ਆਂਧਰਾ ਪ੍ਰਦੇਸ਼ ਵਿੱਚ ਗਧੇ ਦੇ ਮੀਟ ਦੀ ਮੰਗ ਇੰਨੀ ਜ਼ਿਆਦਾ ਕਿਉਂ

ਗਧੇ ਦਾ ਦੁੱਧ, ਗਧੇ ਦਾ ਮਾਸ, ਮੀਟ

ਤਸਵੀਰ ਸਰੋਤ, GETTY IMAGES

    • ਲੇਖਕ, ਸ੍ਰੀਨਿਵਾਸ ਲਾਕੋਜੂ
    • ਰੋਲ, ਬੀਬੀਸੀ ਲਈ

ਆਂਧਰਾ ਪ੍ਰਦੇਸ਼ ਵਿੱਚ ਅੱਜ-ਕੱਲ੍ਹ ਗਧਿਆਂ ਦੀ ਮੰਗ ਬਹੁਤ ਜ਼ਿਆਦਾ ਹੈ। ਗਧੇ ਦਾ ਦੁੱਧ ਗਾਂ, ਮੱਝ ਅਤੇ ਬੱਕਰੀ ਦੇ ਦੁੱਧ ਨਾਲੋਂ ਮਹਿੰਗਾ ਵਿੱਕ ਰਿਹਾ ਹੈ। ਇੰਨਾ ਹੀ ਨਹੀਂ ਸੂਬੇ ਵਿੱਚ ਚਿਕਨ ਅਤੇ ਮਟਨ ਦੇ ਨਾਲ-ਨਾਲ ਗਧੇ ਦੇ ਮੀਟ ਦੀ ਵੀ ਕਾਫ਼ੀ ਮੰਗ ਵਧੀ ਹੈ।

ਕਈ ਲੋਕ ਕਹਿੰਦੇ ਹਨ ਕਿ ਉਹ ਸਰੀਰ ਨੂੰ ਤੰਦਰੁਸਤ ਰੱਖਣ ਲਈ ਗਧੇ ਦੇ ਦੁੱਧ ਦੀ ਵਰਤੋਂ ਕਰ ਰਹੇ ਹਨ, ਜਦੋਂਕਿ ਗਧੇ ਦਾ ਮਾਸ ਜਿਨਸੀ ਯੋਗਤਾ ਨੂੰ ਵਧਾਉਂਦਾ ਹੈ। ਮੈਡੀਕਲ ਮਾਹਰਾਂ ਅਨੁਸਾਰ ਗਧੀ ਦਾ ਦੁੱਧ ਸਿਹਤ ਲਈ ਚੰਗਾ ਹੁੰਦਾ ਹੈ ਪਰ ਇਸ ਦਾ ਮਾਸ ਖਾਣ ਨਾਲ ਜਿਨਸੀ ਯੋਗਤਾ ਵਧਣ ਦਾ ਕੋਈ ਸਬੂਤ ਨਹੀਂ ਹੈ।

ਆਂਧਰਾ ਪ੍ਰਦੇਸ਼ ਵਿੱਚ ਕ੍ਰਿਸ਼ਨ, ਗੁੰਟੂਰ, ਪ੍ਰਕਾਸ਼ਮ, ਕੁਰਨੂਲ, ਪੂਰਬੀ ਗੋਦਾਵਰੀ, ਪੱਛਮੀ ਗੋਦਾਵਰੀ, ਵਿਸ਼ਾਖਾ, ਸ੍ਰੀਕਾਕੁਲਮ, ਵਿਜੇਨਗਰਮ ਵਰਗੀਆਂ ਥਾਵਾਂ 'ਤੇ ਗਧੀ ਦੇ ਦੁੱਧ ਅਤੇ ਮੀਟ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਸੂਬੇ ਵਿੱਚ ਜੀਵ-ਜੰਤੂਆਂ ਦੀ ਸੰਭਾਲ ਲਈ ਕੰਮ ਕਰਨ ਵਾਲੀ ਸੰਸਥਾ ਐਨੀਮਲ ਰੈਸਕਿਊ ਆਰਗੇਨਾਈਜ਼ੇਸ਼ਨ ਅਨੁਸਾਰ ਸੂਬੇ ਵਿੱਚ ਗਧਿਆਂ ਦਾ ਗੈਰ-ਕਾਨੂੰਨੀ ਕਾਰੋਬਾਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ।

