ਕੋਰੋਨਾਵਾਇਰਸ: ਤੁਸੀਂ ਸਿਨੇਮਾ ਘਰਾਂ ਵਿੱਚ ਕਦੋਂ ਦੇਖ ਸਕੋਗੇ ਫਿਲਮਾਂ

ਗਰਾਫ਼ਿਕਸ
    • ਲੇਖਕ, ਵੰਦਨਾ
    • ਰੋਲ, ਬੀਬੀਸੀ ਪੱਤਰਕਾਰ

ਲੌਕਡਾਊਨ ਲੱਗਣ ਤੇ ਖੁੱਲ੍ਹਣ ਦੇ ਵਿਚਕਾਰ, ਭਾਰਤ ਵਿੱਚ ਟੀਵੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਆਪਣੀ ਪੰਚ ਲਾਈਨ 'ਲੌਕ ਕੀਆ ਜਾਏ' ਨਾਲ ਲੋਕਾਂ ਦਾ ਮਨੋਰੰਜਨ ਕਰਨ ਲਈ ਇੱਕ ਵਾਰ ਫਿਰ ਤੋਂ ਤਿਆਰੀ ਕਰ ਰਿਹਾ।

ਕੋਰੋਨਾਵਾਇਰਸ ਅਤੇ ਇਸ ਨਾਲ ਸਬੰਧਤ ਪਾਬੰਦੀਆਂ ਦੇ ਵਿਚਕਾਰ, ਸੋਨੀ ਟੀਵੀ ਨੇ ਤਕਨੀਕ ਦੀ ਸਹਾਇਤਾ ਨਾਲ ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਸ ਵਾਰ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਲੋਕ ਟੀਵੀ ਚੈਨਲ ਦੇ ਐਪ ਰਾਹੀਂ ਆਡੀਸ਼ਨ ਦੇਣਗੇ ਅਤੇ ਪਹਿਲੇ ਗੇੜ ਦੀ ਇੰਟਰਵਿਊ ਵੀਡੀਓ ਕਾਲ ਰਾਹੀਂ ਕੀਤੀ ਜਾਵੇਗੀ।

ਤੁਸੀਂ ਇਸ ਦਾ ਪ੍ਰੋਮੋ ਤਾਂ ਦੇਖ ਹੀ ਲਿਆ ਹੋਵੇਗਾ, ਜਿਸ ਨੂੰ ਅਮਿਤਾਭ ਬੱਚਨ ਨੇ ਘਰ ਬੈਠਿਆਂ ਆਪਣੇ ਕੈਮਰੇ ਨਾਲ ਸ਼ੂਟ ਕਰਕੇ ਭੇਜਿਆ ਹੈ।

ਫਿਲਮਾਂ, ਥੀਏਟਰ, ਟੀਵੀ ਜਾਂ ਸੰਗੀਤ ਕੁਝ ਵੀ ਹੋਵੇ, ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਮਨੋਰੰਜਨ ਦਾ ਇੱਕ ਨਵਾਂ ਚਿਹਰਾ ਦੇਖਣ ਨੂੰ ਮਿਲੇਗਾ।

ਡਿਜੀਟਲ ਅਤੇ ਓਟੀਟੀ

ਕਿਸੇ ਵੀ ਸਿਨਮਾ ਦੇ ਸ਼ੌਕੀਨ ਵਿਅਕਤੀ ਲਈ, ਕਿਸੇ ਫ਼ਿਲਮ ਥਿਏਟਰ ਵਿੱਚ ਆਪਣੇ ਮਨਪਸੰਦ ਹੀਰੋ-ਹੀਰੋਇਨ ਜਾਂ ਨਿਰਦੇਸ਼ਕ ਨੂੰ ਦੇਖਣ ਦਾ ਰੋਮਾਂਚ ਵੱਖਰਾ ਹੀ ਹੁੰਦਾ ਹੈ - ਖ਼ਾਸਕਰ ਪਹਿਲੇ ਦਿਨ ਦਾ ਪਹਿਲਾ ਸ਼ੋਅ।

ਹਾਲਾਂਕਿ ਪਿਛਲੇ ਹਫ਼ਤੇ ਜਦੋਂ ਅਮਿਤਾਭ ਬੱਚਨ ਦੀ ਫਿਲਮ ਗੁਲਾਬੋ-ਸਿਤਾਬੋ ਰਿਲੀਜ਼ ਹੋਈ ਸੀ, ਥਿਏਟਰ ਦੇ ਬਾਹਰ ਲਾਈਨ ਵਿੱਚ ਕੋਈ ਨਹੀਂ ਸੀ।

