ਜਪਾਨੀਆਂ ਦੇ ਖਾਣੇ 'ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ

    • ਲੇਖਕ, ਵਿਰੋਨਿਕ ਗ੍ਰੀਨਵੁੱਡ
    • ਰੋਲ, ਬੀਬੀਸੀ ਫਿਊਚਰ

ਜਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆਂ ਦੇ ਸਭ ਤੋਂ ਵੱਧ ਸੌ ਸਾਲ ਦੀ ਉਮਰ ਪੂਰੀ ਕਰਨ ਵਾਲੇ ਲੋਕ ਹਨ। ਇੱਥੇ 1 ਲੱਖ ਦੀ ਆਬਾਦੀ 'ਤੇ 48 ਲੋਕ ਅਜਿਹੇ ਹਨ ਜਿੰਨ੍ਹਾਂ ਨੇ 100 ਦਾ ਅੰਕੜਾ ਪੂਰਾ ਕੀਤਾ ਹੈ।

ਦੁਨੀਆ 'ਚ ਇਸ ਅੰਕੜੇ ਦੇ ਨੇੜੇ-ਤੇੜੇ ਕੋਈ ਹੋਰ ਦੂਜਾ ਦੇਸ਼ ਨਹੀਂ ਹੈ।

ਅਜਿਹੇ ਅੰਕੜੇ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਇਸ ਪਿੱਛੇ ਕੀ ਰਾਜ਼ ਹੈ? ਉਨ੍ਹਾਂ ਕੋਲ ਅਜਿਹਾ ਕੀ ਹੈ ਜਿਸ ਤੋਂ ਅਸੀਂ ਵਾਂਝੇ ਹਾਂ?

ਕੀ ਉਨ੍ਹਾਂ ਦੀ ਲੰਬੀ ਉਮਰ ਦਾ ਭੇਤ ਉਨ੍ਹਾਂ ਦਾ ਖਾਣ-ਪੀਣ ਹੈ?

ਕੁਝ ਇਸ ਤਰ੍ਹਾਂ ਉਨ੍ਹਾਂ ਨੇ ਸਾਨੂੰ "ਮੈਡੀਟੇਰੀਅਨ ਖੁਰਾਕ" , ਜਿਸ 'ਚ ਕਿ ਜਾਨਵਰਾਂ ਦੀ ਚਰਬੀ ਦੀ ਘੱਟ ਮਾਤਰਾ ਹੁੰਦੀ ਹੈ ਪ੍ਰਦਾਨ ਕੀਤੀ।

ਇਸ ਖੁਰਾਕ ਦੀ ਪ੍ਰਸਿੱਧੀ ਇਸ ਦੇ ਖਿੱਤੇ ਤੋਂ ਬਾਹਰ ਅਮਰੀਕੀ ਪੋਸ਼ਣ ਮਾਹਰ ਏਨਸਲ ਕੀਜ਼ ਅਤੇ 70 ਦੇ ਦਹਾਕੇ 'ਚ ਇਟਲੀ ਦੇ ਵੱਡੀ ਉਮਰ ਦੇ ਲੋਕਾਂ ਦੀ ਇਸ 'ਚ ਦਿਲਚਸਪੀ ਤੋਂ ਸਹਿਜੇ ਹੀ ਲਗਾਈ ਜਾ ਸਕਦੀ ਹੈ।

1990 ਦੇ ਦਹਾਕੇ 'ਚ ਇੱਕ ਹੋਰ ਪੋਸ਼ਣ ਮਾਹਰ, ਵਾਲਟਰ ਵਿਲੇਟ ਨੇ ਇੱਕ ਅਕਾਦਮਿਕ ਲੇਖ ਰਾਹੀਂ ਜਾਪਨੀ ਲੋਕਾਂ ਦੀ ਲੰਬੀ ਉਮਰ ਦਾ ਜ਼ਿਕਰ ਕੀਤਾ ਸੀ ਅਤੇ ਨਾਲ ਹੀ ਉਨ੍ਹਾਂ ਨੇ ਦਿਲ ਦੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਘੱਟ ਗਿਣਤੀ ਦਾ ਵੀ ਵਰਣਨ ਕੀਤਾ ਸੀ।

