You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ ਦੇ 17 SDM/ADC ਕਿਵੇਂ ਤੇ ਕਿੱਥੇ ਇਕੱਠੇ ਹੀ ਪੌਜ਼ਿਟਿਵ ਹੋਏ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਪੀਸੀਐੱਸ ਅਫ਼ਸਰਾਂ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਕਾਰਨ 17 ਅਫ਼ਸਰ ਕੋਰੋਨਾਵਾਇਰਸ ਪੌਜ਼ੀਟਿਵ ਆ ਚੁੱਕੇ ਹਨ, ਜਿਸ ਨਾਲ ਕੰਮਕਾਜ ‘ਤੇ ਫ਼ਰਕ ਪੈ ਰਿਹਾ ਹੈ। ਇਸ ਘਟਨਾ ਨੇ ਸੂਬੇ ਦੀ ਅਫ਼ਸਰਸ਼ਾਹੀ ਵੀ ਹਿਲਾ ਦਿੱਤੀ ਹੈ।
ਪਰ ਸਰਕਾਰ ਵਾਸਤੇ ਇੱਕ ਹੋਰ ਸਵਾਲ ਬਣਿਆ ਹੋਇਆ ਹੈ ਕਿ ਕੀ ਇਹ ਮੀਟਿੰਗ ਗ਼ੈਰਕਾਨੂੰਨੀ ਸੀ ਤੇ ਕੀ ਇਹਨਾਂ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ?
ਫ਼ਰੀਦਕੋਟ ਦੇ ਆਰਟੀਏ ਤਰਸੇਮ ਚੰਦ ਖ਼ਿਲਾਫ਼ ਵਿਜੀਲੈਂਸ 'ਚ ਕੇਸ ਦਰਜ ਹੋਣ ਦੇ ਬਾਰੇ 3 ਜੁਲਾਈ ਨੂੰ ਚੰਡੀਗੜ੍ਹ ਦੇ ਇੱਕ ਹੋਟਲ 'ਚ ਪੀਸੀਐੱਸ ਅਫ਼ਸਰ ਇੱਕ ਮੀਟਿੰਗ ਲਈ ਇਕੱਠੇ ਹੋਏ ਸਨ। ਸੂਤਰਾਂ ਮੁਤਾਬਿਕ ਇੱਥੇ 36 ਅਫ਼ਸਰ ਪਹੁੰਚੇ ਸਨ।
ਪੰਜਾਬ ਸਰਕਾਰ ਦੇ ਕੋਵਿਡ -19 ‘ਤੇ ਬੁਲਾਰੇ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਸ ਮੀਟਿੰਗ ਵਿਚ ਪੁੱਜੇ ਅਫ਼ਸਰਾਂ ਵਿਚੋਂ 17 ਪੌਜ਼ੀਟਿਵ ਆਏ ਹਨ ਤੇ ਇਹਨਾਂ ਨਾਲ ਸੰਪਰਕ ਵਿਚ ਆਏ ਅਧਿਕਾਰੀਆਂ ਵਿਚੋਂ 2 ਆਈਏਐੱਸ ਅਧਿਕਾਰੀ ਵੀ ਹਨ।
ਇਹਨਾਂ ਵਿਚੋਂ ਬਹੁਤੇ ਅਧਿਕਾਰੀ ਅਹਿਮ ਅਹੁਦਿਆਂ ਉੱਤੇ ਹਨ ਜਿਵੇਂ ਐਸਡੀਐਮ, ਏਡੀਸੀ ਵਗ਼ੈਰਾ। ਇਹਨਾਂ ਦੀਆਂ ਪੋਸਟਾਂ ਤਾਂ ਮਹੱਤਵਪੂਰਨ ਹੁੰਦੀਆਂ ਹੀ ਹਨ, ਨਾਲ ਹੀ ਇਹ ਇਹਨਾਂ ਅਹੁਦਿਆਂ ‘ਤੇ ਹੋਣ ਕਾਰਨ ਇਹ ਸੂਬੇ ਦੀ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਹੁਣ ਇਨ੍ਹਾਂ ਵਿਚੋਂ ਜ਼ਿਆਦਾਤਰ ਕੋਵਿਡ ਪੌਜ਼ੀਟਿਵ ਹੋਣ ਕਾਰਨ ਆਈਸੋਲੇਟ ਕੀਤੇ ਜਾ ਚੁੱਕੇ ਹਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਹੁਕਮ ਦਿੱਤੇ ਹਨ ਕਿ ਸਾਰੇ ਅਫ਼ਸਰ ਆਪਣਾ ਲਿੰਕ ਅਫ਼ਸਰ ਤੈਨਾਤ ਕਰਨਗੇ, ਜੋ ਉਨ੍ਹਾਂ ਦੇ ਕੋਰੋਨਾਵਾਇਰਸ ਪੌਜ਼ੀਟਿਵ ਹੋਣ ਦੀ ਸੂਰਤ ਵਿਚ ਉਨ੍ਹਾਂ ਦਾ ਕੰਮ ਕਾਜ ਵੇਖਣਗੇ।