ਮੈਂ ਵੀ ਰਾਤ ਨੂੰ 12 ਵਜੇ ਘਰ ਬੈਠ ਕੇ ਫਿਲਮ ਦੇਖੀ ਤੇ ਇਸ ਦਾ ਰੀਵਿਊ ਲਿਖਿਆ।

ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਸਾਨੂੰ ਨਹੀਂ ਪਤਾ ਕਿ ਕੋਰੋਨਾਵਾਇਰਸ ਦੇ ਕਾਰਨ ਥਿਏਟਰ ਕਦੋਂ ਖੁੱਲ੍ਹਣਗੇ।

ਗੁਲਾਬੋ ਸਿਤਾਬੋ ਦੀ ਤਰ੍ਹਾਂ ਹੋਰ ਵੀ ਕਈ ਫਿਲਮਾਂ ਓਵਰ ਦਿ ਟੌਪ (ਓਟੀਟੀ) ਪਲੇਟਫਾਰਮਾਂ ‘ਤੇ ਰਿਲੀਜ਼ ਹੋ ਰਹੀਆਂ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਜਲਦੀ ਹੀ ਵਿਦਿਆ ਬਾਲਨ ਦੀ ਫਿਲਮ ਸ਼ਕੁੰਤਲਾ ਐਮੇਜ਼ੌਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ, ਜਦੋਂ ਕਿ ਤਾਮਿਲ-ਤੇਲੁਗੂ ਫਿਲਮ ਪੇਂਗੁਇਨ ਸ਼ੁੱਕਰਵਾਰ ਨੂੰ ਐਮੇਜ਼ੌਨ 'ਤੇ ਰਿਲੀਜ਼ ਹੋਈ ਸੀ।

ਐਮੇਜ਼ੌਨ ਪ੍ਰਾਈਮ ਵੀਡੀਓ ਦੇ ਭਾਰਤ ਦੇ ਕੰਟੈਂਟ ਹੈੱਡ ਵਿਜੇ ਸੁਬਰਾਮਣਿਅਮ ਦਾ ਕਹਿਣਾ ਹੈ ਕਿ ਇਹ ਪੈਂਤੜਾ ਆਪਣੇ ਗਾਹਕਾਂ ਦੇ ਰੁਝਾਨਾਂ ਨੂੰ ਸਮਝਦਿਆਂ ਹੋਇਆ ਵਰਤਿਆ ਜਾ ਰਿਹਾ ਹੈ। ਸਾਡਾ ਟੀਚਾ ਹੈ ਕਿ ਗਾਹਕ ਨੂੰ ਘਰ ਦੇ ਅੰਦਰ ਰਹਿੰਦਿਆਂ ਹੀ ਸਿਨੇਮਾ ਦਾ ਇੱਕ ਵਧੀਆ ਤਜ਼ੁਰਬਾ ਦਿੱਤਾ ਜਾਵੇ।

ਨੈੱਟਫ਼ਲਿਕਸ ਪਾਰਟੀ -ਦੂਰ ਹੁੰਦਿਆਂ ਹੋਇਆਂ ਵੀ ਕੋਲ

ਭਾਰਤ ਵਿਚ ਫਿਲਮਾਂ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹਨ। ਉਹ ਥਿਏਟਰਾਂ ਵਿੱਚ ਇਕੱਠੇ ਹੋ ਕੇ ਜਾਣਾ, ਕਿਸੇ ਕਾਮੇਡੀ ਸੀਨ 'ਤੇ ਸਾਰਿਆਂ ਦਾ ਇੱਕਠਿਆਂ ਹੱਸਣਾ, ਇੱਕ ਉਦਾਸ ਸੀਨ ਦੌਰਾਨ ਸਿਨੇਮਾ ਹਾਲ ਦੇ ਹਨੇਰੇ ਵਿੱਚ ਚੁੱਪ-ਚਾਪ ਰੋਣਾ। ਉਸ ਸਿਨੇਮਾ ਹਾਲ ਵਿੱਚ ਕਿੰਨ੍ਹੇ ਅਣਜਾਣ ਲੋਕ ਇੱਕੋ ਸਮੇਂ ਇੱਕੋ ਜਿਹੀਆਂ ਭਾਵਨਾਵਾਂ ਵਿੱਚੋਂ ਲੰਘਦੇ ਹਨ।

