You’re viewing a text-only version of this website that uses less data. View the main version of the website including all images and videos.
ਸ਼ਾਹੀਨ ਬਾਗ 'ਚ ਲੰਗਰ ਲਾਉਣ ਵਾਲੇ ਬਿੰਦਰਾ ਨੇ ਕਤਲ ਦਾ ਕੇਸ ਦਰਜ ਹੋਣ ਮਗਰੋਂ ਕਿਹਾ, 'ਮੈਂ ਤਾਂ ਰਾਮ ਜਨਮਭੂਮੀ ਵੀ ਲੰਗਰ ਲਗਾਉਣਾ'
“ਮੇਰੀ ਤਾਂ ਰਾਮ ਜਨਮ ਭੂਮੀ ‘ਤੇ ਵੀ ਲੰਗਰ ਲਾਉਣ ਦੀ ਗੱਲ ਚੱਲ ਰਹੀ ਹੈ। ਜੇ ਉੱਥੇ ਲੰਗਰ ਲਾਉਣ ਉੱਤੇ ਵੀ ਜੇ ਐੱਫ਼ਆਈਆਰ ਹੋਵੇ ਤਾਂ ਮੈਨੂੰ ਖ਼ੁਸ਼ੀ ਹੋਵੇਗੀ।”
ਇਹ ਸ਼ਬਦ ਦਿੱਲੀ ਦੇ ਵਕੀਲ ਡੀਐੱਸ ਬਿੰਦਰਾ ਨੇ ਦਿੱਲੀ ਹਿੰਸਾ ਵਿੱਚ ਮਾਰੇ ਗਏ ਦਿੱਲੀ ਪੁਲਿਸ ਦੇ ਹਵਲਦਾਰ ਰਤਨ ਲਾਲ ਦੀ ਮੌਤ ਦੀ ਐੱਫ਼ਆਈਆਰ ਵਿੱਚ ਆਪਣਾ ਨਾਂਅ ਆਉਣ ਤੋਂ ਬਾਅਦ ਕਹੇ।
ਨਾਗਰਿਕਤਾ ਸੋਧ ਕਾਨੂੰਨ ਬਣਨ ਤੋਂ ਬਾਅਦ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਹੀ ਦਿੱਲੀ ਵਿੱਚ ਫਿਰਕੂ ਹਿੰਸਾ ਭੜਕੀ ਸੀ ਜਿਸ ਵਿੱਚ 24 ਫਰਵਰੀ 2020 ਨੂੰ ਹਵਲਦਾਰ ਰਤਨ ਲਾਲ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਰਤਨ ਲਾਲ ਦੀ ਮੌਤ ਦੇ ਕੇਸ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਬਿੰਦਰਾ ਦਾ ਨਾਂਅ ਸ਼ਾਮਲ ਕੀਤਾ ਹੈ।
ਬਿੰਦਰਾ ਦਾ ਨਾਂਅ ਪ੍ਰਦਰਸ਼ਨ ਦੇ ਪ੍ਰਬੰਧਕਾਂ ਦੇ ਨਾਵਾਂ ਦੇ ਨਾਲ ਸ਼ਾਮਲ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਨਾਲ ਮਿਲ ਕੇ ਲੰਗਰ ਦਾ ਬੰਦੋਬਸਤ ਕੀਤਾ ਸੀ।
ਪ੍ਰੈੱਸ ਕਾਨਫ਼ਰੰਸ ਵਿੱਚ ਬਿੰਦਰਾ ਨੇ ਕੀ ਕਿਹਾ?
