ਵਿਕਾਸ ਦੂਬੇ ਦਾ ਕਈ ਸੰਗੀਨ ਮਾਮਲਿਆਂ ’ਚ ਨਾਂ ਸੀ, ਫ਼ਿਰ ਵੀ ਕਿਵੇਂ ਬਚਦਾ ਰਿਹਾ

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਬੀਬੀਸੀ ਹਿੰਦੀ ਲਈ

ਕਾਨਪੁਰ ਮੁਠਭੇੜ ਦੇ ਮੁੱਖ ਮੁਲਜ਼ਮ ਵਿਕਾਸ ਦੂਬੇ ਨੂੰ ਪੁਲਿਸ ਨੇ ਕਥਿਤ ਐਨਕਾਊਂਟਰ ਵਿੱਚ ਮਾਰ ਦਿੱਤਾ ਗਿਆ ਹੈ। ਖ਼ਬਰ ਏਜੰਸੀ ਏਐੱਨਾਆਈ ਮੁਤਾਬਕ ਕਾਨਪੁਰ ਲਿਜਾਉਣ ਵੇਲੇ ਪੁਲਿਸ ਕਾਫ਼ਲੇ ਦੀ ਇੱਕ ਗੱਡੀ ਪਲਟ ਗਈ, ਜਿਸ ਵਿੱਚ ਵਿਕਾਸ ਦੂਬੇ ਸਵਾਰ ਸੀ ਅਤੇ ਇਸ ਦੌਰਾਨ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਮੁਠਭੇੜ ਵਿੱਚ ਵਿਕਾਸ ਜ਼ਖਮੀ ਹੋ ਗਿਆ ਸੀ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕਾਨਪੁਰ ਦੇ ਆਈਜੀ ਮੋਹਿਤ ਅਗਰਵਾਲ ਨੇ ਵਿਕਾਸ ਦੂਬੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਦਰਅਸਲ ਕਾਨਪੁਰ ਵਿੱਚ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਟੀਮ ’ਤੇ ਹੋਏ ਜ਼ਬਰਦਸਤ ਹਮਲੇ ਵਿੱਚ 8 ਪੁਲਿਸ ਕਰਮੀ ਮਾਰੇ ਗਏ ਤੇ 7 ਪੁਲਿਸ ਕਰਮੀ ਗੰਭੀਰ ਤੌਰ ’ਤੇ ਜਖ਼ਮੀ ਹੋ ਗਏ ਸਨ।

ਮਰਨ ਵਾਲਿਆਂ ਵਿੱਚ ਬਿਲਹੌਰ ਪੁਲਿਸ ਜ਼ਿਲ੍ਹਾ ਅਧਿਕਾਰੀ ਦੇਵੇਂਦਰ ਮਿਸ਼ਰ ਅਤੇ ਐੱਸਓ ਸ਼ਿਵਰਾਜਪੁਰ ਮਹੇਸ਼ ਯਾਦਵ ਵੀ ਸ਼ਾਮਲ ਹਨ।

ਵਿਕਾਸ ਦੂਬੇ ’ਤੇ ਨਾ ਸਿਰਫ਼ ਗੰਭੀਰ ਇਲਜ਼ਾਮ ਸਨ ਬਲਕਿ ਦਰਜਨਾਂ ਮੁਕਦਮੇ ਵੀ ਦਰਜ ਸਨ। ਸਿਆਸੀ ਦਲਾਂ ਵਿੱਚ ਵੀ ਉਸ ਦੀ ਚੰਗੀ ਪਹੁੰਚ ਦੱਸੀ ਜਾਂਦੀ ਸੀ।

ਕਾਨਪੁਰ ਦੇ ਚੌਬੇਪੁਰ ਥਾਣੇ ਵਿੱਚ ਵਿਕਾਸ ਦੂਬੇ ਖਿਲਾਫ਼ ਕੁੱਲ 8 ਕੇਸ ਸਨ, ਇਨ੍ਹਾਂ ਵਿੱਚ ਕਤਲ ਅਤੇ ਕਤਲ ਦੇ ਯਤਨ ਵਰਗੇ ਕਈ ਗੰਭੀਰ ਕੇਸ ਵੀ ਸ਼ਾਮਲ ਸਨ।

