'ਫ਼ਟਾਫ਼ਟ' ਕਰਜ਼ਾ ਦੇ ਕੇ ਮਹਾਂਮਾਰੀ ਨਾਲ ਜੂਝਦੇ ਲੋਕਾਂ ਨੂੰ ਫ਼ਸਾਉਣ ਵਾਲੇ ਲੋਨ ਐਪਸ

ਮੋਬਾਈਲ

ਤਸਵੀਰ ਸਰੋਤ, Getty Images

    • ਲੇਖਕ, ਅਰੁਣੋਦਿਆ ਮੁਖਰਜੀ
    • ਰੋਲ, ਬੀਬੀਸੀ ਪੱਤਰਕਾਰ

"ਜੇ ਤੁਸੀਂ ਅੱਜ ਪੈਸਿਆਂ ਦਾ ਭੁਗਤਾਨ ਨਾ ਕੀਤਾ ਤਾਂ ਮੈਂ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਨ ਲੱਗਾ ਹਾਂ। ਇਸ ਤੋਂ ਬਾਅਦ, ਤੁਹਾਨੂੰ ਅਫ਼ਸੋਸ ਹੋਵੇਗਾ ਕਿ ਤੁਸੀਂ ਕਦੀ ਕਰਜ਼ਾ ਲੈਣ ਦਾ ਫ਼ੈਸਲਾ ਲਿਆ ਸੀ।"

ਵਿਨੀਤਾ ਟੇਰੇਸਾ ਨੂੰ ਬੀਤੇ ਤਕਰੀਬਨ ਤਿੰਨ ਮਹੀਨਿਆਂ ਤੋਂ ਇਸ ਤਰ੍ਹਾਂ ਦੇ ਫ਼ੋਨ ਆ ਰਹੇ ਹਨ ਅਤੇ ਇਹ ਫ਼ੋਨ ਕਾਲ ਉਨ੍ਹਾਂ ਵਿੱਚੋਂ ਹੀ ਇੱਕ ਹੈ। ਤਕਰੀਬਨ ਹਰ ਰੋਜ਼ ਹੀ ਲੋਨ-ਰਿਕਵਰੀ ਏਜੰਟ ਦੇ ਨਾਮ 'ਤੇ ਉਨ੍ਹਾਂ ਨੂੰ ਫ਼ੋਨ ਆਉਂਦੇ ਹਨ।

ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਚੁਣਨ ਲਈ CLICK HERE

ਇਹ ਵੀ ਪੜ੍ਹੋ:

ਇਨ੍ਹਾਂ ਏਜੰਟਾਂ ਦੇ ਨਾਮ ਅੱਲਗ ਅਲੱਗ ਹੁੰਦੇ ਹਨ ਪਰ ਇਨ੍ਹਾਂ ਦਾ ਕੰਮ ਇੱਕ ਹੀ ਹੁੰਦਾ ਹੈ। ਫ਼ੋਨ ਕਰਨ ਦੇ ਨਾਲ ਹੀ ਉਹ ਚੀਕਣਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਤਾਂ ਧਮਕੀਆਂ ਤੱਕ ਦੇ ਦਿੰਦੇ ਹਨ ਅਤੇ ਬਹੁਤ ਵਾਰ ਬੇਇੱਜ਼ਤੀ ਭਰੇ ਸ਼ਬਦਾਂ ਦੀ ਵਰਤੋਂ ਵੀ ਕਰਦੇ ਹਨ।

ਭਾਰਤ ਵਿੱਚ ਕੋਰੋਨਾ ਮਾਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਸੀ। ਪਰ ਲੌਕਡਾਊਨ ਨੇ ਕਈ ਲੋਕਾਂ ਸਾਹਮਣੇ ਵਿੱਤੀ ਸੰਕਟ ਪੈਦਾ ਕਰ ਦਿੱਤਾ ਹੈ।

ਮਹੀਨਿਆਂ ਤੱਕ ਚੱਲੇ ਇਸ ਲੌਕਡਾਊਨ ਨੇ ਕਈ ਬਣੇ-ਬਣਾਏ ਸਥਾਪਤ ਕਾਰੋਬਾਰਾਂ ਨੂੰ ਬਰਬਾਦ ਕਰ ਦਿੱਤਾ। ਲੌਕਡਾਊਨ ਕਾਰਨ ਵਿਨੀਤਾ ਦੀ ਆਰਥਿਕ ਸਥਿਤੀ ਵੀ ਲੜਖੜਾ ਗਈ। ਅਜਿਹੇ ਵਿੱਚ ਉਨ੍ਹਾਂ ਨੇ ਐਪਸ ਦਾ ਰੁਖ਼ ਕੀਤਾ ਜੋ 'ਇੰਸਟੈਂਟ ਲੋਨ' ਯਾਨੀ ਫ਼ਟਾਫ਼ਟ ਕਰਜ਼ਾ ਦੇਣ ਦਾ ਦਾਅਵਾ ਕਰਦੇ ਹਨ।

ਵੀਡੀਓ ਕੈਪਸ਼ਨ, ਜੇ ਤੁਸੀਂ ਵੀ ਰਾਤ ਨੂੰ ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ ਜਰੂਰ ਦੇਖੋ?

