ਲਾਲ ਬਹਾਦਰ ਸਾਸ਼ਤਰੀ ਜਦੋਂ ਤਤਕਾਲੀ ਆਰਐੱਸਐੱਸ ਮੁਖੀ ਗੁਰੂ ਗੋਲਵਲਕਰ ਤੋਂ ਸਲਾਹ ਲੈਣ ਗਏ

ਤਸਵੀਰ ਸਰੋਤ, HULTON ARCHIVES-PHOTO DIVISION/TIM GRAHAM/RAVEENDR
- ਲੇਖਕ, ਰੇਹਾਨ ਫ਼ਜ਼ਲ,
- ਰੋਲ, ਬੀਬੀਸੀ ਪੱਤਰਕਾਰ
1933 ਵਿੱਚ ਨਹਿਰੂ ਨੇ ਮਹਾਤਮਾ ਗਾਂਧੀ ਨੂੰ ਇੱਕ ਪੱਤਰ ਵਿੱਚ ਲਿਖਿਆ ਸੀ, ''ਜਿਵੇਂ ਜਿਵੇਂ ਮੇਰੀ ਉਮਰ ਵਧਦੀ ਗਈ ਹੈ, ਧਰਮ ਪ੍ਰਤੀ ਮੇਰੀ ਨਜ਼ਦੀਕੀ ਘੱਟ ਹੁੰਦੀ ਗਈ ਹੈ।''
1936 ਵਿੱਚ ਨਹਿਰੂ ਨੇ ਆਪਣੀ ਆਤਮਕਥਾ ਵਿੱਚ ਲਿਖਿਆ, ''ਸੰਗਠਿਤ ਧਰਮ ਪ੍ਰਤੀ ਹਮੇਸ਼ਾ ਮੈਂ ਦਹਿਸ਼ਤ ਹੀ ਮਹਿਸੂਸ ਕੀਤੀ ਹੈ। ਮੇਰੇ ਲਈ ਹਮੇਸ਼ਾ ਇਸਦਾ ਮਤਲਬ ਅੰਧਵਿਸ਼ਵਾਸ, ਪੁਰਾਤਨ ਪੰਥ, ਰੂੜੀਵਾਦ ਅਤੇ ਸ਼ੋਸ਼ਣ ਨਾਲ ਰਿਹਾ ਹੈ ਜਿੱਥੇ ਤਰਕ ਅਤੇ ਸਹੀ ਹੋਣ ਲਈ ਕੋਈ ਜਗ੍ਹਾ ਨਹੀਂ ਹੈ।''
ਲੋਕਤੰਤਰ ਵਿੱਚ ਧਰਮ ਪ੍ਰਤੀ ਨਹਿਰੂ ਦੀ ਸੋਚ ਦੀ ਪਹਿਲੀ ਅਗਨੀ ਪ੍ਰੀਖਿਆ 1950 ਵਿੱਚ ਹੋਈ ਜਦੋਂ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੇ ਨਹਿਰੂ ਦੀ ਇੱਛਾ ਦੇ ਖਿਲਾਫ਼ ਗੁਜਰਾਤ ਵਿੱਚ ਸੋਮਨਾਥ ਮੰਦਿਰ ਦੇ ਨਵੀਨੀਕਰਨ ਸਮਾਗਮ ਵਿੱਚ ਜਾਣ ਦਾ ਫ਼ੈਸਲਾ ਕੀਤਾ। ਇਹ ਉਹੀ ਮੰਦਿਰ ਸੀ ਜਿਸਨੂੰ 10ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਨੇ ਤਬਾਹ ਕਰਕੇ ਲੁੱਟ ਲਿਆ ਸੀ।
