You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਕਹਿਰ: 9 ਹਸਪਤਾਲਾਂ ਵਿੱਚ ਧੱਕੇ ਖਾਣ ਦੇ ਬਾਵਜੂਦ ਉਸ ਦੀ ਮੌਤ ਹੋ ਗਈ
- ਲੇਖਕ, ਦੀਪਤੀ ਬਥਿਨੀ
- ਰੋਲ, ਬੀਬੀਸੀ ਤੇਲਗੂ
"ਉਹ ਸਾਹ ਲੈਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਨੂੰ ਦਿੱਕਤ ਹੋ ਰਹੀ ਸੀ।ਉਹ ਰੋ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਹੁਣ ਉਸ ਦੇ ਹੱਥ 'ਚ ਕੁੱਝ ਨਹੀਂ ਹੈ।ਆਖ਼ਰ ਉਹ ਮਰ ਗਈ ਤੇ ਕੋਈ ਵੀ ਸਾਡੀ ਮਦਦ ਲਈ ਨਾ ਪਹੁੰਚਿਆ।"
"ਅਸੀਂ 9 ਹਸਪਤਾਲਾਂ ਦੇ ਧੱਕੇ ਖਾਦੇ ਪਰ ਕਿਸੇ ਨੇ ਵੀ ਸਾਡੀ ਬਾਂਹ ਨਾ ਫੜੀ।"
ਪੀ.ਸ਼੍ਰੀਕਾਂਤ 17 ਜੂਨ ਦੀ ਉਸ ਦੁੱਖਦਾਈ ਸਵੇਰ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ 41 ਸਾਲਾ ਪਤਨੀ ਰੋਹਿਤਾ ਨੇ ਆਖਰੀ ਸਾਹ ਲਏ ਸਨ।
ਰੋਹਿਤਾ ਅਤੇ ਸ਼੍ਰੀਕਾਂਤ ਹੈਦਰਾਬਾਦ 'ਚ ਆਪਣੀ 17 ਸਾਲਾ ਧੀ ਅਤੇ 14 ਸਾਲਾ ਪੁੱਤਰ ਨਾਲ ਰਹਿੰਦੇ ਸਨ।
ਸ਼੍ਰੀਕਾਂਤ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਤਿੰਨ ਦਿਨਾਂ ਤੋਂ ਬੁਖਾਰ ਸੀ।
ਉਨ੍ਹਾਂ ਅੱਗੇ ਦੱਸਿਆ, "ਅਸੀਂ ਇੱਕ ਨਜ਼ਦੀਕੀ ਹਸਪਤਾਲ 'ਚ ਗਏ।ਉਨ੍ਹਾਂ ਨੇ ਕਿਹਾ ਕਿ ਇਹ ਵਾਇਰਲ ਬੁਖਾਰ ਹੈ ਅਤੇ ਦਵਾਈ ਦੇ ਕੇ ਸਾਨੂੰ ਤੋਰ ਦਿੱਤਾ।ਰੋਹਿਤਾ ਦਾ ਬੁਖਾਰ ਤਾਂ ਘੱਟ ਹੋਇਆ ਪਰ ਉਸ ਨੂੰ ਖੰਘ ਸੀ।"
"ਡਾਕਟਰ ਨੇ ਖੰਘ ਲਈ ਇੱਕ ਪੀਣ ਵਾਲੀ ਦਵਾਈ ਵੀ ਦਿੱਤੀ ਪਰ 16 ਜੂਨ ਦੀ ਅੱਧੀ ਰਾਤ ਨੂੰ ਉਸ ਨੂੰ ਕੁਝ ਬੈਚੈਨੀ ਹੋਣ ਲੱਗੀ।ਉਸ ਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਸੀ।ਫਿਰ ਰੋਹਿਤਾ ਨੇ ਮੈਨੂੰ ਕਿਹਾ ਕਿ ਉਸ ਨੂੰ ਜਲਦੀ ਹਸਪਤਾਲ ਲੈ ਕੇ ਚੱਲੋ।"
