ਭਾਰਤ-ਚੀਨ ਵਿਵਾਦ: ਲੱਦਾਖ 'ਚ ਭਾਰਤ ਤੇ ਚੀਨ ਨੇ ਕੀਤੀ ਸੀ 100-200 ਰਾਊਂਡ ਫਾਈਰਿੰਗ - ਪ੍ਰੈਸ ਰਿਵੀਊ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ, ਵਾਂਗ ਯੀ ਵਿਚਕਾਰ 10 ਸਤੰਬਰ ਦੇ ਸਮਝੌਤੇ ਤੋਂ ਪਹਿਲਾਂ, ਚੀਨੀ ਅਤੇ ਭਾਰਤੀ ਫੌਜ ਨੇ ਪੈਨਗੋਂਗ ਤਸੋ ਝੀਲ ਦੇ ਉੱਤਰੀ ਕਿਨਾਰੇ 'ਤੇ 100-200 ਵਾਰ ਗੋਲੀਬਾਰੀ ਕੀਤੀ ਸੀ।

ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਇਹ ਗੋਲੀਬਾਰੀ ਚੁਸ਼ੂਲ ਉਪ-ਸੈਕਟਰ ਵਿੱਚ ਹੋਈ ਫਾਇਰਿੰਗ ਨਾਲੋਂ ਵੀ ਤੇਜ਼ ਸੀ। ਪੂਰੇ ਮਾਮਲੇ ਤੋਂ ਜਾਣੂ ਇੱਕ ਸਰਕਾਰੀ ਅਧਿਕਾਰੀ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਇਹ ਘਟਨਾ ਪਾਨਗੋਂਗ ਤਸੋ ਝੀਲ ਦੇ ਉੱਤਰ ਵਾਲੇ ਪਾਸੇ ਵਾਪਰੀ।

ਉਨ੍ਹਾਂ ਕਿਹਾ, "ਦੋਵਾਂ ਧਿਰਾਂ ਵਿਚਾਲੇ 100-200 ਰਾਊਂਡ ਗੋਲੀਆਂ ਚਲਾਈਆਂ ਗਈਆਂ।"

ਇਹ ਵੀ ਪੜ੍ਹੋ

ਇਸ ਤੋਂ ਪਹਿਲਾਂ 7 ਸਤੰਬਰ ਨੂੰ ਭਾਰਤ ਅਤੇ ਚੀਨ ਨੇ ਚੁਸ਼ੂਲ ਉਪ-ਸੈਕਟਰ ਵਿੱਚ ਹੋਈ ਗੋਲੀਬਾਰੀ ਦੇ ਸੰਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਸੀ। ਬਿਆਨ ਦੇ ਅਨੁਸਾਰ 45 ਸਾਲਾਂ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਐਲਏਸੀ 'ਤੇ ਫਾਇਰਿੰਗ ਹੋਈ ਸੀ।

ਭਾਰਤੀ ਸੈਨਾ ਨੇ ਇਸ ਸਬੰਧ ਵਿੱਚ ਇੱਕ ਬਿਆਨ ਵਿੱਚ ਕਿਹਾ, "ਸੋਮਵਾਰ, 7 ਸਤੰਬਰ ਨੂੰ ਚੀਨੀ ਸੈਨਾ (ਪੀ.ਐਲ.ਏ.) ਦੇ ਜਵਾਨ ਐਲਏਸੀ 'ਤੇ ਭਾਰਤ ਦੀ ਇੱਕ ਪੋਜ਼ੀਸ਼ਨ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ, ਅਤੇ ਜਦੋਂ ਸਾਡੀ ਫੌਜ ਨੇ ਉਨ੍ਹਾਂ ਨੂੰ ਭਜਾ ਦਿੱਤਾ ਤਾਂ ਉਨ੍ਹਾਂ ਨੇ ਹਵਾ 'ਚ ਕਈ ਰਾਊਂਡ ਫਾਇਰਿੰਗ ਕਰਕੇ ਸੈਨਿਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।"