ਇਹ ਵੀ ਪੜ੍ਹੋ:

ਸੰਸਥਾ ਦੇ ਮੈਂਬਰਾਂ ਮੁਤਾਬਕ ਗਧੇ ਦਾ ਮੀਟ ਖਾਣ ਨਾਲ ਜਿਨਸੀ ਤਾਕਤ ਵਧਦੀ ਹੈ, ਦੁੱਧ ਪੀਣ ਨਾਲ ਕਈ ਰੋਗ ਨਹੀਂ ਹੁੰਦੇ। ਅਜਿਹੀ ਮਾਨਤਾ ਲੋਕਾਂ ਵਿੱਚ ਪਹਿਲਾਂ ਵੀ ਸੀ ਪਰ ਅਜੋਕੇ ਸਮੇਂ ਵਿੱਚ ਇਹ ਤੇਜ਼ੀ ਨਾਲ ਵਧੀ ਹੈ।

ਐਨੀਮਲ ਰੈਸਕਿਊ ਆਰਗਨਾਈਜ਼ੇਸ਼ਨ ਦੇ ਸੰਸਥਾਪਕ ਸੱਕਤਰ ਸੁਰਬਾਤੁਲਾ ਗੋਪਾਲ ਨੇ ਬੀਬੀਸੀ ਨੂੰ ਦੱਸਿਆ, "ਗਧੇ ਦੇ ਮੀਟ ਦੀ ਮੰਗ ਵਧੀ ਹੈ, ਇਸ ਲਈ ਇਸ ਦਾ ਮਾਸ ਵੇਚਣ ਵਾਲੀਆਂ ਦੁਕਾਨਾਂ ਵੀ ਵਧੀਆਂ ਹਨ। ਰਾਜਸਥਾਨ, ਉੱਤਰ ਪ੍ਰਦੇਸ਼, ਤਮਿਲਨਾਡੂ, ਮਹਾਰਾਸ਼ਟਰ, ਕਰਨਾਟਕ ਦੀ ਤੁਲਨਾ ਵਿੱਚ ਆਂਧਰ ਪ੍ਰਦੇਸ਼ ਵਿੱਚ ਗਧਿਆਂ ਦੀ ਗਿਣਤੀ ਘੱਟ ਹੈ। ਇਸ ਕਾਰਨ ਉਨ੍ਹਾਂ ਨੂੰ ਦੂਜੇ ਸੂਬਿਆਂ ਤੋਂ ਲਿਆਂਦਾ ਜਾ ਰਿਹਾ ਹੈ।"

ਕੀ ਗਧੇ ਦਾ ਮਾਸ ਖਾਣ ਯੋਗ ਹੁੰਦਾ ਹੈ

ਗੋਪਾਲ ਦੱਸਦੇ ਹਨ, "ਆਂਧਰਾ ਪ੍ਰਦੇਸ਼ ਵਿੱਚ ਇੱਕ ਗਧੇ ਦੀ ਕੀਮਤ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਅਜਿਹੀ ਸਥਿਤੀ ਵਿੱਚ ਹੋਰਨਾਂ ਸੂਬਿਆਂ ਦੇ ਲੋਕ ਗਧਿਆਂ ਨੂੰ ਆਂਧਰਾ ਪ੍ਰਦੇਸ਼ ਵਿੱਚ ਲਿਆ ਕੇ ਵੇਚ ਰਹੇ ਹਨ।"

"ਹਾਲ ਹੀ ਦੇ ਸਮੇਂ ਵਿੱਚ ਦੇਸ ਭਰ ਵਿੱਚ ਗਧਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਕਮੀ ਆ ਰਹੀ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਇਹ ਪਹਿਲਾਂ ਹੀ ਘੱਟ ਹੈ। ਜੇਕਰ ਮੰਗ ਇਸੇ ਪੱਧਰ 'ਤੇ ਬਣੀ ਰਹੀ ਤਾਂ ਜਲਦੀ ਹੀ ਗਧੇ ਸਿਰਫ਼ ਚਿੜੀਆਘਰ ਵਿੱਚ ਦਿਖਾਈ ਦੇਣਗੇ।"