ਸੂਬੇ ਦੇ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਦੇ ਕੰਮਕਾਜ ਦੂਜੇ ਅਫ਼ਸਰ ਸੰਭਾਲ ਰਹੇ ਹਨ ਤਾਂ ਕਿ ਇਸ ਦਾ ਘਟੋਂ ਘੱਟ ਅਸਰ ਕੋਵਿਡ ਦੇ ਖ਼ਿਲਾਫ਼ ਜੰਗ ਵਿਚ ਪਵੇ।
ਇਸ ਮੀਟਿੰਗ ਤੋਂ ਬਾਅਦ ਜਦੋਂ ਇੱਕ-ਇੱਕ ਕਰ ਕੇ ਕਈ ਅਫ਼ਸਰ ਕੋਰੋਨਾ ਪੌਜ਼ੀਟਿਵ ਆਏ ਤਾਂ ਸੂਬੇ ਵਿਚ ਹੜਕੰਪ ਮੱਚ ਗਿਆ। ਕਾਰਨ ਸੀ ਕਿ ਇਹ ਅਫ਼ਸਰ ਵਿਨੀ ਮਹਾਜਨ ਨੂੰ ਵੀ ਮਿਲੇ ਸਨ ਜੋ ਕਿ ਕੁੱਝ ਦਿਨ ਪਹਿਲਾਂ ਹੀ ਮੁੱਖ ਸਕੱਤਰ ਬਣੀ ਸੀ।
ਫੇਰ ਵਿਨੀ ਮਹਾਜਨ ਵੀ ਅੱਗੇ ਕਈ ਅਧਿਕਾਰੀਆਂ ਨਾਲ ਮਿਲੀ ਸੀ। ਇਸ ਤਰ੍ਹਾਂ ਕਾਨਟੈਕਟ ਟਰੇਸਿੰਗ ਕੀਤੀ ਗਈ। ਪਰ ਸੂਬੇ ਦੇ ਅਫ਼ਸਰਾਂ ਨੇ ਰਾਹਤ ਦਾ ਸਾਹ ਉਦੋਂ ਲਿਆ ਜਦੋਂ ਮੁੱਖ ਸਕੱਤਰ ਦਾ ਟੇਸਟ ਨੈਗੇਟਿਵ ਆਇਆ।
ਕੀ ਹੋਏਗੀ ਕਾਰਵਾਈ?
ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਮਹਾਂਮਾਰੀ ਨੂੰ ਲੈ ਕੇ ਪਹਿਲਾਂ ਹੀ ਹੁਕਮ ਕੀਤੇ ਸਨ ਕਿ 20 ਤੋਂ ਵੱਧ ਲੋਕ ਇਕੱਠੇ ਨਾ ਹੋਣ।
ਪੰਜਾਬ ਸਰਕਾਰ ਨੇ ਸਾਰੇ ਧਾਰਮਿਕ ਅਸਥਾਨਾਂ ਨੂੰ ਵੀ ਅਪੀਲ ਕੀਤੀ ਸੀ ਕੀ ਉਹ ਧਾਰਮਿਕ ਸਮਾਗਮਾਂ ਨੂੰ ਰੱਦ ਕਰਨ, ਸਿਰਫ਼ ਇਨ੍ਹਾਂ ਹੀ ਨਹੀਂ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਚੱਲ ਰਹੇ ਇਮਤਿਹਾਨਾਂ ਨੂੰ ਵੀ ਰੱਦ ਕਰ ਦਿੱਤਾ ਸੀ।
ਪੰਜਾਬ ਵਿੱਚ ਵਿਆਹ ਤੇ ਹੋਰ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ 30 ਬੰਦਿਆਂ ਤੱਕ ਸੀਮਤ ਕੀਤਾ ਗਿਆ ਸੀ।
ਇੱਕ ਅਧਿਕਾਰੀ ਨੇ ਮੰਨਿਆ ਕਿ 20 ਤੋ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਸੂਬੇ ਵਿਚ ਪਾਬੰਦੀ ਹੈ।
ਸੂਬੇ ਦੇ ਪਰਸਨਲ ਵਿਭਾਗ ਦੇ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਸਵਾਲ ਕਰਨ ‘ਤੇ ਮੰਨਿਆ ਕਿ ਉਨ੍ਹਾਂ ਕੋਲ ਇਸ ਬਾਰੇ ਇੱਕ ਦੋ ਸ਼ਿਕਾਇਤਾਂ ਆਈਆਂ ਹਨ ਕਿ ਇਹ ਮੀਟਿੰਗ ਨਿਯਮਾਂ ਦੀ ਉਲੰਘਣਾ ਸੀ।
