ਅਮਰੀਕਾ ਨੇ ਐੱਚ1-ਬੀ ਵੀਜ਼ਾ ਨਿਯਮਾਂ 'ਚ ਕੀਤਾ ਬਦਲਾਅ, ਭਾਰਤੀਆਂ ਨੂੰ ਹੋ ਸਕਦਾ ਹੈ ਨੁਕਸਾਨ - ਅੱਜ ਦੀਆਂ ਅਹਿਮ ਖ਼ਬਰਾਂ

ਟਰੰਪ ਪ੍ਰਸ਼ਾਸਨ ਨੇ ਮੰਗਲਵਾਰ (6 ਅਕਤੂਬਰ) ਨੂੰ ਐੱਚ-1 ਬੀ ਵੀਜ਼ਾ ਨਿਯਮਾਂ 'ਚ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਅ ਤਹਿਤ ਐੱਚ-1 ਬੀ ਗ਼ੈਰ-ਅਪ੍ਰਵਾਸੀ ਵੀਜ਼ਾ ਉੱਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਅਮਰੀਕੀ ਕਾਮਗਾਰਾਂ ਦੀ ਸੁਰੱਖਿਆ ਕਰਨਾ ਹੈ।

ਇਸ ਦੇ ਨਾਲ ਹੀ ਅਮਰੀਕਾ ਦੀ ਅਖੰਡਤਾ ਨੂੰ ਬਹਾਲ ਕਰਨਾ ਅਤੇ ਬਿਹਤਰ ਗਰੰਟੀ ਦੇਣਾ ਹੈ ਤਾਂ ਜੋ H-1B ਵੀਜ਼ਾ ਸਿਰਫ਼ ਯੋਗ ਲੋਕਾਂ ਅਤੇ ਯਾਚੀਕਾ ਕਰਤਾਵਾਂ ਨੂੰ ਦਿੱਤੇ ਜਾ ਸਕਣ।

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਚਾਰ ਹਫ਼ਤੇ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ 6 ਅਕਤੂਬਰ ਨੂੰ ਹੋਮਲੈਂਡ ਸਿਕਿਓਰਿਟੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਤਰਿਮ ਨਿਯਮਾਂ ਤੋਂ ਬਾਅਦ 'ਸਪੇਸ਼ਿਏਲਿਟੀ ਓਕਿਊਪੇਸ਼ਨ' ਦੀ ਪਰਿਭਾਸ਼ਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਆਈਟੀ ਸੈਕਟਰ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਭਾਰਤੀਆਂ ਉੱਤੇ ਮਾੜਾ ਅਸਰ ਪੈ ਸਕਦਾ ਹੈ।

ਕੋਰੋਨਾ ਮਹਾਂਮਾਰੀ ਦੇ ਕਾਰਨ ਪਹਿਲਾਂ ਹੀ ਐੱਚ-1 ਬੀ ਵੀਜ਼ਾ ਉੱਤੇ ਕੰਮ ਕਰ ਰਹੇ ਹਜ਼ਾਰਾਂ ਭਾਰਤੀਆਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਭਾਰਤ ਪਰਤਣ ਨੂੰ ਮਜਬੂਰ ਹੋਣਾ ਪਿਆ ਹੈ।

-----------------------------------------------------------------------------------------------------------------------------

ਕਈ ਘੰਟੇ ਦੀ ਹਿਰਾਸਤ ਮਗਰੋਂ ਯੋਗੇਂਦਰ ਯਾਦਵ ਰਿਹਾਅ

ਕਈ ਘੰਟੇ ਹਿਰਾਸਤ ਵਿਚ ਰੱਖਣ ਤੋਂ ਬਾਅਦ ਯੋਂਗੇਦਰ ਯਾਦਵ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਰਿਹਾਅ ਕਰ ਦਿੱਤੀ ਗਿਆ, ਜਦਕਿ 7 ਕਿਸਾਨਾਂ ਉੱਤੇ ਮਾਮਲਾ ਦਰਜ ਕਰਕੇ ਹਿਰਾਸਤ ਵਿਚ ਰੱਖਿਆ ਗਿਆ ਹੈ।

ਸਿਰਸਾ ਤੋਂ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਪੁਲਿਸ ਵਲੋਂ ਹਿਰਾਸਤ ਵਿਚ ਰੱਖੇ ਗਏ ਕਿਸਾਨਾਂ ਦੀ ਰਿਹਾਈ ਲਈ ਯੋਗੇਂਦਰ ਯਾਦਵ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਮੁੜ ਸ਼ੁਰੂ ਕਰ ਦਿੱਤਾ ਹੈ।

ਉਹ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੰਗਲਵਾਰ ਰਾਤ ਤੋਂ ਸਿਰਸਾ 'ਚ ਧਰਨੇ 'ਤੇ ਬੈਠੇ ਸਨ। ਬੁੱਧਵਾਰ ਨੂੰ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਘਰ ਦਾ ਘੇਰਾਓ ਕੀਤਾ ਜਾਣਾ ਸੀ।

ਪੁਲਿਸ ਨੇ ਕਿਸਾਨਾਂ ਨੂੰ ਦੁਸ਼ਯੰਤ ਚੌਟਾਲਾ ਦੀ ਕੋਠੀ ਤੋਂ 200 ਮੀਟਰ ਪਹਿਲਾਂ ਰੋਕ ਲਿਆ ਸੀ ਤੇ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਚਲਾਈਆਂ ਗਈਆਂ ਸਨ। ਇਸ ਤੋਂ ਬਾਅਦ ਕਿਸਾਨਾਂ ਨੇ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਤੇ ਸਾਰੀ ਰਾਤ ਧਰਨਾ ਦਿੱਤਾ।

ਅੱਜ ਸਵੇਰੇ ਪੁਲਿਸ ਨੇ ਕੁਝ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਯੋਗਿੰਦਰ ਯਾਦਵ, ਐਡਵੋਕੇਟ ਰਾਜੀਵ ਗੋਦਰਾ ਤੇ ਕਿਸਾਨਾਂ ਨੇ ਦੋਬਾਰਾ ਧਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਯੋਗਿੰਦਰ ਯਾਦਵ, ਰਾਜੀਵ ਗੋਦਰਾ ਤੇ ਕਈ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਰਿਆ ਚੱਕਰਵਤੀ ਨੂੰ ਮਿਲੀ ਜ਼ਮਾਨਤ

ਰਿਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਬੌਂਬੇ ਹਾਈਕੋਰਟ ਤੋਂ ਬੁੱਧਵਾਰ ਨੂੰ ਜ਼ਮਾਨਤ ਮਿਲ ਗਈ।

ਹਾਲਾਂਕਿ ਕੋਰਟ ਨੇ ਉਨ੍ਹਾਂ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਖਾਰਜ ਕਰ ਦਿੱਤੀ ਸੀ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇੱਕ ਵਿਸ਼ੇਸ਼ ਅਦਾਲਤ ਨੇ ਨਾਰਕੋਟਿਕਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਤਹਿਤ ਮੰਗਲਵਾਰ ਨੂੰ ਰਿਆ ਚੱਕਰਵਰਤੀ ਦੀ ਨਿਆਂਇਕ ਹਿਰਾਸਤ ਨੂੰ 20 ਅਕਤੂਬਰ ਤੱਕ ਵਧਾ ਦਿੱਤਾ ਸੀ।

ਤਿੰਨਾਂ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਕਥਿਤ ਡਰੱਗਜ਼ ਐਂਗਲ ਦੇ ਮਾਮਲੇ ਵਿੱਚ ਨਾਰਕੋਟਿਸ ਕੰਟਰੋਲ ਬਿਊਰੋ ਨੇ ਗਿਰਫ਼ਤਾਰ ਕੀਤਾ ਸੀ।

ਪੰਜਾਬ ਵਿਚ ਸਕੂਲ ਖੋਲਣ ਬਾਰੇ ਫੈਸਲਾ ਨਹੀਂ - ਸਿੰਗਲਾ

ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ।

ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਖੋਲ੍ਹਣ ਸਬੰਧੀ ਗ੍ਰਹਿ ਵਿਭਾਗ ਤੋਂ ਪ੍ਰਾਪਤ ਪੱਤਰ ਦੇ ਜਵਾਬ ਵਿਚ ਆਪਣੇ ਸੁਝਾਅ ਦੇ ਦਿੱਤੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਖੋਲ੍ਹਣ ਸਬੰਧੀ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸਾਰੇ ਇਹਤਿਆਤ ਦੀ ਸਮੀਖਿਆ ਤੋਂ ਬਾਅਦ ਲਿਆ ਜਾਵੇਗਾ। ਸਿੰਗਲਾ ਨੇ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਰਾਹੀਂ 15 ਅਕਤੂਬਰ, 2020 ਤੋਂ ਸਕੂਲਾਂ ਵਿੱਚ ਕੁਝ ਗਤੀਵਿਧੀਆਂ ਨੂੰ ਮੁੜ ਖੋਲ੍ਹਣ ਸਬੰਧੀ ਮੰਗੀਆਂ ਟਿੱਪਣੀਆਂ ਦੇ ਜਵਾਬ ਵਿੱਚ ਸਕੂਲ ਸਿੱਖਿਆ ਸਕੱਤਰ ਨੇ ਦੱਸਿਆ ਹੈ ਕਿ ਸਕੂਲ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਖੋਲ੍ਹੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਕੂਲਾਂ ਨੂੰ ਮੁੜ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸੂਬਿਆਂ ਤੋਂ ਰੋਜ਼ਾਨਾ ਆਧਾਰ 'ਤੇ ਰਿਪੋਰਟਾਂ ਲਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ਵੀਡੀਓ: ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵੱਲੋਂ ਮਤੇ ਪਾਸ ਹੋਣ ਲੱਗੇ

ਵੀਡੀਓ: ਹਾਥਰਸ- ‘ਜੇ ਕੁੜੀ ਕੋਰੋਨਾ ਨਾਲ ਮਰ ਜਾਂਦੀ ਤਾਂ ਮੁਆਵਜ਼ਾ ਵੀ ਨਹੀਂ ਸੀ ਮਿਲਣਾ’

ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)