ਕੋਰੋਨਾਵਾਇਰਸ : ਸਕੂਲਾਂ ਦੇ ਬੰਦ ਰਹਿਣ ਤੇ ਪ੍ਰੀਖਿਆਵਾਂ ਰੱਦ ਹੋਣ ਨਾਲ ਬੱਚਿਆਂ ’ਤੇ ਇਹ ਪੈ ਰਿਹਾ ਅਸਰ

ਪੰਜਾਬ ਸਕੂਲ ਸਿੱਖਿਆ

ਤਸਵੀਰ ਸਰੋਤ, PSEB

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸੀਬੀਐਸਸੀ ਨੇ ਦਸਵੀਂ ਜਮਾਤ ਦੀਆਂ ਫਾਈਨਲ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ।

ਸੀਬੀਐੱਸਈ ਤੋਂ ਪੰਜਾਬ ਸਣੇ ਬਾਅਦ ਵੱਖ-ਵੱਖ ਸੂਬਿਆਂ ਦੇ ਸਿੱਖਿਆ ਬੋਰਡਾਂ ਨੇ ਵੀ ਸਕੂਲੀ ਪ੍ਰੀਖਿਆਵਾਂ ਰੱਦ ਕਰਨ ਅਤੇ ਮੁਲਤਵੀ ਕਰਨ ਸਬੰਧੀ ਫੈਸਲੇ ਲਏ।

ਪਰ ਸਿੱਖਿਆ ਮਾਹਰਾਂ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਅਤੇ ਪ੍ਰੀਖਿਆਵਾਂ ਰੱਦ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਕਾਫ਼ੀ ਬੁਰਾ ਅਸਰ ਪਿਆ ਹੈ।

ਇਹ ਵੀ ਪੜ੍ਹੋ :

ਪੰਜਾਬ ਬੋਰਡ ਨੇ ਕੀ ਲਿਆ ਫ਼ੈਸਲਾ

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੰਜਵੀਂ, ਅੱਠਵੀਂ ਅਤੇ ਦਸਵੀਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਟਾਲ ਦਿੱਤੀ ਗਈ ਹੈ।

12ਵੀਂ ਬਾਰੇ ਹਾਲਾਤ ਦੇ ਮੱਦੇਨਜ਼ਰ ਫੈਸਲਾ ਲਿਆ ਜਾਏਗਾ। ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੀ ਪ੍ਰੀਖਿਆ 4 ਮਈ ਤੋਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 20 ਅਪ੍ਰੈਲ ਤੋਂ ਲੈਣੀ ਸੀ।

ਪੰਜਾਬ ਸਕੂਲ ਸਿੱਖਿਆ

ਤਸਵੀਰ ਸਰੋਤ, Punjab School dept.

ਪੰਜਾਬ ਦੇ ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਪੰਜਵੀਂ ਜਮਾਤ ਦੇ ਪੰਜ ਵਿਸ਼ਿਆਂ ਵਿੱਚੋਂ ਚਾਰ ਦੇ ਇਮਤਿਹਾਨ ਪਹਿਲਾਂ ਹੀ ਲਏ ਜਾ ਚੁੱਕੇ ਹਨ, ਉਹਨਾਂ ਵਿਸ਼ਿਆਂ ਦੇ ਨੰਬਰਾਂ ਮੁਤਾਬਕ ਹੀ ਨਤੀਜੇ ਐਲਾਨੇ ਜਾਣਗੇ।

ਅੱਠਵੀਂ ਅਤੇ ਦਸਵੀਂ ਦੇ ਨਤੀਜੇ ਪ੍ਰੀ-ਬੋਰਡ ਪ੍ਰੀਖਿਆ ਅਤੇ ਇੰਟਰਨਲ ਅਸੈੱਸਮੈਂਟ ਦੇ ਅੰਕਾਂ ਅਨੁਸਾਰ ਬਣਾਏ ਜਾਣਗੇ।