ਕਰਜ਼ਾ ਲੈਣ ਦਾ ਇੱਕ ਸੌਖਾ ਜ਼ਰੀਆ

ਇਨ੍ਹਾਂ ਐਪਸ ਨਾਲ ਕਰਜ਼ਾ ਲੈਣਾ ਬਹੁਤ ਸੌਖਾ ਸੀ। ਜਿਥੇ ਆਮਤੌਰ 'ਤੇ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਬੈਂਕ ਤੋਂ ਲੋਨ ਲੈਣ ਲਈ ਕਈ ਤਰ੍ਹਾਂ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਂਦੇ ਹਨ, ਤਸਦੀਕ ਕਰਵਾਉਣਾ ਹੁੰਦਾ ਹੈ, ਉੱਥੇ ਇਸ ਐਪ ਤੋਂ ਲੋਨ ਲੈਣਾ ਚੁਟਕੀ ਵਜਾਉਣ ਜਿੰਨਾਂ ਸੌਖਾ ਹੈ।

ਉਨ੍ਹਾਂ ਨੂੰ ਸਿਰਫ਼ ਆਪਣੇ ਬੈਂਕ ਖਾਤੇ ਦੇ ਵੇਰਵੇ ਦੇਣੇ ਸਨ, ਇੱਕ ਪ੍ਰਮਾਣਿਤ ਸ਼ਨਾਖਤੀ ਕਾਰਡ ਦੇਣਾ ਸੀ ਅਤੇ ਹਵਾਲਾ ਦੇਣਾ ਸੀ।

ਇਹ ਸਭ ਕੁਝ ਦੇਣ ਦੇ ਮਿੰਟਾਂ ਬਾਅਦ ਹੀ ਲੋਨ ਉਨ੍ਹਾਂ ਦੇ ਖਾਤੇ ਵਿੱਚ ਆ ਗਿਆ- ਉਹ ਆਪ ਕਹਿੰਦੇ ਹਨ, "ਇਹ ਬਹੁਤ ਹੀ ਸੌਖਾ ਸੀ।"

ਮਹਾਂਮਾਰੀ ਨੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਸਨ। ਕਾਰੋਬਾਰ ਬੰਦ ਹੋ ਗਏ ਅਤੇ ਲੌਕਡਾਊਨ ਦੇ ਇਸ ਦੌਰ ਵਿੱਚ ਇਸ ਤਰ੍ਹਾਂ ਦੇ ਫ਼ਟਾਫ਼ਟ ਲੋਨ ਦੇਣ ਵਾਲੇ ਢੇਰਾਂ ਐਪ ਬਾਜ਼ਾਰ ਵਿੱਚ ਆ ਗਏ।

ਦਫ਼ਤਰ

ਤਸਵੀਰ ਸਰੋਤ, Getty Images

ਮੁਸ਼ਕਿਲ ਦੌਰ ਦਾ ਔਖਾ ਸਹਾਰਾ

ਜਦੋਂ ਲੌਕਡਾਊਨ ਖ਼ਤਮ ਹੋ ਚੁੱਕਿਆ ਹੈ ਅਤੇ ਬੁਹਤ ਸਾਰੇ ਨੌਕਰੀਪੇਸ਼ਾ ਲੋਕ ਮੁੜ ਕੰਮਾਂ 'ਤੇ ਵਾਪਸ ਆ ਚੁੱਕੇ ਹਨ ਜਾਂ ਜਾ ਰਹੇ ਹਨ,ਬਾਵਜੂਦ ਇਸ ਦੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇੰਜੀਨੀਅਰਜ਼ ਤੋਂ ਲੈ ਕੇ ਸਾਫ਼ਟਵੇਅਰ ਡਵੈਲਪਰਸ ਤੱਕ ਅਤੇ ਸੇਲਜ਼ਮੈਨ ਤੋਂ ਲੈ ਕੇ ਵਪਾਰੀਆਂ ਲਈ ਵੀ ਇਹ ਦੌਰ ਬੇਹੱਦ ਸੰਘਰਸ਼ ਭਰਿਆ ਰਿਹਾ ਹੈ।

ਇੱਕ ਵੱਡੇ ਵਰਗ ਨੇ ਆਰਥਿਕ ਤੰਗੀ ਦਾ ਸਾਹਮਣਾ ਕੀਤਾ ਹੈ ਅਤੇ ਇਸ ਵਿੱਤੀ ਤੰਗੀ ਨੂੰ ਦੂਰ ਕਰਨ ਲਈ ਜਦੋਂ ਵੀ ਉਨ੍ਹਾਂ ਨੂੰ ਜਲਦੀ ਵਿੱਚ ਪੈਸੇ ਦੀ ਲੋੜ ਪਈ, ਤਾਂ ਅਜਿਹੇ ਐਪਸ ਨੂੰ ਮਦਦ ਲਈ ਚੁਣਿਆ।