ਪਰ ਹੁਣ ਕੋਰੋਨਾਵਾਇਰਸ ਦੇ ਚੱਲਦਿਆਂ ਨਾ ਸਿਰਫ਼ ਫਿਲਮ ਨਿਰਮਾਤਾ, ਬਲਕਿ ਦਰਸ਼ਕਾਂ ਨੂੰ ਵੀ ਮਨੋਰੰਜਨ ਦੇ ਨਵੇਂ ਸਾਧਨ ਮਿਲ ਗਏ ਹਨ।

21 ਸਾਲਾ ਹਰਸ਼ਿਤਾ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਰਕੇ ਦਿੱਲੀ ਵਿੱਚ ਫਸ ਗਈ।

ਸਿਨੇਮਾ ਹਾਲ ਬੰਦ ਹਨ ਅਤੇ ਉਹ ਆਪਣੇ ਦੋਸਤਾਂ ਨਾਲ ਫਿਲਮਾਂ ਦੇਖਣ ਜਾਣਾ ਮਿਸ ਕਰਦੀ ਹੈ, ਪਰ ਹੁਣ ਹਰਸ਼ਿਤਾ ਨੇ ਨੈੱਟਫ਼ਲਿਕਸ ਪਾਰਟੀ 'ਤੇ ਇੱਕ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ।

ਨੈੱਟਫ਼ਲਿਕਸ ਪਾਰਟੀ ਕਿਸੇ ਵੀ ਗਾਹਕ ਨੂੰ ਇਹ ਸਹੂਲਤ ਦਿੰਦਾ ਹੈ ਕਿ ਕੁਝ ਦੋਸਤ ਮਿਲ ਕੇ ਇੱਕੋ ਸਮੇਂ ਆਪਣੇ ਘਰਾਂ ਵਿੱਚ ਬੈਠ ਕੇ ਇੱਕ ਫ਼ਿਲਮ ਦੇਖ ਸਕਦੇ ਹਨ, ਫਿਰ ਚਾਹੇ ਉਹ ਵੱਖ-ਵੱਖ ਥਾਵਾਂ, ਸ਼ਹਿਰਾਂ ਵਿੱਚ ਕਿਉਂ ਨਾ ਹੋਣ। ਇੱਥੇ ਲਾਈਵ ਚੈਟ ਦੀ ਸਹੂਲਤ ਵੀ ਮੌਜੂਦ ਹੈ।

ਹਰਸ਼ਿਤਾ ਕਹਿੰਦੀ ਹੈ ਕਿ ਇਹ ਕਿਸੇ ਦੋਸਤ ਜਾਂ ਪਰਿਵਾਰ ਨਾਲ ਫਿਲਮ ਦੇਖਣ ਦੇ ਤਜਰਬੇ ਵਰਗਾ ਨਹੀਂ ਹੈ, ਪਰ ਇਸ ਤਰ੍ਹਾਂ ਉਹ ਨੈੱਟਫ਼ਲਿਕਸ ਪਾਰਟੀ ਵਿੱਚ ਇਕੱਠੇ ਫਿਲਮਾਂ ਦੇਖ ਕੇ ਆਪਣੇ ਦੋਸਤਾਂ ਦੀ ਘਾਟ ਨੂੰ ਘੱਟ ਮਹਿਸੂਸ ਕਰਦੀ ਹੈ।

ਪਹਿਲਾਂ ਉਹ ਦੋਸਤਾਂ ਨਾਲ ਅਸਲ ਵਿੱਚ ਹੱਸਦੀ ਸੀ, ਹੁਣ ਉਹ ਇੱਕ ਹਾਸਰਸ ਸੀਨ ਦੀ ਲਾਈਵ ਚੈਟ ਵਿੱਚ ਮੁਸਕਰਾਹਟ ਵਾਲਾ ਈਮੋਜੀ ਵਰਤ ਕੇ ਹੱਸਦੀ ਹੈ, ਜਿਸਦਾ ਦੂਰੋਂ ਬੈਠੀ ਉਸਦੀ ਸਹੇਲੀ ਵੀ ਮੁਸਕਰਾਹਟ ਵਾਲੇ ਈਮੋਜੀ ਨਾਲ ਜਵਾਬ ਦਿੰਦੀ ਹੈ।

ਮਨੋਰੰਜਨ ਦਾ ਨਵਾਂ ਦੌਰ

ਗੁਲਾਬੋ-ਸਿਤਾਬੋ ਦੇ ਨਿਰਦੇਸ਼ਕ ਸ਼ੁਜੀਤ ਸਰਕਾਰ ਇਸ ਨੂੰ ਮਨੋਰੰਜਨ ਦੇ ਨਵੇਂ ਦੌਰ ਦੀ ਸ਼ੁਰੂਆਤ ਕਹਿੰਦੇ ਹਨ।

