ਅਰਵਿੰਦ ਕੇਜਰੀਵਾਲ ਦੀ ‘ਆਪ’ ਦਾ 'ਹਿੰਦੂ ਧਰਮ ਅਤੇ ਦੇਸ ਭਗਤੀ' ਵੱਲ ਝੁੱਕਣ ਦਾ ਅਸਲ ਕਾਰਨ ਕੀ ਹੈ

ਤਸਵੀਰ ਸਰੋਤ, Raj K Raj/Hindustan Times via Getty Images
- ਲੇਖਕ, ਰਾਘਵੇਂਦਰ ਰਾਓ
- ਰੋਲ, ਬੀਬੀਸੀ ਪੱਤਰਕਾਰ
'ਇਨਸਾਨ ਕਾ ਇਨਸਾਨ ਸੇ ਹੋ ਭਾਈਚਾਰਾ, ਯਹੀ ਪੈਗ਼ਾਮ ਹਮਾਰਾ'
ਪੂਰੇ ਦੇਸ਼ ਵਿੱਚ ਜ਼ੋਰਦਾਰ ਮੋਦੀ ਲਹਿਰ ਦੇ ਬਾਵਜੂਦ 2014 ਵਿੱਚ ਪਹਿਲੀ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕਪਾਸੜ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਮੰਚ ਤੋਂ ਇਹੀ ਗਾਣਾ ਗਾਇਆ ਸੀ।
2019 ਦੀ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਕੰਮ ਦੇ ਆਧਾਰ 'ਤੇ ਵੋਟ ਮੰਗੇ ਅਤੇ ਲੋਕਪ੍ਰਿਅਤਾ ਦੀ ਲਹਿਰ 'ਤੇ ਸਵਾਰ ਭਾਜਪਾ ਕੇਜਰੀਵਾਲ ਨੂੰ ਆਪਣਾ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਣ ਤੋਂ ਰੋਕ ਨਹੀਂ ਸਕੀ।
ਇਹ ਵੀ ਪੜ੍ਹੋ-
ਬੁਨਿਆਦੀ ਮੁੱਦਿਆਂ 'ਤੇ ਸਫ਼ਲਤਾ ਦੇ ਨਾਲ ਸਿਆਸਤ ਕਰਨ ਲਈ ਮੰਨੀ ਜਾਣ ਵਾਲੀ ਪਾਰਟੀ ਹੁਣ ਅਚਾਨਕ ਦੇਸ਼ ਭਗਤੀ ਅਤੇ ਰਾਮਰਾਜ ਦੀਆਂ ਗੱਲਾਂ ਕਰਨ ਲੱਗੀ ਹੈ, ਅਜਿਹੇ ਵਿੱਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਇਸ ਦੇ ਪਿੱਛੇ ਉਸ ਦੀ ਮੰਸ਼ਾ ਕੀ ਹੈ?
ਕੇਜਰੀਵਾਲ ਖ਼ੁਦ ਨੂੰ ਭਗਵਾਨ ਹਨੂਮਾਨ ਅਤੇ ਭਗਵਾਨ ਰਾਮ ਦਾ ਭਗਤ ਦੱਸ ਚੁੱਕੇ ਹਨ। ਇਸ ਦੇ ਨਾਲ ਹੀ, ਉਹ ਇਹ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਦੀ ਸੇਵਾ ਕਰਨ ਲਈ ਰਾਮਰਾਜ ਤੋਂ ਪ੍ਰੇਰਿਤ 10 ਸਿਧਾਂਤਾਂ ਦੀ ਪਾਲਣਾ ਕਰਦੀ ਹੈ।