ਇੱਥੇ ਹਰ ਤਰ੍ਹਾਂ ਦੇ ਲੋਨ ਮੌਜੂਦ ਸਨ। ਜਿਵੇਂ ਮਹਿਜ਼ 150 ਡਾਲਰ ਯਾਨੀ ਕਰੀਬ 10 ਹਜ਼ਾਰ ਰੁਪਏ ਦਾ ਕਰਜ਼ਾ ਅਤੇ ਸਿਰਫ਼ 15 ਦਿਨਾਂ ਲਈ। ਇਨ੍ਹਾਂ ਐਪਸ ਨੇ ਕਰਜ਼ਾ ਦੇਣ ਲਈ ਵਨ-ਟਾਈਮ ਪ੍ਰੋਸੈਸਿੰਗ ਫ਼ੀਸ (ਇੱਕ ਵਾਰ ਦਸਤਾਵੇਜ਼ ਆਦਿ ਤਿਆਰ ਕਰਨ ਲਈ ਫ਼ੀਸ ਵਸੂਲੀ ਕਰਨਾ) ਵੀ ਲਈ।

ਨਿਯਮਾਂ ਦਾ ਉਲੰਘਣ

ਹਾਲਾਂਕਿ ਇਹ ਵਨ-ਟਾਈਮ-ਪ੍ਰੋਸੈਸਿੰਗ ਫ਼ੀਸ ਵਿਆਜ਼ ਦਰ ਦੀ ਤੁਲਨਾ ਵਿੱਚ ਤਾਂ ਕੁਝ ਵੀ ਨਹੀਂ ਸੀ ਕਿਉਂਕਿ ਲੋਨ ਦੇਣ ਵਾਲੇ ਇਨ੍ਹਾਂ ਐਪਸ ਨੇ ਕਈ ਵਾਰ 30 ਫ਼ੀਸਦ ਤੋਂ ਵੀ ਵੱਧ ਵਿਆਜ਼ ਦਰ 'ਤੇ ਕਰਜ਼ਾ ਦਿੱਤਾ। ਜੇ ਇਸ ਵਿਆਜ਼ ਦਰ ਦੀ ਤੁਲਨਾ ਭਾਰਤੀ ਬੈਂਕਾਂ ਦੀ ਵਿਆਜ਼ ਦਰ ਨਾਲ ਕਰੀਏ ਤਾਂ ਇਹ ਘੱਟੋਂ ਘੱਟ 10 ਤੋਂ 20 ਫ਼ੀਸਦ ਵਧੇਰੇ ਹੈ।

ਦੂਜੀ ਸਮੱਸਿਆ ਇਹ ਵੀ ਹੈ ਕਿ ਇਨ੍ਹਾਂ ਵਿੱਚ ਕੁਝ ਐਪਸ ਜਿੱਥੇ ਭਾਰਤੀ ਬੈਂਕ ਲਈ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਕੰਮ ਕਰਦੀਆਂ ਹਨ ਤਾਂ ਕੁਝ ਇਨ੍ਹਾਂ ਪੈਮਾਨਿਆਂ ਦੇ ਤਹਿਤ ਜਾਇਜ਼ ਨਹੀਂ ਪਾਈਆਂ ਗਈਆਂ।

ਕਈ ਸੂਬਿਆਂ ਵਿੱਚ ਹੁਣ ਇਸ ਤਰ੍ਹਾਂ ਲੋਨ ਦੇਣ ਵਾਲੇ ਦਰਜਨਾਂ ਐਪਸ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਨੇ ਇਨ੍ਹਾਂ ਐਪਸ 'ਤੇ ਨਿਯਮਾਂ ਦਾ ਉਲੰਘਣ ਕਰਨ ਅਤੇ ਕਰਜ਼ਾ ਵਸੂਲੀ ਕਰਨ ਲਈ ਹਿੰਸਕ ਤਰੀਕੇ ਅਪਨਾਉਣ ਦੇ ਇਲਜ਼ਾਮ ਲਗਾਏ ਹਨ।

ਵਿੱਤੀ ਆਪਰਾਧਾਂ ਦੀ ਜਾਂਚ ਕਰਨ ਵਾਲਾ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਹੁਣ ਮਨੀ ਟ੍ਰੇਲ (ਪੈਸਿਆਂ ਦਾ ਲੜੀਵਾਰ ਲੈਣ ਦੇਣ) ਬਾਰੇ ਪਤਾ ਕਰਨ ਲਈ ਅੱਗੇ ਆਇਆ ਹੈ।

ਹਾਲ ਹੀ ਵਿੱਚ ਗੁਗਲ ਨੇ ਵੀ ਆਪਣੇ ਗੁਗਲ-ਪਲੇਸਟੋਰ ਤੋਂ ਅਜਿਹੇ ਕਈ ਐਪਸ ਹਟਾ ਦਿੱਤੇ ਹਨ ਜਿਨ੍ਹਾਂ ਬਾਰੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਜਾਂ ਫ਼ਿਰ ਇਨ੍ਹਾਂ ਖ਼ਿਲਾਫ਼ ਨਿਯਮਾਂ ਦੀ ਉਲੰਘਣਾ ਕਰਨਾ ਦਾ ਸਬੂਤ ਮਿਲਿਆ ਹੈ।