ਐੱਨਸੀਏ ਦੀ ਮੀਟਿੰਗ 'ਚ ਪਾਕਿਸਤਾਨ ਵੱਲੋਂ ਨਕਸ਼ੇ 'ਤੇ ਜੰਮੂ-ਕਸਮੀਰ ਨੂੰ ਆਪਣਾ ਹਿੱਸਾ ਵਿਖਾਉਣ ਦਾ ਵਿਰੋਧ

ਮਾਸਕੋ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਐਨਐਸਏ ਦੀ ਬੈਠਕ ਦੌਰਾਨ ਪਾਕਿਸਤਾਨ ਵੱਲੋਂ ਬੈਕਡ੍ਰਾਪ 'ਤੇ ਲਗਾਏ ਨਕਸ਼ੇ 'ਤੇ ਜੰਮੂ-ਕਸਮੀਰ ਨੂੰ ਆਪਣਾ ਹਿੱਸਾ ਵਿਖਾਉਣ ਦਾ ਭਾਰਤ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ।

ਐੱਨਡੀਟੀਵੀ ਮੁਤਾਬਕ, ਇਸ ਮੀਟਿੰਗ ਵਿੱਚ ਮੌਜੂਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਇਹ ਨਕਸ਼ਾ ਵੇਖਣ ਤੋਂ ਬਾਅਦ ਐਨਐਸਏ ਦੀ ਬੈਠਕ ਨੂੰ ਛੱਡ ਦਿੱਤਾ।

ਭਾਰਤ ਨੇ ਕਿਹਾ ਹੈ ਕਿ ਉਸ ਦੇ ਖ਼ੇਤਰਾਂ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਉਣਾ ਨਾ ਸਿਰਫ਼ ਐਸਸੀਓ ਚਾਰਟਰ ਦੀ ਉਲੰਘਣਾ ਹੈ ਬਲਕਿ ਐਸਸੀਓ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸਥਾਪਤ ਅਖੰਡਤਾ ਦੇ ਸਥਾਪਿਤ ਨਿਯਮਾਂ ਦੇ ਵਿਰੁੱਧ ਵੀ ਹੈ।

ਭਾਰਤ ਨੇ ਮੇਜ਼ਬਾਨ ਰੂਸ ਨੂੰ ਵਜ੍ਹਾ ਦੱਸ ਕੇ ਮੀਟਿੰਗ ਛੱਡੀ ਅਤੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਬੈਠਕ ਦੇ ਨਿਯਮਾਂ ਦੇ ਵਿਰੁੱਧ ਦੱਸਿਆ।

ਬਿਨਾਂ ਵਾਰੰਟ ਗ੍ਰਿਫ਼ਤਾਰੀ ਵਾਲੇ ਕਾਨੂੰਨ ਨੂੰ ਯੋਗੀ ਸਰਕਾਰ ਦੀ ਮਨਜ਼ੂਰੀ

ਉੱਤਰ ਪ੍ਰਦੇਸ਼ ਸਰਕਾਰ ਨੇ ਬਿਨਾਂ ਕਿਸੇ ਵਾਰੰਟ ਜਾਂ ਅਦਾਲਤੀ ਹੁਕਮਾਂ ਦੇ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਨ ਜਾਂ ਕਿਸੇ ਵੀ ਥਾਂ ਦੀ ਤਲਾਸ਼ੀ ਲੈਣ ਦੀਆਂ ਵਿਸ਼ੇਸ਼ ਤਾਕਤਾਂ ਨਾਲ ਲੈਸ ਵਿਸ਼ੇਸ਼ ਬਲ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬਕ, ਯੋਗੀ ਸਰਕਾਰ ਨੇ ਮੰਗਲਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਉਧਰ ਕਾਂਗਰਸ ਨੇ ਯੋਗੀ ਸਰਕਾਰ ਦੀ ਇਸ ਪੇਸ਼ਕਦਮੀ ਦਾ ਵਿਰੋਧ ਕਰਦਿਆਂ ਇਸ ਦੀ ਤੁਲਨਾ 1919 ਦੇ ਰੋਲੈਟ ਐਕਟ ਜਾਂ ਕਾਲੇ ਕਾਨੂੰਨ ਨਾਲ ਕੀਤੀ। ਯੂਪੀ ਦੇ ਕਾਂਗਰਸ ਮੁੱਖੀ ਅਜੇ ਲਾਲੂ ਨੇ ਕਿਹਾ ਕਿ ਉਹ ਇਸ ਐਕਟ ਖ਼ਿਲਾੜ਼ ਕਾਨੂੰਨੀ ਕਾਰਵਾਈ ਕਰਨਗੇ।

