇਤਰ 'ਚ ਲੋਕ ਸ਼ੁਰੂਆਤੀ ਲੱਛਣਾਂ ਵੱਲ ਧਿਆਨ ਹੀ ਨਹੀਂ ਦਿੰਦੇ ਜਿਸ ਕਰਕੇ ਉਹ ਸਮਾਂ ਰਹਿੰਦਿਆਂ ਹਸਪਤਾਲ ਤੱਕ ਪਹੁੰਚ ਹੀ ਨਹੀਂ ਪਾਉਂਦੇ।

ਮੈਨੂੰ ਲੱਗਦਾ ਹੈ ਕਿ ਇਹ ਬਿਮਾਰੀ ਅਜੇ ਕੁਝ ਸਮਾਂ ਚੱਲੇਗੀ, ਕੋਈ ਦੋ ਜਾਂ ਤਿੰਨ ਹਫ਼ਤਿਆਂ 'ਚ ਇਸ ਨੂੰ ਠੱਲ ਪੈਣ ਵਾਲੀ ਨਹੀਂ ਹੈ। ਅਜੇ ਵੀ ਦੇਰੀ ਨਹੀਂ ਹੋਈ ਹੈ। ਸਾਨੂੰ ਜੰਗੀ ਸਥਿਤੀ ਵਾਂਗਰ ਹੀ ਇਸ ਨਾਲ ਨਜਿੱਠਣਾ ਚਾਹੀਦਾ ਹੈ।

ਲੋਕਾਂ ਨੂੰ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿ ਇਹ ਮਹਾਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਧਰਮ , ਜਾਤੀ, ਸਮਾਜਿਕ ਰੁਤਬੇ, ਕਿਸੇ ਵੀ ਉਮਰ ਆਦਿ ਤੋਂ ਪਰਾਂ ਇਸ ਮਹਾਮਾਰੀ ਲਈ ਹਰ ਕੋਈ ਇਕ ਸਮਾਨ ਹੈ।

ਪਹਿਲੀ ਲਹਿਰ 'ਚ ਅਸੀਂ ਵੇਖਿਆ ਸੀ ਕਿ ਬਜ਼ੁਰਗ ਲੋਕਾਂ ਨੂੰ ਇਹ ਬਿਮਾਰੀ ਘੇਰ ਰਹੀ ਸੀ, ਪਰ ਇਸ ਵਾਰ ਨੌਜਵਾਨ ਅਤੇ ਬੱਚੇ ਵੀ ਇਸ ਦੀ ਗ੍ਰਿਫ਼ਤ 'ਚ ਆ ਰਹੇ ਹਨ। 10 ਮਹੀਨਿਆਂ ਦੇ ਬੱਚਿਆਂ ਨੂੰ ਵੀ ਕੋਰੋਨਾ ਹੋ ਰਿਹਾ ਹੈ।

ਇਹ ਕਿਸੇ ਤ੍ਰਾਸਦੀ ਨਾਲੋਂ ਘੱਟ ਨਹੀਂ ਹੈ। ਬੱਚਿਆਂ 'ਚ ਭਾਵੇਂ ਕਿ ਗੰਭੀਰ ਲੱਛਣ ਸਾਹਮਣੇ ਨਹੀਂ ਆਉਂਦੇ ਹਨ ਪਰ ਉਹ ਪੌਜਿਟਵ ਹੁੰਦੇ ਹਨ। ਇਸ ਲਈ ਕਿਸੇ ਨੂੰ ਵੀ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਹੈ ਕਿ ਉਸ ਦੀ ਉਮਰ ਘੱਟ ਹੈ, ਉਹ ਸਿਹਤਮੰਦ ਹੈ ਜਾਂ ਜਿੰਮ ਜਾਂਦਾ ਹੈ ਅਤੇ ਕਸਰਤ ਕਰਦਾ ਹੈ, ਇਸ ਲਈ ਉਸ ਨੂੰ ਨਹੀਂ ਹੋ ਸਕਦਾ।

