ਮੋਦੀ ਦਾ ਜਵਾਨਾਂ ਨੂੰ ਮਿਲਣਾ ਮੁੰਨਾਭਾਈ ਫ਼ਿਲਮ ਨਾਲ ਕਿਵੇਂ ਜੋੜਿਆ ਤੇ ਫੌਜ ਕੀ ਕਹਿੰਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਲੇਹ ਦਾ ਦੌਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। 3 ਜੁਲਾਈ ਦੀ ਸਵੇਰ ਉਹ ਅਚਾਨਕ ਲੇਹ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਫ਼ੌਜੀ ਅਫ਼ਸਰਾਂ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ।

15-16 ਜੂਨ ਦੀ ਰਾਤ ਭਾਰਤ-ਚੀਨ ਸਰਹੱਦ ਉੱਪਰ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ 20 ਜਵਾਨਾਂ ਦੀ ਮੌਤ ਹੋ ਗਈ ਸੀ। ਉਸ ਘਟਨਾ ਦੇ 17 ਦਿਨਾਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਤਰ੍ਹਾਂ ਅਚਾਨਕ ਉਸ ਖੇਤਰ ਵਿੱਚ ਜਾਣ ਨੂੰ ਵੱਡਾ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜਵਾਨਾਂ ਵਿਚਾਲੇ ਜਾ ਕੇ ਉਨ੍ਹਾਂ ਦਾ ਹਾਲ ਪੁੱਛਿਆ ਅਤੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਇਸ ਮੁਲਾਕਾਤ ਅਤੇ ਗੱਲਬਾਤ ਦਾ ਵੀਡੀਓ ਵੀ ਟਵਿੱਟਰ ਉੱਪਰ ਸਾਂਝਾ ਕੀਤਾ।

ਇਸ ਦੀਆਂ ਤਸਵੀਰਾਂ ਬੀਜੇਪੀ ਦੇ ਅਧਿਕਾਰਿਤ ਟਵਿੱਟਰ ਹੈਂਡਲ ’ਤੇ ਵੀ ਪੋਸਟ ਕੀਤੀਆਂ ਗਈਆਂ।

ਹਾਲਾਂਕਿ ਜਿਸ ਥਾਂ ਜਵਾਨਾਂ ਨੂੰ ਰੱਖਿਆ ਗਿਆ ਹੈ ਉਸ ਬਾਰੇ ਸੋਸ਼ਲ ਮੀਡੀਆ ਉੱਪਰ ਕਈ ਲੋਕਾਂ ਨੇ ਸਵਾਲ ਚੁੱਕੇ ਅਤੇ ਇਸ ਨੂੰ ਪ੍ਰਧਾਨ ਮੰਤਰੀ ਵੱਲੋਂ ਫੋਟੋ ਸੈਸ਼ਨ ਦਾ ਬਣਾਇਆ ਇੱਕ ਮੌਕਾ ਕਰਾਰ ਦਿੱਤਾ।

ਸ਼ਨਿੱਚਰਵਾਰ ਨੂੰ ਕੁਝ ਦੇਰ ਤੱਕ #MunnaBhaiMBBS ਟਵਿੱਟਰ ਉੱਪਰ ਕੁਝ ਦੇਰ ਤੱਕ ਸਭ ਤੋਂ ਵੱਡਾ ਰੁਝਾਨ ਰਿਹਾ। ਹਾਲਾਂਕਿ ਜਦੋਂ ਮਾਮਲਾ ਵਧਦਾ ਦਿਖਿਆ ਤਾਂ ਭਾਰਤੀ ਫ਼ੌਜ ਨੇ ਇਸ ਬਾਰੇ ਸਫ਼ਾਈ ਦਿੱਤੀ।

ਟਵਿੱਟਰ ਯੂਜ਼ਰ @aartic02 ਨੇ ਲਿਖਿਆ, “ਦੇਸ਼ ਨਾਲ ਇੰਨਾ ਵੱਡਾ ਧੋਖਾ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੇਹ ਯਾਤਰਾ ਦੇ ਦੌਰਾਨ।

ਸਿਰਫ਼ ਫੋਟੋ ਲਈ ਕਾਨਫ਼ਰੰਸ ਰੂਮ ਨੂੰ ਹਸਪਤਾਲ ਬਣਾ ਦਿੱਤਾ ਗਿਆ।”

ਆਰਤੀ ਇੱਕ ਵੈਰੀਫਾਈਡ ਯੂਜ਼ਰ ਹਨ ਅਤੇ ਉਨ੍ਹਾਂ ਦੀ ਟਵਿੱਟਰ ਦੀ ਬਾਇਓ ਵਿੱਚ ਲਿਖਿਆ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨੈਸ਼ਨਲ ਮੀਡੀਆ ਟੀਮ ਨਾਲ ਵਾਬਸਤਾ ਹਨ।

