ਕੋਰੋਨਾਵਾਇਰਸ: ਪੰਜਾਬ ਜਾਣ ਲਈ ਇਹ ਹਨ ਨਵੇਂ ਨਿਯਮ - 5 ਅਹਿਮ ਖ਼ਬਰਾਂ

ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜੋ 7 ਜੁਲਾਈ ਯਾਨਿ ਕੱਲ ਤੋਂ ਲਾਗੂ ਹੋਣਗੇ।

ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਚਾਹੇ ਕੋਈ ਵੱਡਾ ਜਾਂ ਨਾਬਾਲਗ ਜੋ ਆਵਾਜਾਈ ਦੇ ਕਿਸੇ ਵੀ ਢੰਗ ਭਾਵ ਸੜਕ, ਰੇਲ ਜਾਂ ਹਵਾਈ ਯਾਤਰਾ ਜ਼ਰੀਏ ਪੰਜਾਬ ਆ ਰਿਹਾ ਹੈ, ਦੀ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਡਾਕਟਰੀ ਜਾਂਚ ਕੀਤੀ ਜਾਵੇਗੀ।

ਅਜਿਹੇ ਵਿਅਕਤੀ ਨੂੰ ਪੰਜਾਬ ਲਈ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੋਵਾ ਐਪ 'ਤੇ ਖੁਦ ਨੂੰ ਈ-ਰਜਿਸਟਰ ਕਰਨਾ ਹੋਵੇਗਾ।

ਇਸ ਖ਼ਬਰ ਬਾਰੇ ਸੰਖੇਪ ਵਿੱਚ ਜਾਣਕਾਰੀ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

SFJ ਦਾ ਕਾਰਕੁਨ ਦੱਸਕੇ ਹੋਈ ਗ੍ਰਿਫ਼ਤਾਰੀ ਬਾਰੇ ਖਹਿਰਾ ਨੇ ਚੁੱਕੇ ਸਵਾਲ

ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਜਾਣ ਤੇ ਪੰਜਾਬ ਵਿੱਚ ਪੰਨੂ ਖਿਲਾਫ਼ ਮਾਮਲੇ ਦਰਜ ਹੋਣ ਮਗਰੋਂ, ਸੂਬੇ ਵਿੱਚ UAPA ਅਧੀਨ ਹੋ ਰਹੀਆਂ ਗ੍ਰਿਫਤਾਰੀਆਂ ਬਾਰੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਬਾਰੇ ਸਵਾਲ ਚੁੱਕੇ ਹਨ।

ਦਰਅਸਲ ਪੰਜਾਬ ਪੁਲਿਸ ਵੱਲੋਂ ਸਿੱਖਸ ਫਾਰ ਜਸਟਿਸ ਦੀ ਕਥਿਤ ਰੈਫਰੈਂਡਮ ਮੁਹਿੰਮ ਨੂੰ ਠੁੱਸ ਕਰਨ ਲਈ 4 ਜੁਲਾਈ ਤੋਂ ਸੂਬੇ ਵਿੱਚ ਕਾਫੀ ਸਰਗਰਮੀ ਦਿਖਾਈ ਜਾ ਰਹੀ ਹੈ।

ਪੁਲਿਸ ਨੇ ਇੱਕ ਵਿਅਕਤੀ ਜੋਗਿੰਦਰ ਸਿੰਘ ਗੁੱਜਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਕਾਫੀ ਲੋਕਾਂ 'ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਿੱਖਸ ਫਾਰ ਜਸਟਿਸ ਖ਼ਿਲਾਫ਼ 16 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵਿਕਾਸ ਦੂਬੇ ਕਿਵੇਂ ਬਚਦਾ ਰਿਹਾ

ਕਾਨਪੁਰ ਵਿੱਚ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਟੀਮ 'ਤੇ ਹੋਏ ਜ਼ਬਰਦਸਤ ਹਮਲੇ ਵਿੱਚ 8 ਪੁਲਿਸ ਕਰਮੀ ਮਾਰੇ ਗਏ ਤੇ 7 ਪੁਲਿਸ ਕਰਮੀ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ।

ਮਰਨ ਵਾਲਿਆਂ ਵਿੱਚ ਬਿਲਹੌਰ ਪੁਲਿਸ ਜ਼ਿਲ੍ਹਾ ਅਧਿਕਾਰੀ ਦੇਵੇਂਦਰ ਮਿਸ਼ਰ ਅਤੇ ਐੱਸਓ ਸ਼ਿਵਰਾਜਪੁਰ ਮਹੇਸ਼ ਯਾਦਵ ਵੀ ਸ਼ਾਮਲ ਹਨ।

ਜਿਸ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਨ ਹੀ ਟੀਮ ਗਈ ਸੀ, ਉਸ 'ਤੇ ਨਾ ਸਿਰਫ਼ ਗੰਭੀਰ ਇਲਜ਼ਾਮ ਹਨ ਬਲਕਿ ਦਰਜਨਾਂ ਮੁਕਦਮੇ ਵੀ ਦਰਜ ਹਨ। ਸਿਆਸੀ ਦਲਾਂ ਵਿੱਚ ਵੀ ਉਸ ਦੀ ਚੰਗੀ ਪਹੁੰਚ ਦੱਸੀ ਜਾਂਦੀ ਹੈ।