ਨਹਿਰੂ ਨੇ ਰਾਜੇਂਦਰ ਪ੍ਰਸਾਦ ਦੇ ਸੋਮਨਾਥ ਜਾਣ ਦਾ ਇਸ ਆਧਾਰ 'ਤੇ ਵਿਰੋਧ ਕੀਤਾ ਸੀ ਕਿ ਇੱਕ ਧਰਮ ਨਿਰਪੱਖ ਰਾਸ਼ਟਰ ਦੇ ਸ਼ਾਸਨ ਮੁਖੀ ਨੂੰ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਨਾਲ ਖੁਦ ਨੂੰ ਨਹੀਂ ਜੋੜਨਾ ਚਾਹੀਦਾ। ਪ੍ਰਸਾਦ ਨਹਿਰੂ ਦੀ ਇਸ ਸਲਾਹ ਨਾਲ ਸਹਿਮਤ ਨਹੀਂ ਹੋਏ ਸਨ।
ਮਸ਼ਹੂਰ ਪੱਤਰਕਾਰ ਦੁਰਗਾ ਦਾਸ ਆਪਣੀ ਕਿਤਾਬ 'ਇੰਡੀਆ ਫਰਾਮ ਕਰਜ਼ਨ ਟੂ ਨਹਿਰੂ ਐਂਡ ਆਫਟਰ' ਵਿੱਚ ਲਿਖਦੇ ਹਨ, ''ਰਾਜੇਂਦਰ ਪ੍ਰਸਾਦ ਨੇ ਨਹਿਰੂ ਦੇ ਇਤਰਾਜ਼ ਦਾ ਜਵਾਬ ਦਿੰਦੇ ਹੋਏ ਕਿਹਾ ਸੀ, ''ਮੈਂ ਆਪਣੇ ਧਰਮ ਵਿੱਚ ਵਿਸ਼ਵਾਸ ਕਰਦਾ ਹਾਂ ਅਤੇ ਖੁਦ ਨੂੰ ਇਸ ਤੋਂ ਅਲੱਗ ਨਹੀਂ ਕਰ ਸਕਦਾ। ਮੈਂ ਸੋਮਨਾਥ ਮੰਦਿਰ ਦੇ ਸਮਾਗਮ ਨੂੰ ਸਰਦਾਰ ਪਟੇਲ ਅਤੇ ਨਵਾਨਗਰ ਦੇ ਜਾਮ ਸਾਹਬ ਦੀ ਮੌਜੂਦਗੀ ਵਿੱਚ ਦੇਖਿਆ ਹੈ।''
ਇਹ ਵੀ ਪੜੋ:
ਨਹਿਰੂ ਦਾ ਕੁੰਭ ਇਸ਼ਨਾਨ ਤੋਂ ਇਨਕਾਰ
ਧਰਮ ਪ੍ਰਤੀ ਨਹਿਰੂ ਅਤੇ ਰਾਜੇਂਦਰ ਪ੍ਰਸਾਦ ਦੇ ਵਿਰੋਧੀ ਵਿਚਾਰਾਂ ਦੀ ਝਲਕ ਇੱਕ ਵਾਰ ਫਿਰ ਮਿਲੀ ਸੀ, ਜਦੋਂ 1952 ਵਿੱਚ ਪ੍ਰਸਾਦ ਨੇ ਕਾਸ਼ੀ ਜਾ ਕੇ ਕੁਝ ਪੰਡਿਤਾਂ ਦੇ ਪੈਰ ਧੋਤੇ ਸਨ। ਨਹਿਰੂ ਨੇ ਪ੍ਰਸਾਦ ਨੂੰ ਉਨ੍ਹਾਂ ਦੇ ਇਸ ਕਾਰਜ 'ਤੇ ਨਾਰਾਜ਼ਗੀ ਭਰਿਆ ਪੱਤਰ ਲਿਖ ਕੇ ਆਪਣਾ ਵਿਰੋਧ ਪ੍ਰਗਟਾਇਆ ਸੀ।
ਇਸ 'ਤੇ ਪ੍ਰਸਾਦ ਨੇ ਜਵਾਬ ਦਿੰਦੇ ਹੋਏ ਲਿਖਿਆ ਸੀ, ''ਦੇਸ ਦੇ ਸਭ ਤੋਂ ਵੱਡੇ ਅਹੁਦੇ ਦਾ ਵਿਅਕਤੀ ਵੀ ਪੈਰੋਕਾਰ ਦੀ ਮੌਜੂਦਗੀ ਵਿੱਚ ਬਹੁਤ ਹੇਠ ਆਉਂਦਾ ਹੈ।''