ਦਿੱਲੀ ਦੇ ਮੁੱਖ ਮੰਤਰੀ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਜਦੋਂ ਅਯੁੱਧਿਆ ਵਿੱਚ ਬਣ ਰਿਹਾ ਮੰਦਰ ਤਿਆਰ ਹੋ ਜਾਵੇਗਾ ਤਾਂ ਉਹ ਦਿੱਲੀ ਦੇ ਸੀਨੀਅਰ ਨਾਗਰਿਕਾਂ ਨੂੰ ਉੱਥੋਂ ਦੀ ਮੁਫ਼ਤ ਯਾਤਰਾ ਕਰਵਾਉਣਗੇ।
ਕੁਝ ਦਿਨ ਪਹਿਲਾਂ ਦਿੱਲੀ ਸਰਕਾਰ ਦਾ ਬਜਟ "ਦੇਸ਼ ਭਗਤੀ ਬਜਟ" ਦੇ ਨਾਮ ਨਾਲ ਪੇਸ਼ ਕੀਤਾ ਗਿਆ। ਰਾਸ਼ਟਰੀ ਗੌਰਵ ਦੀ ਗੱਲਾਂ ਕਰਦਿਆਂ ਇਹ ਕਿਹਾ ਕਿ ਪੂਰੀ ਦਿੱਲੀ ਵਿੱਚ 500 ਵਿਸ਼ਾਲ ਰਾਸ਼ਟਰੀ ਝੰਡੇ ਲਹਿਰਾਏ ਜਾਣਗੇ।
ਕੇਜਰੀਵਾਲ ਸਰਕਾਰ ਪਹਿਲਾਂ ਹੀ ਦਿੱਲੀ ਦੇ ਸਕੂਲਾਂ ਵਿੱਚ ਦੇਸ਼ਭਗਤੀ ਪਾਠਕ੍ਰਮ ਦੀ ਗੱਲ ਕਰ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ, "ਇਸ ਪਾਠਕ੍ਰਮ ਦਾ ਉਦੇਸ਼ ਦੇਸ਼ ਭਗਤ ਨਾਗਰਿਕਾਂ ਦਾ ਇੱਕ ਵਰਗ ਬਣਾਉਣਾ ਹੈ।"
ਕੀ ਇਹ ਸੋਚੀ ਸਮਝੀ ਰਾਜਨੀਤੀ ਹੈ?
ਸੀਨੀਅਰ ਵਕੀਲ ਅਤੇ ਕੇਜਰੀਵਾਲ ਦੇ ਨਾਲ ਜੁੜੇ ਰਹੇ ਪ੍ਰਸ਼ਾਂਤ ਭੂਸ਼ਣ ਕਹਿੰਦੇ ਹਨ ਕਿ ਇਹ ਸਾਰੀਆਂ ਗੱਲਾਂ ਇੱਕ "ਪੋਲੀਟੀਕਲ ਸਟ੍ਰੈਟਜੀ" ਦਾ ਹਿੱਸਾ ਹਨ।

ਤਸਵੀਰ ਸਰੋਤ, Mohd Zakir/Hindustan Times via Getty Image
ਉਹ ਕਹਿੰਦੇ ਹਨ, "ਇਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਇਨ੍ਹਾਂ ਨੂੰ ਹਿੰਦੂਆਂ ਦੇ ਵੋਟ ਮਿਲ ਸਕਦੇ ਹਨ। ਇਹ ਭਾਜਪਾ ਨੂੰ ਇੱਕ ਤਰ੍ਹਾਂ ਨਾਲ ਉਸੇ ਦੀ ਖੇਡ ਵਿੱਚ ਪਛਾੜਨ ਦੀ ਕੋਸ਼ਿਸ਼ ਕਰ ਰਹੇ ਹਨ।"
"ਇਨ੍ਹਾਂ ਨੂੰ ਲਗਦਾ ਹੈ ਕਿ ਅਸੀਂ ਆਪਣੇ ਆਪ ਨੂੰ ਇੱਕ ਵੱਡੇ ਰਾਸ਼ਟਰੀ ਬਦਲ ਵਾਂਗ ਪੇਸ਼ ਕਰ ਸਕਦੇ ਹਾਂ। ਇਹ ਸ਼ਾਇਦ ਅਰਵਿੰਦ ਕੇਜਰੀਵਾਲ ਦਾ ਸਿਆਸੀ ਅੰਦਾਜ਼ਾ ਹੈ ਕਿ ਇਨ੍ਹਾਂ ਨੂੰ ਹਿੰਦੂ ਵੋਟ ਬੈਂਕ 'ਤੇ ਮੁੱਖ ਤੌਰ 'ਤੇ ਨਿਰਭਰ ਰਹਿਣਾ ਪਵੇਗਾ ਕਿਉਂਕਿ ਇਸ ਵੇਲੇ ਭਾਜਪਾ ਨੇ ਧਰੁਵੀਕਰਨ ਕਰ ਦਿੱਤਾ ਹੈ।"