ਕਾਨਪੁਰ ਦੇ ਚੌਬੇਪੁਰ ਥਾਣੇ ਵਿੱਚ ਵਿਕਾਸ ਦੂਬੇ ਖਿਲਾਫ਼ ਕੁੱਲ 8 ਕੇਸ ਹਨ, ਇਨ੍ਹਾਂ ਵਿੱਚ ਕਤਲ ਅਤੇ ਕਤਲ ਦੇ ਯਤਨ ਵਰਗੇ ਕਈ ਗੰਭੀਰ ਕੇਸ ਵੀ ਸ਼ਾਮਲ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਮੋਦੀ ਦਾ ਜਵਾਨਾਂ ਨੂੰ ਮਿਲਣਾ ਮੁੰਨਾਭਾਈ ਫ਼ਿਲਮ ਨਾਲ ਕਿਵੇਂ ਜੁੜਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਲੇਹ ਦਾ ਦੌਰਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। 3 ਜੁਲਾਈ ਦੀ ਸਵੇਰ ਵੀ ਉਹ ਅਚਾਨਕ ਲੇਹ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਫ਼ੌਜੀ ਅਫ਼ਸਰਾਂ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ।

ਪ੍ਰਧਾਨ ਮੰਤਰੀ ਨੇ ਜਵਾਨਾਂ ਦੇ ਵਿੱਚ ਜਾ ਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ ਅਤੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਇਸ ਮੁਲਾਕਾਤ ਅਤੇ ਗੱਲਬਾਤ ਦਾ ਵੀਡੀਓ ਵੀ ਟਵਿੱਟਰ ਉੱਪਰ ਸਾਂਝੀ ਕੀਤੀ। ਹਾਲਾਂਕਿ ਜਿਸ ਥਾਂ ਜਵਾਨਾਂ ਨੂੰ ਰੱਖਿਆ ਗਿਆ ਹੈ ਉਸ ਬਾਰੇ ਸੋਸ਼ਲ ਮੀਡੀਆ ਉੱਪਰ ਕਈ ਜਣਿਆਂ ਨੇ ਸਵਾਲ ਚੁੱਕੇ ਅਤੇ ਇਸ ਨੂੰ ਪ੍ਰਧਾਨ ਮੰਤਰੀ ਵੱਲੋਂ ਇਸ ਮੁਲਾਕਾਤ ਨੂੰ ਫੋਟੋ ਸੈਸ਼ਨ ਦਾ ਬਣਾਇਆ ਇੱਕ ਮੌਕਾ ਕਰਾਰ ਦਿੱਤਾ।

ਸ਼ਨਿੱਚਰਵਾਰ ਨੂੰ ਕੁਝ ਦੇਰ ਤੱਕ #MunnaBhaiMBBS ਟਵਿੱਟਰ ਉੱਪਰ ਕੁਝ ਦੇਰ ਤੱਕ ਸਭ ਤੋਂ ਵੱਡਾ ਰੁਝਾਨ ਰਿਹਾ। ਹਾਲਾਂਕਿ ਜਦੋਂ ਮਾਮਲਾ ਵਧਦਾ ਦਿਖਿਆ ਤਾਂ ਭਾਰਤੀ ਫ਼ੌਜ ਨੇ ਇਸ ਬਾਰੇ ਸਫ਼ਾਈ ਦਿੱਤੀ।

ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।

ਅਮਰੀਕਾ 'ਚ ਆਜ਼ਾਦੀ ਦਿਹਾੜੀ ਮੌਕੇ ਸਥਾਨਕ ਸਿੱਖਾਂ ਦੀ ਪਹਿਲ

ਕੋਰੋਨਾਵਾਇਰਸ ਦੇ ਮੱਦੇਨਜ਼ਰ ਇਸ ਸਾਲ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਉੱਥੋਂ ਦੇ ਸਿੱਖਾਂ ਨੇ ਪਰੇਡ ਵਿੱਚ ਹਿੱਸਾ ਨਾ ਲੈ ਕੇ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ।

ਕੈਲੀਫੋਰਨੀਆ 'ਚ ਗੁਰਦੁਆਰਾ ਫਰੀਮੋਂਟ ਅਤੇ ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਨੂੰ ਮੁਫ਼ਤ ਰਾਸ਼ਨ, ਮਾਸਕ ਅਤੇ ਸੈਨੇਟਾਈਜ਼ਰ ਦੀ ਸਹੂਲਤ ਦਿੱਤੀ।

ਸਿੱਖਾਂ ਦੀ ਇਸ ਪਹਿਲ ਦੀ ਉੱਥੋਂ ਦੇ ਲੋਕਾਂ ਨੇ ਕਾਫ਼ੀ ਤਾਰੀਫ਼ ਕੀਤੀ ਹੈ।

ਪੂਰੀ ਖ਼ਬਰ ਇਸ ਲਿੰਕ ਉੱਤੇ ਕਲਿੱਕ ਕਰਕੇ ਵੇਖ ਸਕਦੇ ਹੋ।

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)