ਦੱਸ ਦੇਈਏ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਹੀ ਤੀਹ ਅਪ੍ਰੈਲ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਲਾਗੂ ਕੀਤਾ ਜਾ ਚੁੱਕਾ ਸੀ।ਉਧਰ ਸੀਬੀਐਸਈ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਦਸਵੀਂ ਜਮਾਤ ਦੀ ਪ੍ਰੀਖਿਆ ਰੱਦ ਕਰਕੇ ਔਬਜੈਕਟਿਵ ਅਧਾਰ 'ਤੇ ਨਤੀਜੇ ਤਿਆਰ ਕੀਤੇ ਜਾਣਗੇ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਫਿਲਹਾਲ ਲਈ ਟਾਲ ਦਿੱਤੀ ਗਈ ਹੈ ਅਤੇ ਇਸ ਬਾਰੇ 1 ਜੂਨ ਨੂੰ ਹਾਲਾਤ ਦੇਖ ਕੇ ਫੈਸਲਾ ਲਿਆ ਜਾਏਗਾ।

ਸੀਬੀਐਸਈ ਮੁਤਾਬਕ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਲੈਣ ਦੀ ਸੂਰਤ ਵਿੱਚ ਘੱਟੋ-ਘੱਟ 15 ਦਿਨ ਦਾ ਸਮਾਂ ਵਿਦਿਆਰਥੀਆਂ ਨੂੰ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਦਿੱਤਾ ਜਾਏਗਾ।

ਵਿਦਿਆਰਥੀਆਂ ਦੇ ਅਕਾਦਮਿਕ ਜੀਵਨ 'ਤੇ ਅਸਰ

ਕੋਰੋਨਾ ਕਾਲ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਕੀ ਅਸਰ ਪਿਆ ਹੈ ਅਤੇ ਕੋਵਿਡ ਕਾਰਨ ਪ੍ਰੀਖਿਆਵਾਂ ਬਾਰੇ ਲਏ ਗਏ ਫੈਸਲੇ ਵਿਦਿਆਰਥੀਆਂ ਦੇ ਅਕਾਦਮਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ।

ਅਜਿਹੇ ਹੀ ਕਈ ਹੋਰ ਸਵਾਲ ਅਸੀਂ ਕੁਝ ਸਿੱਖਿਆ ਮਾਹਰ ਕੋਲੋਂ ਪੁੱਛੇ। ਪਟਿਆਲਾ ਦੀ ਪੰਜਾਬੀ ਯੁਨੀਵਰਸਿਟੀ ਵਿੱਚ ਐਜੁਕੇਸ਼ਨ ਦੇ ਪ੍ਰੋਫੈਸਰ ਕੁਲਦੀਪ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਸਕੂਲਾਂ ਦੇ ਬੰਦ ਹੋਣ ਨਾਲ ਵਿਦਿਆਰਥੀਆਂ 'ਤੇ ਵੱਡਾ ਅਸਰ ਪਿਆ ਹੈ।

ਇੱਕ ਤਾਂ ਸਮਾਜਿਕ ਪੱਧਰ 'ਤੇ ਉਹਨਾਂ ਦਾ ਆਪਣੇ ਸਾਥੀਆਂ ਨਾਲ ਮੇਲ-ਜੋਲ ਰੁਕਿਆ ਅਤੇ ਦੂਜਾ ਇਹ ਕਿ ਕੋਵਿਡ ਦੌਰਾਨ ਪੈਦਾ ਹੋਏ ਆਰਥਿਕ ਸੰਕਟ ਅਤੇ ਸਕੂਲ ਬੰਦ ਹੋਣ ਨਾਲ ਛੋਟੀ ਉਮਰ ਦੀ ਬੱਚੇ ਮਜ਼ਦੂਰੀ ਵੱਲ ਵੀ

ਮਜਬੂਰ ਹੋਏ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਹਨਾਂ ਕਿਹਾ, "ਕੌਮਾਂਤਰੀ ਪੱਧਰ 'ਤੇ ਸਿੱਖਿਆ ਬਾਰੇ ਦੀਆਂ ਪਿਛਲੇ ਦਸ ਸਾਲਾਂ ਦੀਆਂ ਰਿਪੋਰਟਾਂ ਮੁਤਾਬਕ ਸਾਡੇ ਜਿਹੇ ਦੇਸ਼ਾਂ ਵਿੱਚ ਵਿਦਿਆਰਥੀਆਂ ਦੀ ਲਰਨਿੰਗ ਆਊਟਕਮ ਬਹੁਤ ਘੱਟ ਆ ਰਹੀ ਹੈ।"

