ਕੋਰੋਨਾਵਾਇਰਸ ਪੀੜਤ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਦਇਆ ਸਿੰਘ ਦੇ ਦੇਹਾਂਤ ਮਗਰੋਂ ਪ੍ਰਸ਼ਾਸਨ ਨੇ ਫੈਲਾਅ ਰੋਕਣ ਲਈ ਚੁੱਕਿਆ ਇਹ ਕਦਮ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਕੋਰਨਾਵਾਇਰਸ ਤੋਂ ਪੀੜਤ ਕਪੂਰਥਲਾ ਦੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਦਇਆ ਸਿੰਘ ਦਾ 31 ਜੁਲਾਈ ਦੀ ਰਾਤ ਨੂੰ ਦੇਹਾਂਤ ਹੋ ਗਿਆ।

ਇਸ ਤੋਂ ਪਹਿਲਾਂ ਧਾਰਮਿਕ ਖੇਤਰ ਦੀ ਸ਼ਖਸੀਅਤ ਪਦਮਸ੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

ਦਇਆ ਸਿੰਘ ਉਹ 28 ਜੁਲਾਈ ਤੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ।

ਉਨ੍ਹਾਂ ਨੂੰ 31 ਜੁਲਾਈ ਰਾਤ ਹੀ ਕਰੀਬ ਸਵਾ 9 ਵਜੇ ਦੇ ਕਰੀਬ ਲੁਧਿਆਣਾ ਦੇ ਇੱਕ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ, ਜਿੱਥੇ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ।

ਉਨ੍ਹਾਂ ਨਾਲ ਜੁੜੇ ਸਾਰੇ ਸੇਵਾਦਾਰਾਂ ਦੇ ਸੈਂਪਲ ਵੀ ਲਏ ਗਏ ਹਨ ਜਿਨ੍ਹਾਂ ਵਿੱਚੋਂ ਚਾਰ ਕੋਰੋਨਾ ਪੌਜ਼ਿਟਿਵ ਆਏ ਹਨ।

ਲੌਕਡਾਊਨ ਦੌਰਾਨ ਗੁਰਦੁਆਰਾ ਟਾਹਲੀ ਸਾਹਿਬ ਨੂੰ ਦੋ ਮਹੀਨੇ ਤੱਕ ਮੁਕੰਮਲ ਬੰਦ ਵੀ ਰੱਖਿਆ ਸੀ।

ਤੁਸੀਂ ਆਪਣੇ ਜ਼ਿਲ੍ਹੇ ਵਿੱਚ ਵੀ ਕੋਰੋਨਾ ਕੇਸਾਂ ਬਾਰੇ ਪਤਾ ਲਗਾ ਸਕਦੇ ਹੋ

ਗੁਰਦੁਆਰਾ ਟਾਹਲੀ ਸਾਹਿਬ ਮਾਈਕਰੋ ਕੰਨਟੇਨਮੈਂਟ ਜ਼ੋਨ

ਕਪੂਰਥਲਾ ਦੀ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਦਇਆ ਸਿੰਘ ਜੀ ਦੇ ਕੋਰੋਨਾਵਾਇਰਸ ਤੋਂ ਪਾਜ਼ੇਟਿਵ ਆਉਣ ਬਾਅਦ ਗੁਰਦੁਆਰਾ ਟਾਹਲੀ ਸਾਹਿਬ ਨੂੰ ਮਾਈਕਰੋ ਕੰਨਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ।

ਉਨ੍ਹਾਂ ਅੱਗੇ ਕਿਹਾ, ''ਗੁਰਦੁਆਰੇ ਅੰਦਰ ਕਿਸੇ ਬਾਹਰੀ ਵਿਅਕਤੀ ਦੇ ਜਾਣ ਦੀ ਮਨਾਹੀ ਹੈ। ਜਿਹੜੇ ਹੋਰ ਲਾਗਲੇ ਡੇਰਿਆਂ ਵਿੱਚ ਵੀ ਦਇਆ ਸਿੰਘ ਹਾਲ ਫਿਲਹਾਲ ਗਏ ਸਨ ਉਹ ਵੀ ਸੀਲ ਕਰ ਦਿੱਤੇ ਗਏ ਹਨ।''