ਇਸ ਵਿਵਾਦ ਦੇ ਬਾਅਦ ਤੋਂ ਹੀ ਨਹਿਰੂ ਤਤਕਾਲੀ ਉਪ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਵੱਲ ਝੁਕਣਾ ਸ਼ੁਰੂ ਹੋ ਗਏ ਸਨ। ਲਾਲ ਬਹਾਦਰ ਸ਼ਾਸਤਰੀ ਦੇ ਸਕੱਤਰ ਰਹੇ ਸੀਪੀ ਸ਼੍ਰੀਵਾਸਤਵ ਉਨ੍ਹਾਂ ਦੀ ਜੀਵਨੀ ਵਿੱਚ ਲਿਖਦੇ ਹਨ ਕਿ ''ਇੱਕ ਵਾਰ ਸ਼ਾਸਤਰੀ ਜੀ ਨੇ ਨਹਿਰੂ ਨੂੰ ਬੇਨਤੀ ਕੀਤੀ ਕਿ ਉਹ ਕੁੰਭ ਦੇ ਮੇਲੇ ਵਿੱਚ ਇਸ਼ਨਾਨ ਕਰਨ। ਨਹਿਰੂ ਨੇ ਸ਼ਾਸਤਰੀ ਦੀ ਇਸ ਬੇਨਤੀ ਨੂੰ ਇਹ ਕਹਿੰਦੇ ਹੋਏ ਨਾਮਨਜ਼ੂਰ ਕਰ ਦਿੱਤਾ ਸੀ ਕਿ ਉਂਝ ਮੈਨੂੰ ਗੰਗਾ ਨਦੀ ਨਾਲ ਬਹੁਤ ਪਿਆਰ ਹੈ, ਮੈਂ ਕਈ ਵਾਰ ਇਸ ਵਿੱਚ ਡੁਬਕੀ ਲਗਾ ਚੁੱਕਿਆ ਹਾਂ, ਪਰ ਕੁੰਭ ਦੇ ਮੌਕੇ 'ਤੇ ਅਜਿਹਾ ਨਹੀਂ ਕਰਾਂਗਾ।''
ਸ਼ਾਸਤਰੀ ਦੀ ਗੁਰੂ ਗੋਲਵਲਕਰ ਨੂੰ ਸਲਾਹ
ਨਹਿਰੂ ਦੇ ਉਲਟ ਸ਼ਾਸਤਰੀ ਨੂੰ ਆਪਣੀ ਹਿੰਦੂ ਪਛਾਣ ਦਿਖਾਉਣ ਤੋਂ ਪਰਹੇਜ਼ ਨਹੀਂ ਸੀ ਪਰ ਭਾਰਤ ਦੀ ਧਾਰਮਿਕ ਏਕਤਾ ਬਾਰੇ ਉਨ੍ਹਾਂ ਨੂੰ ਕਦੇ ਕੋਈ ਸ਼ੱਕ ਨਹੀਂ ਰਿਹਾ।
1965 ਦੇ ਭਾਰਤ ਪਾਕਿਸਤਾਨ ਜੰਗ ਦੇ ਸਮੇਂ ਉਨ੍ਹਾਂ ਨੇ ਪਾਰਟੀ ਲਾਈਨ ਤੋਂ ਪਰੇ ਜਾ ਕੇ ਆਰਐੱਸਐੱਸ ਦੇ ਉਦੋਂ ਦੇ ਪ੍ਰਮੁੱਖ ਗੁਰੂ ਗੋਲਵਲਕਰ ਤੋਂ ਸਲਾਹ ਲੈਣ ਵਿੱਚ ਕੋਈ ਹਿਚਕ ਨਹੀਂ ਦਿਖਾਈ।
ਇਹੀ ਨਹੀਂ ਸ਼ਾਸਤਰੀ ਦੀ ਹੀ ਪਹਿਲ 'ਤੇ ਉਨ੍ਹਾਂ ਦਿਨਾਂ ਵਿੱਚ ਦਿੱਲੀ ਦੀ ਟਰੈਫਿਕ ਵਿਵਸਥਾ ਦੇ ਸੰਚਾਲਨ ਦਾ ਜ਼ਿੰਮਾ ਆਰਐੱਸਐੱਸ ਨੂੰ ਦਿੱਤਾ ਗਿਆ।
ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਆਪਣੀ ਆਤਮ ਕਥਾ 'ਮਾਈ ਕੰਟਰੀ ਮਾਈ ਲਾਈਫ' ਵਿੱਚ ਲਿਖਿਆ, ''ਨਹਿਰੂ ਤੋਂ ਉਲਟ ਸ਼ਾਸਤਰੀ ਨੇ ਜਨਸੰਘ ਅਤੇ ਆਰਐੱਸਐੱਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਮੈਲ ਨਹੀਂ ਰੱਖੀ।''