@DrJwalaG ਨੇ ਟਵੀਟ ਕੀਤਾ,“ ਇੱਕ ਅਸਲੀ ਡਾਕਟਰ ਦੱਸ ਰਹੀ ਹੈ ਕਿ ਇੱਥੇ ਕੀ ਕੁਝ ਨਹੀਂ ਹੈ। ਮਰੀਜ਼ਾਂ ਦਾ ਆਡੀ ਬੈਂਡ ਨਹੀਂ ਹੈ। ਪਲਸ ਆਕਸੀਮੀਟਰ ਨਹੀਂ ਹੈ। ਈਸੀਜੀ ਦੀ ਤਾਰ ਨਹੀਂ ਹੈ। ਮੌਨੀਟਰ ਨਹੀਂ ਹੈ। ਆਵੀ ਕੈਨੂਲਾ ਨਹੀਂ ਹੈ। ਐਮਰਜੈਂਸੀ ਕ੍ਰੈਸ਼ ਕਾਰਟ ਨਹੀਂ ਹੈ। ਹੋਰ ਵੀ ਬਹੁਤ ਕੁਝ। ਨਾ ਹੀ ਕੋਈ ਡਾਕਟਰ ਮਰੀਜ਼ਾਂ ਬਾਰੇ ਦੱਸ ਰਿਹਾ ਹੈ। ਇਸ ਤਰ੍ਹਾਂ ਦੇ ਫੋਟੋ ਵਾਲੇ ਮੌਕੇ ਤੋਂ ਪਹਿਲਾਂ ਡਾਕਟਰ ਸੱਦ ਲਓ।”

@SECULARINDIAN72 ਨੇ ਆਪਣੇ ਟਵੀਟ ਵਿੱਚ ਲਿਖਿਆ, "ਨਾ ਦਵਾਈਆਂ ਦੀ ਟੇਬਲ ਹੈ, ਨਾ ਡਾਕਟਰ, ਨਾ ਬੈਂਡੇਜ, ਨਾ ਕੋਈ ਮਰੀਜ਼ ਸੌਂ ਰਿਹਾ ਹੈ, ਨਾ ਕਿਸੇ ਨੂੰ ਡਰਿਪ ਲੱਗੀ ਹੈ, ਨਾ ਆਕਸੀਜਨ ਸਿਲੰਡਰ ਹੈ ਨਾ ਵੈਂਟੀਲੇਟਰ। ਅਜਿਹਾ ਲਗਦਾ ਹੈ ਇਹ ਮੁੰਨਾ ਭਾਈ ਐੱਮਬੀਬੀਐੱਸ ਦਾ ਸੀਨ ਹੈ।"

@Jijo_Joseph ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਜੋੜ ਕੇ ਟਵੀਟ ਕੀਤਾ ਅਤੇ ਲਿਖਿਆ, “ਸੱਚ ਦਾ ਹਸਪਤਾਲ ਬਨਾਮ ਪੀਆਰ ਐਕਸਰਸਾਈਜ਼”।

ਇਨ੍ਹਾਂ ਤਸਵੀਰਾਂ ਵਿੱਚ ਇੱਕ ਪਾਸੇ ਮੋਦੀ ਲੇਹ ਵਿੱਚ ਜਵਾਨਾਂ ਨੂੰ ਮਿਲ ਰਹੇ ਹਨ। ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹਸਪਤਾਲ ਵਿੱਚ ਭਰਤੀ ਲੋਕਾਂ ਨੂੰ ਮਿਲ ਰਹੇ ਹਨ।

ਅੰਜਲੀ ਸ਼ਰਮਾ ਨੇ ਟਵਿੱਟਰ ’ਤੇ ਲਿਖਿਆ,“ ਇੱਕ ਜਾਲਮ ਸੰਘਰਸ਼ ਦਾ ਇਸ ਤਰ੍ਹਾਂ ਮਜ਼ਾਕ ਬਣਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ 20 ਜਵਾਨ ਖੋਏ ਹਨ। ਪਰ ਇੱਥੇ ਕੁਝ ਅਜਿਹੀਆਂ ਤਸਵੀਰਾਂ ਲਈ ਹਸਪਤਾਲ ਦਾ ਨਕਲੀ ਸੈਟਅਪ ਤਿਆਰ ਕਰਵਾਇਆ ਗਿਆ ਹੈ ਅਤੇ ਕੁਝ ਕਿਰਾਏ ਦੇ ਐਕਟਰਾਂ ਨੂੰ ਉੱਥੇ ਬਿਠਾ ਦਿੱਤਾ ਗਿਆ ਹੈ। ਇੱਕ ਦਿਨ ਸੱਚ ਸਾਹਮਣੇ ਆਵੇਗਾ।”