ਕਪੂਰਥਲਾ ਦੇ ਏਡੀਸੀ ਰਾਹੁਲ ਚਾਬਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਿਵਲ ਹਸਪਤਾਲ ਕਪੂਰਥਲਾ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਨਾਲ ਨਜਿੱਠਣ ਵਾਲੇ ਡਾਕਟਰ ਰਾਜੀਵ ਭਗਤ ਨਾਲ ਸੰਪਰਕ ਕਰਵਾਇਆ।

ਡਾ.ਰਾਜੀਵ ਭਗਤ ਨੇ ਦੱਸਿਆ, ''ਦਇਆ ਸਿੰਘ ਜੀ ਨੂੰ ਮਿਲਣ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਪਛਾਣ ਲਈ ਆਲੇ ਦੁਆਲੇ ਦੇ ਪਿੰਡਾਂ ਵਿੱਚ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਦੋ ਹਫਤਿਆਂ ਵਿੱਚ ਉਨ੍ਹਾਂ ਦੇ ਸੰਪਰਕ 'ਚ ਆਏ ਹਨ ਉਹ ਟੈਸਟ ਕਰਵਾ ਲੈਣ । ਲੋਕ ਟੈਸਟ ਕਰਵਾਉਣ ਲਈ ਆ ਵੀ ਰਹੇ ਹਨ।''

ਇਹ ਵੀ ਪੜ੍ਹੋ

ਦੂਰੋਂ-ਦੂਰੋਂ ਦਵਾਈਆਂ ਲੈਣ ਆਉਂਦੇ ਲੋਕ

ਦਇਆ ਸਿੰਘ ਦੇ ਵੈਦ ਹੋਣ ਕਾਰਨ ਦਵਾਈਆਂ ਲਈ ਸਾਰੇ ਪੰਜਾਬ ਸਣੇ ਹਰਿਆਣਾ, ਰਾਜਸਥਾਨ, ਦਿੱਲੀ ਤੇ ਉੱਤਰ ਪ੍ਰਦੇਸ਼ ਤੋਂ ਵੀ ਲੋਕ ਆਉਂਦੇ ਸਨ।

ਦੋ ਦਿਨ ਦਵਾਈਆਂ ਦੇਣ ਲਈ ਰੱਖੇ ਹੋਏ ਸਨ। ਐਤਵਾਰ ਤੇ ਮੰਗਲਵਾਰ ਨੂੰ ਸਾਰਾ ਦਿਨ ਦਵਾਈ ਦਿੱਤੀ ਜਾਂਦੀ ਸੀ। ਦਵਾਈ ਮੁਫ਼ਤ ਮਿਲਦੀ ਸੀ।

ਲੌਕਡਾਊਨ ਤੋਂ ਬਾਅਦ ਦਵਾਈਆਂ ਦੇਣ ਲਈ ਲੋਕਾਂ ਦੇ ਸੰਪਰਕ ਵਿੱਚ ਦਇਆ ਸਿੰਘ ਨੇ ਆਉਣਾ ਬੰਦ ਕਰ ਦਿੱਤਾ ਸੀ। ਦਵਾਈ ਦੂਜੇ ਸੇਵਾਦਾਰ ਹੀ ਲੋਕਾਂ ਨੂੰ ਦਿੰਦੇ ਸਨ।

ਗੁਰਦੁਆਰੇ ਦੀ ਐਂਟਰੀ ਅਤੇ ਮੱਥਾ ਟੇਕਣ ਲਈ ਐਂਟਰੀ ਕਰਨ ਤੋਂ ਪਹਿਲਾਂ ਸੈਨੇਟਾਈਜ਼ਰ ਅਤੇ ਮਾਸਕ ਦੀ ਵਿਵਵਸਥਾ ਕੀਤੀ ਗਈ ਸੀ ਬਾਵਜੂਦ ਇਸ ਦੇ ਕੋਰੋਨਾਵਾਇਰਸ ਨੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।

ਇੱਥੇ ਜ਼ਿਆਦਾਤਰ ਲੋਕ ਸ਼ੂਗਰ, ਬਲੱਡ ਪ੍ਰੈਸ਼ਰ, ਪੇਟ ਗੈਸ, ਅੱਖਾਂ, ਗੋਡਿਆਂ ਦੇ ਦਰਦ ਦੀਆਂ ਸ਼ਿਕਾਇਤਾਂ ਦੇ ਆਉਂਦੇ ਸਨ।

