ਆਨਲਾਈਨ ਸਟ੍ਰੀਮਿੰਗ ਦੀ ਲਤ ਤੁਹਾਨੂੰ ਅਸਲ ਜ਼ਿੰਦਗੀ ਅਤੇ ਆਪਣਿਆਂ ਤੋਂ ਇੰਝ ਕਰ ਰਹੀ ਦੂਰ

ਤਸਵੀਰ ਸਰੋਤ, NETFLIX
- ਲੇਖਕ, ਵਿਕਾਸ ਤ੍ਰਿਵੇਦੀ
- ਰੋਲ, ਬੀਬੀਸੀ ਪੱਤਰਕਾਰ
'ਤੂੰ ਪਾਬਲੋ ਐਸਕੋਬਾਰ ਨੂੰ ਜਾਣਦਾ ਏ? ਕੀ ਯਾਰ! ਨੈੱਟਫਲਿਕਸ 'ਤੇ 'ਨਾਰਕੋਸ' ਦੇਖ ਨਾ। ਇੱਕ ਵਾਰ ਦੇਖਣ ਬੈਠੇਗਾ ਤਾਂ ਪੂਰਾ ਹੀ ਦੇਖ ਕੇ ਉੱਠੇਗਾ।'
ਅਜਿਹੀਆਂ ਗੱਲਾਂ ਤਾਂ ਸ਼ਾਇਦ ਤੁਸੀਂ ਕਿਤੇ ਨਾ ਕਿਤੇ ਸੁਣੀਆ ਹੋਣਗੀਆਂ। 'ਪੂਰਾ ਦੇਖ ਕੇ ਹੀ ਉੱਠਾਂਗੇ' ਲਤ ਹੁਣ ਉਨ੍ਹਾਂ ਲੋਕਾਂ ਵਿੱਚ ਫੈਲ ਰਹੀ ਹੈ ਜਿਹੜੇ ਹੌਲੀ-ਹੌਲੀ ਵਰਚੁਅਲ ਦੁਨੀਆਂ ਦੇ ਕਰੀਬ ਅਤੇ ਮਨੁੱਖਾਂ ਤੇ ਮਨੋਰੰਜਨ ਦੇ ਪੁਰਾਣੇ ਤਰੀਕਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ।
ਵਰਚੁਅਲ ਦੁਨੀਆਂ, ਜਿਹੜੀ ਤੁਹਾਨੂੰ ਇੱਕ ਅਜਿਹੀ ਥਾਂ ਲੈ ਜਾਂਦੀ ਹੈ ਜਿਸਦਾ ਅਸਲੀਅਤ ਨਾਲ ਕੋਈ ਲੈਣ-ਦੇਣ ਨਹੀਂ ਹੰਦਾ। ਪਰ ਤੁਹਾਨੂੰ ਉੱਥੇ ਅਸਲ ਦੁਨੀਆਂ ਨਾਲੋਂ ਵੱਧ ਸੁੱਖ ਮਿਲਦਾ ਹੈ। ਮੋਬਾਈਲ, ਲੈਪਟੌਪ ਤੋਂ ਲੈ ਕੇ ਟੀਵੀ ਦੀ ਸਕਰੀਨ ਨੂੰ ਦੇਖਣ ਦੀ ਲਤ ਵੀ ਇਸੇ ਦਰਖ਼ਤ ਦੀ ਅਜਿਹੀ ਟਾਹਣੀ ਹੈ ਜਿਸ ਵਿੱਚ ਅੱਜ ਦੀ ਪੀੜ੍ਹੀ ਝੂਟ ਰਹੀ ਹੈ ਅਤੇ ਖੁਸ਼ ਹੋ ਰਹੀ ਹੈ।
ਇਹ ਵੀ ਪੜ੍ਹੋ:
ਬੈਂਗਲੁਰੂ ਵਿੱਚ 23 ਸਾਲ ਦਾ ਇੱਕ ਮੁੰਡਾ ਆਨਲਾਈਨ ਸਟ੍ਰੀਮਿੰਗ ਵੈੱਬਸਾਈਟ ਦੀ ਲਤ ਦਾ ਅਜਿਹਾ ਸ਼ਿਕਾਰ ਹੋਇਆ ਕਿ ਹੁਣ ਉਸਦਾ ਸਮਾਂ ਨੈੱਟਫਲਿਕਸ, ਐਮੇਜ਼ਨ, ਯੂ-ਟਿਊਬ ਸੀਰੀਜ਼ ਜਾਂ ਵੀਡੀਓ ਗੇਮ ਵਿੱਚ ਨਹੀਂ ਸਗੋਂ ਇਲਾਜ ਕਰਵਾਉਣ ਵਿੱਚ ਲੰਘ ਰਿਹਾ ਹੈ।