ਇਹ ਵੀ ਪੜ੍ਹੋ:

ਅਧਿਕਾਰੀਆਂ ਨੂੰ ਇਸ ਗੱਲ ਦੇ ਵੀ ਸਬੂਤ ਮਿਲੇ ਹਨ ਕਿ ਇਨ੍ਹਾਂ ਵਿੱਚੋਂ ਕਈ ਐਪਸ ਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਦਾ ਭਾਰਤ ਦੇ ਕੇਂਦਰੀ ਬੈਂਕ ਨਾਲ ਪੰਜੀਕਰਨ ਵੀ ਨਹੀਂ ਕੀਤਾ ਗਿਆ ਸੀ।

ਨਿਯਮਾਂ ਦੇ ਉਲੰਘਣ ਅਤੇ ਪੰਜੀਕਰਨ ਨਾਲ ਜੁੜੇ ਇਨ੍ਹਾਂ ਸਵਾਲਾਂ ਦੇ ਸਾਹਮਣੇ ਆਉਣ ਦੇ ਬਾਅਦ ਤੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਅਣਅਧਿਕਾਰਿਤ ਡਿਜੀਟਲ ਲੋਨ ਪਲੇਟਫ਼ਾਰਮ ਜਾਂ ਫ਼ਿਰ ਐਪਸ ਤੋਂ ਦੂਰ ਰਹਿਣ।

ਮਾਹਰਾਂ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਕੋਈ ਲੋਨ ਲੈ ਲੈਂਦਾ ਹੈ ਤਾਂ ਉਨ੍ਹਾਂ ਦਾ ਡਾਟਾ ਅਜਿਹੇ ਹੀ ਲੋਨ ਦੇਣ ਵਾਲੇ ਦੂਜੇ ਐਪ ਨਾਲ ਵੀ ਸਾਂਝਾ ਹੋ ਜਾਂਦਾ ਹੈ।

ਇਸਦੇ ਬਾਅਦ ਸ਼ੁਰੂ ਹੁੰਦਾ ਹੈ, ਉਸ ਸ਼ਖ਼ਸ ਨੂੰ ਹਾਈ ਕ੍ਰੈਡਿਟ ਲਿਮਿਟਸ 'ਤੇ ਲੋਨ ਦੇਣ ਦੇ ਨੋਟੀਫ਼ੀਕੇਸ਼ਨਜ਼ ਦਾ ਸਿਲਸਿਲਾ। ਇੱਕ ਦੇ ਬਾਅਦ ਇੱਕ ਨੋਟੀਫ਼ੀਕੇਸ਼ਨ ਆਉਣ ਦੇ ਨਾਲ ਹੀ ਉਸ ਵਿਅਕਤੀ ਦੇ ਫ਼ਸਣ ਦਾ ਡਰ ਵੀ ਵੱਧ ਜਾਂਦਾ ਹੈ।

ਵਿਨੀਤਾ ਟੇਰੇਸਾ ਦੱਸਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਨੋਟੀਫ਼ੀਕੇਸ਼ਨਾਂ ਦੇ ਚੱਕਰ ਵਿੱਚ ਫ਼ਸਕੇ ਹੀ ਅੱਠ ਲੋਨ ਲੈ ਲਏ।

ਮੋਬਾਈਲ ਤੇ ਗੱਲ ਕਰਦੀ ਔਰਤ

ਤਸਵੀਰ ਸਰੋਤ, Getty Images

ਕਰਜ਼ਾ ਲੈਣ ਤੋਂ ਬਾਅਦ ਦੀਆਂ ਮੁਸ਼ਕਿਲਾਂ

ਪਰ ਸਾਰੀ ਗੱਲ ਸਿਰਫ਼ ਕਰਜ਼ਾ ਲੈਣ ਤੱਕ ਨਹੀਂ ਸੀਮਿਤ ਰਹਿੰਦੀ।

ਇਸਦੇ ਬਾਅਦ ਸ਼ੁਰੂ ਹੁੰਦਾ ਹੈ ਇਸ ਜੰਜਾਲ ਵਿੱਚ ਫ਼ਸਣ ਦਾ ਸਿਲਸਿਲਾ। ਕਰਜ਼ਾ ਲੈਣ ਤੋਂ ਬਾਅਦ ਰਿਕਵਰੀ ਏਜੰਟਸ ਦੇ ਕਾਲ ਇਸ ਤਰ੍ਹਾਂ ਆਉਣਾ ਸ਼ੁਰੂ ਹੁੰਦੇ ਹਨ ਕਿ ਕੁਝ ਹੀ ਦਿਨਾਂ ਵਿੱਚ ਤੁਸੀਂ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਲੱਭਣ ਲੱਗ ਜਾਂਦੇ ਹੋ।

ਇਸੇ ਵਿੱਚ ਇੱਕ ਤਰੀਕਾ ਹੁੰਦਾ ਹੈ ਇੱਕ ਦੂਜਾ ਲੋਨ ਲੈ ਕੇ ਪਹਿਲੇ ਵਾਲੇ ਲੋਨ ਦਾ ਭੁਗਤਾਨ ਕਰਨਾ। ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਇੱਕ ਵਿਅਕਤੀ ਨੇ ਦੱਸਿਆ ਕਿ "ਇਹ ਕਦੇ ਨਾ ਖ਼ਤਮ ਹੋਣ ਵਾਲੇ ਚੱਕਰ ਦੀ ਤਰ੍ਹਾਂ ਹੁੰਦਾ ਹੈ। ਇੱਕ ਲੋਨ ਤੋਂ ਬਾਅਦ ਦੂਜਾ ਲੋਨ.. ਅਤੇ ਦੂਜੇ ਤੋਂ ਬਾਅਦ..."