ਸੀਨੀਅਰ ਪੱਤਰਕਾਰ ਆਸ਼ੂਤੋਸ਼ ਕਹਿੰਦੇ ਹਨ ਕਿ ਧਰਮ ਅਤੇ ਰਾਸ਼ਟਰਵਾਦ ਦੀ ਗੱਲ ਕਰਨਾ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੀ "ਚੁਣਾਵੀ ਮਜਬੂਰੀ" ਹੈ। ਆਸ਼ੂਤੋਸ਼ ਆਮ ਆਦਮੀ ਪਾਰਟੀ ਦੇ ਬੁਲਾਰੇ ਰਹਿ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ।
ਉਹ ਕਹਿੰਦੇ ਹਨ, "ਅਰਵਿੰਦ ਕੇਜਰੀਵਾਲ ਨੂੰ ਇਸ ਦਾ ਅੰਦਾਜ਼ਾ ਹੈ ਕਿ ਦਿੱਲੀ ਵਿੱਚ ਇੱਕ ਬਹੁਤ ਵੱਡਾ ਤਬਕਾ ਹੈ ਜੋ ਭਾਜਪਾ ਨੂੰ ਵੀ ਵੋਟ ਕਰਦਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਵੀ ਵੋਟ ਕਰਦਾ ਹੈ। ਜੇਕਰ ਸੰਸਦ ਦੀ ਚੋਣ ਦੇਖੀਏ ਤਾਂ ਭਾਜਪਾ ਨੂੰ 57 ਫੀਸਦ ਵੋਟ ਮਿਲਦੇ ਹਨ ਅਤੇ ਸਾਰੀਆਂ 7 ਸੀਟਾਂ ਭਾਜਪਾ ਨੂੰ ਚਲੀਆਂ ਜਾਂਦੀਆਂ ਹਨ।"
"ਪਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਆਪਣੇ ਵੋਟ ਬੈਂਕ ਨੂੰ ਸੰਭਾਲ ਕੇ ਰੱਖਣਾ ਹੈ ਤਾਂ ਉਸ ਨੂੰ ਆਪਣੇ ਆਪ ਨੂੰ ਹਿੰਦੂ ਨੇਤਾ ਵਜੋਂ ਸਥਾਪਿਤ ਕਰਨਾ ਪਵੇਗਾ।"
ਇਸ ਦੇ ਨਾਲ ਹੀ, ਪ੍ਰਸ਼ਾਂਤ ਉਹ ਵੀ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਦੀ "ਕੋਈ ਖ਼ਾਸ ਵਿਚਾਰਧਾਰਾ ਨਹੀਂ ਹੈ" ਅਤੇ ਉਨ੍ਹਾਂ ਨੂੰ ਲਗਦਾ ਹੈ ਕਿ "ਜੋ ਚੀਜ਼ ਸਾਨੂੰ ਵੋਟ ਦਿਵਾਏਗੀ ਉਹ ਸਾਨੂੰ ਕਰਨੀ ਚਾਹੀਦੀ ਹੈ।"
ਇਹ ਵੀ ਪੜ੍ਹੋ-
ਉਹ ਇਹ ਵੀ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਦਾ ਥੋੜ੍ਹਾ ਜਿਹਾ ਵਿਚਾਰਿਕ ਝੁਕਾਅ "ਸਾਫਟ ਹਿੰਦੁਤਵ" ਵੱਲ ਹੋ ਸਕਦਾ ਹੈ।