ਇਸ ਮੁੰਡੇ ਦਾ ਇਲਾਜ ਨੈਸ਼ਨਲ ਇੰਸਟੀਟਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸਸਜ਼ (NIMHANS) ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਿਹਾ ਹੈ। ਇਹ ਮੁੰਡਾ ਦਿਨ-ਰਾਤ ਨੈੱਟਫਲਿਕਸ ਵਿੱਚ ਕੁਝ ਨਾ ਕੁਝ ਦੇਖਦਾ ਰਹਿੰਦਾ ਸੀ। ਕਾਰਨ- ਅਸਲ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੋਂ ਦੂਰ ਰਹਿਣਾ ਅਤੇ ਵਰਚੁਅਲ ਸੁਖ ਨੂੰ ਸੱਚ ਮੰਨਣਾ।
ਪਰ ਕੋਈ ਆਨਲਾਈਨ ਸਟ੍ਰੀਮਿੰਗ ਵੈੱਬਸਾਈਟ ਕਦੋਂ ਲਤ ਬਣ ਕੇ ਤੁਹਾਨੂੰ ਅਸਲ ਜ਼ਿੰਦਗੀ ਅਤੇ ਆਪਣਿਆਂ ਤੋਂ ਦੂਰ ਕਰ ਦਿੰਦੀ ਹੈ? ਬੈਂਗਲੌਰ ਦੇ ਇਸ ਮਾਮਲੇ ਦੇ ਜ਼ਰੀਏ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕੀਤੀ।
ਇਹ ਮੁੰਡਾ ਕਿਵੇਂ ਹੋਇਆ ਨੈੱਟਫਲਿਕਸ ਦਾ ਸ਼ਿਕਾਰ?
NIMHANS ਵਿੱਚ ਇਸ ਮੁੰਡੇ ਦਾ ਇਲਾਜ ਕਰਨ ਵਾਲੇ ਡਾਕਟਰ ਮਨੋਜ ਕੁਮਾਰ ਸ਼ਰਮਾ ਨੇ ਬੀਬੀਸੀ ਨਾਲ ਇਸ ਬਾਰੇ ਖਾਸ ਗੱਲਬਾਤ ਕੀਤੀ। ਹਾਲਾਂਕਿ ਇਸ ਮੁੰਡੇ ਨਾਲ ਸਾਡਾ ਸਪੰਰਕ ਨਹੀਂ ਹੋ ਸਕਿਆ।

ਤਸਵੀਰ ਸਰੋਤ, Getty Images
ਡਾਕਟਰ ਮਨੋਜ ਮੰਨਦੇ ਹਨ, ''ਇਸ ਮੁੰਡੇ ਦਾ ਗੇਮਿੰਗ ਉੱਤੇ ਤਾਂ ਕੰਟਰੋਲ ਹੈ ਪਰ ਆਨਲਾਈਨ ਸ਼ੋਅ ਦੇਖਦੇ ਹੋਏ ਕਾਫ਼ੀ ਸਮਾਂ ਲੰਘ ਜਾਂਦਾ ਹੈ। ਸਮਾਂ ਹੋਣ ਕਾਰਨ ਅਤੇ ਸ਼ੋਅ ਕਾਰਨ ਤਣਾਅਮੁਕਤ ਰਹਿਣ ਦੀ ਸਹੂਲਤ ਕਾਰਨ ਉਹ ਕੋਸ਼ਿਸ਼ ਕਰਦਾ ਕਿ ਆਪਣਾ ਸਾਰਾ ਸਮਾਂ ਇੱਥੇ ਹੀ ਕੱਢ ਦੇਵੇ। ਨਾ ਕਰਨ 'ਤੇ ਖਿਝ ਜਾਂਦਾ ਹੈ ਅਤੇ ਇਸ ਕਾਰਨ ਉਸ ਨੇ ਪਰਿਵਾਰ ਨਾਲ ਗੱਲ ਕਰਨੀ ਵੀ ਘੱਟ ਕਰ ਦਿੱਤੀ ਸੀ।''