ਹਾਲਾਂਕਿ, ਇਹ ਪ੍ਰਸ਼ਨ ਉਠਾਏ ਜਾ ਰਹੇ ਹਨ ਕਿ ਕੀ ਓਟੀਟੀ 'ਤੇ ਰਿਲੀਜ਼ ਹੋਈਆਂ ਫ਼ਿਲਮਾਂ, ਥੀਏਟਰ ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਵਰਗਾ ਚਾਅ ਅਤੇ ਉਤਸ਼ਾਹ ਪੈਦਾ ਕਰ ਪਾਉਣਗੀਆਂ? ਇਸ ਨਾਲ ਕਮਾਈ ਦਾ ਹਿਸਾਬ ਕਿਵੇਂ ਹੋਵੇਗਾ?

ਫ਼ਿਲਮ ਆਲੋਚਕ ਸ਼ੁਭਰਾ ਗੁਪਤਾ ਨੇ ਟਵਿੱਟਰ 'ਤੇ ਲਿਖਿਆ ਕਿ ਇਹ 'ਬਰੇਵ ਨਿਊ ਬਾਲੀਵੁੱਡ ਹੈ’ ਜਦਕਿ ਫਿਲਮ ਆਲੋਚਕ ਨਮਰਤਾ ਜੋਸ਼ੀ ਨੇ ਆਪਣੇ ਟਵੀਟ ਵਿੱਚ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਕੋਰੋਨਾਵਾਇਰਸ ਦੌਰਾਨ 'ਡਿਜੀਟਲ ਮਨੋਰੰਜਨ' ਸੱਚਮੁੱਚ 'ਮਲਟੀਪਲੈਕਸ' ਦੀ ਦੁਨੀਆਂ ਬਦਲ ਦੇਵੇਗਾ?

ਹੌਲੀ-ਹੌਲੀ ਮਨੋਰੰਜਨ 'ਸਮਾਜਕ ਤਜਰਬੇ' ਤੋਂ ਇੱਕ 'ਨਿੱਜੀ ਤਜਰਬਾ' ਬਣਦਾ ਜਾ ਰਿਹਾ ਹੈ ਜਿੱਥੇ ਹਰ ਚੀਜ਼ ਤੁਹਾਡੇ ਮੋਬਾਈਲ ਜਾਂ ਲੈਪਟਾਪ ਵਿੱਚ ਕੈਦ ਹੈ। ਮਨੋਰੰਜਨ ਦਾ ਮੁਹਾਂਦਰਾ ਬਦਲ ਰਿਹਾ ਹੈ - ਚੰਗੇ ਜਾਂ ਮਾੜੇ ਲਈ ਇਹ ਭਵਿੱਖ ਦੱਸੇਗਾ।

ਸ਼ੂਟਿੰਗ ਦੇ ਨਿਯਮ

ਸਿਨੇਮਾ ਘਰਾਂ ਦੇ ਮਾਲਕ ਵੀ ਆਪਣੇ-ਆਪ ਨੂੰ ਭਵਿੱਖ ਲਈ ਤਿਆਰ ਕਰ ਰਹੇ ਹਨ ਜਿੱਥੇ ਸਿਰਫ਼ ਸੀਮਿਤ ਗਿਣਤੀ ਵਿੱਚ ਹੀ ਲੋਕ ਫ਼ਿਲਮ ਦੇਖ ਸਕਣਗੇ। ਸਿਨੇਮਾ ਹਾਲ ਨੂੰ ਰੋਗਾਣੂ-ਮੁਕਤ ਕਰਨ ਦੀ ਇੱਕ ਲੰਬੀ ਪ੍ਰਕਿਰਿਆ ਹੋਵੇਗੀ, ਅਤੇ ਸ਼ਾਇਦ ਟਿਕਟ ਸਿਰਫ ਆਨਲਾਈਨ ਮਿਲੇਗੀ।

ਕੋਰੋਨਾਵਾਇਰਸ ਦੌਰਾਨ ਫਿਲਮਾਂ ਅਤੇ ਟੀਵੀ ਨਾਲ ਜੁੜੇ ਲੋਕ ਵੀ ਸ਼ੂਟਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਕੰਮ ਕਰਨ ਅਤੇ ਸ਼ੂਟ ਕਰਨ ਦੇ ਤਰੀਕਿਆਂ ਵਿੱਚ ਵੀ ਵੱਡੇ ਬਦਲਾਅ ਆਉਣਗੇ।