ਕਈ ਸਾਲਾਂ ਤੱਕ ਕੇਜਰੀਵਾਲ ਦੇ ਨਾਲ ਕੰਮ ਕਰ ਚੁੱਕੇ ਪ੍ਰਸ਼ਾਂਤ ਭੂਸ਼ਣ ਕਹਿੰਦੇ ਹਨ, "ਉਹ ਇੱਕ ਸ਼ੁੱਧ ਸਿਆਸੀ ਪ੍ਰਾਣੀ ਹਨ। ਜਿੱਧਰ ਦਿਖੇ ਕਿ ਕੁਝ ਕਰਨ ਨਾਲ ਜ਼ਿਆਦਾ ਵੋਟ ਮਿਲ ਸਕਦੇ ਹਨ, ਉਹ ਹਰ ਕੰਮ ਉਸੇ ਹਿਸਾਬ ਨਾਲ ਕਰਦੇ ਹਨ।"
ਆਸ਼ੂਤੋਸ਼ ਦਾ ਮੰਨਣਾ ਹੈ ਕਿ ਭਾਜਪਾ ਦੀ ਰਣਨੀਤੀ ਦੋ ਚੀਜ਼ਾਂ 'ਤੇ ਅਧਾਰਿਤ ਹੈ, "ਇੱਕ ਤਾਂ ਦੇਸ਼ਭਗਤੀ ਅਤੇ ਦੂਜਾ ਮਾਮਲੇ ਨੂੰ ਧਰਮ ਦਾ ਤੜਕਾ।"
ਉਹ ਕਹਿੰਦੇ ਹਨ, ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਉੱਥੇ ਕਰੀਬ ਉਹ ਭਾਸ਼ਾ ਬੋਲ ਰਹੇ ਹਨ ਜੋ ਭਾਰਤੀ ਜਨਤਾ ਪਾਰਟੀ ਬੋਲਦੀ ਹੈ। ਮਨੀਸ਼ ਸਿਸੋਦੀਆ ਕਹਿੰਦੇ ਹਨ ਕਿ ਜੈ ਸ੍ਰੀਰਾਮ ਦਾ ਨਾਰਾ ਜੇਕਰ ਭਾਰਤ ਵਿੱਚ ਨਹੀਂ ਲੱਗੇਗਾ ਤਾਂ ਕੀ ਪਾਕਿਸਤਾਨ ਵਿੱਚ ਲੱਗੇਗਾ।"
"ਅਰਵਿੰਦ ਕੇਜਰੀਵਾਲ ਵਿਧਾਨ ਸਭਾ ਵਿੱਚ ਕਹਿੰਦੇ ਹਨ ਕਿ ਤਿਰੰਗਾ ਜੇਕਰ ਭਾਰਤ ਵਿੱਚ ਨਹੀਂ ਲਹਿਰਾਇਆ ਜਾਵੇਗਾ ਤਾਂ ਕੀ ਪਾਕਿਸਤਾਨ ਵਿੱਚ ਲਹਿਰਾਇਆ ਜਾਵੇਗਾ ।"
"ਜੇਕਰ ਇਸ ਵਿੱਚ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦੇ ਨਾਮ ਹਟਾ ਲਏ ਜਾਣ ਤਾਂ ਕੋਈ ਵੀ ਇਨ੍ਹਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਕਹੇਗਾ ਕਿ ਇਹ ਤਾਂ ਭਾਜਪਾ ਜਾਂ ਆਰਐੱਸਐੱਸ ਦੇ ਕਿਸੇ ਨੇਤਾ ਨੇ ਕਿਹਾ ਹੈ।"
ਆਸ਼ੂਤੋਸ਼ ਕਹਿੰਦੇ ਹਨ, ਇਹ ਇਨ੍ਹਾਂ ਦੀ ਚੁਣਾਵੀ ਮਜਬੂਰੀ ਹੈ, ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਇਸ ਵਿੱਚ ਉਨ੍ਹਾਂ ਨੇ ਜ਼ਿਆਦਾ ਨਰਮੀ ਵਰਤੀ ਤਾਂ ਹੋ ਸਕਦਾ ਹੈ ਉਨ੍ਹਾਂ ਦਾ ਵੋਟ ਬੈਂਕ ਖਿਸਕ ਜਾਵੇ।"
ਕੀ ਇਸ ਦੇ ਪਿੱਛੇ ਪਾਰਟੀ ਦੇ ਵਿਸਥਾਰ ਦੀ ਯੋਜਨਾ ਹੈ?