ਬਹੁਤ ਸਾਰੀਆਂ ਹੋਰ ਐਪਸ ਦੀ ਤਰ੍ਹਾਂ ਹੀ ਇਹ ਲੋਨ ਐਪਸ ਵੀ ਡਾਊਨਲੋਡ ਸਮੇਂ ਕੰਨਟੈਕਟਸ (ਫ਼ੋਨ ਵਿੱਚ ਤੁਹਾਡੇ ਸੰਪਰਕ) ਅਤੇ ਫ਼ੋਟੋ ਗ਼ੈਲਰੀ ਦੇ ਐਕਸੈਸ (ਪਹੁੰਚ) ਲਈ ਤੁਹਾਡੇ ਤੋਂ ਪੁੱਛਦੇ ਹਨ। ਹੁਣ ਕਰਜ਼ਾ ਲੈਣ ਵਾਲਾ ਵਿਅਕਤੀ ਇਸ ਲਈ ਰਜ਼ਾਮੰਦੀ ਦੇ ਦਿੰਦਾ ਹੈ ਤਾਂ ਫ਼ਿਰ ਇਹ ਹੋਰ ਵਧੇਰੇ ਜਾਣਕਾਰੀ ਮੰਗਣ ਲੱਗਦੇ ਹਨ।

ਜੇਸਿਨ ਮਕਵਾਨਾ

ਤਸਵੀਰ ਸਰੋਤ, COURTESY JENIS MAKWANA

ਤਸਵੀਰ ਕੈਪਸ਼ਨ, ਜੇਸਿਨ ਮਕਵਾਨਾ

ਐਪਸ ਨਾਲ ਜੁੜਿਆ ਵਿਅਕਤੀਗਤ ਖ਼ਤਰਾ

ਸਈਬਰ ਸਕਿਊਰਿਟੀ ਮਾਹਰ ਅਮਿਤ ਦੂਬੇ ਦੱਸਦੇ ਹਨ, "ਜਦੋਂ ਮੈਂ ਇਸ ਤਰ੍ਹਾਂ ਦੇ ਇੱਕ ਮਾਮਲੇ ਦੀ ਜਾਂਚ ਕੀਤੀ ਤਾਂ ਮੈਂ ਦੇਖਿਆ ਕਿ ਇਹ ਐਪਸ ਅਸਲ ਵਿੱਚ ਨਾ ਸਿਰਫ਼ ਤੁਹਾਡੀ ਕੰਨਟੈਕਟ ਲਿਸਟ ਪੜ੍ਹਦੇ ਹਨ ਬਲਕਿ ਉਨ੍ਹਾਂ ਦੀ ਪਹੁੰਚ ਵਿੱਚ ਕਾਫ਼ੀ ਕੁਝ ਆ ਜਾਂਦਾ ਹੈ।"

ਉਹ ਦੱਸਦੇ ਹਨ, " ਉਹ ਤੁਹਾਡੇ ਫ਼ੋਟੋ, ਵੀਡੀਓ ਅਤੇ ਲੋਕੇਸ਼ਨ 'ਤੇ ਵੀ ਨਜ਼ਰ ਰੱਖ ਰਹੇ ਹੁੰਦੇ ਹਨ। ਉਹ ਤੁਹਾਡੇ ਬਾਰੇ ਕਾਫ਼ੀ ਕੁਝ ਜਾਣ ਚੁੱਕੇ ਹੁੰਦੇ ਹਨ, ਜਿਵੇਂ ਕਿ ਤੁਸੀਂ ਇਸ ਪੈਸੇ ਦਾ ਇਸਤੇਮਾਲ ਕਿੱਥੇ ਕੀਤਾ ਜਾਂ ਤੁਸੀਂ ਇਹ ਪੈਸੇ ਕਿਸ ਨੂੰ ਭੇਜੇ ਹਨ।"