ਗਧੇ ਦਾ ਦੁੱਧ, ਗਧੇ ਦਾ ਮਾਸ, ਮੀਟ
ਤਸਵੀਰ ਕੈਪਸ਼ਨ, ਆਂਧਰਾ ਪ੍ਰਦੇਸ਼ ਵਿੱਚ ਗਧੀ ਦਾ ਦੁੱਧ ਤਾਂ ਲੋਕ ਘਰ-ਘਰ ਜਾ ਕੇ ਵੇਚਦੇ ਹਨ ਪਰ ਗਧੇ ਦੇ ਮੀਟ ਲਈ ਸ਼ਹਿਰਾਂ ਦੇ ਵੱਡੇ ਕੇਂਦਰਾਂ ਵਿੱਚ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ

ਆਂਧਰਾ ਪ੍ਰਦੇਸ਼ ਵਿੱਚ ਗਧੀ ਦਾ ਦੁੱਧ ਤਾਂ ਲੋਕ ਘਰ-ਘਰ ਜਾ ਕੇ ਵੇਚਦੇ ਹਨ ਪਰ ਗਧੇ ਦੇ ਮੀਟ ਲਈ ਸ਼ਹਿਰਾਂ ਦੇ ਵੱਡੇ ਕੇਂਦਰਾਂ ਵਿੱਚ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ। ਕੁਝ ਜ਼ਿਲ੍ਹਿਆਂ ਵਿੱਚ ਤਾਂ ਇਹ ਹਰ ਸਮੇਂ ਉਪਲਬਧ ਹੁੰਦਾ ਹੈ ਤਾਂ ਕੁਝ ਜ਼ਿਲ੍ਹਿਆਂ ਵਿੱਚ ਇਹ ਮੌਸਮ ਅਨੁਸਾਰ ਮਿਲਦਾ ਹੈ। ਇਹ ਸਥਿਤੀ ਉਦੋਂ ਹੈ ਜਦੋਂ ਗਧੇ ਦਾ ਮਾਸ ਵੇਚਣਾ ਗੈਰ-ਕਾਨੂੰਨੀ ਹੈ।

ਗੋਪਾਲ ਦੱਸਦੇ ਹਨ, "ਫੂਡ ਸੇਫਟੀ ਐਂਡ ਸਟੈਂਡਰਡਜ਼ -2011 ਦੀਆਂ ਤਜਵੀਜਾਂ ਮੁਤਾਬਕ ਗਧੇ ਨੂੰ ਮਾਸ ਲਈ ਨਹੀਂ ਪਾਲਿਆ ਜਾਂਦਾ। ਅਜਿਹੇ ਵਿੱਚ ਇਸ ਦਾ ਮਾਸ ਵੇਚਣਾ ਅਪਰਾਧ ਹੈ। ਇਨ੍ਹਾਂ ਧਾਰਾਵਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 428, 429 ਦੇ ਤਹਿਤ ਸਜ਼ਾ ਹੋ ਸਕਦੀ ਹੈ।"

ਗੋਪਾਲ ਇਹ ਵੀ ਕਹਿੰਦੇ ਹਨ ਕਿ ਆਂਧਰਾ ਪ੍ਰਦੇਸ਼ ਵਿੱਚ ਇਸ ਵੇਲੇ 5,000 ਗਧੇ ਹਨ ਅਤੇ ਜੇਕਰ ਸੂਬਾ ਸਰਕਾਰ ਨੇ ਗਧਿਆਂ ਨੂੰ ਬਚਾਉਣ ਲਈ ਸਖ਼ਤ ਕਦਮ ਨਹੀਂ ਚੁੱਕੇ ਤਾਂ ਇਹ ਜਾਨਵਰ ਵੀ ਅਲੋਪ ਹੋਣ ਵਾਲੇ ਪਸ਼ੂਆਂ ਦੀ ਸ਼੍ਰੇਣੀ ਵਿੱਚ ਆ ਜਾਵੇਗਾ।