ਆਸ਼ੂਤੋਸ਼ ਦਾ ਮੰਨਣਾ ਹੈ ਕਿ ਹਰ ਪਾਰਟੀ ਕੌਮੀ ਪੱਧਰ 'ਤੇ ਫੈਲਾਅ ਤਾਂ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਦਾ ਧਰਮ ਅਤੇ ਰਾਸ਼ਟਰਵਾਦ ਦੀ ਦਿਸ਼ਾ ਵਿੱਚ ਜਾਣਾ ਕੌਮੀ ਪੱਧਰ ਦਾ ਇੱਕ ਵੱਡਾ ਬਦਲ ਬਣਨ ਦੀ ਕੋਸ਼ਿਸ਼ ਦੀ ਦਿਸ਼ਾ ਵੱਲ ਨਹੀਂ ਹੈ।
ਉਹ ਕਹਿੰਦੇ ਹਨ, "ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀਂ ਜਿੰਨੀਆਂ ਵੀ ਚੋਣਾਂ ਲੜੀਆਂ ਹਨ, ਖ਼ਾਸ ਤੌਰ 'ਤੇ ਵਿਧਾਨ ਸਭਾ ਦੀਆਂ, ਉਨ੍ਹਾਂ ਵਿੱਚੋਂ ਇੱਕ ਵੀ ਥਾਂ ਉਨ੍ਹਾਂ ਦਾ ਵੋਟ ਫੀਸਦ ਇੱਕ ਫੀਸਦ ਤੋਂ ਜ਼ਿਆਦਾ ਨਹੀਂ ਰਿਹਾ।"

ਤਸਵੀਰ ਸਰੋਤ, Ravi Choudhary/Hindustan Times via Getty Images
"ਪੰਜਾਬ ਅਤੇ ਗੋਆ ਦੋ ਸੂਬੇ ਹਨ, ਜਿੱਥੇ ਇਨ੍ਹਾਂ ਨੂੰ 2015 ਅਤੇ 2017 ਵਿੱਚ ਸਫ਼ਲਤਾ ਮਿਲੀ ਸੀ। ਗੋਆ ਵਿੱਚ ਇਨ੍ਹਾਂ ਨੂੰ 6 ਫੀਸਦ ਵੋਟ ਮਿਲੇ ਸਨ ਅਤੇ ਪੰਜਾਬ ਵਿੱਚ 22 ਫੀਸਦ ਦੇ ਨੇੜੇ ਵੋਟ ਮਿਲੇ ਸਨ।"
"ਰਾਜਸਥਾਨ ਵਿੱਚ ਇਨ੍ਹਾਂ ਨੂੰ ਇੱਕ ਫੀਸਦ ਤੋਂ ਘੱਟ ਵੋਟ ਮਿਲੇ ਸਨ। ਇਸੇ ਤਰ੍ਹਾਂ ਹਰਿਆਣਾ ਵਿੱਚ ਉਨ੍ਹਾਂ ਦਾ ਵੋਟ ਫੀਸਦ ਘੱਟ ਸੀ। ਗੁਜਰਾਤ ਵਿੱਚ ਇਨ੍ਹਾਂ ਦਾ ਇੱਕ ਫੀਸਦ ਤੋਂ ਘੱਟ ਸੀ।"
ਨਜ਼ਰਾਂ ਯੋਗੀ ਦੇ ਉੱਤਰ ਪ੍ਰਦੇਸ਼ ਤੇ?