ਇਹ ਧਾਰਨਾ ਗਲਤ ਹੈ ਕਿਉਂਕਿ ਕੋਰੋਨਾ ਹਰ ਕਿਸੇ ਨੂੰ ਹੋ ਸਕਦਾ ਹੈ।

ਪੰਜਾਬ 'ਚ ਅਸੀਂ ਵੇਖਿਆ ਕਿ ਬਹੁਤ ਸਾਰੇ ਲੋਕ ਰੁਮਾਲ ਦੀ ਵਰਤੋਂ ਕਰਦੇ ਹਨ। ਪਰ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇ ਸਮੇਂ 'ਚ ਦੁਹਰਾ ਮਾਸਕ ਇਸਤੇਮਾਲ ਕਰਨਾ ਹੀ ਸਮੇਂ ਦੀ ਅਸਲ ਮੰਗ ਹੈ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈ।

ਲੋਕਾਂ 'ਚ ਇਹ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਲੱਛਣਾਂ ਦੇ ਆਉਣ 'ਤੇ ਤੁਰੰਤ ਉਹ ਆਪਣਾ ਟੈਸਟ ਕਰਵਾਉਣ ਅਤੇ ਰਿਪੋਰਟ ਪੌਜਿਟਵ ਆਉਣ 'ਤੇ ਅਤਪਣੇ ਆਪਣ ਨੂੰ ਏਕਾਂਤ ਕਰ ਲੈਣ ਅਤੇ ਬਾਕੀ ਨੇਮਾਂ ਅਨੁਸਾਰ ਵਿਵਹਾਰ ਕਰਨ। ਸ਼ੁਰੂ 'ਚ ਹੀ ਮੈਡੀਕਲ ਮਾਹਰਾਂ ਨਾਲ ਸੰਪਰਕ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਗੰਭੀਰ ਸਥਿਤੀ ਤੋਂ ਬਚਿਆ ਜਾ ਸਕੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਵਾਲ:ਦੁਹਰੇ ਮਾਸਕ ਦੀ ਜ਼ਰੂਰਤ ਕਿਉਂ ਪੈ ਰਹੀ ਹੈ?

ਮਹਾਮਾਰੀ ਦੇ ਸ਼ੁਰੂ ਤੋਂ ਹੀ ਵੇਖਿਆ ਗਿਆ ਸੀ ਕਿ ਇਕਹਿਰਾ ਮਾਸਕ 40% ਦੇ ਕਰੀਬ ਸੁਰੱਖਿਆ ਪ੍ਰਦਾਨ ਕਰਦਾ ਹੈ। ਸ਼ੁਰੂਆਤ 'ਚ ਅਸੀਂ ਕਿਹਾ ਸੀ ਕਿ ਮੈਡੀਕਲ ਅਧਿਕਾਰੀਆਂ, ਹੈਲਥਕੇਅਰ ਮੁਲਾਜ਼ਮਾਂ ਨੂੰ ਐਨ95 ਮਾਸਕ ਦਿੱਤੇ ਜਾਣ ਅਤੇ ਬਾਕੀ ਲੋਕ ਸਿੰਗਲ ਮਾਸਕ ਪਾ ਸਕਦੇ ਹਨ।

ਇਸ ਪਿੱਛੇ ਉਪਲਬਧਤਾ ਵੀ ਵੱਡਾ ਕਾਰਨ ਸੀ, ਪਰ ਹੁਣ ਕਈ ਅਧਿਐਨ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਦੀਆਂ ਸਿਫਾਰਸ਼ਾਂ ਵੀ ਆਈਆਂ ਹਨ। ਜਿਵੇਂ-ਜਿਵੇਂ ਮਹਾਮਾਰੀ ਦਾ ਫੈਲਾਅ ਹੋਇਆ ਹੈ ਇਸ ਪ੍ਰਤੀ ਸਾਡੀ ਸਮਝ 'ਚ ਵੀ ਵਾਧਾ ਹੋਇਆ ਹੈ।