ਵਿਨੀਤਾ ਟੇਰੇਸਾ ਕਹਿੰਦੇ ਹਨ, "ਇਹ ਖ਼ਤਰਾ ਵਿਅਕਤੀਗਤ ਵੀ ਹੋ ਜਾਂਦਾ ਹੈ। ਮੈਂ ਆਪਣੇ ਬੱਚਿਆਂ ਨੂੰ ਇਸ ਤਕਲੀਫ਼ ਨੂੰ ਝੱਲਦੇ ਦੇਖਿਆ ਹੈ ਜਦੋਂ ਉਹ ਦੇਖਦੇ ਸਨ, ਮੈਂ ਘੰਟਿਆਂ-ਘੰਟਿਆਂ ਫ਼ੋਨ 'ਤੇ ਲੱਗੀ ਰਹਿੰਦੀ ਸੀ। ਮੈਂ ਬੇਹੱਦ ਪਰੇਸ਼ਾਨ ਹੋ ਚੁੱਕੀ ਸੀ। ਨਾ ਤਾਂ ਮੈਂ ਆਪਣੇ ਕੰਮ 'ਤੇ ਧਿਆਨ ਦੇ ਪਾ ਰਹੀ ਸੀ ਅਤੇ ਨਾ ਹੀ ਪਰਿਵਾਰ 'ਤੇ।"

ਵੀਡੀਓ ਕੈਪਸ਼ਨ, ਆਰਥਿਕ ਸੁਸਤੀ ਦਾ ਆਨਲਾਈਨ ਕੰਪਨੀਆਂ 'ਤੇ ਕਿੰਨਾ ਅਸਰ

ਜੇਨਿਸ ਮਕਵਾਨਾ ਦੱਸਦੇ ਹਨ ਕਿ ਨਵੰਬਰ ਵਿੱਚ ਉਨ੍ਹਾਂ ਦੇ ਭਰਾ ਅਭਿਸ਼ੇਕ ਨੇ ਖੁਦਕੁਸ਼ੀ ਕਰ ਲਈ ਅਤੇ ਉਨ੍ਹਾਂ ਦੇ ਇਸ ਕਦਮ ਪਿੱਛੇ ਇੱਕ ਵੱਡਾ ਕਾਰਨ ਲੋਨ-ਐਪਸ ਵਲੋਂ ਵਸੂਲੀ ਲਈ ਪਰੇਸ਼ਾਨ ਕੀਤਾ ਜਾਣਾ ਸੀ।

ਭਾਰਤੀ ਟੈਲੀਵਿਜ਼ਨ ਵਿੱਚ ਸਕ੍ਰਿਪਟ ਲੇਖਕ ਅਭਿਸ਼ੇਕ ਨੇ ਵੀ ਲੌਕਡਾਊਨ ਵਿੱਚ ਉਸ ਸਥਿਤੀ ਦਾ ਸਾਹਮਣਾ ਕੀਤਾ ਜਿਸ ਤੋਂ ਇੱਕ ਵਰਗ ਲੰਘਿਆ।

ਜੇਸਿਨ ਯਾਦ ਕਰਦੇ ਹਨ-ਲੌਕਡਾਊਨ ਵਿੱਚ ਫ਼ਿਲਮ ਮੇਕਿੰਗ ਦਾ ਕੰਮ ਰੁਕ ਗਿਆ ਸੀ। ਲੋਕਾਂ ਨੂੰ ਭੁਗਤਾਨ ਕਰਨਾ ਔਖਾ ਹੋ ਗਿਆ ਅਤੇ ਇਸ ਸਭ ਤੋਂ ਬਾਹਰ ਆਉਣ ਲਈ ਉਨ੍ਹਾਂ (ਉਨ੍ਹਾਂ ਦੇ ਭਰਾ ਅਭਿਸ਼ੇਕ) ਨੇ ਕਰੀਬ 1500 ਡਾਲਰ (ਇੱਕ ਲੱਖ ਤੋਂ ਕੁਝ ਜ਼ਿਆਦਾ) ਦਾ ਕਰਜ਼ਾ ਲਿਆ।

ਹਾਲੇ ਲੋਨ ਲਏ ਜ਼ਿਆਦਾ ਦਿਨ ਵੀ ਨਹੀਂ ਸਨ ਹੋਏ ਕਿ ਉਨ੍ਹਾਂ ਨੂੰ ਧਮਕੀਆਂ ਭਰੇ ਫ਼ੋਨ ਆਉਣ ਲੱਗੇ।

ਜੇਸਿਨ ਕਹਿੰਦੇ ਹਨ ਕਿ ਇਨ੍ਹਾਂ ਫ਼ੋਨਾਂ ਦਾ ਸਿਲਸਿਲਾ ਉਨ੍ਹਾਂ ਦੇ ਮਰਨ ਤੋਂ ਬਾਅਦ ਤੱਕ ਜਾਰੀ ਰਿਹਾ।

ਸਟੇਟ ਬੈਂਕ

ਤਸਵੀਰ ਸਰੋਤ, Getty Images

ਐਪਸ ਦੀ ਜਾਂਚ

ਜੇਸਿਨ ਮਕਵਾਨਾ ਅਤੇ ਵਿਨੀਤਾ ਟੇਰੇਸਾ ਦੋਵੇਂ ਹੀ ਮਾਮਲਿਆਂ ਵਿੱਚ ਹੁਣ ਪੁਲਿਸ ਜਾਂਚ ਕਰ ਰਹੀ ਹੈ। ਇਸਦੇ ਨਾਲ ਅਜਿਹੇ ਹੀ ਸੈਂਕੜੇ ਹੋਰ ਮਾਮਲਿਆਂ ਦੀ ਵੀ ਪੁਲਿਸ ਜਾਂਚ ਚੱਲ ਰਹੀ ਹੈ।