ਆਨਲਾਈਨ ਸਟ੍ਰੀਮਿੰਗ ਵੈੱਬਸਾਈਟ ਦੀ ਇੱਕ ਵੱਡੀ ਲਤ ਅਸਲ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਤੋਂ ਧਿਆਨ ਹਟਾਉਣਾ ਵੀ ਹੁੰਦੀ ਹੈ। ਅਸਲ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਜਿਵੇਂ...
- ਚੰਗੀ ਨੌਕਰੀ
- ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਨਾ ਕਰ ਸਕਣਾ
- ਕਿਸੇ ਹੋਰ ਕਾਰਨ ਮਾਨਸਿਕ ਤਣਾਅ
ਅਜਿਹੇ ਵਿੱਚ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਧਿਆਨ ਹਟਾਉਣ ਲਈ ਵੀ ਲੋਕ ਹੁਣ ਆਨਲਾਈਨ ਸਟ੍ਰੀਮਿੰਗ ਵੈੱਬਸਾਈਟ ਵੱਲ ਵਧ ਰਹੇ ਹਨ।
ਇਹ ਵੀ ਪੜ੍ਹੋ:
ਜੈਪੁਰ ਦੇ ਅਕਸ਼ੇ ਵੀ ਆਨਲਾਈਨ ਸਟ੍ਰੀਮਿੰਗ ਵੈੱਬਸਾਈਟ 'ਤੇ ਖਾਸਾ ਸਮਾਂ ਬਤੀਤ ਕਰਦੇ ਹਨ।
ਇਨ੍ਹਾਂ ਵੈੱਬਸਾਈਟਾਂ ਵਿੱਚ ਦਿਲਚਸਪੀ ਨੂੰ ਲੈ ਕੇ ਅਕਸ਼ੈ ਕਹਿੰਦੇ ਹਨ, ''ਇਸ ਵਿੱਚ ਸਮੇਂ ਦੀ ਕੋਈ ਪਾਬੰਦੀ ਨਹੀਂ ਹੁੰਦੀ। ਜਦੋਂ ਚਾਹੇ, ਉਦੋਂ ਦੇਖੋ। ਇਨ੍ਹਾਂ ਦਾ ਫਾਇਦਾ ਇਹ ਹੈ ਕਿ ਜੇਕਰ ਤੁਹਾਡਾ ਰਾਜਾ ਬਾਬੂ ਦੇਖਣ ਦਾ ਮਨ ਕਰੇ ਅਤੇ ਉਸ ਸਮੇਂ ਬੈਂਡਿਟ ਕਵੀਨ ਦੇਖਣ ਨੂੰ ਮਿਲੇ ਤਾਂ ਨਹੀਂ ਦੇਖਾਂਗਾਂ।"
"ਮੂਡ ਦੇ ਹਿਸਾਬ ਨਾਲ ਕੰਟੈਂਟ ਵੀ ਬਦਲਦਾ ਰਹਿੰਦਾ ਹੈ। ਭੀੜ ਵਿੱਚ ਭੀੜ ਤੋਂ ਦੂਰ ਰਹਿਣਾ ਹੋਵੇ ਤਾਂ ਇਹ ਇੱਕ ਸਾਥੀ ਵਰਗਾ ਕੰਮ ਕਰਦਾ ਹੈ।''
ਆਨਲਾਈਨ ਅਡਿਕਸ਼ਨ (ਲਤ) ਦੇ ਲੱਛਣ ਕੀ ਹਨ?