ਪਹਿਲਾਂ ਅਸੀਂ ਕਿਹਾ ਸੀ ਕਿ ਤੁਸੀਂ ਮਾਸਕ ਉਸ ਸਮੇਂ ਪਾਓ ਜਦੋਂ ਤੁਸੀਂ 4-5 ਲੋਕਾਂ ਦੇ ਸਮੂਹ 'ਚ ਹੋ, ਪਰ ਹੁਣ ਜੋ ਅਧਿਐਨ ਹੋਇਆ ਹੈ, ਉਸ 'ਚ ਪਾਇਆ ਗਿਆ ਹੈ ਕਿ ਇਹ ਏਅਰਬੋ੍ਰਨ ਹੈ, ਇਸ ਲਈ ਵਧੇਰੇਤਰ ਸਮਾਂ ਮਾਸਕ ਪਾ ਕਿ ਰੱਖਣਾ ਹੀ ਸੁਰੱਖਿਅਤ ਹੈ।

ਭਾਰਤ ਸਰਕਾਰ ਨੇ ਵੀ ਦਿਸ਼ਾ ਨਿਦੇਸ਼ ਜਾਰੀ ਕਿਤੇ ਹਨ ਕਿ ਜੇਕਰ ਅਸੀਂ ਆਪਣੇ ਪਰਿਵਾਰ ਨਾਲ ਘਰ 'ਚ ਵੀ ਹਾਂ ਤਾਂ ਵੀ ਸਾਨੂੰ ਮਾਸਕ ਪਾਉਣ ਦੀ ਜ਼ਰੂਰਤ ਹੈ। ਪਰ ਹੁਣ ਜੋ ਦੁਹਰੇ ਮਾਸਕ ਵਾਲੀ ਸਿਫਾਰਸ਼ ਹੈ ਉਹ ਹੁਣ ਲਾਜ਼ਮੀ ਹੈ।

ਸਾਨੂੰ ਸਰਜੀਕਲ ਮਾਸਕ ਜਾਂ ਦੁਹਰਾ ਮਾਸਕ ਪਾਉਣਾ ਚਾਹੀਦਾ ਹੈ। ਮਾਸਕ ਹਮੇਸ਼ਾਂ ਹੀ ਮੂੰਹ ਅਤੇ ਨੱਕ ਨੂੰ ਢੱਕਣ ਵਾਲਾ ਹੋਣਾ ਚਾਹੀਦਾ ਹੈ। ਇਸ ਨਾਲ 90% ਤੱਕ ਸੁਰੱਖਿਆ ਮਿਲ ਸਕਦੀ ਹੈ।

ਮੌਜੂਦਾ ਸਮੇਂ ਸਾਨੂੰ ਮੰਨ੍ਹ ਕੇ ਹੀ ਚੱਲਣਾ ਚਾਹੀਦਾ ਹੈ ਕਿ ਸਾਡੇ ਆਸ-ਪਾਸ ਹਰ ਕੋਈ ਇਨਫੈਕਟਿਡ ਹੈ ਅਤੇ ਸਾਨੂੰ ਆਪਣਾ ਧਿਆਨ ਆਪ ਹੀ ਰੱਖਣਾ ਹੈ। ਬਹੁਤ ਸਾਰੇ ਲੋਕ ਬਿਨ੍ਹਾਂ ਲੱਛਣਾਂ ਦੇ ਹੁੰਦੇ ਹਨ ਅਜਿਹੀ ਸਥਿਤੀ 'ਚ ਕੋਰੋਨਾ ਪ੍ਰਤੀ ਜ਼ਰੂਰੀ ਮਾਪਦੰਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਲਾਜ਼ਮੀ ਹੋ ਜਾਂਦਾ ਹੈ।

ਇਸ ਲਈ ਇੰਨ੍ਹਾਂ ਸਾਵਧਾਨੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਆਮ ਲੋਕਾਂ ਦੇ ਮਨਾਂ 'ਚ ਬਿਮਾਰੀ, ਇਸ ਦੇ ਫੈਲਾਅ ਅਤੇ ਟੀਕੇ ਦੇ ਬਾਰੇ 'ਚ ਜੋ ਵੀ ਗਲਤ ਧਾਰਨਾਵਾਂ ਹਨ, ਉਨ੍ਹਾਂ ਨੂੰ ਜਾਗਰੂਕਤਾ ਰਾਹੀਂ ਮਿਟਾਉਣ ਦੀ ਲੋੜ ਹੈ।

ਲੌਕਡਾਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸ਼ਾਮ 6 ਵਜੇ ਲੌਕਡਾਉਨ ਲੱਗ ਰਿਹਾ ਹੈ

ਸਵਾਲ: ਕੀ ਲੌਕਡਾਊਣ ਮਹਾਮਾਰੀ ਨਾਲ ਨਜਿੱਠਣ ਦਾ ਸਹੀ ਰਾਹ ਹੈ?

ਲੌਕਡਾਊਣ ਲਗਾਉਣਾ ਇੱਕ ਪ੍ਰਸ਼ਾਸਨਿਕ ਫ਼ੈਸਲਾ ਹੈ। ਪਰ ਮੈਨੂੰ ਲੱਗਦਾ ਹੈ ਕਿ ਪਿਛਲੀ ਵਾਰ ਲੌਕਡਾਊਨ ਕਾਰਨ ਜੋ ਅਸੀਂ ਆਰਥਿਕ ਮੰਦੀ, ਮਜ਼ਦੂਰਾਂ ਦੇ ਪਰਵਾਸ ਦੀਆਂ ਘਟਨਾਵਾਂ ਆਦਿ ਨੂੰ ਵੇਖਿਆ ਹੈ, ਅਜਿਹੇ 'ਚ ਲੌਕਡਾਉਨ ਆਖਰੀ ਵਿਕਲਪ ਹੋਣਾ ਚਾਹੀਦਾ ਹੈ।

ਜੇਕਰ ਸਾਨੂੰ ਲੌਕਡਾਊਨ ਕਰਨਾ ਹੀ ਪੈਣਾ ਹੈ ਤਾਂ ਸਭ ਤੋਂ ਲੋਕਾਂ ਨੂੰ ਹਫ਼ਤਾ ਦਸ ਦਿਨ ਪਹਿਲਾਂ ਇਸ ਪ੍ਰਤੀ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਵਿੱਤੀ, ਰਾਸ਼ਨ-ਪਾਣੀ ਹਰ ਤਰ੍ਹਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ।

ਲੋਕਾਂ ਦੇ ਮਨੋਵਿਗਿਆਨਕ ਤੌਰ 'ਤੇ ਤਿਆਰ ਹੋਣ ਤੋਂ ਬਾਅਦ ਹੀ ਲੌਕਡਾਊਨ ਬਾਰੇ ਸੋਚਿਆ ਜਾ ਸਕਦਾ ਹੈ। ਲੌਕਡਾਉਨ ਦੀ ਸਥਿਤੀ ਹੀ ਨਾ ਬਣੇ, ਇਸ ਲਈ ਸਾਨੂੰ ਦੂਜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਮੈਨੂੰ ਤਾਂ ਲੱਗਦਾ ਹੈ ਕਿ ਹਫ਼ਤਾਵਰੀ ਜਾਂ ਕਿਸੇ ਇੱਕ ਦਿਨ ਦਾ ਕਰਫਿਊ ਸਿਰਫ ਤਾਂ ਸਿਰਫ਼ ਨਾਮਾਤਰ ਹੀ ਹੈ। ਇਸ ਦਾ ਕੋਈ ਖਾਸਾ ਲਾਭ ਨਹੀਂ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਵਾਇਰਸ ਰਾਤ ਨੂੰ ਫੈਲਦਾ ਹੈ ਅਤੇ ਦਿਨ ਨੂੰ ਨਹੀਂ। ਇਸ ਲਈ ਮੈਨੂੰ ਇਸ ਪਿੱਛੇ ਦਾ ਲੌਜਿਕ ਸਮਝ ਨਹੀਂ ਆਉਂਦਾ ਹੈ।