ਉਦੋਂ ਤੋਂ ਹੀ ਬਹੁਤ ਸਾਰੇ ਖੋਜਕਰਤਾਵਾਂ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਕੀ ਲੰਬੀ ਉਮਰ ਲਈ ਖੁਰਾਕ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ ਅਤੇ ਜੇਕਰ ਇਸ ਦਾ ਜਵਾਬ ਹਾਂ ਹੈ ਤਾਂ ਸਾਨੂੰ ਆਪਣੀ ਉਮਰ ਲੰਬੀ ਕਰਨ ਲਈ ਕਿਸ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਨ ਦੀ ਲੋੜ ਹੈ?

ਇਹ ਵੀ ਪੜ੍ਹੋ

ਜਪਾਨੀ ਖੁਰਾਕ ਕੀ ਹੈ?

ਜਪਾਨ ਦੇ ਨੈਸ਼ਨਲ ਸੈਂਟਰ ਫ਼ਾਰ ਜੇਰੀਅਟਰਿਕਸ ਅਤੇ ਜੀਰਨਟੋਲੋਜੀ (National Center for Geriatrics and Gerontology) ਦੇ ਮਹਾਂਮਾਰੀ ਦੇ ਫੈਲਾਅ ਅਤੇ ਰੋਕਥਾਮ ਸਬੰਧੀ ਅਧਿਐਨ ਕਰਨ ਵਾਲੇ ਵਿਗਿਆਨੀ ਸ਼ੂ ਯਾਂਗ ਦਾ ਕਹਿਣਾ ਹੈ ਕਿ ਜੇਕਰ ਜਾਪਾਨੀ ਖੁਰਾਕ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਬਹੁਤ ਹੀ ਵਿਆਪਕ ਧਾਰਨਾ ਹੈ ਜਿਸ 'ਚ ਸੁਸ਼ੀ ਹਰ ਸਮੇਂ ਪ੍ਰਮੁੱਖ ਭੋਜਨ ਨਹੀਂ ਹੁੰਦੀ ਹੈ।

ਹਾਲ 'ਚ ਹੀ ਜਪਾਨੀ ਖੁਰਾਕ ਅਤੇ ਸਿਹਤ ਵਿਚਾਲੇ ਆਪਸੀ ਸੰਬੰਧਾਂ ਦੀ ਜਾਂਚ ਕਰਨ ਵਾਲੇ ਇੱਕ ਤਾਜ਼ਾ ਅਧਿਐਨ 'ਚ 39 ਜਾਂਚਾਂ ਦੀ ਸਮੀਖਿਆ ਕੀਤੀ ਗਈ ਹੈ।

ਇਸ 'ਚ ਕੁਝ ਇਕ ਸਮਾਨ ਤੱਤ ਨਿਕਲ ਕੇ ਸਾਹਮਣੇ ਆਏ ਹਨ। ਵੇਖਿਆ ਗਿਆ ਹੈ ਕਿ ਮੱਛੀ, ਸਬਜ਼ੀਆਂ, ਸੋਏ ਅਤੇ ਹੋਰ ਪਦਾਰਥ ਜਿਵੇਂ ਕਿ ਚੌਲ, ਸੋਇਆ ਸੌਸ ਅਤੇ ਮਿਸੋ ਸੂਪ ਵਰਗੇ ਤੱਤ ਆਮ ਹਨ।

ਯਾਂਗ ਦਾ ਕਹਿਣਾ ਹੈ ਕਿ ਦਰਅਸਲ ਇਸ ਤਰ੍ਹਾਂ ਦਾ ਭੋਜਨ ਦਿਲ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਦਾ ਹੈ ਪਰ ਕੈਂਸਰ ਦੀ ਬਿਮਾਰੀ 'ਚ ਅਜਿਹਾ ਨਹੀਂ ਹੈ।