ਪ੍ਰਸ਼ਾਂਤ ਭੂਸ਼ਣ ਦਾ ਇਹ ਮੰਨਣਾ ਹੈ ਕਿ ਕੇਜਰੀਵਾਲ ਦੀਆਂ ਉਮੀਦਾਂ ਵੀ ਵੱਧ ਗਈਆਂ ਹਨ ਅਤੇ ਉਹ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਵੀ ਵਿਸਥਾਰ ਕਰਨ ਦੀ ਸੋਚ ਰਹੇ ਹਨ। ਸ਼ਾਇਦ ਇਸ ਲਈ ਉਨ੍ਹਾਂ ਨੂੰ ਲਗਦਾ ਹੈ ਕਿ ਰਾਸ਼ਟਰਵਾਦ ਦਾ ਸਹਾਰਾ ਲੈਣਾ ਪਵੇਗਾ।
ਉਹ ਕਹਿੰਦੇ ਹਨ, "ਅਰਵਿੰਦ ਕੇਜਰੀਵਾਲ ਸਿਆਸੀ ਖਿਡਾਰੀ ਹੈ। ਸ਼ਾਇਦ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਇਸ ਵਿੱਚ ਲਾਭ ਮਿਲੇਗਾ। ਦਿੱਲੀ ਅਤੇ ਪੰਜਾਬ ਵਿੱਚ ਇਸ ਦਾ ਲਾਭ ਨਹੀਂ ਹੋਵੇਗਾ। ਇਹ ਸਿਰਫ਼ ਦੋ ਸੂਬੇ ਹੀ ਹਨ, ਜਿੱਥੇ ਇਨ੍ਹਾਂ ਦਾ ਥੋੜ੍ਹਾ ਬਹੁਤ ਆਧਾਰ ਸੀ, ਬਾਕੀ ਤਾਂ ਕਿਤੇ ਹੈ ਹੀ ਨਹੀਂ।"
"ਹੁਣ ਇਹ ਲੋਕ ਯੂਪੀ ਵਿੱਚ ਕੋਸ਼ਿਸ਼ ਕਰ ਰਹੇ ਹਨ ਪਰ ਮੈਨੂੰ ਨਹੀਂ ਲਗਦਾ ਇਸ ਨਾਲ ਕੋਈ ਸਿਆਸੀ ਫਾਇਦਾ ਹੋਵੇਗਾ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਸ਼ੂਤੋਸ਼ ਕਹਿੰਦੇ ਹਨ, "ਬੇਸ਼ੱਕ ਉਹ ਕਾਂਗਰਸ ਹੋਵੇ ਜਾਂ ਕੋਈ ਵੀ ਵਿਰੋਧੀ ਪਾਰਟੀ ਹੋਵੇ, ਭਾਜਪਾ ਨੇ ਉਨ੍ਹਾਂ ਨੂੰ ਪਾਕ-ਪੱਖੀ ਜਾਂ ਮੁਸਲਮਾਨ-ਪੱਖੀ ਪਾਰਟੀ ਐਲਾਨ ਕਰ ਦਿੱਤਾ ਹੈ ਅਤੇ ਇਸ ਰਾਹੀਂ ਇਹ ਹਿੰਦੂ ਵੋਟਰਾਂ ਨੂੰ ਗੋਲਬੰਦ ਕਰਦੀ ਹੈ।"
"ਇਹ ਇਨ੍ਹਾਂ ਦੀ ਬਹੁਤ ਹੀ ਸਟੀਕ ਅਤੇ ਸਫ਼ਲ ਰਣਨੀਤੀ ਹੈ ਤੇ ਜਦੋਂ ਅਰਵਿੰਦ ਕੇਜਰੀਵਾਲ ਹਨੂਮਾਨ ਚਾਲੀਸਾ ਦਾ ਪਾਠ ਕਰਦੇ ਹਨ ਜਾਂ ਮਮਤਾ ਬੈਨਰਜੀ ਚੰਡੀਪਾਠ ਕਰਦੀ ਹੈ ਜਾਂ ਰਾਹੁਲ ਗਾਂਧੀ ਇੱਕ ਮੰਦਿਰ ਤੋਂ ਦੂਜੇ ਮੰਦਿਰ ਜਾਂਦੇ ਹਨ ਤਾਂ ਇਹ ਭਾਜਪਾ ਦੀ ਕਾਟ ਦੇ ਮਕਸਦ ਨਾਲ ਹੁੰਦਾ ਹੈ।"
