ਜਲੰਧਰ ਤੋਂ ਹਥਿਆਰਾਂ ਸਣੇ 3 ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਬਾਰੇ ਕਾਲਜ ਨੇ ਕੀ ਕਿਹਾ

ਤਸਵੀਰ ਸਰੋਤ, PAl singh nauli/bbc
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਜੰਮੂ-ਕਸ਼ਮੀਰ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਆਪਰੇਸ਼ਨ 'ਚ ਦੌਰਾਨ ਜਲੰਧਰ ਤੋਂ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀਆਂ ਦਾ ਪੁਲਿਸ ਨੇ ਅਦਾਲਤ ਤੋਂ 10 ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ।
ਇਸ ਤੋਂ ਪਹਿਲਾਂ ਪੁਲਿਸ ਨੇ 3 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈਣ ਅਤੇ ਦਹਿਸ਼ਤਗਰਦ ਸੰਗਠਨ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਦੇ ਦਾਅਵੇ ਮੁਤਾਬਕ ਹਿਰਾਸਤ ਵਿਚ ਲਏ ਗਏ ਵਿਦਿਆਰਥੀਆਂ ਦਾ ਸਬੰਧ ਕਸ਼ਮੀਰ ਦੇ ਸੰਗਠਨ ਅੰਸਾਰ-ਗ਼ਜ਼ਵਤ-ਉਲ-ਹਿੰਦ ਨਾਲ ਹੈ।
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਕਿ ਜਲੰਧਰ ਦੇ ਬਾਹਰਵਾਰ ਸ਼ਾਹਪੁਰ ਵਿਚ ਪੈਂਦੇ ਸੀਟੀ ਇੰਸਟੀਚਿਊਟ ਆਫ ਇੰਜਨੀਅਰਿੰਗ ਮੈਨੇਜਮੈਂਟ ਐਂਡ ਟੈਕਨੌਲੋਜੀ ਤੋਂ 3 ਹਿਰਾਸਤ ਵਿਚ ਲਏ ਗਏ ਹਨ।
ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਪੁੱਛਗਿੱਛ ਲਈ ਸੀਆਈਏ ਸਟਾਫ਼ ਥਾਣੇ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ:-
ਇਸੇ ਦੌਰਾਨ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ, ' ਮੰਗਲਵਾਲ ਰਾਤੀਂ ਕਰੀਬ 11 ਵਜੇ ਪੁਲਿਸ ਨੇ ਉਨ੍ਹਾਂ ਨੂੰ ਸ਼ੱਕੀ ਵਿਦਿਆਰਥੀਆਂ ਨੂੰ ਲੈਕੇ ਸ਼ਾਹਪੁਰ ਕੈਂਪਸ ਵਿਚ ਸਹਿਯੋਗ ਕਰਨ ਦੀ ਮੰਗ ਕੀਤੀ। ਅਸੀ ਜਦੋਂ ਸ਼ਾਹਪੁਰ ਕੈਂਪਸ ਪੁੱਜੇ ਤਾਂ ਪੁਲਿਸ ਅਧਿਆਰੀਆਂ ਵੱਲੋਂ ਸਾਨੂੰ ਰਿਸੈਪਸ਼ਨ 'ਤੇ ਰੁਕਣ ਲਈ ਕਿਹਾ।'