"ਲਰਨਿੰਗ ਆਊਟਕਮ ਤਾਂ ਵਧਦੀ ਹੈ ਜੇ ਸਕੂਲਾਂ ਵਿੱਚ ਚੰਗੀ ਪੜ੍ਹਾਈ ਹੋਵੇ, ਅਧਿਆਪਕ ਆਉਣ, ਗਰੀਬ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਮਿਲੇ ਪਰ ਕੋਵਿਡ ਦੌਰਾਨ ਇਹ ਸਭ ਨਹੀਂ ਹੋਇਆ, ਅਤੇ ਭਾਰਤ ਵਰਗੇ ਮੁਲਕਾਂ ਵਿੱਚ ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਦੇ ਸਾਧਨ ਵੀ ਨਹੀਂ ਸਨ।"ਪ੍ਰੋਫੈਸਰ ਕੁਲਦੀਪ ਸਿੰਘ ਨੇ ਕਿਹਾ ਕਿ ਕੋਵਿਡ ਦੌਰਾਨ ਵਿਦਿਆਰਥੀਆਂ ਦੇ ਮੁਲਾਂਕਣ ਬਾਰੇ ਕੋਈ ਸਟੀਕ ਤਕਨੀਕ ਵਿਕਸਿਤ ਹੋਣੀ ਚਾਹੀਦੀ ਸੀ। ਕਿਉਂਕਿ ਜਦੋਂ ਵਿਦਿਆਰਥੀਆਂ ਨੇ ਜੋ ਸਿੱਖਿਆ ਉਸਦਾ ਮੁਲਾਂਕਣ ਹੀ ਸਹੀ ਨਹੀਂ ਹੋਏਗਾ ਤਾਂ ਉਹਨਾਂ ਦੇ ਅਕਾਦਮਿਕ ਜੀਵਨ ਅਤੇ ਭਵਿੱਖ 'ਤੇ ਅਸਰ ਜ਼ਰੂਰ ਪਏਗਾ। ਪ੍ਰੋਫੈਸਰ ਕੁਲਦੀਪ ਸਿੰਘ ਮੁਤਾਬਕ ਸਕੂਲੀ ਸਿੱਖਿਆ ਵਿਦਿਆਰਥੀਆਂ ਨੂੰ ਮੂਲ ਕੰਸੈਪਟ ਸਿਖਾਉਂਦੀ ਹੈ, ਸਹੀ ਪੜ੍ਹਾਈ ਅਤੇ ਮੁਲਾਂਕਣ ਦਾ ਹੋਣਾ ਉਸ ਦੀ ਉੱਚ ਸਿੱਖਿਆ ਅਤੇ ਅਗਲੇ ਭਵਿੱਖ 'ਤੇ ਵੀ ਅਸਰ ਪਾਉਂਦਾ ਹੈ।

ਸਰਕਾਰਾਂ ਨੂੰ ਕੋਈ ਅਜਿਹਾ ਸਿਸਟਮ ਤਿਆਰ ਕਰਨਾ ਚਾਹੀਦਾ ਸੀ ਕਿ ਇਸ ਸਮੇਂ ਦੌਰਾਨ ਸਿੱਖਿਆ ਦੀ ਪ੍ਰਕਿਰਿਆ ਬੰਦ ਨਾ ਹੋਵੇ ਕਿਉਂਕਿ ਸਿੱਖਿਆ ਪ੍ਰਣਾਲੀ ਵਿੱਚ ਨਿਰੰਤਰਤਾ ਬੇਹਦ ਜ਼ਰੂਰੀ ਹੈ।

ਆਨਲਾਈਨ ਪੜ੍ਹਾਈ ਇੱਕ ਫਾਰਮੈਲਿਟੀ

ਪੰਜਾਬੀ ਯੁਨੀਵਰਸਿਟੀ ਤੋਂ ਹੀ ਸਿੱਖਿਆ ਵਿਭਾਗ ਦੀ ਪ੍ਰੋਫੈਸਰ ਜਸਰਾਜ ਕੌਰ ਨੇ ਕਿਹਾ, " ਬੇਸ਼ੱਕ ਇਹ ਹਾਲਾਤ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਅਸਰ ਪਾ ਰਹੇ ਹਨ ਪਰ ਮਹਾਂਮਾਰੀ ਦੌਰਾਨ ਸਭ ਤੋਂ ਵੱਧ ਪਹਿਲ ਸਿਹਤ ਨੂੰ ਦੇਣੀ ਪਏਗੀ। ਜਿਸ ਤਰ੍ਹਾਂ ਕੋਵਿਡ ਦੇ ਕੇਸ ਲਗਾਤਾਰ ਵਧ ਰਹੇ ਹਨ, ਇਹ ਫੈਸਲੇ ਠੀਕ ਹਨ।"