ਨਵੀਂ ਫੋਰਸ ਦਾ ਨਾਮ ਯੂਪੀ ਸਪੈਸ਼ਲ ਸਿਕਿਉਰਿਟੀ ਫੋਰਸ (ਯੂਪੀ ਐੱਸਐੱਸਐੱਫ਼) ਹੋਵੇਗਾ।

ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਇੱਕ ਬਿਆਨ ਵਿੱਚ ਕਿਹਾ ਇਹ ਫੋਰਸ ਉੱਤਰ ਪ੍ਰਦੇਸ਼ ਦੇ ਸਪੈਸ਼ਲ ਸਿਕਿਓਰਿਟੀ ਫੋਰਸ ਐਕਟ, 2020 ਦੇ ਪ੍ਰਾਵਧਾਨਾਂ ਤਹਿਤ ਬਣਾਈ ਗਈ ਹੈ, ਫੋਰਸ ਦਾ ਅਧਿਕਾਰ ਸੀਆਈਐਸਐਫ ਦੇ ਅਧਿਕਾਰਾਂ ਵਾਂਗ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ, "ਐਕਟ ਦੇ ਤਹਿਤ, ਫੋਰਸ ਦਾ ਕੋਈ ਵੀ ਮੈਂਬਰ ਬਿਨਾਂ ਕਿਸੇ ਵਾਰੰਟ ਜਾਂ ਮੈਜਿਸਟਰੇਟ ਦੇ ਆਦੇਸ਼ਾਂ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਸਕਦਾ ਹੈ।"

ਇਜ਼ਰਾਈਲ, ਯੂਏਈ ਅਤੇ ਬਹਿਰੀਨ ਵਿੱਚ ਸਮਝੌਤਾ: ਟਰੰਪ ਨੇ ਕਿਹਾ 'ਨਵੇਂ ਮਿਡਲ ਈਸਟ ਦੀ ਸਵੇਰ ਹੋਈ ਹੈ'

ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਨੇ ਇਜ਼ਰਾਈਲ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਣ ਲਈ ਇੱਕ ਮਹੱਤਵਪੂਰਨ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।

ਬੀਬੀਸੀ ਨਿਊਜ਼ ਆਨਲਾਈਨ ਮੁਤਾਬਕ, ਦੋ ਖਾੜੀ ਦੇਸ਼ਾਂ ਦੇ ਸਮਝੌਤੇ ਤੋਂ ਬਾਅਦ, ਯੂਐਸ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਦੀ 'ਨਵੇਂ ਮੱਧ ਪੂਰਬ ਦੀ ਸ਼ੁਰੂਆਤ' ਵਜੋਂ ਸ਼ਲਾਘਾ ਕੀਤੀ।

ਉਨ੍ਹਾਂ ਨੇ ਸਮਝੌਤੇ 'ਤੇ ਹਸਤਾਖ਼ਰ ਕਰਨ ਦੀ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ, "ਅੱਜ ਕਈ ਦਹਾਕਿਆਂ ਦੀ ਵੰਡ ਅਤੇ ਟਕਰਾਅ ਤੋਂ ਬਾਅਦ, ਅਸੀਂ ਇੱਕ ਨਵੇਂ ਮਿਡਲ ਈਸਟ ਦੀ ਸ਼ੁਰੂਆਤ ਕੀਤੀ ਹੈ। ਇਜ਼ਰਾਈਲ, ਯੂਏਈ ਅਤੇ ਬਹਿਰੀਨ ਦੇ ਲੋਕਾਂ ਨੂੰ ਵਧਾਈ।"