ਸ਼੍ਰੀਕਾਂਤ ਕਹਿੰਦੇ ਹਨ ਕਿ ਇਹ ਇੱਕ ਦੁੱਖ ਭਰੀ ਰਾਤ ਸੀ, ਜਿਸ ਦੀ ਸਵੇਰ ਹਨੇਰੇ ਭਰੀ ਹੋਵੇਗੀ ਇਸ ਦਾ ਅੰਦਾਜ਼ਾ ਸਾਨੂੰ ਨਹੀਂ ਸੀ। ਉਹ ਆਪਣੀ ਪਤਨੀ ਰੋਹਿਤਾ ਨੂੰ ਕਾਰ ਵਿੱਚ ਬਿਠਾ ਕੇ ਸਨਸ਼ਾਇਨ ਹਸਪਤਾਲ ਲੈ ਕੇ ਗਏ।
ਕੁਰਸੀ 'ਤੇ ਬਿਠਾ ਕੇ ਹੀ ਦਿੱਤੀ ਆਕਸੀਜਨ
ਸ਼੍ਰੀਕਾਂਤ ਦੱਸਦੇ ਹਨ, "ਜਿਵੇਂ ਹੀ ਅਸੀਂ ਹਸਪਤਾਲ ਪਹੁੰਚੇ, ਉੱਥੇ ਖੜੇ ਚਪੜਾਸੀ ਨੇ ਸਾਨੂੰ ਉੱਥੋਂ ਚਲੇ ਜਾਣ ਲਈ ਕਿਹਾ।ਮੈਂ ਉਸ ਨੂੰ ਕਿਹਾ ਕਿ ਐਮਰਜੈਂਸੀ ਹੈ।ਫਿਰ ਅਸੀਂ ਅੰਦਰ ਗਏ।"
"ਉਨ੍ਹੀ ਦੇਰ ਨੂੰ ਰੋਹਿਤਾ ਨੂੰ ਸਾਹ ਲੈਣ 'ਚ ਵਧੇਰੇ ਮੁਸ਼ਕਲ ਹੋਣ ਲੱਗੀ ।ਮੇਰੀ ਪਤਨੀ ਨੂੰ ਵੇਖਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ 'ਚ ਬੈੱਡ ਖਾਲੀ ਨਹੀਂ ਹੈ।ਮੈਂ ਉਨ੍ਹਾਂ ਅੱਗੇ ਹੱਥ ਜੋੜੇ ਕਿ ਉਹ ਮਰੀਜ਼ ਦੀ ਸਾਹ ਦੀ ਦਿੱਕਤ ਲਈ ਮੁੱਢਲਾ ਇਲਾਜ ਤਾਂ ਸ਼ੁਰੂ ਕਰਨ।ਉਨ੍ਹਾਂ ਨੇ ਕੁੱਝ ਮਿੰਟ ਆਕਸੀਜਨ ਦੇਣ ਦੀ ਗੱਲ ਕਹੀ ਪਰ ਨਾਲ ਹੀ ਕਿਹਾ ਕਿ ਉਹ ਜਲਦੀ ਹੀ ਇੱਥੋਂ ਚਲੇ ਜਾਣ।"
ਸ਼੍ਰੀਕਾਂਤ ਅੱਗੇ ਦੱਸਦੇ ਹਨ ਕਿ ਉਨ੍ਹਾਂ ਦੀ ਪਤਨੀ ਨੂੰ ਇੱਕ ਗੰਦੇ ਜਿਹੇ ਕਮਰੇ 'ਚ ਕੁਰਸੀ 'ਤੇ ਬਿਠਾ ਕੇ ਆਕਸੀਜਨ ਦਿੱਤੀ ਗਈ।
ਕੋਈ ਦੂਜਾ ਰਾਹ ਨਾ ਹੋਣ 'ਤੇ ਸ਼੍ਰੀਕਾਂਤ ਰੋਹਿਤਾ ਨੂੰ ਅਪੋਲੋ ਹਸਪਤਾਲ ਲੈ ਕੇ ਗਏ ।
ਇਸ ਹਸਪਤਾਲ 'ਚ ਵੀ ਡਿਊਟੀ 'ਤੇ ਮੌਜੂਦ ਡਾਕਟਰ ਨੇ ਕਿਹਾ ਕਿ ਉਸ ਦੀ ਪਤਨੀ 'ਚ ਕੋਵਿਡ ਦੇ ਲੱਛਣ ਹਨ, ਪਰ ਉਨ੍ਹਾਂ ਕੋਲ ਕੋਈ ਬੈੱਡ ਖਾਲੀ ਨਹੀਂ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਹ ਡਾਕਟਰ ਅੱਗੇ ਮਿੰਨਤਾਂ ਕਰਦੇ ਰਹੇ ਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਖ਼ਰਾਬ ਹੋ ਰਹੀ ਹੈ।ਪਰ ਕਿਸੇ ਨੇ ਵੀ ਉਨ੍ਹਾਂ ਦੀ ਨਾ ਸੁਣੀ।