ਡਾਕਟਰ ਮਨੋਜ ਕਹਿੰਦੇ ਹਨ, ''ਜੇਕਰ ਕੋਈ ਸਕ੍ਰੀਨ ਸਾਹਮਣੇ ਲੰਬਾ ਸਮਾਂ ਬਤੀਤ ਕਰ ਰਿਹਾ ਹੈ ਤਾਂ ਇਹ ਇੱਕ ਵੱਡਾ ਲੱਛਣ ਹੈ। ਸਾਡੇ ਕੋਲ ਜਿਹੜੇ ਕੇਸ ਆਏ ਹਨ, ਉਹ 6-7 ਘੰਟੇ ਸਕ੍ਰੀਨ ਦੇ ਸਾਹਮਣੇ ਬੈਠਣ ਦੇ ਹਨ। ਪਰ ਅਜਿਹੇ ਵੀ ਲੋਕ ਹਨ ਜਿਹੜੇ 14-15 ਘੰਟੇ ਆਨਲਾਈਨ ਵੈੱਬਸਾਈਟ ਨੂੰ ਲਗਾਤਾਰ ਦੇਖਦੇ ਹਨ। ''

ਤਸਵੀਰ ਸਰੋਤ, Getty Images
NIMHANS ਦਾ ਮੰਨਣਾ ਹੈ ਕਿ ਇੱਕ ਪਹਿਲੂ ਇਹ ਵੀ ਹੈ ਕਿ ਲੋਕ ਆਨਲਾਈਨ ਸਟ੍ਰੀਮਿੰਗ ਨੂੰ ਸੱਚ ਅਤੇ ਅਸਲ ਦੁਨੀਆਂ ਨੂੰ ਝੂਠਾ ਮੰਨਣ ਲੱਗਦੇ ਹਨ। ਇਸ ਨਾਲ ਸਿੱਖਿਆ 'ਤੇ ਵੀ ਅਸਰ ਹੁੰਦਾ ਹੈ।
ਅੰਕੜੇ ਕਿਸ ਪਾਸੇ ਇਸ਼ਾਰਾ ਕਰਦੇ ਹਨ?
ਨੈੱਟਫਲਿਕਸ ਦੇ ਅੰਕੜਿਆਂ ਮੁਤਾਬਕ 2017 ਵਿੱਚ ਇਸ ਵੈੱਬਸਾਈਟ 'ਤੇ ਇੱਕ ਦਿਨ ਵਿੱਚ ਲੋਕਾਂ ਨੇ ਕੁੱਲ 140 ਮਿਲੀਅਨ ਘੰਟੇ ਬਿਤਾਏ। ਨੈੱਟਫਲਿਕਸ ਦਾ ਇੱਕ ਸਬਸਕ੍ਰਾਈਬਰ ਔਸਤਨ ਇਸ ਸਾਈਟ 'ਤੇ ਰੋਜ਼ਾਨਾ 50 ਮਿੰਟ ਬਤੀਤ ਕਰਦਾ ਹੈ।
ਨੈੱਟਫਲਿਕਸ ਨੇ 2017 'ਚ ਸਾਲ ਦੇ ਆਖ਼ਰ ਵਿੱਚ 117 ਮਿਲੀਅਨ ਸਬਸਕ੍ਰਾਈਬਰਜ਼ ਦਾ ਟੀਚਾ ਰੱਖਿਆ ਸੀ।

ਤਸਵੀਰ ਸਰੋਤ, Netflix
ਸਟੇਟਿਸਟਾ ਮੁਤਾਬਕ, ਐਮੇਜ਼ਨ ਪ੍ਰਾਈਮ ਵੀਡੀਓ ਦੇ 2017 ਵਿੱਚ 40 ਮਿਲੀਅਨ ਸਬਸਕ੍ਰਾਈਬਰਜ਼ ਸਨ। ਅੰਦਾਜ਼ਾ ਹੈ ਕਿ 2020 ਵਿੱਚ ਗਿਣਤੀ 60 ਮਿਲੀਅਨ ਯੂਜ਼ਰਜ਼ ਤੋਂ ਵੱਧ ਹੋਵੇਗੀ।