@ayyoramaa ਨੇ ਟਵੀਟ ਕੀਤਾ, " ਥੈਰੇਪੀ ਲੈਣਾ, ਪ੍ਰੋਟੋਕਾਲ ਅਪਨਾਉਣਾ, ਯੁੱਧ ਵਰਗੇ ਹਾਲਾਤ ਵਿੱਚ ਸਦਮੇ ਤੋਂ ਉਭਰਨ ਲਈ ਲਗਾਤਾਰ ਨਿਗਰਾਨੀ ਵਿੱਚ ਰਹਿਣਾ, ਤਾਂ ਕਿ ਫ਼ੌਜ ਦੇ ਜਵਾਨ ਮੁੜ ਤੋਂ ਸੇਵਾ ਵਿੱਚ ਸਥਿਰ ਦਿਮਾਗ ਨਾਲ ਆ ਸਕਣ, ਉਸ ਨੂੰ ਤੁਸੀਂ ਮੁੰਨਾ ਭਾਈ ਐੱਮਬੀਬੀਐੱਸ ਕਹਿ ਰਹੇ ਹੋ। ਫ਼ੌਜ ਦੀ ਕੁਝ ਤਾਂ ਇੱਜ਼ਤ ਕਰੋ।"

ਫ਼ੌਜ ਨੇ ਜਾਰੀ ਕੀਤਾ ਬਿਆਨ

ਇਸ ਮਾਮਲੇ ਵਿੱਚ ਫ਼ੌਜ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ,“ਤਿੰਨ ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜਿਸ ਹਸਪਤਾਲ ਦਾ ਦੌਰਾ ਕੀਤਾ ਉਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਇਹ ਬਦਕਿਸਤਮਤੀ ਹੈ ਕਿ ਸਾਡੇ ਬਾਹਦਰ ਜਵਾਨਾਂ ਦਾ ਜਿਸ ਤਰ੍ਹਾਂ ਖ਼ਿਆਲ ਰੱਖਿਆ ਜਾ ਰਿਹਾ ਹੈ। ਉਸ ਉੱਪਰ ਸਵਾਲ ਚੁੱਕੇ ਜਾ ਰਹੇ ਹਨ।”

“ਇਹ ਸਪਸ਼ਟ ਕੀਤਾ ਗਿਆ ਹੈ ਕਿ ਜਿਸ ਥਾਂ ਦਾ ਦੌਰਾ ਪ੍ਰਧਾਨ ਮੰਤਰੀ ਨੇ ਕੀਤਾ ਹੈ ਉਹ ਜਰਨਲ ਹਸਪਤਾਲ ਕੰਪਲੈਕਸ ਦਾ ਕ੍ਰਾਇਸਿਸ ਐਕਸਟੈਂਕਸ਼ਨ ਹੈ ਅਤੇ ਇਸ ਵਿੱਚ 100 ਬੈੱਡ ਹਨ।”

ਕੋਵਿਡ-19 ਪ੍ਰੋਟੋਕਾਲ ਦੇ ਕਾਰਨ ਹਸਪਤਾਲ ਵਿੱਚ ਕੁਝ ਵਾਰਡਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਬਦਲ ਦਿੱਤਾ ਗਿਆ ਹੈ। ਇਸ ਲਈ ਇਹ ਹਾਲ ਜੋ ਆਮ ਤੌਰ ’ਤੇ ਆਡੀਓ-ਵੀਡੀਓ ਟਰੇਨਿੰਗ ਹਾਲ ਵਜੋਂ ਵਰਤਿਆ ਜਾਂਦਾ ਸੀ ਉਸ ਨੂੰ ਇੱਕ ਵਾਰਡ ਵਿੱਚ ਬਦਲ ਦਿੱਤਾ ਗਿਆ ਹੈ।”

“ਜਦੋਂ ਤੋਂ ਹਸਪਤਾਲ ਨੂੰ ਕੋਵਿਡ ਟਰੀਟਮੈਂਟ ਲਈ ਵੱਖਰਾ ਰੱਖਿਆ ਗਿਆ ਹੈ। ਗਲਵਾਨ ਤੋਂ ਆਉਣ ਵਾਲੇ ਜ਼ਖਮੀ ਫ਼ੌਜੀਆਂ ਨੂੰ ਇੱਥੇ ਰੱਖੇ ਗਏ ਸਨ ਅਤੇ ਕੁਆਰੰਟੀਨ ਕੀਤੇ ਗਏ ਸਨ। ਫ਼ੌਜ ਮੁਖੀ ਜਨਰਲ ਐੱਮਐੱਸ ਨਰਵਣੇ ਅਤੇ ਆਰਮੀ ਕਮਾਂਡਰ ਨੇ ਵੀ ਇਸੇ ਥਾਂ ਦਾ ਦੌਰਾ ਕੀਤਾ ਸੀ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ।”

ਫ਼ੌਜ ਮੁਖੀ ਨੇ 23 ਜੂਨ ਨੂੰ ਇਸੇ ਥਾਂ ਦਾ ਦੌਰਾ ਕੀਤਾ ਸੀ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੀ ਤਸਵੀਰ ਵੀ ਭਾਰਤੀ ਫ਼ੌਜ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)