ਗਰਾਫ਼ਿਕਸ

ਉਦਾਹਰਣ ਦੇ ਲਈ, ਦੱਖਣੀ ਅਫ਼ਰੀਕਾ ਵਿੱਚ ਲੌਕਡਾਊਨ ਦੌਰਾਨ, ਇੱਕ ਲੌਕਡਾਊਨ ਹਾਈਟਸ ਨਾਮ ਦਾ ਆਨਲਾਈਨ ਸੀਰੀਅਲ ਸ਼ੂਟ ਕੀਤਾ ਗਿਆ ਹੈ।

ਸਾਰੇ ਅਦਾਕਾਰਾਂ ਨੇ ਆਪਣੇ ਘਰਾਂ ਤੋਂ ਹੀ ਫੋਨਾਂ 'ਤੇ ਆਪਣੇ ਸੀਨ ਸ਼ੂਟ ਕੀਤੇ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਐਡਿਟ ਕਰਕੇ ਇੱਕ ਸੀਰੀਅਲ ਬਣਾਇਆ ਗਿਆ। ਇਹ ਲੋਕਾਂ ਵਿੱਚ ਬਹੁਤ ਮਸ਼ਹੂਰ ਹੋਇਆ।

ਬਾਲੀਵੁੱਡ ਵਿੱਚ ਵੀ ਨਵੇਂ ਨਿਯਮਾਂ ਦੀ ਚਰਚਾ ਹੋ ਰਹੀ ਹੈ, ਜਿਸ ਵਿੱਚ ਸਿਰਫ਼ 33% ਕਰਿਊ ਮੈਂਬਰਾਂ ਨੂੰ ਹੀ ਆਉਣ ਦੀ ਆਗਿਆ ਹੋਵੇਗੀ।

ਅਦਾਕਾਰ ਆਪਣੇ ਨਾਲ ਇੱਕ ਛੋਟੀ ਜਿਹੀ ਟੀਮ ਲਿਆ ਸਕਣਗੇ, ਮੇਕਅਪ ਕਲਾਕਾਰ ਨੂੰ ਪੀਪੀਈ ਕਿੱਟ ਪਾ ਕੇ ਮੇਕਅਪ ਕਰਨਾ ਪਏਗਾ। ਰਿਐਲਿਟੀ ਸ਼ੋਅ ਤਾਂ ਹੋਣਗੇ ਪਰ ਤਾੜੀਆਂ ਵਜਾਉਣ ਲਈ ਦਰਸ਼ਕ ਨਹੀਂ ਹੋਣਗੇ।

ਅਕਸ਼ੈ ਕੁਮਾਰ ਦੇ ਤਾਜ਼ਾ ਇਸ਼ਤਿਹਾਰ ਵਿੱਚ ਸਾਨੂੰ ਇਸ ਦੀ ਝਲਕ ਮਿਲੀ, ਜਿੱਥੇ ਹਰ ਕੋਈ ਸੈੱਟ 'ਤੇ ਮਾਸਕ ਪਾ ਕੇ ਘੁੰਮ ਰਿਹਾ ਹੈ, ਸਭ ਕੁਝ ਸੈਨੇਟਾਇਜ਼ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦਾ ਤਾਪਮਾਨ ਚੈੱਕ ਹੋ ਰਿਹਾ ਹੈ।

ਮਨੋਰੰਜਨ ਦੇ ਪੁਰਾਣੇ ਤਰੀਕੇ

ਜਦੋਂ ਕੋਰੋਨਾਵਾਇਰਸ ਵਰਗੇ ਹਾਲਾਤ ਆਉਂਦੇ ਹਨ, ਤਾਂ ਇਸ ਨਾਲ ਨਜਿੱਠਣ ਲਈ ਨਵੇਂ ਤਰੀਕੇ ਵੀ ਆਉਂਦੇ ਹਨ ਅਤੇ ਕਈ ਵਾਰ ਪੁਰਾਣੇ ਸੁਝਾਅ ਵੀ ਵਰਤੇ ਜਾਂਦੇ ਹਨ।

ਉਦਾਹਰਣ ਵਜੋਂ ਜਦੋਂ ਅਮਰੀਕਾ ਵਿੱਚ ਫਿਲਮਾਂ ਦੇ ਹਾਲ ਲੌਕਡਾਊਨ ਵਿੱਚ ਬੰਦ ਹੋ ਗਏ ਤਾਂ ਡ੍ਰਾਈਵ-ਇਨ ਸਿਨੇਮਾ ਦਾ ਰੁਝਾਨ ਦੁਬਾਰਾ ਸ਼ੁਰੂ ਹੋਇਆ।