ਡੌਨਲਡ ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ 'ਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ ਦੁਪਹਿਰ ਨੂੰ ਅਸੀਂ ਇਤਿਹਾਸ ਬਦਲਣ ਲਈ ਆਏ ਹਾਂ। ਇਜ਼ਰਾਈਲ, ਯੂਏਈ ਅਤੇ ਬਹਿਰੀਨ ਹੁਣ ਇੱਕ ਦੂਜੇ ਦੇ ਨਾਲ ਦੂਤਘਰਾਂ ਦਾ ਨਿਰਮਾਣ ਕਰਨਗੇ, ਰਾਜਦੂਤ ਨਿਯੁਕਤ ਕਰਨਗੇ ਅਤੇ ਸਹਿਯੋਗੀ ਦੇਸ਼ਾਂ ਦੀ ਤਰ੍ਹਾਂ ਹੁਣ ਉਹ ਦੋਸਤ ਹਨ।"

ਬਹਿਬਲ ਗੋਲੀ ਕਾਂਡ ਵਿਚ ਇੰਸਪੈਕਟਰ ਪ੍ਰਦੀਪ ਸਿੰਘ ਬਣੇ ਵਾਅਦਾਮੁਆਫ਼ ਗਵਾਹ

ਬਹਿਬਲ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਨੇ ਵਾਅਦਾਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬਕ, ਅਦਾਲਤ ਨੇ ਇਹ ਇਜਾਜ਼ਤ ਵਿਸ਼ੇਸ਼ ਜਾਂਚ ਟੀਮ ਦੀ ਉਸ ਅਰਜ਼ੀ ਨੂੰ ਸਵੀਕਾਰ ਕਰਦਿਆਂ ਦਿੱਤੀ, ਜਿਸ ਵਿੱਚ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਬਹਿਬਲ ਗੋਲੀ ਕਾਂਡ ਦਾ ਸਭ ਤੋਂ ਉੱਤਮ ਗਵਾਹ ਹੈ, ਕਿਉਂਕਿ ਗੋਲੀ ਕਾਂਡ ਤੋਂ ਪਹਿਲਾਂ ਸਾਜ਼ਿਸ਼ ਰਚਣ ਵਾਲੇ ਪੁਲਿਸ ਅਧਿਕਾਰੀਆਂ ਨਾਲ ਪ੍ਰਦੀਪ ਸਿੰਘ ਦਾ ਨੇੜਿਓਂ ਰਾਬਤਾ ਸੀ।

ਇੰਸਪੈਕਟਰ ਪ੍ਰਦੀਪ ਸਿੰਘ ਆਪਣਾ 18 ਸਫ਼ਿਆਂ ਦਾ ਬਿਆਨ ਵੀ ਅਦਾਲਤ ਵਿੱਚ ਦਰਜ ਕਰਵਾ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਿਬਲ ਕਲਾਂ ਵਿੱਚ ਕਥਿਤ ਤੌਰ 'ਤੇ ਗੋਲੀ ਚਲਾਉਣ ਲਈ ਸਾਜ਼ਿਸ਼ ਰਚਣ ਦਾ ਕਸੂਰਵਾਰ ਠਹਿਰਾਇਆ ਹੈ।

ਇਸ ਗੋਲੀ ਕਾਂਡ ਵਿੱਚ ਸ਼ਾਂਤਮਈ ਰੋਸ ਧਰਨੇ 'ਤੇ ਬੈਠੇ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਜਾਂਚ ਟੀਮ ਅਨੁਸਾਰ ਧਰਨੇ ਦੌਰਾਨ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਨੂੰ ਗੋਲੀਆਂ ਪੁਲਿਸ ਦੀ ਰਾਈਫ਼ਲ ਨਾਲ ਮਾਰੀਆਂ ਗਈਆਂ ਸਨ।