ਸ਼੍ਰੀਕਾਂਤ ਕਹਿੰਦੇ ਹਨ, "ਮੈਂ ਇੱਕ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਅੱਗੇ ਖੜ੍ਹਾ ਸੀ ਅਤੇ ਬਿਨ੍ਹਾਂ ਕੋਵਿਡ ਟੈਸਟ ਕੀਤੇ ਉਹ ਕਿਵੇਂ ਕਹਿ ਸਕਦੇ ਸਨ ਕਿ ਰੋਹਿਤਾ ਕੋਰੋਨਾ ਪੀੜਤ ਹੈ? ਮੇਰੇ ਵੱਲੋਂ ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ ਉਹ ਕੁਝ ਸਮੇਂ ਲਈ ਆਕਸੀਜਨ ਦੇਣ ਲਈ ਮੰਨ ਗਏ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਇੱਥੋਂ ਚਲੇ ਜਾਣ।"
ਅਪੋਲੋ ਤੋਂ ਬਾਅਦ ਸ਼੍ਰੀਕਾਂਤ ਆਪਣੀ ਪਤਨੀ ਨੂੰ ਇੱਕ ਹੋਰ ਨਿੱਜੀ ਹਸਪਤਾਲ ਵਿਰਿੰਚੀ 'ਚ ਲੈ ਗਏ।ਉੱਥੇ ਵੀ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਹਸਪਤਾਲ ਅੰਦਰ ਇਹ ਕਹਿ ਕੇ ਜਾਣ ਨਾ ਦਿੱਤਾ ਕਿ ਇੱਥੇ ਸਟਾਫ਼ ਜਾਂ ਬੈੱਡ ਨਹੀਂ ਹਨ।
ਇਸ ਤੋਂ ਬਾਅਦ ਸ਼੍ਰੀਕਾਂਤ ਰੋਹਿਤਾ ਨੂੰ ਕੇਅਰ ਹਸਪਤਾਲ 'ਚ ਲੈ ਕੇ ਗਿਆ।ਉੱਥੇ ਵੀ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਨ੍ਹਾਂ ਨੂੰ ਭੇਜ ਦਿੱਤਾ ਗਿਆ।
ਇੰਨ੍ਹਾਂ ਘੁੰਮਣ ਮਗਰੋਂ ਸ਼੍ਰੀਕਾਂਤ ਦੀ ਕਾਰ ਦਾ ਪੈਟਰੋਲ ਖ਼ਤਮ ਹੋ ਗਿਆ ਅਤੇ ਉਨ੍ਹਾਂ ਨੇ 108 ਐਂਬੂਲੈਂਸ ਨੂੰ ਫੋਨ ਕੀਤਾ।
ਸ਼੍ਰੀਕਾਂਤ ਦੱਸਦੇ ਹਨ, "ਕਾਲ ਸੈਂਟਰ 'ਚ ਮੌਜੂਦ ਵਿਅਕਤੀ ਨੇ ਫੋਨ 'ਤੇ ਕਿਹਾ ਕਿ ਉਹ ਨਿੱਜੀ ਹਸਪਤਾਲ 'ਚ ਉਨ੍ਹਾਂ ਨੂੰ ਲੈਣ ਨਹੀਂ ਆ ਸਕਦੇ।ਜਿਸ ਤੋਂ ਬਾਅਦ ਉਨ੍ਹਾਂ ਨੇ ਫਿਰ ਇੱਕ ਨਿੱਜੀ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ, ਜੋ ਕਿ ਰੋਹਿਤਾ ਨੂੰ ਸਰਕਾਰੀ ਹਸਪਤਾਲ ਲੈ ਕੇ ਗਈ।"
ਸਰਕਾਰੀ ਹਸਪਤਾਲ ਦਾ ਰਵੱਈਆ
ਨਿੱਜੀ ਹਸਪਤਾਲਾਂ ਨੇ ਤਾਂ ਕੋਵਿਡ ਦੇ ਡਰ ਕਰਕੇ ਸ਼੍ਰੀਕਾਂਤ ਦੀ ਪਤਨੀ ਨੂੰ ਭਰਤੀ ਕਰਨ ਤੋਂ ਮਨਾ ਕਰ ਦਿੱਤਾ ਸੀ ਪਰ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਸਰਕਾਰੀ ਹਸਪਤਾਲ 'ਚ ਉਨ੍ਹਾਂ ਨੂੰ ਸਹੀ ਇਲਾਜ ਜ਼ਰੂਰ ਮਿਲੇਗਾ।