ਭਾਰਤ ਵਿੱਚ ਕਈ ਦਹਾਕਿਆਂ ਤੋਂ ਖੁੱਲ੍ਹੇ ਮੈਦਾਨਾਂ ਵਿੱਚ ਬੈਠ ਕੇ ਸਿਨੇਮਾ ਦੇਖਣ ਦਾ ਰੁਝਾਨ ਰਿਹਾ ਹੈ।

ਅਮਰੀਕਾ ਵਿੱਚ ਲੋਕ ਸਮਾਜਕ ਦੂਰੀ ਦਾ ਧਿਆਨ ਰੱਖਦੇ ਹੋਏ ਆਪਣੀਆਂ ਕਾਰਾਂ ਵਿੱਚ ਬੈਠਦੇ ਹਨ ਅਤੇ ਫ਼ਿਲਮ ਖੁੱਲ੍ਹੇ ਮੈਦਾਨ ਵਿੱਚ ਦਿਖਾਈ ਜਾਂਦੀ ਹੈ। ਅਜੋਕੇ ਸਮੇਂ ਵਿੱਚ ਇਹ ਰੁਝਾਨ ਵਧਿਆ ਹੈ।

ਸੰਗੀਤ ਦੀ ਦੁਨੀਆਂ

ਮਿਊਜ਼ਿਕ ਕੌਂਸਰਟ ਕਰਨ ਵਾਲੇ ਕਲਾਕਾਰ ਵੀ ਕੋਰੋਨਾਵਾਇਰਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਬਹੁਤ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਅਤੇ ਇਹ ਪਤਾ ਨਹੀਂ ਹੈ ਕਿ ਇਹ ਦੁਬਾਰਾ ਕਦੋਂ ਹੋਣਗੇ।

ਤਾਂ ਫਿਰ ਸੰਗੀਤ ਪ੍ਰੇਮੀਆਂ ਲਈ ਮਨੋਰੰਜਨ ਕਿਵੇਂ ਬਦਲ ਸਕਦਾ ਹੈ?

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਚਿੰਤਨ ਉਪਾਧਿਆਏ ਸੰਗੀਤ ਦੀ ਦੁਨੀਆਂ ਦਾ ਇੱਕ ਮਸ਼ਹੂਰ ਨਾਮ ਹੈ ਅਤੇ ਇਹ ਪਰਿਕਰਮਾ ਬੈਂਡ ਦੇ ਸੰਸਥਾਪਕਾਂ ਵਿੱਚੋਂ ਇੱਕ ਹਨ।

ਮੌਜੂਦਾ ਸਥਿਤੀ ਦੇ ਬਾਵਜੂਦ, ਚਿੰਤਨ ਨੂੰ ਉਮੀਦ ਹੈ ਕਿ ਕੋਰੋਨਾਵਾਇਰਸ ਕਰਕੇ ਪੈਦਾ ਹੋਈ ਸਥਿਤੀ ਵਿੱਚ ਕਲਾਕਾਰ ਅਤੇ ਸੰਗੀਤ ਪ੍ਰੇਮੀਆਂ ਦੇ ਵਿਚਕਾਰ ਇੱਕ ਨਵਾਂ ਅਤੇ ਵਧੀਆ ਰਿਸ਼ਤਾ ਬਣ ਜਾਵੇਗਾ।

ਉਹ ਕਹਿੰਦੇ ਹਨ, "ਤਕਨੀਕੀ ਪੱਧਰ 'ਤੇ ਪ੍ਰਯੋਗ ਚੱਲ ਰਹੇ ਹਨ ਕਿ ਕਿਵੇਂ ਵਰਚੂਅਲ ਰਿਐਲਿਟੀ ਦੀ ਵਰਤੋਂ ਨਾਲ ਦਰਸ਼ਕਾਂ ਨੂੰ ਘਰ ਵਿੱਚ ਅਸਲ ਮਿਊਜ਼ਿਕ ਕੌਂਸਰਟ ਦਾ ਅਹਿਸਾਸ ਕਰਵਾਇਆ ਜਾ ਸਕੇ, ਹਾਲਾਂਕਿ ਭਾਰਤ ਵਿੱਚ 'ਚ ਇਸ ਲਈ ਸਮਾਂ ਲੱਗ ਸਕਦਾ ਹੈ।"

