ਕੀ ਸੀ ਪੈਪਸੂ ਮੁਜ਼ਾਰਾ ਲਹਿਰ ਜਿਸ ਨੇ ਜਗੀਰਦਾਰਾਂ ਤੋਂ ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਦਿਵਾਈ

ਤਸਵੀਰ ਸਰੋਤ, sukhcharan/bbc
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਮੁਜ਼ਾਰਾ ਲਹਿਰ ਦੇ 93 ਸਾਲਾਂ ਨੂੰ ਢੁਕੇ ਘੁਲਾਟੀਏ ਕਿ੍ਰਪਾਲ ਸਿੰਘ ਬੀਰ ਦਾ ਕਹਿਣਾ ਹੈ, "ਪੰਜਾਹ ਸਾਲ ਪਹਿਲਾਂ ਵੀ ਉਨ੍ਹਾਂ ਨੂੰ ਜ਼ਮੀਨ ਦੀ ਮਾਲਕੀ ਲਈ ਲੰਮਾਂ ਸੰਘਰਸ਼ ਕਰਨਾ ਪਿਆ ਅਤੇ ਹੁਣ ਵੀ ਖੇਤੀ ਕਾਨੂੰਨਾ ਰਾਹੀਂ ਉਨ੍ਹਾਂ ਦੀਆਂ ਜ਼ਮੀਨਾਂ ਖਤਰੇ ਵਿੱਚ ਹਨ ਇਸ ਲਈ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਅਤੇ ਮਜਦੂਰਾਂ ਸਮੇਤ ਹਰ ਵਰਗ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣਾ ਚਾਹੀਦਾ ਹੈ।"
ਮੁਜ਼ਾਰਾ ਲਹਿਰ ਦਾ ਹਿੱਸਾ ਰਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰ ਖੁਦਰ ਦੇ ਕ੍ਰਿਪਾਲ ਸਿੰਘ ਬੀਰ ਅੱਜ 93 ਸਾਲਾਂ ਦੇ ਹਨ। ਬੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਜਗੀਰਦਾਰਾਂ ਦੇ ਵਿਰੋਧ ਵਿੱਚ ਉੱਠੀ ਮੁਜਾਰਾ ਲਹਿਰ ਵਿੱਚ ਹਿੱਸਾ ਲਿਆ ਸੀ।
ਮੁਜ਼ਾਰਾ ਲਹਿਰ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦੀ ਹੈ। ਇਹ ਮੁਜ਼ਾਰਾ ਲਹਿਰ ਦਾ ਹੀ ਪ੍ਰਭਾਵ ਸੀ ਕਿ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਨੂੰ ਜਗੀਰਦਾਰਾਂ ਤੋਂ ਮੁਕਤੀ ਮਿਲੀ ਅਤੇ ਮੁਜ਼ਾਰੇ (ਕਿਸਾਨ) ਜਮੀਨਾਂ ਦੇ ਮਾਲਕ ਬਣੇ।
ਇਹ ਵੀ ਪੜ੍ਹੋ:
ਕਿ੍ਰਪਾਲ ਸਿੰਘ ਬੀਰ ਨੇ ਮੁਜ਼ਾਰਾ ਲਹਿਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੈਪਸੂ ਦੇ ਇਲਾਕੇ ਦੀਆਂ ਰਿਆਸਤਾਂ ਜਿਸ ਵਿੱਚ ਪਟਿਆਲਾ ਰਿਆਸਤ ਪ੍ਰਮੁੱਖ ਸੀ ਜਿਸਦੇ ਇਲਾਕੇ ਵਿੱਚ ਰਾਜਿਆਂ ਵੱਲੋਂ ਆਪੋ ਆਪਣੀ ਰਿਆਸਤ ਵਿੱਚ ਜਗੀਰਦਾਰ ਥਾਪੇ ਗਏ ਸਨ। ਇਹ ਜਗੀਰਦਾਰ ਕਈ-ਕਈ ਪਿੰਡਾਂ ਦੀਆਂ ਜ਼ਮੀਨਾਂ ਦੇ ਮਾਲਕ ਸਨ ਅਤੇ ਅੱਗੇ ਉਹ ਕਿਸਾਨਾਂ ਤੋਂ ਖੇਤੀ ਕਰਵਾਉਂਦੇ ਸਨ।