" ਪ੍ਰੀ-ਬੋਰਡ ਪ੍ਰੀਖਿਆਵਾਂ ਲਈਆਂ ਗਈਆਂ ਹਨ, ਜਿਨ੍ਹਾਂ ਦੇ ਅਧਾਰ 'ਤੇ ਨਤੀਜੇ ਬਣਾਏ ਜਾ ਸਕਦੇ ਹਨ। ਜਿੱਥੋਂ ਤੱਕ ਸਵਾਲ ਬਾਰ੍ਹਵੀਂ ਦੀ ਪ੍ਰੀਖਿਆ ਦਾ ਹੈ, ਆਉਣ ਵਾਲੇ ਸਮੇਂ ਵਿੱਚ ਹਾਲਾਤ ਨੂੰ ਭਾਂਪਦਿਆਂ ਫੈਸਲਾ ਹੋਣਾ ਚਾਹੀਦਾ ਹੈ। ਜੇ ਬੱਚਿਆਂ ਦੀ ਸਿਹਤ ਠੀਕ ਰਹੇਗੀ ਤਾਂ ਹੀ ਉਹ ਅਕਾਦਮਿਕ ਜੀਵਨ ਵਿੱਚ ਵੀ ਕੁਝ ਹਾਸਿਲ ਕਰ ਸਕਣਗੇ, ਮੈਨੂੰ ਲਗਦਾ ਹੈ ਮੌਜੂਦਾ ਵੇਲੇ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ।"ਪੰਜਾਬ ਦੇ ਸਿੱਖਿਆ ਵਿਭਾਗ ਤੋਂ ਰਿਟਾਇਰਡ ਸਾਇੰਸ ਦੇ ਅਧਿਆਪਕ ਅਤੇ ਸਰਕਾਰੀ ਟੀਚਰ ਯੁਨੀਅਨਾਂ ਦੇ ਅਹੁਦੇਦਾਰ ਰਹੇ ਯਸ਼ ਪਾਲ ਨੇ ਕਿਹਾ ਕਿ ਪੂਰੇ ਕੋਵਿਡ ਕਾਲ ਦੌਰਾਨ ਪੜ੍ਹਾਈ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਸਕੂਲੀ ਸਿੱਖਿਆ ਪੰਜਾਬ

ਤਸਵੀਰ ਸਰੋਤ, PSEB

ਸਕੂਲ ਬੰਦ ਰਹਿਣ ਦੌਰਾਨ ਹੋਈ ਆਨਲਾਈਨ ਪੜ੍ਹਾਈ ਇੱਕ ਫਾਰਮੈਲਿਟੀ ਰਹੀ ਹੈ, ਵਿਦਿਆਰਥੀ ਸਕੂਲੀ ਸਿੱਖਿਆ ਦੀ ਤਰ੍ਹਾਂ ਸਿੱਖ ਨਹੀਂ ਸਕੇ।

ਇੱਕ ਪਹਿਲੂ ਇਹ ਕਹਿੰਦਾ ਹੈ ਕਿ ਜਦੋਂ ਪੜ੍ਹਾਈ ਹੀ ਸਹੀ ਤਰੀਕੇ ਨਾਲ ਨਹੀਂ ਹੋਈ ਤਾਂ ਫਿਰ ਇਮਤਿਹਾਨਾਂ ਦਾ ਕੀ ਮਤਲਬ, ਦੂਜਾ ਪਹਿਲੂ ਇਹ ਵੀ ਕਹਿੰਦਾ ਹੈ ਕਿ ਸਿਲੇਬਸ ਘਟਾ ਕੇ ਅਤੇ ਪੂਰੇ ਇੰਤਜਾਮ ਲੈ ਕੇ ਪ੍ਰੀਖਿਆ ਲੈਣ ਦਾ ਸਿਸਟਮ ਬਣਾਇਆ ਜਾ ਸਕਦਾ ਸੀ।