ਗਰਾਫ਼ਿਕਸ

“ਦੂਜੀ ਗੱਲ ਇਹ ਹੈ ਕਿ ਇਸ ਸਮੇਂ ਕਲਾਕਾਰਾਂ ਨੂੰ ਆਪਣੀ ਕਲਾ ’ਤੇ ਕੰਮ ਕਰਨ ਲਈ ਵਧੇਰੇ ਸਮਾਂ ਮਿਲ ਰਿਹਾ ਹੈ। ਕਲਾਕਾਰ ਅਤੇ ਸੰਗੀਤ ਪ੍ਰੇਮੀਆਂ ਵਿਚਕਾਰ ਸਿੱਧਾ ਸਬੰਧ ਬਣ ਰਿਹਾ ਹੈ।”

“ਸੰਗੀਤ ਪ੍ਰੇਮੀ ਡਿਜੀਟਲ ਕੌਂਸਰਟ ਦਾ ਅਨੰਦ ਵੀ ਲੈ ਸਕਦੇ ਹਨ, ਨਾ ਤਾਂ ਕਲਾਕਾਰਾਂ ਅਤੇ ਨਾ ਹੀ ਦਰਸ਼ਕਾਂ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਭੱਜਣਾ ਪਵੇਗਾ।”

ਜਿੱਥੋਂ ਤੱਕ ਕਲਾਕਾਰਾਂ ਦੀ ਕਮਾਈ ਦੀ ਗੱਲ ਹੈ, ਸਾਊਂਡ ਕਲਾਉਡ ਵਰਗੇ ਮਾਧਅਮ ਇਹ ਸੁਵਿਧਾ ਦੇ ਰਹੇ ਹਨ ਕਿ ਕਲਾਕਾਰ ਆਪਣੇ ਪ੍ਰੋਫਾਈਲ ਪੇਜ 'ਤੇ ਇੱਕ ਬਟਨ ਲਗਾ ਸਕਣ ਜਿਸ ਨਾਲ ਫ਼ੈਨ ਕਲਾਕਾਰਾਂ ਨੂੰ ਸਿੱਧੇ ਭੁਗਤਾਨ ਕਰ ਸਕਣ।

ਜੀਓ ਸਵਾਨ ਆਪਣੇ ਫੇਸਬੁੱਕ ਪੇਜ 'ਤੇ ਕਲਾਕਾਰਾਂ ਦਾ ਸਿੱਧਾ ਪ੍ਰਸਾਰਣ ਕਰ ਰਿਹਾ ਹੈ ਤੇ ਆਡੀਓ ਰਿਕਾਰਡਿੰਗ ਦੁਆਰਾ ਕੀਤੀ ਕਮਾਈ ਕਲਾਕਾਰਾਂ ਨੂੰ ਦਿੱਤੀ ਜਾਏਗੀ।

ਥੀਮ ਪਾਰਕ ਅਤੇ ਮਾਸਕ ਪਾ ਕੇ ਸੈਲਫੀ

ਸਿਨੇਮਾ ਅਤੇ ਸੰਗੀਤ ਤੋਂ ਇਲਾਵਾ, ਲੋਕ ਮਨੋਰੰਜਨ ਲਈ ਥੀਮ ਪਾਰਕਾਂ ਵਿੱਚ ਜਾਂਦੇ ਹਨ, ਖ਼ਾਸਕਰ ਬੱਚੇ।

ਸ਼ੰਘਾਈ ਡਿਜ਼ਨੀਲੈਂਡ ਪਾਰਕ ਕੋਰੋਨਵਾਇਰਸ ਕਾਰਨ ਤਿੰਨ ਮਹੀਨਿਆਂ ਲਈ ਬੰਦ ਰਹਿਣ ਤੋਂ ਬਾਅਦ ਮਈ ਵਿੱਚ ਮੁੜ ਖੋਲ੍ਹਿਆ ਗਿਆ। ਸਿਰਫ਼ 24,000 ਲੋਕਾਂ ਨੂੰ ਆਉਣ ਦੀ ਆਗਿਆ ਸੀ।

ਕੁਝ ਮਹੀਨਿਆਂ ਬਾਅਦ, ਭਾਰਤ ਵਿੱਚ ਵੀ ਲੋਕਾਂ ਲਈ ਥੀਮ ਪਾਰਕ ਖੁੱਲ੍ਹ ਸਕਦੇ ਹਨ, ਪਰ ਚੀਨ ਦੀ ਤਰ੍ਹਾਂ ਸਮਾਜਕ ਦੂਰੀਆਂ ਦਾ ਵੀ ਇੱਥੇ ਧਿਆਨ ਰੱਖਣਾ ਹੋਵੇਗਾ।