ਦਿਲਚਸਪ ਗੱਲ ਇਹ ਹੈ ਕਿ ਸਮੁੱਚੇ ਤੌਰ 'ਤੇ ਘੱਟ ਮੌਤ ਦਰ ਨਾਲ ਵੀ ਇਹ ਜੁੜਿਆ ਹੋਇਆ ਹੈ।

ਟੋਹੋਕੋ ਯੂਨੀਵਰਸਿਟੀ 'ਚ ਮੌਲਿਕਿਊਲਰ (ਅਣੂ) ਬਾਇਓਸਾਇੰਸ ਦੇ ਪ੍ਰੋਫੈਸਰ ਸੁਯੌਸ਼ੀ ਸੁਡੂਕੀ ਨੇ ਅਧਿਐਨ ਕੀਤਾ ਹੈ ਕਿ ਜਪਾਨੀ ਖੁਰਾਕ ਦਾ ਕਿਹੜਾ ਪ੍ਰਤੀਰੂਪ ਸੰਭਾਵਿਤ ਤੌਰ 'ਤੇ ਲੰਬੀ ਉਮਰ ਲਈ ਸਹਾਇਕ ਹੁੰਦਾ ਹੈ।

1990 ਦੇ ਦਹਾਕੇ ਵੇਲੇ ਜਪਾਨੀ ਲੋਕਾਂ ਦੀ ਖੁਰਾਕ ਕਿਸ ਤਰ੍ਹਾਂ ਦੀ ਸੀ, ਇਸ ਸਬੰਧੀ ਸੁਡੂਕੀ ਨੇ ਇੱਕ ਸਰਵੇਖਣ ਅੰਕੜਿਆਂ ਦਾ ਪ੍ਰਯੋਗ ਕਰਕੇ ਕੀਤਾ।

ਇਸੇ ਤਰ੍ਹਾਂ ਦਾ ਹੀ ਪ੍ਰਯੋਗ ਉਨ੍ਹਾਂ ਨੇ ਉਸੇ ਦਹਾਕੇ ਦੇ ਅਮਰੀਕੀ ਲੋਕਾਂ ਦੀ ਖੁਰਾਕ ਸਬੰਧੀ ਆਦਤਾਂ 'ਤੇ ਕੀਤਾ।

ਉਸ ਨੇ ਪ੍ਰਯੋਗਸ਼ਾਲਾ 'ਚ ਜਪਾਨੀ ਅਤੇ ਅਮਰੀਕੀ ਭੋਜਨ ਚੂਹਿਆਂ ਨੂੰ ਖਾਣ ਲਈ ਦਿੱਤਾ। ਲੈਬ 'ਚ ਤਿੰਨ ਹਫ਼ਤਿਆਂ ਤੱਕ ਇੰਨ੍ਹਾਂ ਚੂਹਿਆਂ ਦੀ ਸਿਹਤ ਦੀ ਸੂਖਮ ਨਿਗਰਾਨੀ ਕੀਤੀ ਗਈ।

ਜਿੰਨਾਂ ਚੂਹਿਆਂ ਨੂੰ ਜਪਾਨੀ ਭੋਜਨ ਖਾਣ ਲਈ ਦਿੱਤਾ ਗਿਆ ਸੀ ਉਨ੍ਹਾਂ ਦੇ ਪੇਟ ਦੀ ਚਰਬੀ ਅਤੇ ਖੂਨ ਦੀ ਚਰਬੀ ਦਾ ਪੱਧਰ ਵੀ ਘੱਟ ਪਾਇਆ ਗਿਆ।

ਅਮਰੀਕੀ ਭੋਜਨ ਖਾਣ ਵਾਲੇ ਚੂਹਿਆਂ ਦਾ ਸੂਰਤੇਹਾਲ ਕੁਝ ਹੋਰ ਸੀ। ਦਿਲਚਸਪ ਗੱਲ ਇਹ ਹੈ ਕਿ ਦੋਵਾਂ ਹੀ ਤਰ੍ਹਾਂ ਦੇ ਭੋਜਨ 'ਚ ਚਰਬੀ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਸਮਾਨ ਮਾਤਰਾ 'ਚ ਮੌਜੂਦ ਸਨ।