ਇਨ੍ਹਾਂ ਵਾਹੀਕਾਰਾਂ ਨੂੰ ਮੁਜ਼ਾਰੇ ਕਿਸਾਨ ਕਿਹਾ ਜਾਂਦਾ ਸੀ ਕਿਉਂਕਿ ਉਹ ਜਮੀਨਾਂ ਤੇ ਖੇਤੀ ਤਾਂ ਕਰਦੇ ਸਨ ਪਰ ਜ਼ਮੀਨ ਦੇ ਮਾਲਕੀ ਹੱਕ ਜਗੀਰਦਾਰਾਂ ਕੋਲ ਸਨ ਅਤੇ ਉਹ ਇਸ ਬਦਲੇ ਮੁਜ਼ਾਰਾ ਕਿਸਾਨਾਂ ਤੋਂ ਬਟਾਈ (ਟੈਕਸ) ਲੈਂਦੇ ਸਨ।
ਪੈਪਸੂ 8 ਰਿਆਸਤਾਂ ਦੇ ਸਮੂਹ ਨੇ ਕਿਹਾ ਜਾਂਦਾ ਸੀ। ਇਹ ਅੱਠ ਰਿਆਸਤਾਂ ਸਨ ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ, ਮਲੇਰਕੋਟਲਾ, ਕਲਸੀਆ ਤੇ ਨਾਲਾਗੜ੍ਹ।

ਤਸਵੀਰ ਸਰੋਤ, sukhcharan/bbc
ਮੁਜਾਰਿਆਂ ਤੋਂ ਪਸ਼ੂ ਖੇਤਾਂ ਵਿੱਚ ਚਾਰਨ ਬਦਲੇ ਅਲੱਗ ਬਟਾਈ ਲਈ ਜਾਂਦੀ ਸੀ। ਖੇਤਾਂ ਵਿੱਚੋਂ ਬਾਲਣ, ਸਾਗ ਜਾਂ ਪਾਣੀ ਆਦਿ ਲੈ ਕੇ ਆਉਣ ਲਈ ਵੀ ਅਲੱਗ ਤੋਂ ਟੈਕਸ ਲਿਆ ਜਾਂਦਾ ਸੀ।
ਕਿ੍ਰਪਾਲ ਸਿੰਘ ਬੀਰ ਮੁਤਾਬਕ ਪਿੰਡ ਦੀ ਅਬਾਦੀ ਦੇ ਚਾਰੇ ਪਾਸੇ ਕੰਧ ਹੁੰਦੀ ਸੀ ਅਤੇ ਇੱਕ ਹੀ ਗੇਟ ਹੁੰਦਾ ਸੀ। ਖੇਤਾਂ ਵਿੱਚੋਂ ਕੰਮ ਕਰਕੇ ਪਰਤਦੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਤਲਾਸ਼ੀ ਲਈ ਜਾਂਦੀ ਅਤੇ ਜੋ ਵੀ ਚੀਜ਼ ਉਹ ਖੇਤਾਂ ਵਿੱਚੋਂ ਲੈ ਕੇ ਆਉਂਦੇ ਉਸ ਵਿੱਚੋਂ ਬਟਾਈ (ਹਿੱਸਾ) ਜਗੀਰਦਾਰ ਦੇ ਬੰਦੇ ਲੈਂਦੇ ਸਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਤੋਂ ਇਲਾਵਾ ਜਗੀਰਦਾਰ ਦੇ ਮੁਲਾਜ਼ਮਾਂ ਨੂੰ ਵੀ ਅਲੱਗ ਤੋਂ ਮੁਜ਼ਾਰੇ ਕਿਸਾਨਾਂ ਨੂੰ ਫਸਲ ਵਿੱਚੋਂ ਬਟਾਈ (ਹਿੱਸਾ ਜਾਂ ਟੈਕਸ) ਦੇਣਾ ਪੈਂਦਾ ਸੀ।