ਗ੍ਰੇਟਰ ਵਿਸ਼ਾਖਾਪਟਨਮ ਮਿਉਂਸੀਪਲ ਕਾਰਪੋਰੇਸ਼ਨ ਦੇ ਸੇਫਟੀ ਵਿੰਗ ਵਿਖੇ ਫੂਡ ਇੰਸਪੈਕਟਰ ਤਾਇਨਾਤ ਅੱਪਾ ਰਾਓ ਨੇ ਕਿਹਾ, "ਭੋਜਨ ਸੁਰੱਖਿਆ ਦੇ ਪ੍ਰਬੰਧਾਂ ਅਨੁਸਾਰ ਗਧੀ ਦਾ ਦੁੱਧ ਜਾਂ ਮਾਸ ਮਨੁੱਖਾਂ ਦੇ ਖਾਣ ਯੋਗ ਵਾਲੀ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਸ ਵਿੱਚ ਕੀ ਹੁੰਦਾ ਹੈ, ਕੀ ਇਸ ਨੂੰ ਖਾਣ ਨਾਲ ਇਸ ਵਿੱਚ ਕੋਈ ਤਬਦੀਲੀ ਆਉਂਦੀ ਹੈ, ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੋਣ ਤੱਕ ਇਸ ਦੀ ਖਪਤ ਉਚਿਤ ਨਹੀਂ ਹੈ।''

ਗਧੇ ਦਾ ਦੁੱਧ, ਗਧੇ ਦਾ ਮਾਸ, ਮੀਟ, ਸੂਰਬਾਥੁਲਾ ਗੋਪਾਲ, ਪਸ਼ੂ ਬਚਾਅ ਸੰਗਠਨ ਦੇ ਸੰਸਥਾਪਕ ਸਕੱਤਰ
ਤਸਵੀਰ ਕੈਪਸ਼ਨ, ਸੰਸਥਾ ਐਨੀਮਲ ਰੈਸਕਿਊ ਆਰਗੇਨਾਈਜੇਸ਼ਨ ਅਨੁਸਾਰ ਸੂਬੇ ਵਿੱਚ ਗਧਿਆਂ ਦਾ ਗੈਰ-ਕਾਨੂੰਨੀ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਹੈ

"ਅਸੀਂ ਚਿਕਨ ਅਤੇ ਮਟਨ ਦੀ ਵਰਤੋਂ ਕਰਦੇ ਹਾਂ ਪਰ ਜਦੋਂ ਮੌਸਮ ਬਦਲਦਾ ਹੈ ਜਾਂ ਲੰਬੇ ਸਮੇਂ ਤੋਂ ਰੱਖਿਆ ਚਿਕਨ ਜਾਂ ਮਟਨ ਸਿਹਤ ਲਈ ਨੁਕਸਾਨ ਵਾਲਾ ਹੁੰਦਾ ਹੈ। ਅਜਿਹੇ ਵਿੱਚ ਬਿਨਾਂ ਟੈਸਟ ਕੀਤੇ ਗਧੇ ਦਾ ਮੀਟ ਖਾਣਾ ਸਹੀ ਨਹੀਂ ਹੈ।"

"ਕੀ ਕੋਈ ਭੋਜਨ ਖਾਣ ਯੋਗ ਹੈ ਜਾਂ ਨਹੀਂ ਇਸ ਦੀ ਜਾਂਚ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਅਤੇ ਸੈਂਟਰਲ ਫੂਡ ਟੈਕਨਾਲੋਜੀ ਰਿਸਰਚ ਇੰਸਟੀਚਿਊਟ ਵੱਲੋਂ ਕੀਤੀ ਜਾਂਦੀ ਹੈ। ਇੱਥੋਂ ਟੈਸਟ ਕਰਵਾਏ ਬਿਨਾਂ ਗਧੇ ਦੇ ਮੀਟ ਦਾ ਸਿਹਤ ਉੱਤੇ ਅਸਰ ਪੈ ਸਕਦਾ ਹੈ। "

ਪਿਛਲੇ ਸੱਤ ਸਾਲਾਂ ਵਿੱਚ 5000 ਗਧੇ ਗਾਇਬ

ਆਂਧਰਾ ਪ੍ਰਦੇਸ਼ ਦੇ ਪਸ਼ੂ ਪਾਲਣ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਗੋਪਾਲ ਕ੍ਰਿਸ਼ਨ ਨੇ ਬੀਬੀਸੀ ਨੂੰ ਦੱਸਿਆ, "ਸਾਲ 2019 ਦੀ ਪਸ਼ੂ ਗਣਨਾ ਅਨੁਸਾਰ ਦੇਸ ਭਰ ਵਿੱਚ ਗਧਿਆਂ ਦੀ ਗਿਣਤੀ ਇੱਕ ਲੱਖ 20 ਹਜ਼ਾਰ ਸੀ ਜਦੋਂਕਿ ਆਂਧਰਾ ਪ੍ਰਦੇਸ਼ ਵਿੱਚ ਸਿਰਫ਼ ਪੰਜ ਹਜ਼ਾਰ ਹੀ ਸਨ।"