ਇੰਦਰਾ ਦਾ ਧਰਮ-ਨਿਰਪੱਖ ਅਕਸ
ਇੰਦਰਾ ਗਾਂਧੀ ਜਦੋਂ ਸੱਤਾ ਵਿੱਚ ਆਈ ਤਾਂ ਉਹ ਸਮਾਜਵਾਦ ਅਤੇ ਧਰਮ-ਨਿਰਪੱਖਤਾ ਦੀ ਸਭ ਤੋਂ ਵੱਡੀ ਝੰਡਾ ਬਰਦਾਰ ਸੀ। ਇੱਥੋਂ ਤੱਕ ਕਿ ਆਪਣੇ । 1967 ਵਿੱਚ ਉਨ੍ਹਾਂ ਦੀ ਅਗਵਾਈ ਦੀ ਸਭ ਤੋਂ ਵੱਡੀ ਪ੍ਰੀਖਿਆ ਉਦੋਂ ਹੋਈ ਜਦੋਂ ਗਊ ਰੱਖਿਆ ਅੰਦੋਲਨ ਕਰ ਰਹੇ ਕਈ ਹਜ਼ਾਰ ਸਾਧੂਆਂ ਨੇ ਸੰਸਦ ਭਵਨ ਨੂੰ ਘੇਰ ਲਿਆ।

ਤਸਵੀਰ ਸਰੋਤ, Tim Graham
ਪੁਲਿਸ ਦੀ ਗੋਲੀ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਪਰ ਇੰਦਰਾ ਗਾਂਧੀ ਨੇ ਸਾਧੂਆਂ ਦੀ ਗੱਲ ਨਹੀਂ ਮੰਨੀ। ਉਨ੍ਹਾਂ ਨੇ ਇਸ ਮੌਕੇ ਦੀ ਵਰਤੋਂ ਗਊ ਰੱਖਿਆ ਅੰਦੋਲਨ ਦਾ ਸਮਰਥਨ ਕਰ ਰਹੇ ਮੰਤਰੀ ਗੁਲਜ਼ਾਰੀ ਲਾਲ ਨੰਦਾ ਤੋਂ ਪਿੱਛਾ ਛੁਡਾਉਣ ਲਈ ਕੀਤੀ। ਇੰਦਰਾ ਗਾਂਧੀ ਨੇ ਨੰਦਾ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ।
ਇੰਦਰਾ ਨੇ ਵੀ ਮੰਦਿਰਾਂ ਅਤੇ ਪੁਜਾਰੀਆਂ ਦਾ ਲਿਆ ਸਹਾਰਾ
1980 ਆਉਂਦੇ-ਆਉਂਦੇ ਇੰਦਰਾ ਗਾਂਧੀ ਦਾ ਝੁਕਾਅ ਈਸ਼ਵਰ ਅਤੇ ਮੰਦਿਰਾਂ ਵੱਲ ਹੋਣ ਲੱਗਿਆ ਸੀ। 1977 ਵਿੱਚ ਚੋਣ ਹਾਰੀ ਅਤੇ 1980 ਵਿੱਚ ਉਨ੍ਹਾਂ ਦੇ ਛੋਟੇ ਬੇਟੇ ਸੰਜੇ ਗਾਂਧੀ ਦੀ ਮੌਤ ਨੇ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਸੀ।
ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸੋਚ ਵਿੱਚ ਤਬਦੀਲੀ ਲਿਆਉਣ ਦਾ ਬਹੁਤ ਵੱਡਾ ਸਿਹਰਾ ਉਨ੍ਹਾਂ ਦੇ ਰੇਲ ਮੰਤਰੀ ਕਮਲਾਪਤੀ ਤ੍ਰਿਪਾਠੀ ਨੂੰ ਸੀ। ਮਸ਼ਹੂਰ ਪੱਤਰਕਾਰ ਕੁਮਕੁਮ ਚੱਢਾ ਆਪਣੀ ਕਿਤਾਬ 'ਦਿ ਮੈਰੀ ਗੋਲਡ ਸਟੋਰੀ-ਇੰਦਰਾ ਗਾਂਧੀ ਅਤੇ ਅਦਰਜ਼' ਵਿੱਚ ਲਿਖਦੀ ਹੈ, ''ਧਰਮ ਦੇ ਮਾਮਲੇ ਵਿੱਚ ਕਮਲਾਪਤੀ ਉਨ੍ਹਾਂ ਦੇ ਗੁਰੂ ਬਣ ਗਏ। ਇੱਕ ਵਾਰ ਜਦੋਂ ਉਨ੍ਹਾਂ ਨੇ ਨਰਾਤਿਆਂ ਦੇ ਬਾਅਦ ਇੰਦਰਾ ਨੂੰ ਕੁਆਰੀਆਂ ਕੰਨਿਆਵਾਂ ਦੇ ਪੈਰ ਧੋ ਕੇ ਉਸਦਾ ਪਾਣੀ ਪੀਣ ਲਈ ਕਿਹਾ ਤਾਂ ਇੰਦਰਾ ਥੋੜ੍ਹੀ ਝਿਜਕੀ। ਉਨ੍ਹਾਂ ਨੇ ਪੁੱਛਿਆ ਵੀ ਕਿ ਕਿਧਰੇ ਮੈਂ ਬਿਮਾਰ ਤਾਂ ਨਹੀਂ ਹੋ ਜਾਵਾਂਗੀ? ਪਰ ਇਸਦੇ ਬਾਅਦ ਵਿਦੇਸ਼ ਵਿੱਚ ਪੜ੍ਹੀ ਅਤੇ ਫਰੈਂਚ ਬੋਲਣ ਵਾਲੀ ਇੰਦਰਾ ਗਾਂਧੀ ਨੇ ਉਸ ਰਸਮ ਨੂੰ ਪੂਰਾ ਕੀਤਾ।''
ਇਸੀ ਦੌਰਾਨ ਇੰਦਰਾ ਗਾਂਧੀ ਦਤੀਆ ਦੇ ਬਗਲਾਮੁਖੀ ਸ਼ਕਤੀਪੀਠ ਗਈ ਸੀ। ਮੰਦਿਰ ਦੇ ਅੰਦਰ ਧੂਮਾਵਤੀ ਦੇਵੀ ਦਾ ਮੰਦਿਰ ਸੀ ਜਿੱਥੇ ਸਿਰਫ਼ ਵਿਧਵਾਵਾਂ ਨੂੰ ਹੀ ਪੂਜਾ ਕਰਨ ਦੀ ਇਜਾਜ਼ਤ ਸੀ।
ਜਦੋਂ ਇੰਦਰਾ ਗਾਂਧੀ ਪਹਿਲੀ ਵਾਰ ਉੱਥੇ ਗਈ ਤਾਂ ਧੂਮਾਵਤੀ ਸ਼ਕਤੀਪੀਠ ਦੇ ਪੁਜਾਰੀਆਂ ਨੇ ਉਨ੍ਹਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਕਿਉਂਕਿ ਉੱਥੇ ਗੈਰ ਹਿੰਦੂਆਂ ਦੇ ਪ੍ਰਵੇਸ਼ ਨੂੰ ਮਨਾਹੀ ਸੀ। ਪੀਠ ਦੀ ਨਜ਼ਰ ਵਿੱਚ ਫ਼ਿਰੋਜ਼ ਗਾਂਧੀ ਨਾਲ ਵਿਆਹ ਕਰਕੇ ਉਹ ਹੁਣ ਹਿੰਦੂ ਨਹੀਂ ਰਹਿ ਗਈ ਸੀ।

ਤਸਵੀਰ ਸਰੋਤ, FRANCOIS LOCHON