ਬੱਚਿਆਂ ਦੀ ਮਾਨਸਿਕ ਦੁਚਿੱਤੀ

ਉਹਨਾਂ ਕਿਹਾ , " ਸਵਾਲ ਇਹ ਵੀ ਉੱਠਦੈ ਕਿ ਕਈ ਸੂਬਿਆਂ ਵਿੱਚ ਚੋਣਾਂ ਹੋਈਆਂ ਅਤੇ ਹੋ ਰਹੀਆਂ ਹਨ, ਹੋਰ ਵੀ ਕਈ ਥਾਈਂ ਹਜਾਰਾਂ-ਲੱਖਾਂ ਲੋਕ ਇਕੱਠੇ ਹੋ ਰਹੇ ਹਨ ਪਰ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜੇ ਹੋਰ ਚੀਜਾਂ ਹੋ ਸਕਦੀਆਂ ਹਨ ਤਾਂ ਪੂਰੇ ਪ੍ਰਬੰਧ ਕਰਕੇ ਸਕੂਲਾਂ ਵਿੱਚ ਪੜ੍ਹਾਈ ਵੀ ਹੋ ਸਕਦੀ ਸੀ ਪਰ ਅਜਿਹਾ ਨਹੀਂ ਨਹੀਂ ਹੋਇਆ। ਇੱਥੋਂ ਤੱਕ ਕਿ ਜਦੋਂ ਸਕੂਲ ਕੁਝ ਸਮੇਂ ਲਈ ਖੋਲ੍ਹੇ ਵੀ ਗਏ ਤਾਂ ਕੋਵਿਡ ਦੇ ਮੱਦੇਨਜ਼ਰ ਪ੍ਰਬੰਧ ਨਹੀਂ ਦਿਸੇ।"ਯਸ਼ਪਾਲ ਨੇ ਕਿਹਾ ਕਿ ਜਦੋਂ ਪਿਛਲੀ ਜਮਾਤ ਦੇ ਕੰਸੈਪਟ ਵਿਦਿਆਰਥੀਆਂ ਦੇ ਮਨਾਂ ਵਿੱਚ ਸਾਫ ਨਹੀਂ ਤਾਂ ਅਗਲੀਆਂ ਜਮਾਤਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ।

ਸਰਕਾਰਾਂ ਨੂੰ ਚਾਹੀਦਾ ਸੀ ਕਿ ਸਿੱਖਿਆ ਨੂੰ ਪਹਿਲ ਦਿੰਦਿਆਂ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਸੀ ਤਾਂ ਕਿ ਵਿਦਿਆਰਥੀਆਂ ਦੀ ਨਿਰੰਤਰਤਾ ਬਰਕਰਾਰ ਰਹਿੰਦੀ।

ਇਨ੍ਹਾਂ ਹਾਲਾਤ ਵਿੱਚ ਸਿਰਫ ਪੜ੍ਹਾਈ ਹੀ ਪ੍ਰਭਾਵਿਤ ਨਹੀਂ ਹੋਈ ਬਲਕਿ ਵਿਦਿਆਰਥੀ ਮਾਨਸਿਕ ਪੱਖੋਂ ਵੀ ਦੁਚਿੱਤੀ ਵਿੱਚ ਰਹੇ ਹਨ।

ਕੋਰੋਨਾਵਾਇਰਸ ਦੇ ਲਗਾਤਾਰ ਵਧਦੇ ਕੇਸ

ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ। 14 ਅਪ੍ਰੈਲ ਯਾਨੀ ਬੁੱਧਵਾਰ ਸ਼ਾਮ ਤੱਕ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ 282505 ਕੇਸ ਸਾਹਮਣੇ ਆ ਚੁੱਕੇ ਹਨ ।

ਇਨ੍ਹਾਂ ਵਿੱਚੋਂ 246583 ਮਰੀਜ਼ ਰਿਕਵਰ ਹੋ ਚੁੱਕੇ ਹਨ ਅਤੇ 7672 ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਕੋਵਿਡ ਦੇ 28250 ਐਕਟਿਵ ਕੇਸ ਹਨ। ਪੰਜਾਬ ਵਿੱਚ ਸਕੂਲ ਖੋਲ੍ਹੇ ਜਾਣ ਦੌਰਾਨ 1050 ਵਿਦਿਆਰਥੀ ਅਤੇ 625 ਅਧਿਆਪਕ ਕੋਵਿਡ ਪਾਜਿਟਿਵ ਹੋਏ ਸਨ। ਜਿਸ ਤੋਂ ਬਾਅਦ ਸਕੂਲ ਮੁੜ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ ਤਾਂ ਕਿ ਬੱਚਿਆਂ ਨੂੰ ਇਸ ਲਾਗ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)