ਉਹ ਰੋਹਿਤਾ ਨੂੰ ਕਿੰਗ ਕੋਟੀ ਹਸਪਤਾਲ 'ਚ ਲੈ ਕੇ ਗਏ ਜੋ ਕਿ ਕੋਵਿਡ ਦੇ ਨਮੂਨੇ ਇੱਕਠੇ ਕਰਨ ਲਈ ਬਣਾਇਆ ਗਿਆ ਹਸਪਤਾਲ ਹੈ।
ਉਨ੍ਹਾਂ ਦੱਸਿਆ ਕਿ ਉੱਥੇ ਵੀ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਰੋਕਿਆ।
ਸ਼੍ਰੀਕਾਂਤ ਦੱਸਦੇ ਹਨ ਕਿ ਉਦੋਂ ਤੱਕ ਉਹ ਆਪਣਾ ਸਬਰ ਗੁਆ ਚੁੱਕੇ ਸਨ।ਰੋਹਿਤਾ ਦੀ ਤਬੀਅਤ ਵੀ ਖ਼ਰਾਬ ਹੋ ਰਹੀ ਸੀ।
"ਮੈਂ ਗੁੱਸੇ 'ਚ ਗਾਰਡ ਨੂੰ ਫਟਕਾਰ ਲਗਾਈ ਅਤੇ ਧੱਕੇ ਨਾਲ ਹੀ ਹਸਪਤਾਲ ਅੰਦਰ ਦਾਖਲ ਹੋ ਗਿਆ।ਡਿਊਟੀ 'ਤੇ ਮੌਜੂਦ ਡਾਕਟਰ ਨੇ ਉਹੀ ਰੱਟਿਆ ਰਟਾਇਆ ਜਵਾਬ ਦਿੱਤਾ ਬੈੱਡ ਖਾਲੀ ਨਹੀਂ ਹੈ।"
"ਮੈਂ ਉਨ੍ਹਾਂ ਨਾਲ ਬਹਿਸਬਾਜ਼ੀ 'ਚ ਸਮਾਂ ਖ਼ਰਾਬ ਨਹੀਂ ਸੀ ਕਰਨਾ ਚਾਹੁੰਦਾ।ਇਸ ਲਈ ਮੈਂ ਆਪਣੀ ਪਤਨੀ ਨੂੰ ਓਸਮਾਨਿਆ ਹਸਪਤਾਲ ਲੈ ਕੇ ਗਿਆ।"
ਸ਼੍ਰੀਕਾਂਤ ਨੇ ਕਿਹਾ,"ਹਸਪਤਾਲ 'ਚ ਸਾਨੂੰ ਕੋਈ ਇਹ ਵੀ ਨਹੀਂ ਸੀ ਪੁੱਛ ਰਿਹਾ ਕਿ ਤੁਸੀਂ ਇੱਥੇ ਕਿਉਂ ਆਏ ਹੋ।ਮੈਂ ਆਪਣੀ ਪਤਨੀ ਨੂੰ ਅੰਦਰ ਲੈ ਜਾਣ ਲਈ ਸਟ੍ਰੈਚਰ ਜਾਂ ਵ੍ਹੀਲਚੇਅਰ ਲੱਭ ਰਿਹਾ ਸੀ ਕਿ ਇੱਕ ਮਹਿਲਾ ਮੁਲਾਜ਼ਮ ਨੇ ਮੈਨੂੰ ਉਸ ਲਈ ਪਹਿਲਾਂ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ।"
"ਮੇਰੇ ਕੋਲ ਪਰਸ ਨਹੀਂ ਸੀ ਕਿਉਂਕਿ ਕਾਰ 'ਚ ਤੇਲ ਭਰਵਾਉਣ ਲਈ ਮੈਂ ਆਪਣਾ ਪਰਸ ਜਲਦੀ-ਜਲਦੀ 'ਚ ਆਪਣੇ ਰਿਸ਼ਤੇਦਾਰ ਨੂੰ ਦੇ ਆਇਆ ਸੀ, ਜੋ ਕਿ ਹਸਪਤਾਲ ਪਹੁੰਚਣ ਹੀ ਵਾਲਾ ਸੀ।ਮੈਂ ਉਸ ਕਰਮਚਾਰੀ ਨੂੰ ਦੱਸਿਆ ਪਰ ਉਹ ਪੈਸੇ ਜਮ੍ਹਾ ਕਰਵਾਉਣ ਦਾ ਹੀ ਕਹਿੰਦੀ ਰਹੀ।"