ਕੁਮਕੁਮ ਚੱਢਾ ਲਿਖਦੀ ਹੈ, ''ਇੰਦਰਾ ਨੇ ਕਮਲਾਪਤੀ ਤ੍ਰਿਪਾਠੀ ਨੂੰ ਫੋਨ ਮਿਲਾ ਕੇ ਉਨ੍ਹਾਂ ਨੂੰ ਤੁਰੰਤ ਦਤੀਆ ਆਉਣ ਲਈ ਕਿਹਾ। ਤ੍ਰਿਪਾਠੀ ਨੂੰ ਪੁਜਾਰੀਆਂ ਨੂੰ ਮਨਾਉਣ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਪਿਆ। ਅੰਤ ਵਿੱਚ ਉਨ੍ਹਾਂ ਦਾ ਇਹ ਤਰਕ ਕੰਮ ਆਇਆ, ''ਮੈਂ ਇਨ੍ਹਾਂ ਨੂੰ ਲਿਆਇਆ ਹਾਂ। ਤੁਸੀਂ ਇਨ੍ਹਾਂ ਨੂੰ ਬ੍ਰਾਹਮਣ ਪੁੱਤਰੀ ਸਮਝ ਲਓ।''
ਦਿੱਲੀ ਵਿੱਚ ਉਹ ਅਕਸਰ ਸ਼੍ਰੀ ਆਦਯ ਕਾਤਿਆਯਿਨੀ ਸ਼ਕਤੀਪੀਠ ਜਾਇਆ ਕਰਦੀ ਸੀ ਜਿਸ ਨੂੰ ਅੱਜਕੱਲ੍ਹ ਛਤਰਪੁਰ ਮੰਦਿਰ ਕਿਹਾ ਜਾਂਦਾ ਹੈ।
ਇਹ ਮੰਦਿਰ ਮਹਿਰੌਲੀ ਵਿੱਚ ਉਨ੍ਹਾਂ ਦੇ ਫਾਰਮ ਹਾਊਸ ਦੇ ਨਜ਼ਦੀਕ ਸੀ। 1993 ਵਿੱਚ ਇੰਦਰਾ ਗਾਂਧੀ ਨੇ ਹਰਿਦੁਆਰ ਵਿੱਚ ਭਾਰਤ ਮਾਤਾ ਮੰਦਿਰ ਦਾ ਉਦਘਾਟਨ ਕੀਤਾ ਸੀ ਜਿਸਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ।
ਨੀਂਹ ਪੱਥਰ ਰੱਖਣ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ
ਇੰਦਰਾ ਗਾਂਧੀ ਦੇ ਬੇਟੇ ਰਾਜੀਵ ਗਾਂਧੀ ਉਂਝ ਤਾਂ ਖ਼ੁਦ ਧਾਰਮਿਕ ਨਹੀਂ ਸਨ ਪਰ ਆਪਣੇ ਸਿਆਸੀ ਸਲਾਹਕਾਰਾਂ ਦੀ ਸਲਾਹ 'ਤੇ ਉਨ੍ਹਾਂ ਨੇ 1989 ਵਿੱਚ ਅਯੁੱਧਿਆ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਰਾਮਰਾਜ ਦਾ ਵਾਅਦਾ ਕੀਤਾ ਸੀ। ਸ਼ਾਹਬਾਨੋ ਕੇਸ 'ਤੇ ਆਈਆਂ ਉਲਟ ਪ੍ਰਤੀਕਿਰਿਆਵਾਂ ਨੂੰ ਤੋੜਦੇ ਹੋਏ ਉਨ੍ਹਾਂ ਨੇ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣਾ ਕਢਾਇਆ ਸੀ।
ਰਾਜੀਵ ਗਾਂਧੀ ਇਹ ਚੋਣ ਹਾਰ ਗਏ ਪਰ ਇਹ ਕਿਸੇ ਤੋਂ ਲੁਕਿਆ ਨਹੀਂ ਰਿਹਾ ਕਿ ਸ਼ਾਹਬਾਨੋ ਕੇਸ ਵਿੱਚ ਮੁਸਲਿਮ ਕੱਟੜਪੰਥੀਆਂ ਦਾ ਸਮਰਥਨ ਕਰਨ ਦੇ ਬਾਅਦ ਉਹ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਸਨ ਕਿ ਉਹ ਇੱਕ 'ਚੰਗੇ ਹਿੰਦੂ' ਵੀ ਹਨ।