ਕਾਨਪੁਰ ਦੇ ਆਈਜੀ ਪੁਲਿਸ ਮੋਹਿਤ ਅਗਰਵਾਲ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਜਿਸ ਮਾਮਲੇ ਵਿੱਚ ਪੁਲਿਸ ਵਿਕਾਸ ਦੂਬੇ ਦੇ ਘਰ ਗਈ ਸੀ ਉਹ ਵੀ ਕਤਲ ਨਾਲ ਜੁੜਿਆ ਮਾਮਲਾ ਸੀ ਅਤੇ ਵਿਕਾਸ ਦੂਬੇ ਉਸ ਵਿੱਚ ਨਾਮਜ਼ਦ ਸੀ।

ਚੌਬੇਪੁਰ ਥਾਣੇ ਵਿੱਚ ਦਰਜ ਕੇਸ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਪਿਛਲੇ ਕਰੀਬ ਤਿੰਨ ਦਹਾਕੇ ਤੋਂ ਅਪਰਾਧ ਦੀ ਦੁਨੀਆਂ ਤੋਂ ਵਿਕਾਸ ਦੂਬੇ ਦਾ ਨਾਮ ਜੁੜਿਆ ਹੋਇਆ ਸੀ। ਕਈ ਵਾਰ ਉਸ ਦੀ ਗ੍ਰਿਫ਼ਤਾਰੀ ਵੀ ਹੋਈ, ਪਰ ਉਸ ਨੂੰ ਕਿਸੇ ਮਾਮਲੇ ਵਿੱਚ ਸਜ਼ਾ ਨਹੀਂ ਮਿਲ ਸਕੀ ਸੀ।

ਕਾਨਪੁਰ ਵਿੱਚ ਸਥਾਨਕ ਪੱਤਰਕਾਰ ਪ੍ਰਵੀਣ ਮੋਹਤਾ ਦੱਸਦੇ ਹਨ, "ਸਾਲ 2011 ਵਿੱਚ ਵਿਕਾਸ ਦੂਬੇ ’ਤੇ ਥਾਣੇ ਅੰਦਰ ਵੜ ਕੇ ਭਾਜਪਾ ਰਾਜ ਮੰਤਰੀ ਸੰਤੋਸ਼ ਸ਼ੁਕਲਾ ਦਾ ਕਤਲ ਕਰਨ ਦਾ ਇਲਜ਼ਾਮ ਲੱਗਿਆ ਸੀ। ਸੰਤੋਸ਼ ਸ਼ੁਕਲਾ ਦਾ ਕਤਲ ਇੱਕ ਹਾਈ-ਪ੍ਰੋਫਾਇਲ ਕਤਲ ਸੀ। ਇੰਨੀ ਵੱਡੀ ਵਾਰਦਾਤ ਹੋਣ ਤੋਂ ਬਾਅਦ ਵੀ ਕਿਸੇ ਪੁਲਿਸ ਵਾਲੇ ਨੇ ਵਿਕਾਸ ਦੇ ਖਿਲਾਫ਼ ਗਵਾਹੀ ਨਹੀਂ ਦਿੱਤੀ ਸੀ। ਕੋਰਟ ਵਿੱਚ ਵਿਕਾਸ ਦੂਬੇ ਦੇ ਖਿਲਾਫ਼ ਕੋਈ ਸਬੂਤ ਨਹੀਂ ਪੇਸ਼ ਕੀਤਾ ਜਾ ਸਕਿਆ, ਜਿਸ ਕਾਰਨ ਉਸ ਨੂੰ ਛੱਡ ਦਿੱਤਾ ਗਿਆ ਸੀ।"