"2012 ਦੀ ਗਣਨਾ ਦੌਰਾਨ ਆਂਧਰਾ ਪ੍ਰਦੇਸ਼ ਵਿੱਚ 10,000 ਗਧੇ ਸਨ। ਯਾਨੀ ਕਿ ਸੱਤ ਸਾਲਾਂ ਵਿੱਚ ਗਧਿਆਂ ਦੀ ਗਿਣਤੀ ਪੰਜ ਹਜ਼ਾਰ ਘੱਟ ਗਈ ਹੈ। ਯਾਨੀ ਕਿ 50 ਫੀਸਦ ਘਟੀ ਹੈ। ਇਹ ਹਾਲਤ ਪੂਰੇ ਦੇਸ ਦੀ ਹੈ। ਪੂਰੇ ਦੇਸ ਵਿੱਚ ਪਿਛਲੇ ਸੱਤ ਸਾਲਾਂ ਦੌਰਾਨ ਗਧਿਆਂ ਦੀ ਗਿਣਤੀ ਵਿੱਚ 61 ਫੀਸਦ ਕਮੀ ਦੇਖਣ ਨੂੰ ਮਿਲੀ ਹੈ।"

ਇਹ ਵੀ ਪੜ੍ਹੋ:

ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਡਾਇਰੈਕਟਰ ਜੀ ਨਹਿਰੂ ਬਾਬੂ ਨੇ ਬੀਬੀਸੀ ਨੂੰ ਦੱਸਿਆ ਕਿ ਬਿਨਾ ਕਿਸੇ ਵੀ ਵਿਗਿਆਨਕ ਸਬੂਤ ਦੇ ਲੋਕ ਗਧੇ ਦੇ ਦੁੱਧ ਅਤੇ ਮੀਟ ਦੀ ਵਰਤੋਂ ਕਰ ਰਹੇ ਹਨ।

ਬਾਬੂ ਮੁਤਾਬਕ ਸਰਕਾਰ ਨੂੰ ਲੋਕਾਂ ਨੂੰ ਇਸ ਮਾਮਲੇ ਵਿੱਚ ਵਧੇਰੇ ਜਾਗਰੂਕ ਕਰਨਾ ਚਾਹੀਦਾ ਹੈ।

ਗਧੇ ਦਾ ਦੁੱਧ, ਗਧੇ ਦਾ ਮਾਸ, ਮੀਟ

ਤਸਵੀਰ ਸਰੋਤ, GOPAL R SURABATHULA/BBC

ਤਸਵੀਰ ਕੈਪਸ਼ਨ, ਕਈ ਜ਼ਿਲ੍ਹਿਆਂ ਵਿੱਚ ਗਧੇ ਦਾ ਦੁੱਧ ਘਰ-ਘਰ ਪਹੁੰਚਾਇਆ ਜਾ ਰਿਹਾ ਹੈ

ਉਨ੍ਹਾਂ ਨੇ ਕਿਹਾ, "ਜੇ ਲੋਕ ਗਲਤ ਭਰੋਸੇ ਨਾਲ ਜਿਨਸੀ ਯੋਗਤਾ ਨੂੰ ਵਧਾਉਣ ਲਈ ਗਧੇ ਦਾ ਮੀਟ ਖਾਣਗੇ ਤਾਂ ਇਸ ਨਾਲ ਸਿਹਤ ਸਬੰਧੀ ਕਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਕੁਝ ਲੋਕ ਕਾਰੋਬਾਰੀ ਲਾਭ ਲਈ ਅਜਿਹੀਆਂ ਅਫ਼ਵਾਹਾਂ ਨੂੰ ਹਵਾ ਦਿੰਦੇ ਹਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਗੈਰ-ਕਾਨੂੰਨੀ ਢੰਗ ਨਾਲ ਗਧਿਆਂ ਨੂੰ ਢੋਹਣ ਦਾ ਕਾਰੋਬਾਰ