ਤਸਵੀਰ ਸਰੋਤ, Getty Images
ਜ਼ੋਇਆ ਹਸਨ ਆਪਣੀ ਕਿਤਾਬ 'ਕਾਂਗਰਸ ਆਫਟਰ ਇੰਦਰਾ' ਵਿੱਚ ਲਿਖਦੀ ਹੈ, ''ਉਸ ਸਮੇਂ ਰਾਜੀਵ ਗਾਂਧੀ ਦੇ ਮੁੱਖ ਸਲਾਹਕਾਰ ਅਰੁਣ ਨਹਿਰੂ ਦੀ ਸੋਚ ਸੀ ਕਿ ਜੇਕਰ ਉਹ ਰਾਮ ਮੰਦਿਰ ਦੇ ਮੁੱਦੇ 'ਤੇ ਥੋੜ੍ਹਾ ਲਚਕੀਲਾ ਰੁਖ਼ ਅਪਣਾਉਂਦੇ ਹਨ ਤਾਂ ਮੁਸਲਿਮ ਕੱਟੜਪੰਥੀਆਂ ਦਾ ਸਮਰਥਨ ਕਰਨ 'ਤੇ ਉਨ੍ਹਾਂ ਦੀ ਜੋ ਆਲੋਚਨਾ ਹੋ ਰਹੀ ਸੀ, ਉਸਦਾ ਅਸਰ ਥੋੜ੍ਹਾ ਘੱਟ ਹੋ ਜਾਵੇਗਾ। ਕਾਂਗਰਸ ਨੇ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਇਸ ਘਟਨਾਕ੍ਰਮ ਨੂੰ ਬਾਬਰੀ ਮਸਜਿਦ ਢਾਹੁਣ ਦੇ ਪਹਿਲੇ ਕਦਮ ਦੇ ਤੌਰ 'ਤੇ ਦੇਖੇਗਾ ਅਤੇ ਅਸਲ ਵਿੱਚ ਅਜਿਹਾ ਹੋਇਆ ਵੀ।''
ਨਰਸਿਮਹਾ ਰਾਓ ਦਾ ਅੰਦਾਜ਼ਾ
ਨਿਰਸਮਹਾ ਰਾਓ ਦਾ ਜਨਮ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਹੈਦਰਾਬਾਦ ਦੇ ਨਿਜ਼ਾਮ ਖਿਲਾਫ਼ ਸੰਘਰਸ਼ ਨਾਲ ਸ਼ੁਰੂ ਹੋਈ ਸੀ ਜਿੱਥੇ ਉਨ੍ਹਾਂ ਨੇ ਹਿੰਦੂ ਮਹਾਸਭਾ ਅਤੇ ਆਰੀਆ ਸਮਾਜ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ ਸੀ। ਉਨ੍ਹਾਂ ਦਾ ਪੂਰਾ ਜੀਵਨ ਸਵੇਰ ਦੀ ਪੂਜਾ ਅਤੇ ਸਾਲਾਨਾ ਤੀਰਥ ਯਾਤਰਾ ਦੇ ਆਲੇ-ਦੁਆਲੇ ਘੁੰਮਦਾ ਸੀ।
ਰਾਓ ਦੀ ਸ਼੍ਰਿੰਗੇਰੀ ਦੇ ਸ਼ੰਕਰਾਚਾਰਿਆ ਤੋਂ ਲੈ ਕੇ ਪੇਜਾਵਰ ਸਵਾਮੀ ਤੱਕ ਕਈ ਸਵਾਮੀਆਂ ਨਾਲ ਨੇੜਤਾ ਸੀ। ਐੱਨਕੇ ਸ਼ਰਮਾ ਵਰਗੇ ਜੋਤਸ਼ੀਆਂ ਅਤੇ ਚੰਦਰਾਸਵਾਮੀ ਵਰਗੇ ਕਈ ਤਾਂਤਰਿਕ ਉਨ੍ਹਾਂ ਦੇ ਬਹੁਤ ਨਜ਼ਦੀਕ ਸਨ।