ਇਸ ਪ੍ਰੀਖਣ ਨੇ ਇਹ ਸੋਚਣ ਲਈ ਮਜਬੂਰ ਕੀਤਾ ਕਿ ਭੋਜਨ 'ਚ ਪੌਸ਼ਟਿਕ ਤੱਤਾਂ ਦੀ ਮੌਜੂਦਗੀ ਮੀਟ ਦੀ ਬਜਾਏ ਮੱਛੀ, ਕਣਕ ਦੀ ਬਜਾਏ ਚੌਲ 'ਚ ਹੁੰਦੀ ਹੈ ਜਿਸ ਨੇ ਕੀ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ।

ਇਹ ਵੀ ਪੜ੍ਹੋ

ਕੀ ਸਿਰਫ ਜਪਾਨੀ ਖੁਰਾਕ ਨਾਲ ਲੰਬੀ ਉਮਰ ਹਾਸਿਲ ਹੋ ਸਕਦੀ ਹੈ?

ਲੰਬੇ ਸਮੇਂ ਦੀ ਖੋਜ ਤੋਂ ਬਾਅਦ ਖੋਜਕਰਤਾਵਾਂ ਨੇ ਪਿਛਲੇ 50 ਸਾਲਾਂ ਅਤੇ ਇਸ ਤੋਂ ਵੀ ਪਹਿਲਾਂ ਦੇ ਜਪਾਨੀ ਭੋਜਨ, ਖੁਰਾਕ ਦੇ ਵੱਖੋ-ਵੱਖ ਰੂਪਾਂ ਦੀ ਰੂਪ ਰੇਖਾ ਤਿਆਰ ਕੀਤੀ।

ਉਨ੍ਹਾਂ ਵੇਖਿਆ ਕਿ ਸਮੇਂ ਦੇ ਨਾਲ-ਨਾਲ ਜਪਾਨੀ ਖਾਣ ਪੀਣ 'ਚ ਵੀ ਬਦਲਾਅ ਆਇਆ ਹੈ, ਖਾਸ ਕਰਕੇ ਉਨ੍ਹਾਂ ਸ਼ਹਿਰਾਂ 'ਚ ਜੋ ਕਿ ਵਧੇਰੇ ਪੱਛਮੀ ਪ੍ਰਭਾਵ ਹੇਠ ਆਏ ਹਨ।

ਉਨ੍ਹਾਂ ਨੇ 1960, 1975, 1990 ਅਤੇ 2005 'ਚ ਰਾਸ਼ਟਰੀ ਖੁਰਾਕ ਦੇ ਅਧਾਰ 'ਤੇ ਭੋਜਨ ਬਣਾਉਣ ਦੀਆਂ ਯੋਜਨਾਵਾਂ ਨੂੰ ਤਿਆਰ ਕੀਤਾ ਅਤੇ ਬਾਅਦ 'ਚ ਉਹ ਭੋਜਨ ਚੂਹਿਆਂ ਨੂੰ ਖੁਆਇਆ।

ਚੂਹਿਆਂ ਦੀ ਨਿਗਰਾਨੀ ਕਰਨ ਲਈ ਬਹੁਤ ਸਾਰਾ ਭੋਜਨ ਤਿਆਰ ਕੀਤਾ ਗਿਆ ਅਤੇ ਇਸ ਵਾਰ ਨਤੀਜੇ ਹਾਸਲ ਕਰਨ 'ਚ ਅੱਠ ਮਹੀਨਿਆਂ ਦਾ ਸਮਾਂ ਲੱਗਿਆ।

ਚੂਹਿਆਂ ਨੂੰ 1975 ਉਹ ਖੁਰਾਕ ਦਿੱਤੀ ਗਈ, ਜਿੰਨ੍ਹਾਂ ਨਾਲ ਸ਼ੂਗਰ ਅਤੇ ਫੈਟੀ ਲੀਵਰ ਦੇ ਵਿਕਾਸ ਦਾ ਖ਼ਤਰਾ ਬਹੁਤ ਘੱਟ ਸੀ।

ਫਿਰ ਜਦੋਂ ਵਿਗਿਆਨੀਆਂ ਨੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵੇਖਿਆ ਕਿ ਇੰਨ੍ਹਾਂ ਚੂਹਿਆਂ ਤੋਂ ਜੋ ਜੀਨ ਹਾਸਲ ਹੋਏ ਹਨ ਉਹ ਫੈਟੀ ਐਸਿਡ ਦੇ ਉਤਪਾਦਨ 'ਚ ਰੁਕਾਵਟ ਪੈਦਾ ਕਰਦੇ ਸਨ।

ਜਦਕਿ ਦੁਜੇ ਚੂਹਿਆਂ 'ਚ ਫੈਟੀ ਐਸਿਡ ਕ੍ਰਿਆਸ਼ੀਲ ਹੋ ਜਾਂਦਾ ਸੀ। ਉਹ ਖੁਰਾਕ ਖਾਸ ਤੌਰ 'ਤੇ ਸਮੁੰਦਰੀ ਬੂਟੀ ਅਤੇ ਸ਼ੈੱਲਫਿਸ਼, ਫਲ਼ੀਆਂ, ਫਲ ਅਤੇ ਰਿਵਾਇਤੀ ਖਮੀਰੀ ਮਿਕਦਾਰਾਂ , ਮਸਾਲਿਆਂ ਨਾਲ ਭਰਪੂਰ ਸੀ ਅਤੇ ਵਾਧੂ ਖੰਡ ਤੋਂ ਪਰਹੇਜ਼ ਕਰਨ ਦੀ ਸੂਰਤ 'ਚ ਅਜਿਹੇ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦੀ ਵਰਤੋਂ ਕੀਤੀ ਜਾਂਦੀ ਸੀ ।

ਇਸ ਤੋਂ ਬਾਅਦ ਦੇ ਪ੍ਰੀਖਣਾਂ 'ਚ ਪਾਇਆ ਗਿਆ ਕਿ ਸਾਲ 1975 ਵਾਲੀ ਖੁਰਾਕ ਦੇ ਕਾਰਨ ਉਨ੍ਹਾਂ ਚੂਹਿਆਂ ਦੀ ਉਮਰ 'ਚ ਵਾਧਾ ਹੋਇਆ ਹੈ।ਉਹ ਦੂਜੇ ਚੂਹਿਆਂ ਦੇ ਮੁਕਾਬਲੇ ਵੱਧ ਸਮਾਂ ਜ਼ਿਊਂਦੇ ਰਹੇ ਹਨ।

ਉਨ੍ਹਾਂ ਦੀ ਯਾਦਦਾਸ਼ਤ ਵਧੀਆ ਰਹੀ ਅਤੇ ਆਪਣੀ ਉਮਰ ਦੇ ਹਿਸਾਬ ਨਾਲ ਉਨ੍ਹਾਂ 'ਚ ਸ਼ਰੀਰਕ ਅਪਾਹਜਤਾ ਵੀ ਘੱਟ ਰਹੀ।

ਦਰਅਸਲ ਸ਼ੂ ਯਾਂਗ ਅਤੇ ਉਨ੍ਹਾਂ ਦੇ ਹੋਰ ਸਾਥੀ ਵਿਗਿਆਨੀਆਂ ਨੇ ਹਾਲ 'ਚ ਹੀ ਇਸ ਸਬੰਧੀ ਆਪਣਾ ਤਜਰਬਾ ਪ੍ਰਕਾਸ਼ਿਤ ਕੀਤਾ ਹੈ ਕਿ ਜਪਾਨੀ ਖੁਰਾਕ ਸਿਹਤਮੰਦ ਸਰੀਰ ਦਾ ਨਿਰਮਾਣ ਕਰਦੀ ਹੈ ਅਤੇ ਜਾਪਾਨੀ ਭੋਜਨ ਖਾਣ ਵਾਲੇ ਲੋਕ ਆਪਣੀ ਉਮਰ ਦੇ ਮੁਕਾਬਲੇ ਵਧੇਰੇ ਚੁਸਤ ਦਰੁਸਤ ਹੁੰਦੇ ਹਨ।