ਡਿਜ਼ਨੀ ਵਿਖੇ, ਲੋਕ ਮਿਕੀ ਮਾਊਸ ਨਾਲ ਮਾਸਕ ਪਾ ਕੇ ਸੈਲਫੀ ਖਿੱਚਦੇ ਦਿਖੇ ਜੋ ਕਿ ਆਪਣੇ ਆਪ ਵਿੱਚ ਇੱਕ ਵੱਖਰਾ ਨਜ਼ਾਰਾ ਸੀ। ਪਰ ਸ਼ਾਇਦ ਇਹ ਮਨੋਰੰਜਨ ਦਾ ਨਵਾਂ ਚਿਹਰਾ ਹੈ।

ਫਿਲਮ ਅਜੇ ਬਾਕੀ ਹੈ ਮੇਰੇ ਦੋਸਤ

ਕੋਵਿਡ 19 'ਤੇ ਕੇਪੀਐਮਜੀ ਦੀ ਰਿਪੋਰਟ ਦੇ ਅਨੁਸਾਰ, ਟੀਵੀ, ਡਿਜੀਟਲ ਅਤੇ ਓਟੀਟੀ ਪਲੇਟਫਾਰਮਾਂ 'ਤੇ ਜ਼ਬਰਦਸਤ ਵਾਧਾ ਹੋ ਰਿਹਾ ਹੈ, ਜਦੋਂ ਕਿ ਥਿਏਟਰ ਤੇ ਥੀਮ ਪਾਰਕ ਖਾਲੀ ਪਏ ਹਨ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਨਾਲ ਮਜ਼ਦੂਰਾਂ ਦੇ ਸੰਬੰਧ ਵਿੱਚ ਇੱਕ ਮਨੁੱਖੀ ਸਮੱਸਿਆ ਖੜ੍ਹੀ ਹੋ ਗਈ ਹੈ, ਸਿਹਤ ਸਹੂਲਤਾਂ ਦੀ ਸਥਿਤੀ ਮਾੜੀ ਹੈ।

ਅਜਿਹੀ ਸਥਿਤੀ ਵਿੱਚ ਮਨੋਰੰਜਨ ਬਾਰੇ ਗੱਲ ਕਰਨਾ ਗੈਰ-ਜ਼ਰੂਰੀ ਲੱਗ ਸਕਦਾ ਹੈ।

ਪਰ ਇਹ ਵੀ ਸੱਚ ਹੈ ਕਿ ਉਹ ਲੋਕ ਜੋ ਆਪਣੇ ਘਰਾਂ ਵਿੱਚ ਸੁਰੱਖਿਅਤ ਹਨ, ਸਹੂਲਤਾਂ ਨਾਲ ਲੈਸ ਹਨ, ਜੇ ਉਨ੍ਹਾਂ ਕੋਲ ਫਿਲਮਾਂ, ਹੌਟਸਟਾਰ, ਨੈੱਟਫਲਿਕਸ ਜਾਂ ਐਮਾਜ਼ੋਨ ਵਰਗੇ ਪਲੇਟਫਾਰਮ ਨਾ ਹੁੰਦੇ ਤਾਂ ਉਨ੍ਹਾਂ ਦਾ ਲੌਕਡਾਊਨ ਕਿਵੇਂ ਹੁੰਦਾ ?

ਇੱਥੇ ਮੈਨੂੰ ਇੱਕ ਕਿੱਸਾ ਯਾਦ ਆਇਆ ਜੋ ਬ੍ਰਿਟੇਨ ਦੇ ਵਿਵਾਦਿਤ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਨਾਲ ਜੁੜਿਆ ਹੋਇਆ ਹੈ।

ਜਦੋਂ ਚਰਚਿਲ ਨੂੰ ਵਿਸ਼ਵ ਯੁੱਧ ਦੌਰਾਨ ਕਲਾ ਦੇ ਖੇਤਰ ਵਿੱਚ ਫੰਡਾਂ ਵਿੱਚ ਕਟੌਤੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ, "ਜਦੋਂ ਕੋਈ ਕਲਾ ਨਹੀਂ ਹੋਵੇਗੀ, ਤਾਂ ਅਸੀਂ ਕਿਸ ਲਈ ਲੜ ਰਹੇ ਹਾਂ?"

ਇਸ ਲਈ ਮਨੋਰੰਜਨ ਦੀ ਦੁਨੀਆਂ ਤਾਂ ਰਹੇਗੀ ਪਰ ਉਸਦੀ ਸ਼ਕਲ ਸੂਰਤ ਕੁਝ ਬਦਲ ਜਾਵੇਗੀ ਕਿਉਂਕਿ ਕਹਿੰਦੇ ਹਨ ਕਿ 'ਫਿਲਮ ਅਜੇ ਬਾਕੀ ਹੈ ਮੇਰੇ ਦੋਸਤ…’

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)