ਸ਼੍ਰੀਕਾਂਤ ਅੱਗੇ ਦੱਸਦੇ ਹਨ , "ਮੈਂ ਆਪਣਾ ਫੋਨ ਉਸ ਨੂੰ ਦੇ ਕੇ ਵ੍ਹੀਲਚੇਅਰ ਲਈ ਅਤੇ ਰੋਹਿਤਾ ਨੂੰ ਵਾਰਡ ਵੱਲ ਲੈ ਗਿਆ।ਮੈਂ ਖੁਦ ਉਸ ਨੂੰ ਆਕਸੀਜਨ ਦਿੱਤੀ।"
"ਬਹੁਤ ਦੇਰ ਬਾਅਦ ਜੇ ਇੱਕ ਡਾਕਟਰ ਆਇਆ ਵੀ ਤਾਂ ਉਸ ਨੇ ਟੈਸਟ ਦੀ ਇੱਕ ਲੰਬੀ ਚੋੜੀ ਲਿਸਟ ਫੜਾ ਦਿੱਤੀ।ਲੈਬ 'ਚ ਚਾਦਰ 'ਤੇ ਖੂਨ ਦੇ ਦਾਗ ਪਏ ਹੋਏ ਸਨ ਅਤੇ ਹੇਠਾਂ ਜ਼ਮੀਨ 'ਤੇ ਖਾਣਾ ਡਿੱਗਿਆ ਸੀ ਪਰ ਮੇਰਾ ਧਿਆਨ ਤਾਂ ਰੋਹਿਤਾ ਦੇ ਟੈਸਟ ਜਲਦੀ ਤੋਂ ਜਲਦੀ ਕਰਵਾਉਣ ਵੱਲ ਸੀ।"
"ਟੈਸਟ ਕਰਵਾਉਣ ਤੋਂ ਬਾਅਦ ਅਸੀਂ ਡਿਊਟੀ 'ਤੇ ਮੌਜੂਦ ਡਾਕਟਰ ਕੋਲ ਗਏ ਪਰ ਉਦੋਂ ਤੱਕ ਰੋਹਿਤਾ ਦੀ ਨਬਜ਼ ਹੌਲੀ ਹੋਣ ਲੱਗ ਪਈ ਸੀ।ਡਾਕਟਰ ਆਪਣੇ ਸੀਨੀਅਰ ਨਾਲ ਗੱਲ ਕਰਨ ਗਏ ਅਤੇ ਫਿਰ ਉਨ੍ਹਾਂ ਕਿਹਾ ਕਿ ਇੱਥੇ ਬੈੱਡ ਖਾਲੀ ਨਹੀਂ ਹੈ, ਇਸ ਲਈ ਤੁਸੀਂ ਆਪਣੀ ਪਤਨੀ ਨੂੰ ਦੂਜੇ ਹਸਪਤਾਲ ਲੈ ਜਾਓ।"
ਸਟ੍ਰੈਚਰ 'ਤੇ ਇੱਕਲਾ ਛੱਡ ਦਿੱਤਾ
ਸ਼੍ਰੀਕਾਂਤ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੂੰ ਘਬਰਾਹਟ ਹੋਣ ਲੱਗੀ।ਉਸ ਕੋਲ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਪੈਸਾ ਤਾਂ ਸੀ ਪਰ ਕੋਈ ਵੀ ਡਾਕਟਰ ਉਸ ਦੀ ਪਤਨੀ ਦਾ ਇਲਾਜ ਕਰਨ ਲਈ ਤਿਆਰ ਨਹੀਂ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ, ਜਾਣਕਾਰਾਂ ਨੂੰ ਫੋਨ ਕਰਨੇ ਸ਼ੁਰੂ ਕੀਤੇ ਤਾਂ ਜੋ ਕੋਈ ਕਿਸੇ ਵੀ ਹਸਪਤਾਲ 'ਚ ਉਨ੍ਹਾਂ ਦੀ ਪਤਨੀ ਲਈ ਬੈੱਡ ਦਾ ਬੰਦੋਬਸਤ ਕਰ ਸਕੇ।
ਸ਼੍ਰੀਕਾਂਤ ਨੇ ਆਪਣੇ ਇਕ ਜਾਣਕਾਰ ਨੂੰ ਫੋਨ ਕੀਤਾ ਜੋ ਕਿ ਇੱਕ ਸਿਹਤ ਕਰਮਚਾਰੀ ਹੈ।ਉਸ ਨੇ ਇੱਕ ਨਿੱਜੀ ਹਸਪਤਾਲ 'ਚ ਜਾਣ ਲਈ ਕਿਹਾ, ਕਿਉਂਕਿ ਉੱਥੇ ਬੈੱਡ ਅਤੇ ਵੈਂਟੀਲੇਟਰ ਵੀ ਸਨ।