ਸੀਐਨਬੀਸੀ ਦੀ ਇੱਕ ਖ਼ਬਰ ਮੁਤਾਬਕ, ਐਮੇਜ਼ਨ ਪ੍ਰਾਈਮ ਵੀਡੀਓ ਵਿੱਚ ਔਸਤਨ ਹਰ ਹਫ਼ਤੇ ਇੱਕ ਯੂਜ਼ਰ 5 ਘੰਟੇ ਬਤੀਤ ਕਰਦਾ ਹੈ ਜਦਕਿ ਨੈੱਟਫਲਿਕਸ 'ਤੇ 10 ਘੰਟੇ।
ਇਸ ਬਿਮਾਰੀ ਦਾ ਇਲਾਜ ਕੀ ਹੈ?
ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਮਨੋਜ ਨੇ ਕਿਹਾ, ''ਸਾਨੂੰ ਸਭ ਤੋਂ ਪਹਿਲਾਂ ਇਹ ਮੰਨਣਾ ਹੋਵੇਗਾ ਕਿ ਕੁਝ ਲੋਕ ਮਾਨਸਿਕ, ਵਿਹਾਰਕ ਕਾਰਨਾਂ ਕਰਕੇ ਅਜਿਹਾ ਕਰਦੇ ਹਨ। ਪਰ ਕੁਝ ਲੋਕ ਖਾਲੀ ਸਮੇਂ ਵਿੱਚ ਇਹ ਸ਼ੋਅ ਦੇਖਣ ਲਗਦੇ ਹਨ। ਸਭ ਤੋਂ ਪਹਿਲਾਂ ਅਜਿਹੀ ਕਿਸੇ ਵੀ ਆਦਤ ਦੀ ਪਛਾਣ ਕਰਨਾ ਜ਼ਰੂਰੀ ਹੈ। ਜਿਵੇਂ ਪੰਜ-ਛੇ ਮਿੰਟ ਵਿੱਚ ਸਕ੍ਰੀਨ ਵੱਲ ਦੇਖੇ ਬਿਨਾਂ ਖ਼ੁਦ ਨੂੰ ਨਾ ਰੋਕ ਸਕਣਾ।''
- ਖ਼ੁਦ ਪਛਾਣੋ ਕਿ ਤੁਸੀਂ ਅਸਲ ਜ਼ਿੰਦਗੀ ਵਿੱਚ ਜ਼ਿਆਦਾ ਹੋ ਜਾਂ ਵਰਚੁਅਲ ਵਿੱਚ
- ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕਰੋ
- ਸੌਂਦੇ ਸਮੇਂ ਆਨਲਾਈਨ ਰਹਿਣ ਦੀ ਐਕਟੀਵਿਟੀ ਨੂੰ ਦੂਰ ਕਰੋ, ਜਿਵੇਂ - ਮੋਬਾਈਲ ਤੋਂ ਲੈ ਕੇ ਲੈਪਟਾਪ ਵਿੱਚ ਕੁਝ ਦੇਖਣਾ
- ਜੇਕਰ ਇਨ੍ਹਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਕੁਝ ਨਾ ਹੋਵੇ ਤਾਂ ਡਾਕਟਰ ਕੋਲ ਜਾਓ
- ਆਫ਼ਲਾਈਨ ਮਨੋਰੰਜਨ ਦੇ ਸਾਧਨਾਂ ਵੱਲ ਮੁੜ ਪਰਤਣਾ ਹੋਵੇਗਾ