ਇਸ ਤੋਂ ਇਲਾਵਾ ਸਾਲ 2000 ਵਿੱਚ ਕਾਨਪੁਰ ਦੇ ਸ਼ਿਵਲੀ ਥਾਣਾ ’ਚ ਪੈਂਦੇ ਤਾਰਾਚੰਦ ਇੰਟਰ ਕਾਲਜ ਦੇ ਸਹਾਇਕ ਪ੍ਰਬੰਧਕ ਸਿੰਦੇਸ਼ਵਰ ਪਾਂਡੇ ਦੇ ਕਤਲ ਦੇ ਮਾਮਲੇ ਵਿੱਚ ਵੀ ਵਿਕਾਸ ਦੂਬੇ ਨੂੰ ਨਾਮਜ਼ਦ ਕੀਤਾ ਗਿਆ ਸੀ।

ਥਾਣੇ ਵਿੱਚ ਦਰਜ ਰਿਪੋਰਟਾਂ ਮੁਤਾਬਕ ਸਾਲ 2000 ਵਿੱਚ ਹੀ ਵਿਕਾਸ ਦੁਬੇ ਦੇ ਉਪਰ ਰਾਮ ਬਾਬੂ ਯਾਦਵ ਦੇ ਕਤਲ ਦੇ ਮਾਮਲੇ ਵਿੱਚ ਸਾਜ਼ਿਸ਼ ਰਚਣ ਦਾ ਇਲਜ਼ਾਮ ਵੀ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ-

ਸਾਲ 2004 ਵਿੱਚ ਇੱਕ ਵਪਾਰੀ ਦੇ ਕਤਲ ਵਿੱਚ ਵੀ ਵਿਕਾਸ ਦੂਬੇ ਦਾ ਨਾਮ ਸਾਹਮਣੇ ਆਇਆ ਸੀ। ਪੁਲਿਸ ਮੁਤਾਬਕ, ਇਨ੍ਹਾਂ ਵਿੱਚੋਂ ਕਈ ਮਾਮਲਿਆਂ ਵਿੱਚ ਵਿਕਾਸ ਦੂਬੇ ਜੇਲ੍ਹ ਜਾ ਚੁੱਕਾ ਸੀ, ਪਰ ਜ਼ਮਾਨਤ ’ਤੇ ਲਗਾਤਾਰ ਛੁੱਟਦਾ ਰਿਹਾ ਸੀ।

ਸਾਲ 2013 ਵਿੱਚ ਵੀ ਵਿਕਾਸ ਦੂਬੇ ਦਾ ਨਾਮ ਕਤਲ ਦੇ ਇੱਕ ਮਾਮਲੇ ਵਿੱਚ ਸਾਹਮਣੇ ਆਇਆ ਸੀ।

ਇਹ ਨਹੀਂ, ਸਾਲ 2018 ਵਿੱਚ ਵਿਕਾਸ ਦੂਬੇ ’ਤੇ ਆਪਣੇ ਚਾਚੇ ਦੇ ਮੁੰਡੇ ਅਨੁਰਾਗ ’ਤੇ ਵੀ ਜਾਨਲੇਵਾ ਹਮਲਾ ਕਰਨਾ ਦਾ ਇਲਜ਼ਾਮ ਲੱਗਾ ਸੀ, ਜਿਸ ਵਿੱਚ ਅਨੁਰਾਗ ਦੀ ਪਤਨੀ ਨੇ ਵਿਕਾਸ ਸਣੇ ਚਾਰ ਲੋਕਾਂ ਦੇ ਖਿਲਾਫ਼ ਐੱਫਆਈਆਰ ਦਰਜ ਕਰਵਾਈ ਸੀ।

ਪ੍ਰਵੀਣ ਮੋਹਤਾ ਨੇ ਦੱਸਿਆ ਸੀ, "ਹਰੇਕ ਸਿਆਸੀ ਦਲ ਵਿੱਚ ਵਿਕਾਸ ਦੂਬੇ ਦਾ ਰੋਹਬ ਹੁੰਦਾ ਸੀ ਤੇ ਇਹੀ ਕਾਰਨ ਸੀ ਕਿ ਉਸ ਕਦੇ ਨੂੰ ਨਹੀਂ ਫੜਿਆ ਗਿਆ। ਜੇ ਕਦੇ ਫੜਿਆ ਵੀ ਗਿਆ ਤਾਂ ਕੁਝ ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆ ਜਾਂਦਾ ਸੀ।"

ਪਿੰਡ ਵਿੱਚ ਕਿਲ੍ਹੇ ਵਰਗਾ ਘਰ

ਵਿਕਾਸ ਦੂਬੇ ਮੂਲ ਤੌਰ ’ਤੇ ਕਾਨਪੁਰ ਵਿੱਚ ਬਿਠੂਰ ਦੇ ਸ਼ਿਵਲੀ ਥਾਣੇ ਦੇ ਬਿਕਰੂ ਪਿੰਡ ਦਾ ਰਹਿਣ ਵਾਲਾ ਸੀ। ਪਿੰਡ ਵਿੱਚ ਉਸ ਨੇ ਆਪਣਾ ਘਰ ਕਿਲ੍ਹੇ ਵਰਗਾ ਬਣਾਇਆ ਹੋਇਆ ਸੀ।

ਸਥਾਨਕ ਲੋਕਾਂ ਮੁਤਾਬਕ, ਬਿਨਾਂ ਉਸ ਦੀ ਮਰਜ਼ੀ ਤੋਂ ਘਰ ਅੰਦਰ ਕੋਈ ਵੀ ਨਹੀਂ ਜਾ ਸਕਦਾ ਸੀ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਲ 2002 ਵਿੱਚ ਜਦੋਂ ਸੂਬੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਸੀ, ਉਸ ਵੇਲੇ ਵਿਕਾਸ ਦੂਬੇ ਦੀ ਤੂਤੀ ਬੋਲਦੀ ਹੁੰਦੀ ਸੀ।

ਬਿਕਰੂ ਪਿੰਡ ਦੇ ਹੀ ਰਹਿਣ ਵਾਲੇ ਇੱਕ ਸ਼ਖ਼ਸ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਦੌਰਾਨ ਉਸ ਨੇ ਨਾ ਸਿਰਫ਼ ਅਪਰਾਧ ਦੀ ਦੁਨੀਆਂ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਸੀ ਬਲਕਿ ਪੈਸਾ ਵੀ ਖੂਬ ਕਮਾਇਆ ਸੀ।

ਚੌਬੇਪੁਰ ਥਾਣੇ ਵਿੱਚ ਦਰਜ ਤਮਾਮ ਮਾਮਲੇ ਗੈਰ-ਕਾਨੂੰਨੀ ਜ਼ਮੀਨ ਦੀ ਖਰੀਦੋ-ਫਰੋਖ਼ਤ ਨਾਲ ਵੀ ਜੁੜੇ ਸਨ।

ਇਨ੍ਹਾਂ ਦੀ ਬਦੌਲਤ ਵਿਕਾਸ ਦੂਬੇ ਨੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਸੀ। ਬਿਠੂਰ ਵਿੱਚ ਹੀ ਉਸ ਦੇ ਕੁਝ ਸਕੂਲ ਤੇ ਕਾਲਜ ਵੀ ਚੱਲਦੇ ਹਨ।

ਬਿਕਰੂ ਪਿੰਡ ਦੇ ਲੋਕ ਦੱਸਦੇ ਹਨ ਕਿ ਨਾ ਸਿਰਫ਼ ਆਪਣੇ ਪਿੰਡ ਵਿੱਚ ਬਲਕਿ ਨੇੜਲੇ ਪਿੰਡਾਂ ਵਿੱਚ ਵੀ ਵਿਕਾਸ ਦਾ ਦਬਦਬਾ ਕਾਇਮ ਸੀ।

ਜ਼ਿਲ੍ਹਾ ਪੰਚਾਇਤ ਤੇ ਕਈ ਪਿੰਡਾਂ ਦੇ ਸਰਪੰਚਾਂ ਦੀਆਂ ਚੋਣਾਂ ਵਿੱਚ ਵਿਕਾਸ ਦੂਬੇ ਦੀ ਪਸੰਦ ਅਤੇ ਨਾ-ਪਸੰਦ ਕਾਫੀ ਮਾਅਨੇ ਰੱਖਦੀ ਰਹੀ ਸੀ।

ਪਿੰਡ ਦੇ ਇੱਕ ਬਜ਼ੁਰਗ ਦੱਸਦੇ ਹਨ, "ਬਿਕਰੂ ਪਿੰਡ ਵਿੱਚ ਪਿਛਲੇ 15 ਸਾਲ ਤੋਂ ਬਿਨਾਂ ਕਿਸੇ ਵਿਰੋਧ ਤੋਂ ਪ੍ਰਧਾਨ ਬਣ ਰਹੇ ਹਨ, ਜਦ ਕਿ ਵਿਕਾਸ ਦੂਬੇ ਦੇ ਪਰਿਵਾਰ ਦੇ ਹੀ ਲੋਕ ਪਿਛਲੇ 15 ਸਾਲ ਤੋਂ ਜ਼ਿਲ੍ਹਾ ਪੰਚਾਇਤ ਦੇ ਮੈਂਬਰਾਂ ਦੀਆਂ ਚੋਣਾਂ ਵੀ ਜਿੱਤ ਰਹੇ ਹਨ।

ਕੀ ਹੈ ਵਿਕਾਸ ਦੂਬੇ ਦਾ ਪਿਛੋਕੜ?

ਪਿੰਡ ਵਾਲਿਆਂ ਮੁਤਾਬਕ, ਵਿਕਾਸ ਦੂਬੇ ਦੇ ਪਿਤਾ ਕਿਸਾਨ ਹਨ ਅਤੇ ਇਹ ਤਿੰਨ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਇੱਕ ਭਰਾ ਦਾ ਕਰੀਬ 8 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਭਰਾਵਾਂ ਵਿੱਚੋਂ ਵਿਕਾਸ ਦੂਬੇ ਸਭ ਤੋਂ ਵੱਡਾ ਸੀ। ਵਿਕਾਸ ਦੀ ਪਤਨੀ ਰਿੱਚਾ ਦੂਬੇ ਫਿਲਹਾਲ ਜ਼ਿਲ੍ਹਾ ਪੰਚਾਇਤ ਮੈਂਬਰ ਹੈ।

ਬਿਕਰੂ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਸੀ ਕਿ ਵਿਕਾਸ ਦੂਬੇ ਦੇ ਖਿਲਾਫ ਥਾਣੇ ਵਿੱਚ ਭਾਵੇਂ ਜਿੰਨੇ ਮਰਜ਼ੀ ਮੁਕਦਮੇ ਦਰਜ ਹੋਣ ਪਰ ਪਿੰਡ ਵਿੱਚ ਉਸ ਦੀ ਬੁਰਾਈ ਕਰਨ ਵਾਲਾ ਕੋਈ ਨਹੀਂ ਮਿਲੇ ਤੇ ਨਾ ਹੀ ਉਸ ਦੇ ਖਿਲਾਫ਼ ਕੋਈ ਗਵਾਈ ਦਿੰਦਾ ਸੀ।

ਉਨ੍ਹਾਂ ਮੁਤਾਬਕ, ਸਾਲ 2000 ਦੇ ਨੇੜੇ ਸ਼ਿਵਲੀ ਦੇ ਤਤਕਾਲੀ ਨਗਰ ਪੰਚਾਇਤ ਦੇ ਚੇਅਰਮੈਨ ਲੱਲਨ ਵਾਜਪਾਈ ਨਾਲ ਵਿਵਾਦ ਤੋਂ ਬਾਅਦ ਵਿਕਾਸ ਦੂਬੇ ਨੇ ਅਪਰਾਧ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

ਪਿੰਡ ਵਾਲਿਆਂ ਮੁਤਾਬਕ, ਵਿਕਾਸ ਦੂਬੇ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿਚੋਂ ਇੱਕ ਇੰਗਲੈਂਡ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਿਹਾ ਹੈ, ਜਦ ਕਿ ਦੂਜੇ ਕਾਨਪੁਰ ਵਿੱਚ ਹੀ ਰਹਿ ਕੇ ਪੜ੍ਹਾਈ ਕਰ ਰਿਹਾ ਹੈ।

ਕੋਰੋਨਾਵਾਇਰਸ ਨਾਲ ਜੁੜੀਆਂ ਇਹ ਖ਼ਬਰਾਂ ਪੜ੍ਹੋ-

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)