ਆਂਧਰਾ ਪ੍ਰਦੇਸ਼ ਵਿੱਚ ਗਧਿਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਇਸ ਕਾਰਨ ਹੋਰਨਾਂ ਸੂਬਿਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਗਧੇ ਵੇਚਣ ਦਾ ਕਾਰੋਬਾਰ ਵਧਿਆ ਹੈ। ਪੁਲਿਸ ਨੇ ਪਿਛਲੇ ਦਿਨੀਂ ਮੁੰਬਈ ਤੋਂ ਲਿਆਂਦੇ ਗਏ ਅੱਠ ਗਧਿਆਂ ਨੂੰ ਬਰਾਮਦ ਕੀਤਾ ਸੀ।

ਦੋ ਦਿਨ ਪਹਿਲਾਂ ਡਾਚੇਪੱਲੀ ਵਿੱਚ 39 ਦਿਨ ਗਧਿਆਂ ਨੂੰ ਬਰਾਮਦ ਕੀਤਾ ਹੈ। ਹਾਲਾਂਕਿ ਪਸ਼ੂਆਂ ਦੀ ਸੁਰੱਖਿਆ ਨਾਲ ਜੁੜੇ ਕਾਰਕੁਨਾਂ ਦਾ ਮੰਨਣਾ ਹੈ ਕਿ ਅਸਲ ਵਿੱਚ ਇਸ ਤੋਂ ਕਈ ਗੁਣਾ ਵੱਧ ਗਿਣਤੀ ਵਿੱਚ ਗਧਿਆਂ ਦਾ ਕਾਰੋਬਾਰ ਹੋ ਰਿਹਾ ਹੈ।

ਐਨੀਮਲ ਰੈਸਕਿਊ ਆਰਗਨਾਈਜ਼ੇਸ਼ਨ ਦੇ ਕਿਸ਼ੋਰ ਨੇ ਬੀਬੀਸੀ ਨੂੰ ਦੱਸਿਆ, "ਇੱਕ ਗਲਾਸ ਜਿੰਨਾ ਗਧੀ ਦਾ ਦੁੱਧ ਯਾਨੀ ਕਿ 100 ਤੋਂ 150 ਮਿਲੀਲੀਟਰ ਦੁੱਧ ਦੀ ਬਜ਼ਾਰ ਵਿੱਚ 50 ਤੋਂ 100 ਰੁਪਏ ਵਿੱਚ ਮਿਲ ਜਾਂਦਾ ਹੈ। ਜਦੋਂਕਿ ਇਸ ਦਾ ਮਾਸ 500 ਤੋਂ 700 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਦਾ ਹੈ।"

"ਕੁਝ ਲੋਕ ਇਸ ਨੂੰ ਹੋਰਨਾਂ ਸੂਬਿਆਂ ਤੋਂ ਗ਼ੈਰਕਾਨੂੰਨੀ ਢੰਗ ਨਾਲ ਲਿਆ ਕੇ ਵਧੇਰੇ ਪੈਸਾ ਕਮਾਉਂਦੇ ਹਨ। ਕੁਝ ਸੂਬਿਆਂ ਤੋਂ ਤਿੰਨ ਹਜ਼ਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਗਧਾ ਖਰੀਦ ਕੇ ਉਹ ਇੱਥੇ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਗਧਾ ਵੇਚਦੇ ਹਨ।"

ਡੋਰ ਟੂ ਡੋਰ ਦੁੱਧ ਦੀ ਸਪਲਾਈ

ਪ੍ਰਕਾਸ਼ਮ, ਗੁੰਟੂਰ ਅਤੇ ਵਿਜੇਵਾੜਾ ਵਰਗੇ ਖੇਤਰਾਂ ਵਿੱਚ ਗਧੇ ਦੇ ਦੁੱਧ ਦੀ ਘਰ-ਘਰ ਜਾ ਕੇ ਸਪਲਾਈ ਹੁੰਦੀ ਹੈ, ਜਦੋਂਕਿ ਬਹੁਤ ਸਾਰੇ ਮਾਰਕਿਟ ਕੇਂਦਰਾਂ ਵਿੱਚ ਗਧੇ ਦੇ ਮੀਟ ਦੀ ਵਿਕਰੀ ਖੁੱਲ੍ਹੀ ਹੈ।