ਇਸਦੇ ਵਿਰੋਧ ਵਿੱਚ ਮੁਜ਼ਾਰਾ ਲਹਿਰ ਸ਼ੁਰੂ ਹੋਈ ਜਿਸ ਅਧੀਨ ਮੁਜਾਰੇ ਕਿਸਾਨਾਂ ਨੇ ਟੈਕਸ (ਬਟਾਈ) ਅਦਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਹਿਰ ਵਿੱਚ ਹਿੱਸਾ ਲੈਣ ਵਾਲੇ ਮੁਜ਼ਾਰਿਆਂ ਦੇ ਘਰ ਜਬਤ ਕਰ ਲਏ ਗਏ। ਜ਼ਮੀਨਾਂ ਵਿੱਚੋਂ ਬੇਦਖਲ ਕਰ ਦਿੱਤਾ ਗਿਆ ਕਿ੍ਰਪਾਲ ਸਿੰਘ ਬੀਰ ਵੀ ਉਨ੍ਹਾਂ ਵਿੱਚੋਂ ਇੱਕ ਸਨ।
‘ਕਿਸਾਨਾਂ ਦੇ ਗੁਰੀਲਾ ਦਸਤੇ’
ਪੁਲਿਸ ਅਤੇ ਗੁੰਡਿਆਂ ਦੇ ਜ਼ੋਰ 'ਤੇ ਮੁਜ਼ਾਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗੋਂ ਕਿਸਾਨਾਂ ਨੇ ਵੀ ਗੁਰੀਲਾ ਦਸਤੇ ਬਣਾ ਕੇ ਪੁਲਿਸ ਅਤੇ ਜਗੀਰਦਾਰਾਂ ਦੇ ਗੁੰਡਿਆਂ ਦਾ ਮੁਕਾਬਲਾ ਕੀਤਾ।
ਮੁਜ਼ਾਰਾ ਲਹਿਰ ਬਾਰੇ ਲੇਖਕ ਬਲਬੀਰ ਚੰਦ ਲੌਂਗਵਾਲ ਨੇ 'ਪੈਪਸੂ ਮੁਜਾਰਾ ਘੋਲ' ਸਮੇਤ ਦੋ ਕਿਤਾਬਾਂ ਸੰਪਾਦਿਤ ਕੀਤੀਆਂ ਹਨ ਅਤੇ ਇੱਕ ਹੋਰ ਕਿਤਾਬ ਉੱਤੇ ਉਹ ਕੰਮ ਕਰ ਰਹੇ ਹਨ।
ਲੇਖਕ ਬਲਬੀਰ ਚੰਦ ਲੌਂਗਵਾਲ ਵੀ ਮੁਜ਼ਾਰਾ ਲਹਿਰ ਸਬੰਧੀ ਕ੍ਰਿਪਾਲ ਸਿੰਘ ਦੀਆਂ ਗੱਲਾਂ ਨਾਲ ਪੂਰਾ ਇਤਫ਼ਾਕ ਰੱਖਦੇ ਹਨ।

ਤਸਵੀਰ ਸਰੋਤ, sukhcharan/bbc
ਉਨ੍ਹਾਂ ਮੁਤਾਬਕ ਸੰਨ 1947 ਵਿੱਚ ਮੁਜ਼ਾਰਾ ਲਹਿਰ ਸ਼ੁਰੂ ਹੋਈ ਸੀ। ਕਈ ਪਿੰਡਾਂ ਵਿੱਚ ਸਿੱਧੇ ਮੁਕਾਬਲੇ ਵੀ ਹੋਏ ਜਿਸ ਵਿੱਚ 15 ਮੁਜ਼ਾਰਿਆਂ ਦੀ ਜਾਨ ਗਈ।
ਇਸ ਘਟਨਾ ਦੇ ਰੋਹ ਵਜੋਂ ਮੁਜ਼ਾਰਾ ਵਾਰ ਕੌਂਸਲ ਬਣਾਈ ਗਈ ਜਿਸ ਦੀ ਅਗਵਾਈ ਕਾਮਰੇਡ ਤੇਜਾ ਸਿੰਘ ਸੁਤੰਤਰ, ਘੁੰਮਣ ਸਿੰਘ ਉਗਰਾਹਾਂ ਅਤੇ ਧਰਮ ਸਿੰਘ ਫੱਕਰ ਵਰਗੇ ਆਗੂਆਂ ਨੇ ਕੀਤੀ।
ਕਿਸ਼ਨਪੁਰਾ ਪਿੰਡ ਦੀ ਲੜਾਈ
ਮੁਜ਼ਾਰਿਆਂ ਅਤੇ ਜਗੀਰਦਾਰਾਂ ਦੇ ਟਕਰਾਅ ਵਿਚੋਂ ਕਿਸ਼ਨਪੁਰਾ ਪਿੰਡ ਦੀ ਲੜਾਈ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ।
ਇੱਥੇ ਮੁਜ਼ਾਰੇ ਕਿਸਾਨਾਂ ਦਾ ਪਹਿਲਾਂ ਪੁਲਿਸ ਅਤੇ ਬਾਅਦ ਵਿੱਚ ਫੌ਼ਜ ਨਾਲ ਵੀ ਮੁਕਾਬਲਾ ਹੋਇਆ। ਇਸ ਲੜਾਈ ਵਿੱਚ 3 ਮੁਜਾਰੇ ਮਾਰੇ ਗਏ ਅਤੇ 80 ਦੇ ਕਰੀਬ ਗ੍ਰਿਫਤਾਰ ਕੀਤੇ ਗਏ ਜਿੰਨਾਂ ਵਿੱਚੋਂ 35 ਦੇ ਕਰੀਬ ਆਗੂਆਂ ਅਤੇ ਮੁਜਾਰਿਆਂ ਨੂੰ ਜੇਲ੍ਹ ਭੇਜਿਆ ਗਿਆ।