ਇੱਥੈ ਸਭ ਤੋਂ ਵੱਧ ਲੋੜ ਹੈ ਕਿ ਲੋਕਾਂ ਨੂੰ ਇਸ ਬਾਰੇ ਦੱਸਿਆ ਜਾਵੇ। ਮਹਾਮਾਰੀ ਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਅਤੇ ਅਜੇ ਵੀ ਜੋ ਲੋਕ ਮਾਸਕ ਦੀ ਮਹੱਤਤਾ ਜਾਂ ਹੋਰ ਕੋਰੋਨਾ ਪ੍ਰਤੀ ਸਹੀ ਵਿਵਹਾਰ ਨੂੰ ਨਹੀਂ ਸਮਝ ਰਹੇ ਹਨ, ਸਾਨੂੰ ਉਨ੍ਹਾਂ ਪ੍ਰਤੀ ਵਧੇਰੇ ਸਖ਼ਤੀ ਵਰਤਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ

ਸਵਾਲ: ਲੋਕਾਂ ਨੂੰ ਲੱਗਦਾ ਹੈ ਕਿ ਕੋਰੋਨਾ ਤਾਂ ਟੀਵੀ, ਅਖ਼ਬਾਰਾਂ 'ਚ ਹੀ ਹੈ। ਕੀ ਇਹ ਧਾਰਨਾ ਸਹੀ ਹੈ?

ਸਾਡੀ ਇਹ ਜੰਗ ਉਸ ਦੁਸ਼ਮਣ ਨਾਲ ਹੈ ਜੋ ਕਿ ਸਾਨੂੰ ਵਿਖਾਈ ਨਹੀਂ ਦਿੰਦਾ ਹੈ। ਅਸੀਂ ਵਾਇਰਸ ਨੂੰ ਨਹੀਂ ਵੇਖ ਸਕਦੇ ਪਰ ਉਸ ਦੇ ਲੱਛਣ ਤਾਂ ਵੇਖ ਸਕਦੇ ਹਾਂ। ਜੋ ਲੋਕ ਕਹਿ ਰਹੇ ਹਨ ਸਾਨੂੰ ਕੋਰੋਨਾ ਨਹੀਂ ਵਿਖ ਰਿਹਾ ਹੈ, ਉਹ ਸ਼ਾਿੲਦ ਹਸਪਤਾਲਾਂ ਦੀ ਸਥਿਤੀ ਤੋਂ ਅਣਜਾਣ ਹਨ।

ਇਹ ਇੱਕ ਅਜਿਹੀ ਮਹਾਮਾਰੀ ਹੈ , ਜੋ ਕਿ ਇਸ ਤੋਂ ਪਹਿਲਾਂ ਸਾਡੇ ਜੀਵਣ 'ਚ ਨਹੀਂ ਆਈ ਹੈ ਅਤੇ ਅਸੀਂ ਸਭ ਇਸ ਦੇ ਨਿਸ਼ਾਨੇ 'ਤੇ ਹਾਂ।

ਜੋ ਲੋਕ ਕੋਰੋਨਾ ਦੀ ਹੋਂਦ ਤੋਂ ਮੁਨਕਰ ਹੋ ਰਹੇ ਹਨ, ਉਹ ਅਸਲ 'ਚ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹਨ। ਇਹ ਕੋਈ ਮੀਡੀਆ, ਰਾਜ ਸਰਕਾਰਾਂ ਜਾਂ ਕਿਸੇ ਹੋਰ ਵੱਲੋਂ ਤਿਆਰ ਕੀਤੀ ਸਥਿਤੀ ਨਹੀਂ ਹੈ।