ਮਸਲਨ, ਉਹ ਕਹਿੰਦੇ ਹਨ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਨੂਮਾਨ ਚਾਲੀਸਾ ਦਾ ਪਾਠ ਕੀਤਾ, ਚੋਣਾਂ ਜਿੱਤਣ ਦੇ ਫੌਰਨ ਬਾਅਦ ਫਿਰ ਹਨੂਮਾਨ ਮੰਦਿਰ ਦਰਸ਼ਨ ਕਰਨ ਗਏ ਅਤੇ ਹੁਣ ਜਿਸ ਤਰੀਕੇ ਨਾਲ ਪੂਰੇ ਪਾਰਟੀ ਜੈ ਸ੍ਰੀਰਾਮ ਅਤੇ ਤਿੰਰਗੇ ਦੀ ਗੱਲ ਕਰਦੀ ਹੈ ਤਾਂ ਉਸ ਵਿੱਚ ਭਾਜਪਾ ਦੇ ਇਲਜ਼ਾਮ ਫਿੱਕੇ ਪੈ ਜਾਂਦੇ ਹਨ।
ਆਸ਼ੂਤੋਸ਼ ਕਹਿੰਦੇ ਹਨ, "ਇਸ ਨਾਲ ਕਿੰਨਾ ਹਿੰਦੂ ਵੋਟਰ ਇਨ੍ਹਾਂ ਵੱਲ ਆਵੇਗਾ, ਉਹ ਬਹਿਸ ਦੀ ਗੱਲ ਹੈ ਪਰ ਜੋ ਹਿੰਦੂ ਵੋਟਰ ਇਨ੍ਹਾਂ ਨੂੰ ਮੁਸਲਮਾਨ ਪਰੱਸਤ ਮੰਨ ਕੇ ਬੈਠਾ ਹੋਇਆ ਸੀ, ਉਹ ਘੱਟੋ-ਘੱਟ ਇਨ੍ਹਾਂ ਤੋਂ ਦੂਰ ਨਹੀਂ ਜਾਵੇਗਾ ਅਤੇ ਜੇਕਰ ਉਸ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਫਰਕ ਕਰਨਾ ਪਵੇ ਤਾਂ ਥੋੜ੍ਹੀ ਮੁਸ਼ਕਲ ਘੱਟ ਹੋਵੇਗਾ।"
ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੁਲਰੇਜ਼ ਸ਼ੇਖ਼ ਕਹਿੰਦੇ ਹਨ ਕਿ ਜੇਕਰ ਅਰਵਿੰਦ ਕੇਜਰੀਵਾਲ ਰਾਸ਼ਟਰਵਾਦ ਵੱਲ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਕਰਦੇ ਹਾਂ। "ਅਸੀਂ ਤਾਂ ਕਹਿੰਦੇ ਹਨ ਕਿ ਰਾਹੁਲ ਗਾਂਧੀ ਵੀ ਰਾਸ਼ਟਰਵਾਦੀ ਬਣਨ।"
ਸ਼ੇਖ਼ ਕਹਿੰਦੇ ਹਨ, "ਵੱਡੀ ਸਪੱਸ਼ਟ ਗੱਲ ਹੈ ਕਿ ਆਮ ਆਦਮੀ ਪਾਰਟੀ ਜਿਸ ਸਮਾਜਵਾਦ ਦੀ ਬੇੜੀ 'ਤੇ ਤੈਰ ਰਹੀ ਸੀ, ਉਹ ਸਮਾਜਵਾਦ ਦੀ ਬੇੜੀ ਉਸ ਨੂੰ ਦਿੱਲੀ ਤੋਂ ਬਾਹਰ ਨਹੀਂ ਕੱਢ ਪਾ ਰਹੀ ਅਤੇ ਦਿੱਲੀ ਵਿੱਚ ਵੀ ਲੋਕ ਸਭਾ ਵਿੱਚ ਉਨ੍ਹਾਂ ਦੀ ਇੱਕ ਵੀ ਸੀਟ ਨਹੀਂ ਹੈ।"
ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਨਰਾਇਣ ਦਾਸ ਗੁਪਤਾ ਇਸ ਗੱਲ ਦਾ ਖੰਡਨ ਕਰਦੇ ਹਨ ਕਿ ਉਨ੍ਹਾਂ ਦੀ ਪਾਰਟੀ ਧਰਮ ਅਤੇ ਰਾਸ਼ਟਰਵਾਦ ਦਾ ਸਹਾਰਾ ਆਪਣੀ ਚੁਣਾਵੀ ਸਿਆਸਤ ਲਈ ਕਰ ਰਹੀ ਹੈ।