ਤਸਵੀਰ ਸਰੋਤ, Raveendran
ਇਹ ਵੀ ਪੜ੍ਹੋ-
ਬਾਬਰੀ ਮਸਜਿਦ ਢਾਹੁਣ ਦੇ ਸਮੇਂ ਉਹ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦੀ ਚਿੰਤਾ ਇਹ ਸੀ ਕਿ ਮੁਸਲਮਾਨ ਕਾਂਗਰਸ ਦਾ ਸਾਥ ਛੱਡ ਰਹੇ ਹਨ ਪਰ ਉਨ੍ਹਾਂ ਦੀ ਉਸ ਤੋਂ ਵੀ ਵੱਡੀ ਚਿੰਤਾ ਸੀ ਕਿ ਹਿੰਦੂਆਂ ਵਿੱਚ ਵੀ ਉੱਚੀ ਜਾਤ ਅਤੇ ਪੱਛੜੀ ਜਾਤ ਦੇ ਲੋਕ ਬੀਜੇਪੀ ਵੱਲ ਵਧ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਮਣੀਸ਼ੰਕਰ ਅਈਅਰ ਨੂੰ ਕਿਹਾ ਸੀ, ਤੁਹਾਨੂੰ ਸਮਝਣਾ ਹੋਵੇਗਾ ਕਿ ਭਾਰਤ ਇੱਕ ਹਿੰਦੂ ਦੇਸ ਹੈ।
ਸਲਮਾਨ ਖੁਰਸ਼ੀਦ ਨੇ ਨਰਸਿਮਹਾ ਰਾਓ ਦੇ ਜੀਵਨੀਕਾਰ ਵਿਨੈ ਸੀਤਾਪਤੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, ''ਰਾਓ ਸਾਹਿਬ ਦਾ ਦੁਖਾਂਤ ਸੀ ਕਿ ਉਨ੍ਹਾਂ ਨੇ ਹਮੇਸ਼ਾ ਇੱਕ ਰਾਇ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਹਿੰਦੂ ਅਤੇ ਮੁਸਲਿਮ ਦੋਵੇਂ ਵੋਟ ਬੈਂਕਾਂ ਨੂੰ ਖੁ਼ਸ਼ ਕਰਨਾ ਚਾਹੁੰਦੇ ਸਨ। ਰਾਓ ਮਸਜਿਦ ਵੀ ਬਚਾਉਣਾ ਚਾਹੁੰਦੇ ਸਨ। ਹਿੰਦੂ ਭਾਵਨਾਵਾਂ ਦੀ ਵੀ ਰਾਖੀ ਕਰਨੀ ਚਾਹੁੰਦੇ ਸਨ ਅਤੇ ਖੁਦ ਨੂੰ ਵੀ ਬਚਾਉਣਾ ਚਾਹੁੰਦੇ ਸਨ। ਨਤੀਜਾ ਇਹ ਰਿਹਾ ਕਿ ਨਾ ਤਾਂ ਮਸਜਿਦ ਬਚੀ, ਨਾ ਹੀ ਹਿੰਦੂ ਕਾਂਗਰਸ ਵੱਲ ਆਏ ਅਤੇ ਉਨ੍ਹਾਂ ਦੀ ਖ਼ੁਦ ਦੀ ਸਾਖ ਤਾਰ-ਤਾਰ ਹੋ ਗਈ।
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