ਪ੍ਰਵੀਨ ਕਾਲਾਇਸੇਲਵਨ ਕੁਝ ਹੋਰਨਾਂ ਮਾਹਰਾਂ ਨਾਲ ਮਿਲਕੇ ਅਜਿਹੇ ਕਈ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਸਾਡੇ ਨਾਲ ਇਸ ਮਾਮਲੇ ਨਾਲ ਜੁੜੀਆਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ।

ਉਹ ਕਹਿੰਦੇ ਹਨ, ਸਾਨੂੰ ਇਸਦੀ ਪਰਤ ਦਰ ਪਰਤ ਉਦੇੜਨਾ ਪਵੇਗੀ। ਇਹ ਸਮੱਸਿਆ ਇੰਨੀ ਛੋਟੀ ਨਹੀਂ ਹੈ ਬਹੁਤ ਡੂੰਘੀ ਹੈ।

ਪ੍ਰਵੀਨ ਇਸ ਮਾਮਲੇ ਨਾਲ ਉਸ ਸਮੇਂ ਜੁੜੇ ਜਦੋਂ ਉਨ੍ਹਾਂ ਦੇ ਇੱਕ ਦੋਸਤ ਨੇ ਅਜਿਹੇ ਹੀ ਇੱਕ ਲੋਨ ਐਪ ਤੋਂ ਪੈਸੇ ਉਧਾਰ ਲਏ ਅਤੇ ਹੁਣ ਉਹ ਕਰਜ਼ਾ ਅਦਾ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਧਮਕਾਇਆ ਜਾਣ ਲੱਗਿਆ।

ਇਸਦੇ ਬਾਅਦ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਉਨ੍ਹਾਂ ਨੇ ਅਜਿਹੇ ਲੋਕਾਂ ਦੀ ਟੀਮ ਬਣਾਈ ਜਿਨ੍ਹਾਂ ਨੂੰ ਅਜਿਹੇ ਐਪਸ ਦਾ ਤਜਰਬਾ ਸੀ।

ਉਹ ਕਹਿੰਦੇ ਹਨ, "ਪਿਛਲੇ ਅੱਠ ਮਹੀਨਿਆਂ ਵਿੱਚ ਮੇਰੀ ਟੀਮ ਨੂੰ 46 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਅਤੇ 49 ਹਜ਼ਾਰ ਤੋਂ ਵੱਧ ਡਿਸਟ੍ਰੇਸ ਫ਼ੋਨ (ਸੰਕਟ ਸਮੇਂ ਕੀਤੇ ਗਏ ਫ਼ੋਨ) ਆਏ ਹਨ। ਸਾਨੂੰ ਇੱਕ ਦਿਨ ਵਿੱਚ 100 ਤੋਂ 200 ਅਤੇ ਕਦੇ ਇਸ ਤੋਂ ਵੀ ਵੱਧ ਡਿਸਟ੍ਰੇਸ ਕਾਲ ਆਉਂਦੇ ਹਨ।"

ਪ੍ਰਵੀਨ ਨੇ ਭਾਰਤ ਦੇ ਸਰਵਉੱਚ ਅਦਾਲਤ ਵਿੱਚ ਇਸ ਸਬੰਧ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੈ। ਉਨ੍ਹਾਂ ਨੇ ਪਟੀਸ਼ਨ ਦੇ ਜ਼ਰੀਏ ਇਸ ਤਰ੍ਹਾਂ ਦੇ ਲੋਨ ਐਪਸ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।

ਪਰ ਕੋਰਟ ਵਲੋਂ ਉਨ੍ਹਾਂ ਨੂੰ ਕੇਂਦਰ ਸਰਕਾਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਵੀਡੀਓ ਕੈਪਸ਼ਨ, ਲੇਡੀਜ਼, ਸੋਸ਼ਲ ਮੀਡੀਆ ’ਤੇ ਜ਼ਰਾ ਧਿਆਨ ਨਾਲ

ਬਚਾਅ ਲਈ ਜਾਗਰੂਕਤਾ ਇੱਕ ਮਾਧਿਅਮ

ਦਸੰਬਰ ਮਹੀਨੇ ਵਿੱਚ 17 ਲੋਕਾਂ ਨੂੰ ਧੋਖਾਧੜੀ ਕਰਨ, ਫ਼ਰਜ਼ੀਵਾੜਾ ਕਰਨ ਅਤੇ ਪਰੇਸ਼ਾਨ ਕਰਨ ਦੇ ਇਲਜ਼ਾਮਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਪੂਰੇ ਤੰਤਰ ਨਾਲ ਜੁੜੇ ਵਿਦੇਸ਼ੀ ਤਾਰ ਵੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਪਰ ਮਾਹਰ ਮੰਨਦੇ ਹਨ ਕਿ ਗ੍ਰਿਫ਼ਤਾਰ ਲੋਕਾਂ ਅਤੇ ਡਵੈਲਪਰਜ਼ ਵਿਚਾਲੇ ਸਬੰਧ ਸਥਾਪਿਤ ਕਰ ਸਕਣਾ ਸੌਖਾ ਨਹੀਂ ਹੋਵੇਗਾ।