'ਪੁਲਿਸ ਅਧਿਅਕਾਰੀਆਂ ਵੱਲੋਂ 94 ਨੰਬਰ ਕਮਰੇ ਤੋਂ ਦੋ ਬੀਟੈੱਕ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਹਿਮਾਨ ਨੂੰ ਮੂੰਹ ਢੱਕ ਕੇ ਲਿਜਾਇਆ ਗਿਆ'। ਪੁਲਿਸ ਅਧਿਕਾਰੀਆਂ ਨੂੰ ਪੁੱਛੇ ਜਾਣ 'ਤੇ ਉਨ੍ਹਾਂ ਵੱਲੋਂ ਪੂਰੀ ਤਫਤੀਸ਼ ਤੱਕ ਰੁਕਣ ਲਈ ਕਿਹਾ। ਸਾਨੂੰ ਇਹ ਵੀ ਨਹੀਂ ਪਤਾਂ ਉਨ੍ਹਾਂ ਦੇ ਕਮਰੇ ਵਿਚੋਂ ਕਿ ਬਰਾਮਦ ਹੋਇਆ ਹੈ।'
ਸੰਸਥਾ ਦਾ ਕਹਿਣਾ ਹੈ ਕਿ ਪ੍ਰਾਈਵੇਸੀ ਕਾਰਨ ਵਿਦਿਆਰਥੀ ਅਤੇ ਉਨ੍ਹਾਂ ਦੇ ਮਹਿਮਾਨਾਂ ਦੇ ਸਾਮਾਨ ਦੀ ਤਲਾਸ਼ੀ ਨਹੀਂ ਲਈ ਜਾਂਦੀ ਹੈ। ਅਸੀਂ ਹਰ ਕਿਸੇ 'ਤੇ ਸ਼ੱਕ ਨਹੀਂ ਕਰ ਸਕਦੇ ਹਾਂ।
ਸਲੀਪਰ ਨਹੀਂ ਨਵਾਂ ਸੈੱਲ: ਗੁਰਪ੍ਰੀਤ ਭੁੱਲਰ
ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਦੋਵਾਂ ਸੂਬਿਆਂ ਦੀ ਸਾਂਝੀ ਟੀਮ ਨੇ ਬੁੱਧਵਾਰ ਸਵੇਰੇ ਹੋਸਟਲ ਵਿਚ ਛਾਪਾ ਮਾਰਿਆ। ਪੁਲਿਸ ਬਿਆਨ ਮੁਤਾਬਕ ਛਾਪਾ ਮਾਰਨ ਵਾਲੀ ਟੀਮ ਨੂੰ ਬੀਟੈੱਕ (ਸਿਵਲ) ਦੇ ਦੂਜੇ ਸਮੈਸਟਰ ਦੇ ਇੱਕ ਵਿਦਿਆਰਥੀ ਦੇ ਕਮਰੇ ਵਿਚੋਂ ਧਮਾਕਾਖ਼ੇਜ਼ ਸਮੱਗਰੀ ਤੇ ਅਸਾਲਟ ਰਾਇਫ਼ਲ ਬਰਾਮਦ ਹੋਈ ਹੈ।
ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, 'ਜੰਮੂ ਤੇ ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਨੇ ਤਾਲਮੇਲ ਕਾਰਨ ਇਹ ਆਪਰੇਸ਼ਨ ਸਫ਼ਲ ਹੋਇਆ ਹੈ, ਦੋਵਾਂ ਪਾਸਿਆਂ ਤੋਂ ਜਾਣਕਾਰੀ ਸਾਂਝੀ ਕੀਤੇ ਜਾਣ ਕਾਰਨ ਇਹ ਸਫ਼ਲਤਾ ਹੱਥ ਲੱਗੀ ਹੈ।'

ਤਸਵੀਰ ਸਰੋਤ, PAl Singh nauli/BBC
ਭੁੱਲਰ ਨੇ ਅੱਗੇ ਦੱਸਿਆ, 'ਇਹ ਵਿਦਿਆਰਥੀ 3-4 ਸਾਲ ਤੋਂ ਪੰਜਾਬ ਵਿਚ ਪੜ੍ਹ ਰਹੇ ਸਨ, ਅਤੇ 6 ਮਹੀਨੇ ਤੋਂ ਇਹ ਜ਼ਿਆਦਾ ਸਰਗਰਮ ਹੋਏ ਹਨ। ਇਨ੍ਹਾਂ ਨੂੰ ਸਪੀਲਰ ਦੀ ਬਜਾਇ ਅੰਸਾਰ-ਗਜ਼ਵਤ-ਉਲ -ਹਿੰਦ ਸੰਗਠਨ ਦਾ ਨਵਾਂ ਸੈੱਲ ਕਿਹਾ ਜਾ ਸਕਦਾ ਹੈ।
ਪੁਲਿਸ ਮੁਤਾਬਕ ਇਸ ਗਰੁੱਪ ਦੇ ਨਿਸ਼ਾਨੇ ਅਤੇ ਮਕਸਦ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਕੋਲ ਹਥਿਆਰ ਕਿਸ ਰਸਤੇ ਅਤੇ ਕਿਵੇਂ ਪਹੁੰਚੇ , ਇਸ ਸਵਾਲ ਦਾ ਪੁਲਿਸ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਤਿੰਨੋਂ ਕਸ਼ਮੀਰੀ ਵਿਦਿਆਰਥੀ