ਉਹ ਕਹਿੰਦੇ ਹਨ, "ਪਹਿਲਾਂ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਤੀਰਥ ਯਾਤਰਾ ਕਰਵਾਈ ਗਈ ਹੈ। ਇਹ ਉਨ੍ਹਾਂ ਬਜ਼ੁਰਗ ਲੋਕਾਂ ਲਈ ਹੈ ਜੋ ਖਰਚਾ ਨਹੀਂ ਉਠਾ ਸਕਦੇ, ਜਾਂ ਜਿਨ੍ਹਾਂ ਦੇ ਪਰਿਵਾਰ ਇਹ ਯਾਤਰਾ ਨਹੀਂ ਕਰਵਾ ਪਾ ਰਹੇ।''
''ਇਹ ਦੇਖਿਆ ਗਿਆ ਹੈ ਕਿ ਇੱਕ ਤੀਰਥ ਸਥਾਨ ਕੁਝ ਸਾਲਾਂ ਵਿੱਚ ਅਯੁੱਧਿਆ ਵਿੱਚ ਵੀ ਬਣ ਜਾਵੇਗਾਂ ਤਾਂ ਉੱਥੇ ਵੀ ਯਾਤਰਾ ਕਰਵਾਉਣਗੇ।"
ਉਹ ਇਹ ਵੀ ਕਹਿੰਦੇ ਹਨ ਕਿ ਤੀਰਥ ਸਿਰਫ਼ ਹਿੰਦੂ ਧਰਮ ਦੇ ਲੋਕਾਂ ਲਈ ਨਹੀਂ ਕਰਵਾਇਆ ਜਾ ਰਿਹਾ।
ਦੇਸ਼ਭਗਤੀ ਦੀ ਵਰਤੋਂ ਦੇ ਇਲਜ਼ਾਮ 'ਤੇ ਗੁਪਤਾ ਕਹਿੰਦੇ ਹਨ ਕਿ ਦੇਸ਼ਭਗਤੀ ਤੋਂ ਮਤਲਬ ਇਹ ਹੈ ਕਿ ਲੋਕਾਂ ਨੂੰ ਕਿਹਾ ਜਾਵੇ ਕਿ ਝੂਠ ਨਾ ਬੋਲੋ ਅਤੇ ਜ਼ਿੰਮੇਦਾਰੀ ਨਾਲ ਕੰਮ ਕਰੋ।
ਉਹ ਕਹਿੰਦੇ ਹਨ, "ਆਉਣ ਵਾਲੀ ਜੋ ਸਾਡੀ ਪੀੜ੍ਹੀ ਹੈ ਉਸ ਲਈ ਇਹ ਸੰਦੇਸ਼ ਦੇਣਾ ਹੈ ਕਿ ਇਹ ਦੇਸ਼ ਆਜ਼ਾਦ ਹੋਇਆ ਤਾਂ ਆਜ਼ਾਦੀ ਦੇ ਦਿਵਾਨਿਆਂ ਨੇ ਕਿੰਨਾ ਕੰਮ ਕੀਤਾ ਉਸ ਆਜ਼ਾਦੀ ਨੂੰ ਪਾਉਣ ਵਿੱਚ।"
ਦਿੱਲੀ ਦੀ ਵਿਧਾਨ ਸਭਾ ਵਿੱਚ ਲਗਾਤਾਰ ਦੋ ਵਾਰ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਉਹ ਪੁੱਛਦੇ ਹਨ, "ਕੇਜਰੀਵਾਲ ਕਦੇ ਜਾਤੀ ਦਾ ਨਾਮ ਨਹੀਂ ਲੈਂਦੇ। ਕੰਮ ਦੀ ਗੱਲ ਕਰਦੇ ਹਾਂ, ਦਿੱਲੀ ਦੀ ਸਮੱਸਿਆਵਾਂ ਦੀ ਗੱਲ ਕਰਦੇ ਹਨ।"
ਉਹ ਕਹਿੰਦੇ ਹਨ, "ਅੱਜ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਮਿਲਦਾ ਹੈ, ਤਾਂ ਉਹਲ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਹੀਂ ਮਿਲਦਾ ਹੈ। ਉੱਥੇ ਜਾਣ 'ਤੇ ਕਿਸੇ ਦਾ ਧਰਮ ਜਾਂ ਜਾਤੀ ਨਹੀਂ ਪੁੱਛੀ ਜਾਂਦੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