ਇਸ ਸੰਬੰਧ ਵਿੱਚ ਐਡਵੋਕੇਟ ਬਿੰਦਰਾ ਨੇ ਇੱਕ ਵਰਚੂਅਲ ਪ੍ਰੈਸ ਕਾਨਫ਼ਰੰਸ ਕਰ ਕੇ ਆਪਣੀ ਸਥਿਤੀ ਸਪਸ਼ਟ ਕੀਤੀ।
ਬਿੰਦਰਾ ਨੇ ਕਿਹਾ, ''ਹਵਲਦਾਰ ਰਤਨ ਲਾਲ ਦੀ ਮੌਤ ਦੀ ਸਾਰੀ ਜਿੰਮੇਵਾਰੀ ਮੇਰੇ ਸਿਰ ਪਾ ਦਿੱਤੀ ਗਈ ਹੈ।''
ਬਿੰਦਰਾ ਨੇ ਦੱਸਿਆ, ''ਜਦੋਂ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਲੋਕ ਦਿੱਲੀ ਆਏ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਦਿੱਲੀ ਦੇ ਲੋਕਲ ਹੋ, ਪ੍ਰਬੰਧ ਕਰੋ। ਜਿਸ ਮਗਰੋਂ ਇਹ ਸਾਰਾ ਕੁਝ ਸ਼ੁਰੂ ਹੋਇਆ।''
ਉਨ੍ਹਾਂ ਨੇ ਕਿਹਾ, “ਮੈਨੂੰ ਕਿਹਾ ਗਿਆ ਕਿ ਤੁਸੀਂ ਲੰਗਰ ਲਾਇਆ ਤਾਂ ਲੋਕ ਇਕੱਠੇ ਹੋਏ, ਫਿਰ ਹਿੰਸਾ ਹੋਈ ਅਤੇ ਉਸ ਹਿੰਸਾ ਵਿੱਚ ਹਵਲਦਾਰ ਰਤਨ ਲਾਲ ਦੀ ਮੌਤ ਹੋ ਗਈ।”
ਬਿੰਦਰਾ ਨੇ ਕਿਹਾ ਕਿ ਇੱਕ ਦਿਨ ਲੰਗਰ ਲਗਾਉਣ ਤੋਂ ਬਾਅਦ ਉਹ ਕਦੇ ਚਾਂਦਬਾਗ਼ ਇਲਾਕੇ ਵਿੱਚ ਨਹੀਂ ਗਏ ਤਾਂ ਉੱਥੇ ਦੋ-ਢਾਈ ਮਹੀਨਿਆਂ ਬਾਅਦ ਵਾਪਰੀ ਘਟਨਾ ਨਾਲ ਉਨ੍ਹਾਂ ਦਾ ਸੰਬੰਧ ਕਿਵੇਂ ਜੋੜਿਆ ਜਾ ਸਕਦਾ ਹੈ।
ਬਿੰਦਰਾ ਨੇ ਪੱਤਰਕਾਰਾਂ ਨੂੰ ਦੱਸਿਆ, “8 ਜੂਨ ਨੂੰ ਉਨ੍ਹਾਂ ਨੂੰ ਸਪੈਸ਼ਲ ਸੈਲ ਤੋਂ ‘ਸੰਜੇ ਗੁਪਤਾ ਨੇ ਫ਼ੋਨ ਕਰ ਕੇ ਬੁਲਾਇਆ ਸੀ ਅਤੇ ਪੁੱਛ-ਗਿੱਛ ਤੋਂ ਬਾਅਦ 15 ਤਰੀਕ ਤੱਕ ਜਵਾਬ ਦੇਣ ਨੂੰ ਕਿਹਾ ਗਿਆ ਸੀ ਜੋ ਕਿ ਪੁਲਿਸ ਨੂੰ ਦੇ ਦਿੱਤਾ ਗਿਆ ਹੈ।”
ਲੰਗਰ ਪਿੱਛੇ ਸਿਆਸੀ ਮੰਤਵ ਹੋਣ ਬਾਰੇ ਸਵਾਲ ਦੇ ਜਵਾਬ ਵਿੱਚ ਬਿੰਦਰਾ ਨੇ ਕਿਹਾ, ''ਲੰਗਰ ਗੁਰੂ ਦਾ ਹੁੰਦਾ ਹੈ ਅਤੇ ਜ਼ਮੀਨ ਨਾਲ ਉਸ ਦਾ ਕੋਈ ਸੰਬੰਧ ਨਹੀਂ ਹੁੰਦਾ, ਇਹ ਕਿਤੇ ਵੀ ਲਾਇਆ ਜਾ ਸਕਦਾ ਹੈ।‘'
“ਅਸੀਂ ਲੌਕਡਾਊਨ ਦੌਰਾਨ ਵੀ ਸੁੱਕਾ ਰਾਸ਼ਨ ਵੰਡਿਆ ਹੈ। ਇੰਨੇ ਸਾਲਾਂ ਤੋਂ ਲੰਗਰ ਲਗਾ ਰਿਹਾ ਹਾਂ, ਯਾਦ ਵੀ ਨਹੀਂ ਕਿੰਨੇ ਵਾਰ ਅਤੇ ਕਿੱਥੇ-ਕਿੱਥੇ ਲੰਗਰ ਲਾ ਚੁੱਕਿਆ ਹਾਂ।''
ਇਹ ਵੀ ਪੜ੍ਹੋ
ਕਾਂਸਟੇਬਲ ਰਤਨ ਲਾਲ ਦੀ ਮੌਤ ਕਿਵੇਂ ਹੋਈ?