NIMHANS ਵਿੱਚ ਡਾਕਟਰ ਮਨੋਜ ਸ਼ਰਮਾ ਨੇ ਕਿਹਾ,''ਡਾਕਟਰ ਕੋਲ ਜਾਣ ਦਾ ਇਹ ਫਾਇਦਾ ਹੋਵੇਗਾ ਕਿ ਉਹ ਤੁਹਾਡੀ ਜੀਵਨ-ਸ਼ੈਲੀ 'ਤੇ ਵੀ ਕੰਮ ਕਰੇਗਾ। ਜੇਕਰ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਓ ਤਾਂ ਇੱਕ ਵਾਰ ਜਾ ਕੇ ਦਿਖਾਉਣ ਦੇ 100 ਰੁਪਏ ਲੱਗਦੇ ਹਨ। ਪਰ ਪ੍ਰਾਈਵੇਟ ਸੈਟਅਪ ਵਿੱਚ 500 ਤੋਂ 1000 ਰੁਪਏ ਲੱਗ ਸਕਦੇ ਹਨ।''
ਸਕ੍ਰੀਨ ਦੀ ਲਤ: ਕੀ ਅਸਲ ਵਿੱਚ ਵੱਡੀ ਦਿੱਕਤ?
ਬੈਂਗਲੌਰ ਦੇ NIMHANS ਹਸਪਤਾਲ ਵਿੱਚ ਕਰੀਬ ਹਰ ਹਫ਼ਤੇ 8 ਤੋਂ 10 ਅਜਿਹੇ ਮਾਮਲੇ ਆ ਰਹੇ ਹਨ। ਇਸ ਵਿੱਚ ਆਨਲਾਈਨ ਗੇਮਿੰਗ ਵੀ ਸ਼ਾਮਲ ਹੈ।
ਟੀਵੀ ਦੀ ਥਾਂ ਨੈੱਟਫਲਿਕਸ ਨੂੰ ਤਰਜੀਹ ਕਿਉਂ?
ਡਾਕਟਰ ਮਨੋਜ ਨੇ ਕਿਹਾ, ''ਕੌਣ ਕਿਸ ਸਮੇਂ ਕਿਸ ਤਰ੍ਹਾਂ ਸਕ੍ਰੀਨ ਦੇਖ ਰਿਹਾ ਹੈ ਇਹ ਉਨ੍ਹਾਂ ਵੱਲੋਂ ਚੁਣੇ ਗਏ ਬਦਲ 'ਤੇ ਨਿਰਭਰ ਕਰਦਾ ਹੈ। ਫਿਰ ਭਾਵੇਂ ਟੀਵੀ ਹੋਵੇ, ਆਨਲਾਈਨ ਵੈੱਬਸਾਈਟ ਜਾਂ ਫਿਰ ਮੋਬਾਈਲ ਗੇਮਿੰਗ, ਜਿੱਥੇ ਐਕਸ਼ਨ ਹੁੰਦਾ ਹੈ। ਪਰ ਇਹੀ ਲੋਕ ਜਦੋਂ ਨੈੱਟਫਲਿਕਸ ਵਰਗੀ ਥਾਂ 'ਤੇ ਜਾਂਦੇ ਹਨ ਤਾਂ ਆਰਾਮ ਲਈ ਜਾਂਦੇ ਹਨ।''

ਤਸਵੀਰ ਸਰੋਤ, AMAZON
ਦਿੱਲੀ ਵਿੱਚ ਪੜ੍ਹਾਈ ਕਰ ਰਹੀ ਮੋਨਿਕਾ ਵੀ ਨੈੱਟਫਲਿਕਸ ਦੇਖਦੀ ਹੈ।
ਆਪਣੀ ਦਿਲਚਸਪੀ ਬਾਰੇ ਉਹ ਕਹਿੰਦੀ ਹੈ, ''ਜਦੋਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਉਦੋਂ ਵੀ ਮੈਂ 'ਦਿ ਪਨੀਸ਼ਰ' ਦੇਖ ਰਹੀ ਹਾਂ। ਇਨ੍ਹਾਂ ਸਾਈਟਾਂ ਵਿਚ ਕੁਝ ਦੇਖਣ ਵਾਲੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਸੀਂ ਇਕੱਠੇ ਸਾਰੇ ਐਪੀਸੋਡ ਦੇਖ ਸਕਦੇ ਹੋ। ਐਚਬੀਓ ਦੀ ਸੀਰੀਜ਼ 'ਗੇਮ ਆਫ਼ ਥਰੋਨਸ' ਟੀਵੀ ਦੀ ਤਰ੍ਹਾਂ ਤੁਹਾਨੂੰ ਮਹੀਨਿਆਂ ਤੱਕ ਉਡੀਕ ਨਹੀਂ ਕਰਨੀ ਪੈਂਦੀ। ਪੂਰੀ ਸੀਰੀਜ਼ ਇੱਕ ਵਾਰ ਮਿਲਣ 'ਤੇ ਦਰਸ਼ਕਾਂ ਦੀ ਬੇਚੈਨੀ ਖ਼ਤਮ ਹੋ ਜਾਂਦੀ ਹੈ।''
ਅਕਸ਼ੇ ਕਹਿੰਦੇ ਹਨ, ''ਟੀਵੀ ਵਿੱਚ ਜੇਕਰ ਰੋਣ ਵਾਲਾ ਸੀਨ ਆਉਣ ਵਾਲਾ ਹੈ ਅਤੇ ਮਾਹੌਲ ਬਣ ਰਿਹਾ ਹੈ ਤਾਂ ਟੀਵੀ ਦੀ ਮਸ਼ਹੂਰੀ ਉਸ ਮਾਹੌਲ ਨੂੰ ਖ਼ਤਮ ਕਰ ਦਿੰਦੀ ਹੈ। ਆਨਲਾਈਨ ਸਟ੍ਰੀਮਿੰਗ ਵੈੱਬਸਾਈਟ ਵਿੱਚ ਅਜਿਹਾ ਨਹੀਂ ਹੈ।''
ਅਕਸ਼ੇ ਨੇ ਦੱਸਿਆ ਕਿ ਜੇਕਰ ਸੀਰੀਜ਼ ਚੰਗੀ ਹੈ ਜਾਂ ਥਕਾਵਟ ਵਾਲੇ ਦਿਨ ਹਨ ਤਾਂ 5 ਤੋਂ 10 ਘੰਟੇ ਤੱਕ ਵੀ ਸਾਈਟਾਂ 'ਤੇ ਸਮਾਂ ਬਤੀਤ ਹੁੰਦਾ ਹੈ।
ਕੀ ਇਹ ਦਿੱਕਤ ਸਿਰਫ਼ ਭਾਰਤ ਤੱਕ ਹੈ?
ਬਾਹਰਲੇ ਦੇਸਾਂ ਵਿੱਚ ਆਨਲਾਈਨ ਗੇਮਿੰਗ ਨੂੰ ਮੈਂਟਲ ਹੈਲਥ ਕੰਡੀਸ਼ਨ ਮਨ ਲਿਆ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਗੇਮਿੰਗ ਨੂੰ ਡਿਸਆਰਡਰ ਮੰਨਿਆ ਹੈ। ਇਸ ਵਿੱਚ ਸਿਰਫ਼ ਆਨਲਾਈਨ ਵੈੱਬਸਾਈਟਸ ਹੀ ਨਹੀਂ, ਸੋਸ਼ਲ ਮੀਡੀਆ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ:
ਡਾਕਟਰ ਮਨੋਜ ਦੱਸਦੇ ਹਨ ਕਿ ਬਾਹਰਲੇ ਦੇਸਾਂ ਵਿੱਚ ਭਾਰਤ ਦੀ ਤਰ੍ਹਾਂ ਇਸ 'ਤੇ ਰਿਸਰਚ ਹੋ ਰਹੀ ਹੈ।