"ਮੈਂ ਆਪਣੀ ਪਤਨੀ ਨੂੰ ਲੈ ਕੇ ਹਸਪਤਾਲ ਪਹੁੰਚਿਆ।ਉੱਥੇ ਮੇਰੀ ਪਤਨੀ ਨੂੰ ਦਵਾਈਆਂ ਦਿੱਤੀਆਂ ਗਈਆਂ, ਪਰ ਕੁਝ ਹੀ ਦੇਰ 'ਚ ਉਨ੍ਹਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਅਤੇ ਕਿਹਾ ਕਿ ਉਹ ਮੇਰੀ ਪਤਨੀ ਦਾ ਇਲਾਜ ਨਹੀਂ ਕਰ ਸਕਦੇ, ਕਿਉਂਕਿ ਉਸ 'ਚ ਕੋਵਿਡ ਦੇ ਲੱਛਣ ਹਨ।"
"ਕਾਫ਼ੀ ਬਹਿਸ ਤੋਂ ਬਾਅਦ ਉਨ੍ਹਾਂ ਨੇ ਸੀਟੀ ਸਕੈਨ ਕਰਵਾਉਣ ਲਈ ਕਿਹਾ।ਸਕੈਨ ਕਰਨ ਲਈ ਰੋਹਿਤਾ ਨੂੰ ਟੈਸਟਿੰਗ ਰੂਮ 'ਚ ਲਿਜਾਇਆ ਗਿਆ।ਪਰ ਉਹ ਅੱਧੇ ਘੰਟੇ ਬਾਅਦ ਵੀ ਕਮਰੇ ਤੋਂ ਬਾਹਰ ਨਾ ਆਈ।"
"ਰੋਹਿਤਾ ਬਾਹਰ ਕਿਉਂ ਨਹੀਂ ਆਈ ਇਹ ਵੇਖਣ ਲਈ ਮੈਂ ਕਮਰੇ 'ਚ ਗਿਆ, ਪਰ ਮੈਂ ਜੋ ਉੱਥੇ ਵੇਖਿਆ ਉਹ ਬਹੁਤ ਹੀ ਦਰਦਨਾਕ ਪਲ ਸੀ।ਮੈਂ ਵੇਖਿਆ ਕਿ ਮੇਰੀ ਪਤਨੀ ਸਟ੍ਰੈਚਰ 'ਤੇ ਪਈ ਹੋਈ ਸੀ ਅਤੇ ਉਸ ਕੋਲ ਕੋਈ ਵੀ ਮੈਡੀਕਲ ਕਰਮਚਾਰੀ ਮੌਜੂਦ ਨਹੀਂ ਸੀ।ਕੋਵਿਡ ਦੇ ਡਰ ਕਰਕੇ ਕੋਈ ਵੀ ਉਸ ਕੋਲ ਨਹੀਂ ਸੀ ਆ ਰਿਹਾ।ਮੇਰੀ ਪਤਨੀ ਰੋ ਰਹੀ ਸੀ।ਉਹ ਜਾਣ ਗਈ ਸੀ ਕਿ ਕੁਝ ਠੀਕ ਨਹੀਂ ਹੈ।ਉਦੋਂ ਤੱਕ ਅਸੀਂ ਇੱਕ ਤੋਂ ਦੂਜੇ ਹਸਪਤਾਲਾਂ ਦੇ ਚੱਕਰ ਘੱਟਦਿਆਂ 6 ਘੰਟੇ ਬਰਬਾਦ ਕਰ ਚੁੱਕੇ ਸੀ।"
ਸ਼੍ਰੀਕਾਂਤ ਦੱਸਦੇ ਹਨ ਕਿ ਰੋਹਿਤਾ ਦੀ ਹਾਲਤ ਵੇਖ ਕੇ ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਸਨ ਅਤੇ ਉਨ੍ਹਾਂ ਨੂੰ ਗੁੱਸਾ ਵੀ ਆ ਰਿਹਾ ਸੀ।
ਉਹ ਅੱਗੇ ਦੱਸਦੇ ਹਨ, " ਮੈਨੂੰ ਅਜੇ ਵੀ ਮਦਦ ਦੀ ਉਮੀਦ ਸੀ।ਫਿਰ ਮੈਂ ਇੱਕ ਨਿੱਜੀ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਰੋਹਿਤਾ ਨੂੰ ਕੋਵਿਡ ਲਈ ਬਣਾਏ ਗਏ ਸਰਕਾਰੀ ਗਾਂਧੀ ਹਸਪਤਾਲ 'ਚ ਲੈ ਗਿਆ।
ਮੈਨੂੰ ਫਿਰ ਦਰਵਾਜ਼ੇ 'ਤੇ ਰੋਕਿਆ ਗਿਆ ਅਤੇ ਮੇਰੇ ਤੋਂ ਕੋਵਿਡ-19 ਦੀ ਟੈਸਟ ਰਿਪੋਰਟ ਮੰਗੀ ਗਈ।ਮੈਂ ਗਾਰਡ ਨੂੰ ਧੱਕਾ ਮਾਰ ਕੇ ਹਸਪਤਾਲ 'ਚ ਦਾਖਲ ਹੋਇਆ।"