ਸੁਡੂਕੀ ਅਤੇ ਉਨ੍ਹਾਂ ਦੇ ਸਹਿਕਰਮੀਆਂ ਮੁਤਾਬਕ ਜਪਾਨੀ ਖੁਰਾਕ ਮਨੁੱਖੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ।

ਆਧੁਨਿਕ ਜਾਪਾਨੀ ਖੁਰਾਕ ਅਤੇ 1975 ਦੇ ਪ੍ਰਤੀਰੂਪ ਵਾਲੇ ਭੋਜਨ ਦਾ ਸੇਵਨ 28 ਦਿਨਾਂ ਤੱਕ ਉਨ੍ਹਾਂ ਲੋਕਾਂ ਨੂੰ ਕਰਵਾਇਆ ਗਿਆ , ਜਿੰਨ੍ਹਾਂ ਦਾ ਭਾਰ ਵਧੇਰੇ ਸੀ।

28 ਦਿਨਾਂ ਬਾਅਦ ਵੇਖਿਆ ਗਿਆ ਕਿ ਉਨ੍ਹਾਂ ਦਾ ਭਾਰ ਘੱਟ ਗਿਆ ਸੀ ਅਤੇ ਉਨ੍ਹਾਂ ਦੇ ਕੋਲੈਸਟਰੋਲ ਪੱਧਰ 'ਚ ਵੀ ਸੁਧਾਰ ਆਇਆ ਸੀ।

ਸਿਹਤਮੰਦ ਲੋਕਾਂ ਦੇ ਇੱਕ ਹੋਰ ਸਮੂਹ ਨੂੰ 1975 ਵਾਲੀ ਖੁਰਾਕ ਖੁਆ ਕੇ ਅਧਿਐਨ ਕੀਤਾ ਗਿਆ ਅਤੇ ਪਾਇਆ ਗਿਆ ਕਿ ਪ੍ਰਯੋਗ ਦੇ ਅਖੀਰ 'ਚ ਉਹ ਵਧੇਰੇ ਸਿਹਤਮੰਦ ਸਨ।

ਸੁਡੂਕੀ ਅਤੇ ਉਨ੍ਹਾਂ ਦੇ ਸਹਿਯੋਗੀ ਮੰਨਦੇ ਹਨ ਕਿ ਮਾਈਕਰੋਬਾਇਓਮਜ਼-ਬੈਕਟਰੀਆ ਦੇ ਉਹ ਜੀਨ ਜੋ ਕਿ ਸਾਡੇ ਸਰੀਰ 'ਚ ਰਹਿੰਦੇ ਹਨ, ਉਹ ਵੀ ਇੰਨ੍ਹਾਂ ਪ੍ਰਭਾਵਾਂ ਉੱਤੇ ਅਸਰਦਾਰ ਹੁੰਦੇ ਹਨ।

ਕੀ ਹੈ ਇਸ ਦਾ ਰਾਜ਼?

ਸੁਡੂਕੀ ਕਹਿੰਦੇ ਹਨ ਕਿ ਜੇਕਰ ਜਾਪਾਨੀ ਖੁਰਾਕ ਦੇ ਇਸ ਪ੍ਰਤੀਰੂਪ ਦੇ ਸਕਾਰਾਤਮਕ ਪ੍ਰਭਾਵ ਹਨ ਤਾਂ ਇਸ ਲਈ ਉਸ ਭੋਜਨ ਨੂੰ ਤਿਆਰ ਕਰਨ ਦੇ ਢੰਗ ਦੀ ਵੀ ਅਹਿਮ ਭੂਮਿਕਾ ਹੈ।