ਪਰ ਅਮਿਤ ਦੂਬੇ ਦਾ ਮੰਨਣਾ ਹੈ ਕਿ ਇਨ੍ਹਾਂ ਐਪਸ ਦਾ ਉਦੇਸ਼ ਸਿਰਫ਼ ਆਰਥਿਕ ਰੂਪ ਵਿੱਚ ਕਮਜ਼ੋਰ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ, ਇਨ੍ਹਾਂ ਦਾ ਏਜੰਡਾ ਕਿਤੇ ਵਧੇਰੇ ਖ਼ਤਰਨਾਕ ਹੈ।

ਉਹ ਕਹਿੰਦੇ ਹਨ, "ਇਸ ਤਰ੍ਹਾਂ ਦੇ ਐਪਸ ਚਲਾਉਣ ਵਾਲੀਆਂ ਅਦ੍ਰਿਸ਼ ਇਕਾਈਆਂ ਮੁੱਖ ਤੌਰ 'ਤੇ ਤੁਹਾਡੇ ਡਾਟਾ 'ਤੇ ਨਜ਼ਰ ਰੱਖਦੀਆਂ ਹਨ ਅਤੇ ਇਸ ਡਾਟਾ ਨੂੰ ਵੇਚਕੇ ਪੈਸੇ ਬਣਾ ਸਕਦੀਆਂ ਹਨ।"

ਉਹ ਕਹਿੰਦੇ ਹਨ, ਉਨ੍ਹਾਂ ਦੀ ਨਿਗ੍ਹਾ ਤੁਹਾਡੇ ਨਿੱਜੀ ਡਾਟਾ 'ਤੇ ਹੁੰਦੀ ਹੈ ਅਤੇ ਉਹ ਇਸ ਤੋਂ ਪੈਸੇ ਬਣਾ ਸਕਦੇ ਹਨ। ਇਹ ਡਾਟਾ ਵੇਚਿਆ ਜਾ ਸਕਦਾ ਹੈ ਅਤੇ ਦੂਜੇ ਅਪਰਾਧੀਆਂ ਨਾਲ ਸਾਂਝਾ ਵੀ ਕੀਤਾ ਜਾ ਸਕਦਾ ਹੈ ਇੱਥੋਂ ਤੱਕ ਕਿ ਡਾਰਕ ਵੈੱਬ 'ਤੇ ਵੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੱਕ ਹੀ ਸਰਵਰ 'ਤੇ ਹੋਸਟ ਕੀਤੇ ਗਏ ਐਪਸ ਦਾ ਕਲਸਟਰ ਮਿਲਿਆ ਹੈ। ਜਿਸ ਨੂੰ ਇੱਕ ਹੀ ਡਿਵੈਲਪਰ ਨੇ ਪ੍ਰੋਗਰਾਮ ਕੀਤਾ ਸੀ ਅਤੇ ਇਸ ਗੱਲ ਦੇ ਵੀ ਸਬੂਤ ਮਿਲੇ ਹਨ ਕਿ ਉਨ੍ਹਾਂ ਵਿੱਚੋਂ ਕਈ ਇੱਕ ਹੀ ਸੋਰਸ ਸਾਂਝਾ ਕਰ ਰਹੇ ਸਨ।

ਮਾਹਰ ਕਹਿੰਦੇ ਹਨ ਕਿ ਜਦੋਂ ਤੱਕ ਕਾਨੂੰਨ ਇਨ੍ਹਾਂ 'ਤੇ ਲਗਾਮ ਨਹੀਂ ਲਗਾ ਪਾਉਂਦਾ ਉਸ ਸਮੇਂ ਤੱਕ ਜਾਗਰੁਕਤਾ ਫ਼ੈਲਾਅ ਕੇ ਹੀ ਇਨ੍ਹਾਂ ਐਪਸ ਦੇ ਕਹਿਰ ਨੂੰ ਰੋਕਿਆ ਜਾ ਸਕਦਾ ਹੈ।

ਵਿਨੀਤ ਟੇਰੇਸਾ ਕਹਿੰਦੇ ਹਨ, "ਮੈਂ ਪੀੜਤ ਨਹੀਂ ਕਹਾਉਣਾ ਚਾਹੁੰਦੀ। ਇਸਦਾ ਮੁਕਾਬਲਾ ਕਰਨ ਦਾ ਤਰੀਕਾ ਇਹ ਹੀ ਹੈ ਕਿ ਮੈਂ ਲੋਕਾਂ ਨਾਲ ਆਪਣਾ ਤਜਰਬਾ ਸਾਂਝਾ ਕਰਾਂ ਤਾਂ ਕਿ ਦੂਜੇ ਲੋਕ ਮੇਰੇ ਤਜਰਬੇ ਤੋਂ ਸਿੱਖ ਸਕਣ।"

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)