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਇੱਕ ਅਜਿਹੀ ਮਹਾਮਾਰੀ ਹੈ , ਜੋ ਕਿ ਇਸ ਤੋਂ ਪਹਿਲਾਂ ਸਾਡੇ ਜੀਵਣ 'ਚ ਨਹੀਂ ਆਈ ਹੈ ਅਤੇ ਅਸੀਂ ਸਭ ਇਸ ਦੇ ਨਿਸ਼ਾਨੇ 'ਤੇ ਹਾਂ

ਸਵਾਲ:ਕੀ ਬੁਨਿਆਦੀ ਢਾਂਚੇ ਦੀ ਕਮੀ ਵੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ?

ਪਿਛਲੇ ਇੱਕ ਸਾਲ ਦੌਰਾਨ ਸਾਨੂੰ ਜੋ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੰਮ ਕਰਨੇ ਚਾਹੀਦੇ ਸਨ, ਬਦਕਿਸਮਤੀ ਨਾਲ ਅਸੀਂ ਉਸ 'ਚ ਬਹੁਤ ਪਿੱਛੇ ਹਾਂ। ਪਰ ਇਹ ਉਹ ਸਮਾਂ ਨਹੀਂ ਹੈ ਕਿ ਇਸ ਲਈ ਜਵਾਬਦੇਹੀ ਅਤੇ ਅਸਫਲਤਾਵਾਂ ਲਈ ਜ਼ਿੰਮੇਵਾਰ ਨਿਜ਼ਾਮ ਬਾਰੇ ਗੱਲ ਕਰੀਏ।

ਜੰਗ ਦੌਰਾਨ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰ ਸਕਦੇ ਹਾਂ। ਪਰ ਤੁਸੀਂ ਵੀ ਸਹੀ ਕਹਿ ਰਹੇ ਹੋ ਕਿ ਸਾਡੇ ਬੁਨਿਆਦੀ ਢਾਂਚੇ 'ਤੇ ਭਾਰ ਵੱਧ ਗਿਆ ਹੈ। ਜਿਸ ਟੈਸਟ ਦੀ ਰਿਪੋਰਟ ਸਾਨੂੰ ਕੁਝ ਘੰਟਿਆਂ 'ਚ ਮਿਲਣੀ ਚਾਹੀਦੀ ਸੀ ਉਹ ਸਾਨੂੰ 1-2 ਦਿਨਾਂ 'ਚ ਮਿਲ ਰਹੀ ਹੈ। ਲੈਬਾਂ 'ਤੇ ਵੀ ਕੰਮ ਦਾ ਭਾਰ ਵੱਧ ਗਿਆ ਹੈ।

ਇਸ ਲਈ ਅਸੀਂ ਸਿਰਫ ਇਹੀ ਸਲਾਹ ਦੇ ਸਕਦੇ ਹਾਂ ਕਿ ਜੇਕਰ ਕਿਸੇ ਨੂੰ ਵੀ ਲੱਛਣ ਹਨ ਤਾਂ ਸਾਨੂੰ ਮੰਨ੍ਹ ਕੇ ਹੀ ਚੱਲਣਾ ਚਾਹੀਦਾ ਹੈ ਕਿ ਇਹ ਕੋਰੋਨਾ ਦੇ ਹੀ ਲੱਛਣ ਹਨ। ਸਾਨੂੰ ਰਿਪੋਰਟ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਹੀ ਖੁਦ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਹੈ।

ਇਸ ਸਮੇਂ ਸਾਰਾ ਜ਼ੋਰ ਲੋਕਾਂ 'ਚ ਜਾਗਰੂਕਤਾ ਵਧਾਉਣ ਅਤੇ ਟੀਕਾਕਰਨ ਮੁਹਿੰਮ ਸਫਲ ਕਰਨ 'ਤੇ ਹੀ ਲਗਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)