24 ਫਰਵਰੀ 2020 ਨੂੰ ਹਵਲਦਾਰ ਰਤਨ ਲਾਲ ਨੇ ਸੋਮਵਾਰ ਦਾ ਵਰਤ ਰੱਖਿਆ ਹੋਇਆ ਸੀ। ਉਸ ਦਿਨ ਵੀ ਇੱਕ ਆਮ ਦਿਨ ਵਾਂਗ ਉਹ ਸਵੇਰੇ 11 ਵਜੇ ਆਪਣੇ ਦਫ਼ਤਰ, ਗੋਕੂਲਪੂਰੀ ਐਸਪੀ ਦਫ਼ਤਰ ਲਈ ਚਲੇ ਗਏ।
ਜਿਸ ਤੋਂ ਬਾਅਦ ਉੱਤਰ-ਪੂਰਬੀ ਦਿੱਲੀ ਦੇ ਮੌਜਪੁਰ ਇਲਾਕੇ ਵਿੱਚ ਹਿੰਸਕ ਭੀੜ ਨਾਲ ਝੜਪ ਵਿੱਚ ਰਤਨ ਲਾਲ ਦੀ ਮੌਤ ਹੋ ਗਈ।
26 ਫਰਵਰੀ ਨੂੰ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ।
ਰਤਨ ਲਾਲ ਦੇ ਤਿੰਨ ਬੱਚੇ ਹਨ। ਵੱਡੀ ਧੀ ਪਰੀ 11 ਸਾਲਾਂ ਦੀ ਹੈ। ਛੋਟੀ ਧੀ ਕਨਕ ਅੱਠ ਸਾਲ ਦੀ ਹੈ ਅਤੇ ਇੱਕ ਪੁੱਤਰ ਰਾਮ ਪੰਜ ਸਾਲਾਂ ਦਾ ਹੈ।
ਰਤਨ ਲਾਲ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਤੋਂ ਬੀਬੀਸੀ ਨੂੰ ਪਤਾ ਚੱਲਿਆ ਕਿ ਉਨ੍ਹਾਂ ਨੇ ਪੰਜ ਸਾਲ ਪਹਿਲਾਂ ਬੁਰਾੜੀ ਦੇ ਅਮ੍ਰਿਤ ਵਿਹਾਰ ਵਿੱਚ ਕਰਜ਼ਾ ਲੈ ਕੇ ਇੱਕ ਘਰ ਬਣਵਾਇਆ ਸੀ।
ਸ਼ਾਹੀਨ ਬਾਗ਼ ਮੁਜ਼ਾਹਰਾ
ਦਿੱਲੀ ਵਿੱਚ ਨੋਇਡਾ-ਮਹਿਰੌਲੀ ਰੋਡ ਉੱਪਰ ਸ਼ਾਹੀਨ ਬਾਗ ਵਾਲੇ ਪਾਸੇ ਸੀਏਏ ਦੇ ਵਿਰੁੱਧ ਲੰਬੇ ਸਮੇਂ ਤੱਕ ਧਰਨਾ ਦਿੱਤਾ ਗਿਆ।
ਪੰਜਾਬ ਤੋਂ ਵੀ ਕਈ ਕਿਸਾਨ ਜਥੇਬੰਦੀਆਂ ਵੀ ਵਾਰੋ-ਵਾਰੀ ਧਰਨੇ ਵਿੱਚ ਸ਼ਾਮਲ ਹੋਣ ਪਹੁੰਚੀਆਂ ਸਨ। ਜਿਨ੍ਹਾਂ ਨੇ ਉੱਥੇ ਲੰਗਰ ਵੀ ਲਗਾਏ ਸਨ ਅਤੇ ਲੋਕਤੰਤਰ ਪੱਖੀ ਤਕਰੀਰਾਂ ਵੀ ਕੀਤੀਆਂ ਸਨ।
ਇੱਥੇ ਪਹੁੰਚਣ ਵਾਲੇ ਲੋਕਾਂ ਦਾ ਮਕਸਦ ਇੱਥੇ ਬੈਠੀਆਂ ਮੁਸਲਿਮ ਔਰਤਾਂ ਦਾ ਹੌਂਸਲਾ ਵਧਾਉਣਾ ਅਤੇ ਵਿਵਾਦਿਤ ਕਾਨੂੰਨ ਬਾਰੇ ਇਕਜੁੱਟਤਾ ਪ੍ਰਗਟ ਕਰਨਾ ਸੀ।
ਮਾਰਚ ਦੇ ਆਖ਼ਰੀ ਦਿਨਾਂ ਵਿੱਚ ਕੋਵਿਡ-19 ਮਹਾਮਾਰੀ ਫ਼ੈਲਣ ਕਾਰਨ ਇਹ ਮੁਜ਼ਾਹਰਾ ਸਲਾਹ ਕਰ ਕੇ ਬੀਮਾਰੀ ਫ਼ੈਲਣ ਦੇ ਡਰੋਂ ਇੱਥੋਂ ਚੁੱਕ ਦਿੱਤਾ ਗਿਆ।
ਇਹ ਵੀਡੀਓ ਵੀ ਦੇਖੋ