18 ਮਾਰਚ 1949 ਨੂੰ ਤੋਂ ਸ਼ੂਰੂ ਹੋਇਆ ਇਹ ਮੁਾਕਬਾਲਾ 19 ਮਾਰਚ 1949 ਦੀ ਸਵੇਰ ਤੱਕ ਚੱਲਿਆ।

ਤਸਵੀਰ ਸਰੋਤ, sukhcharan/bbc
ਉਨ੍ਹਾਂ ਮੁਤਾਬਕ 35 ਤੋਂ ਚਾਲੀ ਪਿੰਡਾਂ ਵਿੱਚ ਮੁਜ਼ਾਰਿਆਂ ਅਤੇ ਜਗੀਰਦਾਰਾਂ ਵਿੱਚ ਅਜਿਹੇ ਹੋਰ ਟਕਰਾਅ ਵੀ ਹੋਏ। ਇਸ ਤੋਂ ਬਾਅਦ ਇਹ ਲਹਿਰ ਇੱਕ ਹਜ਼ਾਰ ਦੇ ਕਰੀਬ ਰਿਆਸਤੀ ਪਿੰਡਾਂ ਵਿੱਚ ਫੈਲ ਗਈ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਜਗੀਰਦਾਰਾਂ ਨੇ 1950 ਵਿੱਚ ਮਾਨਸਾ ਵਿਖੇ ਹੋਏ ਮੁਜਾਰਿਆਂ ਦੇ ਇਕੱਠ ਵਿੱਚ ਖੁਦ ਜ਼ਮੀਨਾਂ ਛੱਡਣ ਦਾ ਐਲਾਨ ਕੀਤਾ।
ਬਾਅਦ ਵਿੱਚ ਉਸ ਸਮੇਂ ਦੀ ਸੂਬਾ ਸਰਕਾਰ ਨੇ ਬਕਾਇਦਾ ਐਕਟ ਬਣਾ ਕੇ ਇੱਕ ਨਿਸ਼ਚਤ ਕੀਮਤ ਨਿਰਧਾਰਤ ਕਰਕੇ ਮੁਜਾਰੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਗਏ।
ਕਿਸ਼ਨਪੁਰਾ ਦਾ ਮੁਜ਼ਾਰਾ ਲਹਿਰ ਵਿੱਚ ਸਥਾਨ
ਜ਼ਿਲ੍ਹਾ ਮਾਨਸਾ ਦਾ ਕਿਸ਼ਨਗੜ੍ਹ ਮੁਜਾਰਾ ਲਹਿਰ ਦਾ ਮੋਢੀ ਪਿੰਡ ਹੈ। ਇਹ ਪਿੰਡ ਉਸ ਲਹਿਰ ਅਧੀਨ ਆਉਂਣ ਵਾਲੇ 784 ਪਿੰਡਾਂ ਵਿੱਚੋਂ ਉੱਘਾ ਪਿੰਡ ਬਣ ਕੇ ਉਭਰਿਆ। ਇਸ ਪਿੰਡ ਉੱਪਰ 19 ਮਾਰਚ 1949 ਨੂੰ ਆਜ਼ਾਦ ਭਾਰਤ ਦੀ ਫ਼ੌਜ ਨੇ ਮੁਜਾਰਿਆਂ ਉੱਪਰ ਹਮਲਾ ਕੀਤਾ ਸੀ।
ਉਸ ਸਮੇਂ ਮੁਜ਼ਾਰਾ ਲਹਿਰ 8 ਜਨਵਰੀ 1948 ਨੂੰ ਨਕੋਦਰ (ਜ਼ਿਲ੍ਹਾ ਜਲੰਧਰ) ਵਿੱਚ ਹੋਂਦ 'ਚ ਆਈ ਲਾਲ ਪਾਰਟੀ ਦੀ ਅਗਵਾਈ ਹੇਠ ਚੱਲ ਰਹੀ ਸੀ। ਲਾਲ ਪਾਰਟੀ ਦੇ ਸੱਕਤਰ ਕਾਮਰੇਡ ਤੇਜਾ ਸਿੰਘ ਸੁਤੰਤਰ ਸਨ ਅਤੇ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਚੈਨ ਸਿੰਘ ਚੈਨ ਸਨ। ਮੁਜਾਰਾ ਘੋਲ ਨੂੰ ਹੋਰ ਤੇਜ਼ ਕਰਨ ਲਈ ਮੁਜ਼ਾਰਾ ਵਾਰ ਕੌਂਸਲ ਕਾਇਮ ਕੀਤੀ ਗਈ ਅਤੇ ਪੈਪਸੂ ਕਿਸਾਨ ਸਭਾ ਬਣਾਈ ਗਈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