ਪ੍ਰਦੀਪ ਸਿੰਘ ਘਟਨਾ ਸਮੇਂ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਦਾ ਰੀਡਰ ਸੀ ਅਤੇ ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਵਿੱਚ ਰੋਸ ਮੁਜ਼ਾਹਰੇ 'ਤੇ ਕੰਟਰੋਲ ਰੱਖਣ ਲਈ ਭੇਜਿਆ ਗਿਆ ਸੀ।

ਦੇਸ਼ ਦੇ ਪਹਿਲੇ ਹੈਪੀਨੇਸ ਇੰਡੈਕਸ ਦੇ ਅਨੁਸਾਰ ਪੰਜਾਬ ਹੈ ਸਭ ਤੋਂ ਖੁਸ਼ਹਾਲ

ਦੇਸ਼ ਦੇ ਪਹਿਲੇ ਹੈਪੀਨੇਸ ਇੰਡੈਕਸ ਦੇ ਅਨੁਸਾਰ ਮਿਜ਼ੋਰਮ, ਪੰਜਾਬ ਅਤੇ ਅੰਡੇਮਾਨ-ਨਿਕੋਬਾਰ ਤਿੰਨ ਸਭ ਤੋਂ ਖੁਸ਼ਹਾਲ ਰਾਜ ਹਨ।

ਪੰਜਾਬ, ਗੁਜਰਾਤ ਅਤੇ ਤੇਲੰਗਾਨਾ ਪ੍ਰਮੁੱਖ ਰਾਜਾਂ ਵਿੱਚੋਂ ਪਹਿਲੇ ਸਥਾਨ 'ਤੇ ਹਨ ਅਤੇ ਛੋਟੇ ਰਾਜਾਂ ਵਿੱਚੋਂ ਮਿਜ਼ੋਰਮ, ਸਿੱਕਮ ਅਤੇ ਅਰੁਣਾਚਲ ਪਹਿਲੇ ਨੰਬਰ 'ਤੇ ਹਨ।

ਪੰਜਾਬ ਦਾ ਇੰਡੈਕਸ 3.52 ਹੈ। ਕੋਵਿਡ ਦੇ ਸਮੇਂ ਦੌਰਾਨ ਕੀਤੇ ਗਏ ਇਸ ਅਧਿਐਨ ਵਿੱਚ ਛੱਤੀਸਗੜ੍ਹ ਸਭ ਤੋਂ ਹੇਠਾਂ ਹੈ।

ਇਹ ਅਧਿਐਨ ਆਈਆਈਐਮ ਅਤੇ ਆਈਆਈਟੀ ਵਿਖੇ ਪ੍ਰੋਫੈਸਰ ਰਾਜੇਸ਼ ਪਿਲਾਨੀਆ ਦੀ ਅਗਵਾਈ ਵਿੱਚ ਮਾਰਚ 2020 ਅਤੇ ਜੁਲਾਈ 2020 ਦੇ ਵਿਚਕਾਰ ਕੀਤਾ ਗਿਆ ਸੀ।

ਖੁਸ਼ੀ ਦੇ ਪੈਮਾਨੇ ਨੂੰ ਮਾਪਣ ਲਈ ਪੰਜ ਮਾਪਦੰਡਾਂ 'ਤੇ ਲੋਕਾਂ ਤੋਂ ਜਾਣਕਾਰੀ ਲਈ ਗਈ ਸੀ।

1. ਕੰਮ ਨਾਲ ਜੁੜੇ ਮੁੱਦੇ ਜਿਵੇਂ ਆਮਦਨੀ ਅਤੇ ਗ੍ਰੋਥ

2. ਪਰਿਵਾਰਕ ਸੰਬੰਧ ਅਤੇ ਦੋਸਤੀ

3. ਸਰੀਰਕ ਅਤੇ ਮਾਨਸਿਕ ਸਿਹਤ

4. ਸਮਾਜਕ ਮੁੱਦੇ ਅਤੇ ਪਰਉਪਕਾਰ

5. ਧਰਮ ਜਾਂ ਰੂਹਾਨੀ ਰੁਝੇਵੇ

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)