ਇਸੇ ਦੌਰਾਨ ਉਸਦੇ ਦੋ ਹੋਰ ਸਾਥੀ ਵਿਦਿਆਰਥੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਫੜ੍ਹੇ ਗਏ ਤਿੰਨੇ ਵਿਦਿਆਰਥੀ ਕਸ਼ਮੀਰ ਨਾਲ ਸਬੰਧਤ ਦੱਸੇ ਗਏ ਹਨ।
ਡੀਜੀਪੀ ਪੰਜਾਬ ਨੇ ਦਾਅਵਾ ਕੀਤਾ ਹੈ ਕਿ ਇਹ ਗ੍ਰਿਫ਼ਤਾਰੀਆਂ ਜੰਮੂ-ਕਸ਼ਮੀਰ ਤੇ ਪੰਜਾਬ ਪੁਲਿਸ ਦੇ ਤਾਲਮੇਲ ਅਤੇ ਪੰਜਾਬ ਵਿਚ ਰਹਿ ਕੇ ਜੰਮੂ ਤੇ ਕਸ਼ਮੀਰ ਵਿਚ ਖਾੜਕੂ ਕਾਰਵਾਈਆਂ ਕਰਨ ਬਾਰੇ ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਦਾ ਨਤੀਜਾ ਹੈ।
ਇਸ ਬਾਬਤ ਜਲੰਧਰ ਦੇ ਥਾਣਾ ਸਦਰ ਵਿਚ ਐਫ਼ਆਈਆਰ ਨੰਬਰ 166 ਤਹਿਤ ਗੈਰ ਕਾਨੂੰਨੀ ਧਮਾਕਾਖੇਜ਼ ਸਮੱਗਰੀ ਤੇ ਹਥਿਆਰ ਰੱਖਣ ਅਤੇ ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਤਸਵੀਰ ਸਰੋਤ, PAL Singh nauli/bbc
ਡੀਜੀਪੀ ਨੇ ਕਿਹਾ, 'ਜੰਮੂ-ਕਸ਼ਮੀਰ ਪੁਲਿਸ ਨਾਲ ਮਿਲਕੇ ਮਾਮਲੇ ਦੀ ਅਗਲੇਰੀ ਜਾਂਚ ਆਰੰਭੀ ਜਾ ਚੁੱਕੀ ਹੈ ਤਾਂ ਜੋ ਪੰਜਾਬ ਵਿਚ ਸਰਗਰਮ ਅਜਿਹੇ ਹੋਰ ਸੰਗਠਨਾਂ ਦਾ ਭਾਂਡਾ ਭੰਨਿਆ ਜਾ ਸਕੇ। ਇਸ ਬਰਮਾਦਗੀ ਪਿੱਛੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਵੱਲੋਂ ਅੱਤਵਾਦੀ ਗਤੀਵਿਧੀਆਂ ਦਾ ਦਾਇਰਾ ਹੋਰ ਵਧਾਉਣ ਦੀ ਕੋਸ਼ਿਸ਼ ਹੈ।'
ਪਹਿਲਾ ਵੀ ਹੋਈ ਗ੍ਰਿਫ਼ਤਾਰੀ
ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਪਟਿਆਲਾ ਦੇ ਬਨੂੜ ਕਸਬੇ ਤੋਂ ਆਰੀਅਨ ਗਰੁੱਪ ਆਫ਼ ਕਾਲਿਜਜ਼ ਕੈਂਪਸ ਤੋਂ ਗਾਜ਼ੀ ਅਹਿਮਦ ਮਲਿਕ ਨਾਂ ਦੇ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਸੀ।
ਇਹ ਵੀ ਪੜ੍ਹੋ:
ਪੁਲਿਸ ਦੇ ਦਾਅਵੇ ਮੁਤਾਬਕ ਗਾਜ਼ੀ ਜੰਮੂ ਕਸ਼ਮੀਰ ਪੁਲਿਸ ਦੇ ਮੁਅੱਤਲ ਐਸਪੀਓ ਆਦਿਲ ਬਸ਼ੀਰ ਸ਼ੇਖ਼ ਦਾ ਨਜ਼ਦੀਕੀ ਹੈ। ਆਦਿਲ ਪੀਡੀਪੀ ਦੇ ਇੱਕ ਵਿਧਾਇਕ ਦਾ ਸਕਿਊਰਟੀ ਗਾਰਡ ਸੀ। ਜਿਸ ਉੱਤੇ 7 ਰਾਇਫ਼ਲ ਚੁਰਾ ਕੇ ਹਿਜ਼ਬਲ-ਮੁਜਾਹਦੀਨ ਨਾਲ ਜਾ ਮਿਲਣ ਦਾ ਇਲਜ਼ਾਮ ਹੈ।
ਗਾਜ਼ੀ ਨੂੰ ਗ੍ਰਿਫ਼ਤਾਰ ਕਰਕੇ ਜੰਮੂ ਕਸ਼ਮੀਰ ਪੁਲਿਸ ਨੂੰ ਸੌਂਪ ਦਿੱਤਾ ਗਿਆ ਸੀ।