ਉਨ੍ਹਾਂ ਕਿਹਾ, “ਅਸੀਂ ਇਸ ਉੱਤੇ ਗ਼ੌਰ ਕਰ ਰਹੇ ਹਾਂ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਬਣਦੀ ਹੈ ਜਾਂ ਨਹੀਂ, ਜਿਹੜੇ ਲੋਕਾਂ ਨੇ ਇਸ ਵਿਚ ਸ਼ਿਰਕਤ ਕੀਤੀ ਸੀ।”
“ਕਈ ਚੀਜ਼ਾਂ ਵੇਖਣੀਆਂ ਪੈਣਗੀਆਂ ਜਿਵੇਂ ਮੀਟਿੰਗ ਸਰਕਾਰੀ ਨਹੀਂ ਨਿੱਜੀ ਸੀ। ਜਿੱਥੇ ਤਕ ਮੀਟਿੰਗ ਦਾ ਸਵਾਲ ਹੈ ਕਿਉਂਕਿ ਮੀਟਿੰਗ ਚੰਡੀਗੜ੍ਹ ਵਿਚ ਹੋਈ ਸੀ ਤੇ ਇਸ ਉੱਤੇ ਇੱਥੋਂ ਦੇ ਨਿਯਮ ਲਾਗੂ ਹੋਣਗੇ।”
ਅਸੀਂ ਜਦੋਂ ਚੰਡੀਗੜ੍ਹ ਪ੍ਰਸਾਸਨ ਦੇ ਸਿਹਤ ਤੇ ਗ੍ਰਹਿ ਸਕੱਤਰ ਅਰੁਨ ਗੁਪਤਾ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਸੂਬਾ ਸਰਕਾਰ ਨੇ ਚੁੱਕੇ ਕਦਮ
ਸੂਬਾ ਸਰਕਾਰ ਨੇ ਇਸ ਮੀਟਿੰਗ ਤੋਂ ਬਾਅਦ ਕਈ ਕਦਮ ਚੁੱਕੇ ਹਨ, ਜਿਨਾਂ ਵਿਚੋਂ ਕੁੱਝ ਇਸ ਤਰ੍ਹਾਂ ਹਨ:
- ਪੰਜਾਬ ਵਿੱਚ ਹੁਣ ਵਿਆਹ ਤੇ ਹੋਰ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ 30 ਬੰਦਿਆਂ ਤੱਕ ਸੀਮਤ ਕਰ ਦਿੱਤਾ ਹੈ। ਪਹਿਲਾਂ 50 ਬੰਦਿਆਂ ਦੇ ਇਕੱਠ ਦੀ ਪ੍ਰਵਾਨਗੀ ਸੀ।
- ਸਰਕਾਰ ਨੇ ਕਿਸੇ ਵੀ ਤਰੀਕੇ ਦੇ ਇਕੱਠ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸਮਾਜਿਕ ਇਕੱਠ ਨੂੰ ਪੰਜ ਬੰਦਿਆਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ।
- ਪੰਜਾਬ ਤੋਂ ਬਾਹਰੋਂ ਆਉਣ ਵਾਲਾ ਵਿਅਕਤੀ ਜੇ 72 ਘੰਟੇ ਲਈ ਆ ਰਿਹਾ ਹੈ ਤਾਂ ਉਸ ਉੱਤੇ ਕੁਆਰੰਟਾਇਨ ਦਾ ਨਿਯਮ ਲਾਗੂ ਨਹੀਂ ਹੋਵੇਗਾ।
- ਦਫ਼ਤਰਾਂ ਵਿਚ ਪਬਲਿਕ ਡੀਲਿੰਗ ਨੂੰ ਘਟਾਉਣ ਦੇ ਹੁਕਮ ਦਿੱਤੇ ਗਏ ਹਨ।
- ਸਕੱਤਰੇਤ ਵਿਚ ਪਬਲਿਕ ਡੀਲਿੰਗ ਬੰਦ ਕੀਤੀ ਗਈ ਹੈ। ਸੂਬੇ ਦੇ ਸੀਨੀਅਰ ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਜ਼ਰੂਰੀ ਕੰਮ ਵਾਲੇ ਲੋਕ ਇਜਾਜ਼ਤ ਲੈ ਕੇ ਹੀ ਆ ਸਕਦੇ ਹਨ।
ਇਹ ਵੀਡੀਓ ਵੀ ਦੇਖੋ