ਘਰ-ਘਰ ਦੁੱਧ ਦੀ ਸਪਲਾਈ ਕਰਨ ਵਾਲੇ ਨਨਚਾਰ ਨੇ ਕਿਹਾ, "ਜੇ ਅਸੀਂ ਗਧੀ ਦਾ ਦੁੱਧ ਲੈ ਜਾਈਏ ਅਤੇ ਕਹੀਏ ਕਿ ਇਹ ਗਧੀ ਦਾ ਦੁੱਧ ਹੈ ਤਾਂ ਲੋਕ ਇਸ 'ਤੇ ਭਰੋਸਾ ਨਹੀਂ ਕਰਨਗੇ। ਇਸ ਲਈ ਅਸੀਂ ਗਧੀ ਨੂੰ ਨਾਲ ਹੀ ਰੱਖਦੇ ਹਾਂ ਅਤੇ ਗਾਹਕ ਦੇ ਸਾਹਮਣੇ ਦੁੱਧ ਕੱਢ ਕੇ ਦਿੰਦੇ ਹਾਂ।"

"ਰਾਜਸਥਾਨ ਦੇ ਸਾਡੇ ਚਾਲੀ ਲੋਕਾਂ ਦਾ ਪਰਿਵਾਰ ਇਹੀ ਕੰਮ ਕਰਦਾ ਹੈ। ਇਸ ਦੇ ਦੁੱਧ ਤੋਂ ਕਈ ਬੀਮਾਰੀਆਂ ਠੀਕ ਹੁੰਦੀਆਂ ਹਨ। ਅਸੀਂ 20 ਸਾਲਾਂ ਤੋਂ ਇਹ ਕਾਰੋਬਾਰ ਕਰ ਰਹੇ ਹਾਂ।"

ਗਧੇ ਦਾ ਦੁੱਧ, ਗਧੇ ਦਾ ਮਾਸ, ਮੀਟ
ਤਸਵੀਰ ਕੈਪਸ਼ਨ, ਆਂਧਰਾ ਪ੍ਰਦੇਸ਼ ਵਿੱਚ ਗਧੇ ਦੇ ਮੀਟ ਅਤੇ ਦੁੱਧ ਦੀ ਵਧੇਰੇ ਮੰਗ ਵਧੀ ਹੈ

ਵਿਜੇਵਾੜਾ ਦੀ ਦੇਵਅੰਮਾ ਨੇ ਦੱਸਿਆ, "ਮੈਨੂੰ ਪਿਛਲੇ 25 ਸਾਲਾਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਉਸ ਤੋਂ ਬਾਅਦ ਮੈਂ ਗਧੀ ਦਾ ਦੁੱਧ ਪੀਣਾ ਸ਼ੁਰੂ ਕੀਤਾ ਅਤੇ ਮੇਰੀ ਤਕਲੀਫ਼ ਘੱਟ ਗਈ। ਹੁਣ ਤਾਂ ਅਸੀਂ ਬੱਚਿਆਂ ਨੂੰ ਵੀ ਇਹ ਦੇਣ ਲੱਗੇ ਹਾਂ। ਇਹ ਬਹੁਤ ਚੰਗਾ ਹੈ। ਅਸੀਂ ਇਸ ਦਾ ਮਾਸ ਵੀ ਖਾਂਦੇ ਹਾਂ। ਮੈਨੂੰ ਅੱਜ ਤੱਕ ਕੋਈ ਮੁਸ਼ਕਲ ਨਹੀਂ ਹੋਈ ਹੈ।"

ਸ਼੍ਰੀਕਾਕੂਲਮ ਦੇ ਨਾਰਾਸਾਨਾਪੇਟ ਖ਼ੇਤਰ ਦੇ ਨਾਰਾਇਣ ਨੇ ਕਿਹਾ, "ਗਧੀ ਦਾ ਦੁੱਧ 100 ਰੁਪਏ ਪ੍ਰਤੀ ਗਲਾਸ ਮਿਲਦਾ ਹੈ। ਬੱਚੇ ਅਤੇ ਨੌਜਵਾਨ ਅਸੀਂ ਸਾਰੇ ਇਸ ਨੂੰ ਪੀਂਦੇ ਹਾਂ। ਇਸ ਦੁੱਧ ਨਾਲ ਜੋੜਾਂ ਦਾ ਦਰਦ, ਸਾਹ ਲੈਣ ਵਿੱਚ ਮੁਸ਼ਕਲ ਵਗੈਰਾ ਘੱਟ ਹੋਈ ਹੈ। ਅਸੀਂ ਇਸ ਦਾ ਮਾਸ ਨਹੀਂ ਖਾਂਦੇ। ਪਰ ਸਾਡੇ ਪਿੰਡ ਵਿੱਚ ਮਾਸ ਵਿਕਦਾ ਹੈ। "