ਦੇਸੀ ਦਵਾਈਆਂ ਨੂੰ ਰਗੜਣ ਲਈ ਤੇ ਗੋਲੀਆਂ ਵੱਟਣ ਲਈ ਲੋੜੀਂਦੀ ਮਸ਼ੀਨਾਂ ਵੀ ਲਾਈਆਂ ਹੋਈਆਂ ਸਨ।

ਗੁਰਦੁਆਰੇ ਵਿੱਚ ਹਰ ਸਾਲ 5 ਜੁਲਾਈ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਰਕਾਸ਼ ਪੁਰਬ ਮਨਾਇਆ ਜਾਂਦਾ ਹੈ ਤੇ ਇਸ ਜੋੜ ਮੇਲ ਵਿੱਚ 50 ਹਜ਼ਾਰ ਤੋਂ ਵੱਧ ਸੰਗਤਾਂ ਹਾਜ਼ਰੀਆਂ ਭਰਦੀਆਂ ਸਨ।

ਇਸ ਸਾਲ ਕੋਰੋਨਾਵਾਇਰਸ ਕਾਰਨ ਜੁਲਾਈ ਦਾ ਇਹ ਜੋੜ ਮੇਲ ਪਹਿਲਾਂ ਵਾਂਗ ਨਹੀਂ ਸੀ ਭਰਿਆ ।

ਇਹ ਵੀ ਪੜ੍ਹੋ

ਪੁਰਾਤਨ ਗ੍ਰੰਥਾਂ ਨੂੰ ਇਕੱਠਿਆਂ ਕਰਨ ਦਾ ਸੀ ਸ਼ੌਕ

ਦਇਆ ਸਿੰਘ ਪੁਰਾਤਨ ਗ੍ਰੰਥ ਇਕੱਠੇ ਕਰਨ ਦੇ ਸ਼ੌਕੀਨ ਸਨ ਤੇ ਲਗਾਤਾਰ ਉਨ੍ਹਾਂ ਦਾ ਅਧਿਐਨ ਕਰਦੇ ਸਨ। ਦਾਅਵਾ ਹੈ ਕਿ ਉਨ੍ਹਾਂ ਕੋਲ 200 ਸਾਲ ਪੁਰਾਣੇ ਗਰੰਥ ਵੀ ਸਨ।

ਕਈ ਗ੍ਰੰਥਾਂ ਦਾ ਉਹ ਪੰਜਾਬੀ ਵਿੱਚ ਉਲੱਥਾ ਕਰਵਾ ਰਹੇ ਸਨ। ਆਯੂਰਵੈਦਿਕ ਦੇ ਪੁਰਾਤਨ ਗ੍ਰੰਥ ਵੀ ਉਨ੍ਹਾਂ ਕੋਲ ਸਨ।

ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲਾਰੇਖਾਨ ਪੁਰ ਜਿਲਾ ਕਪੂਰਥਲਾ ਵਿੱਚ ਹੈ।

ਇਸੇ ਪਿੰਡ ਦੇ ਬਾਹਰਵਾਰ ਜੰਗਲ ਸੀ ਜਿੱਥੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੜਾਅ ਕੀਤਾ ਸੀ ਤੇ ਟਾਹਲੀ ਦੇ ਰੁੱਖਾਂ ਨਾਲ ਘੋੜੇ ਬੰਨ੍ਹੇ ਸਨ। ਇਸ ਕਰਕੇ ਇਸ ਅਸਥਾਨ ਦਾ ਨਾਂ ਟਾਹਲੀ ਸਾਹਿਬ ਪਿਆ ਹੈ।

ਦਇਆ ਸਿੰਘ ਪਿੰਡ ਬਲਾਰੇਖਾਨ ਪੁਰ ਦੇ ਸਰਪੰਚ ਵੀ ਸਨ। ਪਿੰਡ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੈਦਾ ਹੋਈ ਧੜੇਬੰਦੀ ਕਾਰਨ ਪਿੰਡ ਦੇ ਲੋਕਾਂ ਨੇ ਸੰਤ ਦਇਆ ਸਿੰਘ ਜੀ ਨੂੰ ਸਰਪੰਚ ਬਣਾ ਦਿੱਤਾ ਸੀ ।

ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ ਦੇ ਮੁੱਖ ਸੇਵਾਦਾਰ ਲੀਡਰ ਸਿੰਘ ਮੁਤਾਬਕ ਦਇਆ ਸਿੰਘ ਜੀ ਨੇ ਧਾਰਮਿਕ ਵਿੱਦਿਆ ਦਮਦਮੀ ਟਕਸਾਲ ਤੋਂ ਹਾਸਲ ਕੀਤੀ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)