ਭਾਵੇਂ ਕਿ ਉਸ ਭੋਜਨ 'ਚ ਪੌਸ਼ਿਟਕ ਤੱਤਾਂ ਦੀ ਮੌਜੂਦਗੀ ਵੀ ਇਸ ਲਈ ਸਹਾਇਕ ਹੈ ਪਰ ਫਿਰ ਵੀ ਉਸ ਨੂੰ ਤਿਆਰ ਕਰਨ ਦਾ ਤਰੀਕਾ ਵੀ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ।

ਇੱਕ ਸਮੇਂ ਦੇ ਭੋਜਨ 'ਚ ਕਈ ਤਰ੍ਹਾਂ ਦੇ ਸੁਆਦ ਵਾਲੇ ਖਾਣੇ ਨੂੰ ਪਰੋਸਿਆ ਜਾਂਦਾ ਹੈ। ਕੱਚੀ ਸਮੱਗਰੀ ਨੂੰ ਜਾਂ ਤਾਂ ਭਾਫ਼ ਨਾਲ ਪਕਾਇਆ ਜਾਂਦਾ ਹੈ ਜਾਂ ਫਿਰ ਘੱਟ ਤੇਲ 'ਚ ਭੁਨਿਆਂ ਜਾਂਦਾ ਹੈ।

ਇਸ ਤੋਂ ਇਲਾਵਾ ਭੋਜਨ 'ਤੇ ਵਧੇਰੇ ਨਮਕ ਜਾਂ ਖੰਡ ਪਾਉਣ ਦੀ ਬਜਾਏ ਸੁਆਦ ਲਈ ਇੰਟੈਂਸ ਫਲੇਵਰ ਦੀ ਵਰਤੋਂ ਕੀਤੀ ਜਾਂਦੀ ਹੈ।

ਅੰਤ 'ਚ ਕਹਿ ਸਕਦੇ ਹਾਂ ਕਿ ਜਪਾਨੀ ਖੁਰਾਕ ਦੀ ਖਾਸੀਅਤ ਸਮੁੰਦਰੀ ਨਿਦਾਨ ਜਾਂ ਸੋਇਆ ਸੌਸ ਦੇ ਜਾਦੂਈ ਗੁਣ ਕਰਕੇ ਹੀ ਨਹੀਂ ਹੈ ਬਲਕਿ ਸਬਜ਼ੀਆਂ, ਫਲੀਆਂ ਸਮੇਤ ਦੂਜੇ ਵਧੀਆ ਢੰਗ ਨਾਲ ਤਿਆਰ ਕੀਤੇ ਗਏ ਭੋਜਨ ਨਾਲ ਵੀ ਹੈ।

ਦੂਜੇ ਸ਼ਬਦਾਂ 'ਚ ਇੱਕ ਟਿਪ ਜਿਸ ਨੂੰ ਕਿ ਕੋਈ ਵੀ ਅਮਲ 'ਚ ਲਿਆ ਸਕਦਾ ਹੈ।

ਪਰ ਇਸ ਸਲਾਹ ਦੀ ਪਾਲਣਾ ਲਈ ਆਧੁਨਿਕ ਜਪਾਨ ਅੱਗੇ ਆਪਣੀਆਂ ਹੀ ਕਈ ਮੁਸ਼ਕਲਾਂ ਮੂੰਹ ਅੱਡੀ ਖੜ੍ਹੀਆਂ ਹਨ।

ਹਾਲ ਦੇ ਸਮੇਂ 'ਚ ਸ਼ੂਗਰ ਦੀ ਦਰ 'ਚ ਵਾਧਾ ਦਰਜ ਕੀਤਾ ਗਿਆ ਹੈ। ਅਜਿਹਾ ਵਡੇਰੀ ਉਮਰ ਦੀ ਆਬਾਦੀ ਕਰਕੇ ਹੋਇਆ ਹੈ ਪਰ ਲੋਕਾਂ ਦੇ ਮੋਟਾਪੇ ਕਾਰਨ ਵੀ ਸ਼ੂਗਰ ਪੱਧਰ ਵਧਿਆ ਹੈ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)