ਮਾਸ ਲਈ ਗਧੇ ਦੀ ਚੋਰੀ

ਆਂਧਰਾ ਪ੍ਰਦੇਸ਼ ਵਿੱਚ ਪਹਿਲਾਂ ਗਧੇ ਦੀ ਵਰਤੋਂ ਸਮਾਨ ਢੋਹਣ ਲਈ ਕੀਤੀ ਜਾਂਦੀ ਸੀ। ਲੋਕ ਗਧਿਆਂ ਦੀ ਮਦਦ ਨਾਲ ਰੇਤ, ਮਿੱਟੀ ਵਗੈਰਾ ਢੋਂਹਦੇ ਸਨ, ਜਦੋਂਕਿ ਕੱਪੜੇ ਧੋਣ ਦਾ ਕੰਮ ਕਰਨ ਵਾਲੇ ਕੱਪੜਿਆਂ ਨੂੰ ਢੋਹਣ ਦਾ ਕੰਮ ਕਰਦੇ ਸਨ।

ਵਿਜੇਨਗਰਮ ਜ਼ਿਲ੍ਹੇ ਦੀ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚੋਂ ਕਈ ਵਾਰ ਗਧਿਆਂ ਦੀ ਚੋਰੀ ਦੀ ਸ਼ਿਕਾਇਤ ਮਿਲਦੀ ਹੈ। ਗਧਿਆਂ ਨੂੰ ਚੋਰੀ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਵੇਚਿਆ ਜਾਂਦਾ ਹੈ ਜਿੱਥੇ ਇਸ ਦੇ ਮਾਸ ਦੀ ਵਧੇਰੇ ਮੰਗ ਹੁੰਦੀ ਹੈ।

ਗਧੇ ਦਾ ਦੁੱਧ, ਗਧੇ ਦਾ ਮਾਸ, ਮੀਟ

ਗਧੀ ਦੇ ਦੁੱਧ ਤੋਂ ਜਿਨਸੀ ਤਾਕਤ ਵਧਾਉਣ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਗਧੀ ਦੇ ਦੁੱਧ ਵਿੱਚ ਵਿਟਾਮਿਨ ਅਤੇ ਫੈਟੀ ਐਸਿਡ ਹੁੰਦੇ ਹਨ।

ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਮੈਡੀਕਲ ਮਾਹਰ ਕੋਟੀਕੁਪੱਲਾ ਸੂਰਿਆ ਰਾਓ ਨੇ ਬੀਬੀਸੀ ਨੂੰ ਦੱਸਿਆ, "ਗਧੀ ਦੇ ਦੁੱਧ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਉਸ ਨੂੰ ਪ੍ਰੋਟੀਨ ਦਾ ਰਾਜਾ ਕਿਹਾ ਜਾਂਦਾ ਹੈ।"

"ਜਿਨ੍ਹਾਂ ਬੱਚਿਆਂ ਨੂੰ ਗਾਂ ਜਾਂ ਮੱਝ ਦੇ ਦੁੱਧ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਇਹ ਦੁੱਧ ਦਿੱਤਾ ਜਾ ਸਕਦਾ ਹੈ। ਪਰ ਇਸਦਾ ਮਾਸ ਖਾਣ ਨਾਲ ਜਿਨਸੀ ਯੋਗਤਾ ਨੂੰ ਵਧਾਉਣ ਦਾ ਕੋਈ ਸਬੂਤ ਨਹੀਂ ਹੈ। ਅਸਲ ਵਿੱਚ ਗਧਿਆਂ ਦੇ ਮਾਸ ਵਿੱਚ ਅਜਿਹੀ ਕੋਈ ਖਾਸੀਅਤ ਨਹੀਂ ਹੁੰਦੀ।"

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)