ਹਾਲਾਂਕਿ ਉੱਥੇ ਸ਼੍ਰੀਕਾਂਤ ਨੂੰ ਪਹਿਲਾਂ ਕਿੰਗ ਕੋਟੀ ਹਸਪਤਾਲ 'ਚੋਂ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਗਿਆ।ਪਰ ਉਸ ਸਮੇਂ ਤੱਕ ਰੋਹਿਤਾ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ।
ਸ਼੍ਰੀਕਾਂਤ ਇੱਕਲੇ ਅਜਿਹੇ ਵਿਅਕਤੀ ਨਹੀਂ ਹਨ ਜਿੰਨ੍ਹਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇ।
ਹਸਪਤਾਲਾਂ 'ਚ ਬੈੱਡਾਂ ਦੀ ਕਮੀ ਕਿਉਂ ਹੈ?
ਤੇਲੰਗਾਨਾ 'ਚ ਇੱਕ ਜਨਤਕ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਲੌਕਡਾਊਨ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੋਰੋਨਾ ਮਾਮਲਿਆਂ 'ਚ ਵਾਧਾ ਹੋਇਆ ਹੈ।
ਹੈਦਰਾਬਾਦ ਦੇ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਕੰਮ ਕਰਨ ਵਾਲੇ ਇੱਕ ਸੀਨੀਅਰ ਕਰਮਚਾਰੀ ਦਾ ਵੀ ਇਹੀ ਕਹਿਣਾ ਹੈ ਕਿ ਲੌਕਡਾਊਨ 'ਚ ਛੂਟ ਦਿੱਤੇ ਜਾਣ ਕਾਰਨ ਕੋਵਿਡ-19 ਨਾਲ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਅਤੇ ਇਸ ਕਰਕੇ ਹੀ ਹਸਪਤਾਲਾਂ 'ਚ ਬੈੱਡਾਂ ਦੀ ਕਮੀ ਹੋ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ, "90% ਮਰੀਜ਼ਾਂ ਨੂੰ ਘਰ 'ਚ ਏਕਾਂਤਵਾਸ ਕਰਨ ਦੀ ਲੋੜ ਹੈ ਅਤੇ 5% ਨੂੰ ਹਸਪਤਾਲਾਂ 'ਚ ਥੌੜ੍ਹੀ ਦੇਖਭਾਲ ਅਤੇ ਬਾਕੀ ਦੇ 5% ਮਰੀਜ਼ਾਂ ਨੂੰ ਆਈਸੀਯੂ ਦੀ ਲੋੜ ਪੈਂਦੀ ਹੈ।"
"ਪਰ ਕੋਵਿਡ-19 ਦੇ ਇਲਾਜ ਲਈ ਆਈਸੋਲੇਸ਼ਨ ਦੀ ਜ਼ਰੂਰਤ ਹੈ, ਜਿਸ ਲਈ ਇੱਕ ਵਿਸ਼ੇਸ਼ ਪ੍ਰਬੰਧਨ ਦੀ ਲੋੜ ਹੈ।ਭਾਵੇਂ ਕਿ ਹਸਪਤਾਲ ਇਲਾਜ ਕਰਨ ਲਈ ਤਿਆਰ ਹਨ ਪਰ ਅਜਿਹੀ ਸਥਿਤੀ 'ਚ ਮਾਹਰਾਂ ਅਤੇ ਦੂਜੇ ਮੈਡੀਕਲ ਸਟਾਫ਼ ਦੀ ਕਮੀ ਹੈ।"
ਤੇਲੰਗਾਨਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਪ੍ਰਧਾਨ ਡਾਕਟਰ ਡੀ. ਭਾਸਕਰ ਰਾਏ ਦਾ ਕਹਿਣਾ ਹੈ ਕਿ ਨਿੱਜੀ ਹਸਪਤਾਲਾਂ 'ਚ ਸਮਰੱਥਾ ਦੇ ਹਿਸਾਬ ਨਾਲ ਬੈੱਡ ਮੌਜੂਦ ਹਨ।ਪਰ ਕੋਵਿਡ ਟੈਸਟ 'ਚ ਪੌਜ਼ਿਟਿਵ ਆਉਣ ਤੋਂ ਬਾਅਦ ਵੀ ਕਈ ਲੋਕ ਲੱਛਣ ਰਹਿਤ ਹੋਣ ਦੇ ਬਾਵਜੂਦ ਨਿੱਜੀ ਹਸਪਤਾਲਾਂ 'ਚ ਆ ਰਹੇ ਹਨ।ਜਦਕਿ ਉਨ੍ਹਾਂ ਨੂੰ ਤਾਂ ਆਪਣੇ ਘਰਾਂ 'ਚ ਹੀ ਏਕਾਂਤਵਾਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਲੋੜ ਹੈ।ਇਹੀ ਕਾਰਨ ਹੈ ਕਿ ਦੂਜੇ ਲੋੜਵੰਦ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਿਹਾ ਹੈ।
ਕਈ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਸਰਕਾਰੀ ਹਸਪਤਾਲਾਂ 'ਚ ਡਾਕਟਰ ਅਤੇ ਮੈਡੀਕਲ ਅਮਲਾ ਕੋਵਿਡ ਨਾਲ ਪੀੜਤ ਹੈ।ਹਾਲਾਂਕਿ ਇਸ ਸਬੰਧੀ ਕੋਈ ਅੰਕੜਾ ਜਨਤਕ ਨਹੀਂ ਹੋਇਆ ਹੈ।
ਪਰ ਗਾਂਧੀ ਹਸਪਤਾਲ ਦੇ ਨਿਗਰਾਨ ਨੇ 17 ਜੂਨ ਨੂੰ ਹਾਈਕੋਰਟ ਨੂੰ ਦੱਸਿਆ ਸੀ ਕਿ 12 ਡਾਕਟਰ ਅਤੇ 6 ਸਿਹਤ ਕਰਮਚਾਰੀ ਕੋਰੋਨਾ ਨਾਲ ਪੀੜਤ ਹਨ।ਇਸ ਨਾਲ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ।
ਜਨਤਕ ਸਿਹਤ ਅਧਿਕਾਰੀਆਂ ਨੇ ਹਾਈਕੋਰਟ ਨੂੰ ਜਿਹੜੀ ਰਿਪੋਰਟ ਸੌਂਪੀ ਹੈ, ਉਸ ਅਨੁਸਾਰ ਕਿੰਗ ਕੋਟੀ ਹਸਪਤਾਲ 'ਚ ਵੈਂਟੀਲੇਟਰ ਸਮੇਤ 14 ਬੈੱਡ ਹਨ ਅਤੇ ਆਕਸੀਜਨ ਸਪਲਾਈ ਸਮੇਤ 300 ਬੈੱਡ ਮੌਜੂਦ ਹਨ।
ਇਸ ਤੋਂ ਇਲਾਵਾ ਗਾਂਧੀ ਹਸਪਤਾਲ 'ਚ ਵੈਂਟੀਲੇਟਰ ਸਮੇਤ 80 ਬੈੱਡ ਅਤੇ ਆਕਸੀਜਨ ਸਪਲਾਈ ਸਮੇਤ 1200 ਬੈੱਡਾਂ ਦਾ ਇੰਤਜ਼ਾਮ ਹੈ।
ਸ਼੍ਰੀਕਾਂਤ ਨੇ ਜਿੰਨ੍ਹਾਂ ਨਿੱਜੀ ਹਸਪਤਾਲਾਂ ਬਾਰੇ ਦੱਸਿਆ ਹੈ, ਬੀਬੀਸੀ ਤੇਲਗੂ ਨੇ ਉਨ੍ਹਾਂ ਤੋਂ ਇਸ ਸਬੰਧੀ ਜਵਾਬ ਮੰਗਿਆ ਪਰ ਇਸ ਖ਼ਬਰ ਦੇ ਲਿਖੇ ਜਾਣ ਤੱਕ ਕਿਸੇ ਨੇ ਵੀ ਆਪਣਾ ਜਵਾਬ ਨਹੀਂ ਦਿੱਤਾ ਹੈ।
ਇਹ ਵੀ ਦੇਖੋ: