ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ 'ਤੇ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ, 'ਲੌਕਡਾਊਨ-1 ਦੇ ਐਲਾਨ ਵੇਲੇ ਸਿਹਤ ਸੇਵਾਵਾਂ ਨੂੰ ਲੈ ਕੇ ਸਾਡੀ ਤਿਆਰੀ ਨਹੀਂ ਸੀ'

ਭਾਰਤ ਵਿੱਚ ਅਚਾਨਕ ਲਗਾਏ ਗਏ ਲੌਕਡਾਊਨ ਦਾ ਅਸਰ, ਤਬਲੀਗੀ ਜਮਾਤ ਦਾ ਵਿਵਾਦ, ਮਜ਼ਦੂਰਾਂ ਦੀ ਵੱਡੀ ਗਿਣਤੀ ਵਿੱਚ ਹਿਜਰਤ, ਸੰਕਟ ਦੇ ਦੌਰ ਵਿੱਚ ਸਰਹੱਦ 'ਤੇ ਤਣਾਅ ਅਤੇ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧੇ ਬਾਰੇ ਰਣਨੀਤੀ।

ਅਜਿਹੇ ਕਈ ਮਸਲਿਆਂ 'ਤੇ ਬੀਬੀਸੀ ਦੇ ਖਾਸ ਪ੍ਰੋਗਰਾਮ 'ਹਾਰਡ ਟਾਕ' ਵਿੱਚ ਪੱਤਰਕਾਰ ਸਟੀਫ਼ਨ ਸੈਕਰ ਨੇ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨਾਲ ਗੱਲਬਾਤ ਕੀਤੀ।

ਜਿਵੇਂ ਭਾਰਤ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਉਸੇ ਤਰ੍ਹਾਂ ਦਿਨੋਂ ਦਿਨ ਮਾਮਲਿਆਂ ਵਿੱਚ ਰਿਕਾਰਡ ਵਾਧਾ ਵੀ ਦੇਖਣ ਨੂੰ ਮਿਲ ਰਿਹਾ ਹੈ।

ਹਾਲਾਤ ਇਹ ਹਨ ਕਿ ਚੀਨ, ਜਿੱਥੋਂ ਮੰਨਿਆ ਜਾਂਦਾ ਹੈ ਕਿ ਵਾਇਰਸ ਸਭ ਤੋਂ ਪਹਿਲਾਂ ਸਾਹਮਣੇ ਆਇਆ ਉਸ ਨਾਲੋਂ ਵੀ ਵੱਧ ਮੌਤਾਂ ਹੁਣ ਭਾਰਤ ਵਿੱਚ ਹੋ ਗਈਆਂ ਹਨ।

ਮਾਮਲੇ ਵਧੇ ਪਰ ਢਿੱਲ ਕਿਉਂ?

ਮਿਸ਼ੀਗਨ ਯੂਨੀਵਰਸਿਟੀ ਵਿੱਚ ਮਹਾਂਮਾਰੀ ਮਾਹਿਰ ਡਾ. ਭ੍ਰਮਰ ਮੁਖਰਜੀ ਖਾਸ ਤੌਰ 'ਤੇ ਭਾਰਤ ਉੱਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਵਿਸ਼ਲੇਸ਼ਣ ਤੋਂ ਬਾਅਦ ਕਿਹਾ ਸੀ ਕਿ ਭਾਰਤ ਵਿੱਚ ਜੁਲਾਈ ਦੇ ਅੰਤ ਤੱਕ ਕਈ ਗੁਣਾ ਕੇਸ ਵੱਧ ਸਕਦੇ ਹਨ।

ਅਜਿਹੇ ਵਿੱਚ ਭਾਰਤ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੇ ਜਾਣ ਪਿੱਛੇ ਦਾ ਤਰਕ ਕੀ ਹੈ?

ਰਾਮ ਮਾਧਵ ਇਸਦਾ ਜਵਾਬ ਦਿੰਦੇ ਹੋਏ ਕਿਹਾ, ''ਲੌਕਡਾਊਨ ਦੇ ਨਿਯਮ ਤਾਂ ਹਾਲੇ ਵੀ ਲਾਗੂ ਹਨ ਪਰ ਆਰਥਿਕ ਗਤੀਵਿਧੀਆਂ ਲਈ ਕੁਝ ਢਿੱਲ ਦਿੱਤੀ ਗਈ ਹੈ। ਜਦੋਂ ਅਸੀਂ ਪਹਿਲਾ ਲੌਕਡਾਊਨ ਲਗਾਇਆ ਸੀ, ਉਸ ਵੇਲੇ ਅਸੀਂ ਸਿਹਤ ਸੇਵਾਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਹੁਣ ਪੂਰੀ ਤਿਆਰੀ ਹੈ। ਸਾਡੇ ਕੋਲ 9 ਲੱਖ ਬੈੱਡ ਹਨ, ਅਹਿਤਿਆਤ ਵਰਤੀ ਜਾ ਰਹੀ ਹੈ, ਲੋਕਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ।''

ਰਾਮ ਮਾਧਵ ਅੱਗ ਕਹਿੰਦੇ ਹਨ ਕਿ ਭਾਰਤ ਵਿੱਚ ਸੰਕ੍ਰਮਿਤ ਲੋਕਾਂ ਦੀ ਗਿਣਤੀ ਦੁਨੀਆਂ ਦੇ ਮੁਕਾਬਲੇ ਬਹੁਤ ਘੱਟ ਹੈ। ਹਾਂ, ਮਾਮਲੇ ਵਧੇ ਹਨ ਪਰ ਜੇਕਰ ਤੁਸੀਂ ਪਹਿਲੇ ਚਾਰ ਹਫਤੇ ਦਾ ਸਖ਼ਤ ਲੌਕਡਾਊਨ ਦੇਖੋ ਤਾਂ ਮਾਮਲੇ ਘੱਟ ਸਨ। ਹੁਣ ਜਿੱਥੇ ਵੱਧ ਮਾਮਲੇ ਹਨ ਉਹ ਉਸੇ ਇਲਾਕੇ ਵਿੱਚ ਕੰਟੇਨ ਕਰ ਦਿੱਤੇ ਗਏ ਹਨ।

'ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਹਿਜਰਤ ਨਹੀਂ ਕੀਤੀ'

ਪਿਛਲੇ ਦਿਨਾਂ ਵਿੱਚ ਪੂਰੀ ਦੁਨੀਆਂ ਨੇ ਦੇਖਿਆ ਕਿ ਭਿਆਨਕ ਗਰਮੀ ਵਿੱਚ ਭੁੱਖੇ ਭਾਣੇ ਬੇਰੁਜ਼ਗਾਰ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਭਾਰਤ ਦੀਆਂ ਸੜਕਾਂ 'ਤੇ ਪੈਦਲ ਆਪਣੇ ਘਰਾਂ ਨੂੰ ਜਾਂਦੇ ਦਿਖੇ।

ਅਚਾਨਕ ਲੌਕਡਾਊਨ ਦੇ ਆਲਾਨ ਤੋਂ ਬਾਅਦ ਹਫੜਾ ਦਫੜੀ ਮਚੀ ਜਿਸਦਾ ਸਭ ਤੋਂ ਵੱਧ ਅਸਰ ਮਜ਼ਦੂਰ ਅਤੇ ਗਰੀਬਾਂ 'ਤੇ ਪਿਆ।

ਰਾਮ ਮਾਧਵ ਲੌਕਡਾਊਨ-1 ਨੂੰ ਲਾਹੇਵੰਦ ਮੰਨਦਿਆਂ ਕਹਿੰਦੇ ਹਨ ਕਿ ਇਸ ਫੈਸਲੇ ਦਾ ਹੀ ਅਸਰ ਹੈ ਕਿ ਹੁਣ ਮੁਲਕ ਦੇ ਕੁਝ ਹਿੱਸਿਆਂ ਤੱਕ ਵਾਇਰਸ ਸੀਮਤ ਹੋ ਗਿਆ ਹੈ।

ਪਰਵਾਸੀਆਂ ਦੇ ਮੁੱਦੇ 'ਤੇ ਉਹ ਕਹਿੰਦੇ ਹਨ, ''ਭਾਰਤ 'ਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਜਰਮਨੀ ਤੇ ਯੂਕੇ ਵਰਗੇ ਮੁਲਕਾਂ ਦੀ ਆਬਾਦੀ ਤੋਂ ਵੀ ਵੱਧ ਹੈ। 90 ਫੀਸਦ ਮਜ਼ਦੂਰ ਜਿੱਥੇ ਹਨ ਉੱਥੇ ਹੀ ਹਨ। ਹਾਂ, 40-50 ਲੱਖ ਲੋਕ ਸੜਕਾਂ 'ਤੇ ਜ਼ਰੂਰ ਉੱਤਰੇ ਆਪੋ ਆਪਣੇ ਘਰਾਂ ਨੂੰ ਜਾਣ ਲਈ।''

ਤਬਲੀਗੀ ਜਮਾਤ ਦੇ ਮਸਲੇ 'ਤੇ ਕੀ ਬੋਲੇ ਮਾਧਵ

ਦਿੱਲੀ ਦੇ ਨਿਜ਼ਾਮੂਦਿਨ ਮਰਕਜ਼ ਵਿੱਚ ਵੱਡੀ ਗਿਣਤੀ ਵਿੱਚ ਤਬਲੀਗੀ ਜਮਾਤ ਦੇ ਲੋਕਾਂ ਦੇ ਕੋਵਿਡ-19 ਪੌਜ਼ਿਟਿਵ ਪਾਏ ਜਾਣ 'ਤੇ ਕਾਫੀ ਸਿਆਸਤ ਅਤੇ ਇਲਜਾਮ ਤਰਾਸ਼ੀ ਹੋਈ।

ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇਲਜ਼ਾਮ ਲਗਾਏ ਕਿ ਤਬਲੀਗੀ ਜਮਾਤ ਦੇ ਲੋਕਾਂ ਨੇ ਹੈਲਥ ਵਰਕਰਾਂ 'ਤੇ ਥੁੱਕਣਾ ਸ਼ੁਰੂ ਕਰ ਦਿੱਤਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸੰਕ੍ਰਮਿਤ ਕੀਤਾ ਜਾ ਸਕੇ।

ਕਪਿਲ ਮਿਸ਼ਰਾ ਨੇ ਜਮਾਤ ਦੇ ਲੋਕਾਂ ਨੂੰ ਟੈਰੇਰਿਸਟ ਤੱਕ ਕਹਿ ਦਿੱਤਾ ਸੀ।

ਰਾਮ ਮਾਧਵ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਅਸੀਂ ਅਜਿਹੇ ਬਿਆਨਾਂ ਦੀ ਨਿੰਦਿਆ ਕਰਦੇ ਹਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਬਿਆਨਬਾਜ਼ੀ 'ਚ ਨਾ ਪਿਆ ਜਾਵੇ।

ਰਾਮ ਮਾਧਵ ਅੱਗੇ ਕਹਿੰਦੇ ਹਨ, ''ਜੋ ਲੋਕ ਤਬਲੀਗੀ ਜਮਾਤ ਦੀ ਗੱਲ ਕਰ ਰਹੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰੇ ਮੁਸਲਿਮ ਭਾਈਚਾਰੇ ਨੂੰ ਕਹਿ ਰਹੇ ਹਨ। ਭਾਰਤ ਵਿੱਚ ਹੀ ਨਹੀਂ ਸਗੋਂ ਬਾਹਰ ਵੀ ਮੁਸਲਿਮ ਸਮਾਜ ਦੇ ਕਈ ਲੋਕ ਤਬਲੀਗੀਆਂ ਦੇ ਵਤੀਰੇ ਨਾਲ ਇੱਤੇਫਾਕ ਨਹੀਂ ਰੱਖਦੇ।''

28 ਮਈ ਨੂੰ ਸਾਵਰਕਰ ਦੀ ਜਯੰਤੀ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਸੀ ਕਿ 'ਸਾਵਰਕਰ ਦੇ ਬਲਿਦਾਨ, ਵੀਰਤਾ ਅਤੇ ਕਈਆਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਪ੍ਰੇਰਿਤ ਕਰਨ ਲਈ ਸੀਸ ਨਿਵਾਉਂਦੇ ਹਾਂ।'

ਸਟੀਫ਼ਨ ਸੈਕਰ ਨੇ ਮਾਧਵ ਨੂੰ ਸਵਾਲ ਪੁੱਛਿਆ ਕਿ ਸਾਲ 1939 ਵਿੱਚ ਸਾਵਰਕਰ ਨੇ ਤਾਂ ਨਾਜ਼ੀਆਂ ਵੱਲੋਂ ਯਹੂਦੀਆਂ ਨਾਲ ਕੀਤੇ ਗਏ ਵਤੀਰੇ ਨੂੰ ਸਹੀ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਭਾਰਤ ਦੇ ਮੁਸਲਮਾਨ ਵੀ ਇਨ੍ਹਾਂ ਲੋਕਾਂ ਵਾਂਗ ਹੀ ਹਨ।

ਰਾਮ ਮਾਧਵ ਨੇ ਕਿਹਾ ਕਿ ਤੁਸੀਂ ਵੀਡੀ ਸਾਵਰਕਰ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਉਲਟ ਲੈ ਰਹੇ ਹੋ, ਉਹ ਕਿਸੇ ਵੀ ਭਾਈਚਾਰੇ ਖਿਲਾਫ ਨਹੀਂ ਸਨ ਸਗੋਂ ਭਾਰਤ ਦੀ ਏਕਤਾ ਦੇ ਪੱਖ ਵਿੱਚ ਸਨ।

ਰਾਮ ਮਾਧਵ ਮੁਤਾਬਕ, ''ਉਨ੍ਹਾਂ ਦੇ ਬਲਿਦਾਨ ਅਤੇ ਦੇਸ਼ਭਗਤੀ ਦੀ ਸ਼ਲਾਘਾ ਕਾਂਗਰਸੀ ਲੀਡਰ ਇੰਦਰਾ ਗਾਂਧੀ ਨੇ ਵੀ ਕੀਤੀ ਸੀ। ਸਾਵਰਕਰ ਨੂੰ ਬ੍ਰਿਟਿਸ਼ ਹਕੂਮਤ ਨੇ 50 ਸਾਲ ਦੀ ਸਜ਼ਾ ਸੁਣਾਈ ਜੋ ਦੇਸ ਦੀ ਆਜਾਦੀ ਲਈ ਲੜੇ।''

ਉਹ ਅੱਗੇ ਕਹਿੰਦੇ ਹਨ ਆਰਐਸਐਸ ਨੇ ਕਦੇ ਵੀ ਨਾਜ਼ੀਆ ਦੀ ਵਿਚਾਰਧਾਰਾ ਦਾ ਸਮਰਥਨ ਨਹੀਂ ਕੀਤਾ ਅਤੇ ਯਹੂਦੀਆਂ ਦੇ ਦਮਨ ਖਿਲਾਫ ਆਰਐਸਐਸ ਹਮੇਸ਼ਾ ਖੜੀ ਰਹੀ ਹੈ।

ਕਸ਼ਮੀਰ ਵਿੱਚ ਇੰਟਰਨੈੱਟ ਸੇਵਾ ਬਾਰੇ

ਕਸ਼ਮੀਰ ਵਿੱਚ ਜਦੋਂ ਡਾਕਟਰਾਂ ਨੂੰ ਕੋਰੋਨਾਵਾਇਰਸ ਦੇ ਦੌਰ 'ਚ ਇੰਟਰਨੈਟ ਦੀ ਸਖਤ ਜ਼ਰੂਰਤ ਹੈ ਤਾਂ ਤੁਸੀਂ ਉੱਥੇ 4 ਜੀ ਸੇਵਾਵਾਂ ਨੂੰ ਕਿਉਂ ਰੋਕਿਆ ਗਿਆ ਹੈ।ਇਸ ਸਵਾਲ ਦੇ ਜਵਾਬ ਵਿੱਚ ਰਾਮ ਮਾਧਵ ਕਹਿੰਦੇ ਹਨ ਕਿ ਤੁਹਾਨੂੰ ਪਹਿਲਾਂ ਜ਼ਮੀਨੀ ਹਕੀਕਤ ਜਾਣ ਲੈਣੀ ਚਾਹੀਦੀ ਹੈ।

''ਹਰ ਹਸਪਤਾਲ ਅਤੇ ਸਿਹਤ ਕੇਂਦਰਾਂ ਵਿੱਚ ਬ੍ਰਾਡਬੈਡ ਸੇਵਾਵਾਂ ਪੂਰੀ ਤਰ੍ਹਾਂ ਮੌਜੂਦ ਹਨ। ਸਿਰਫ ਮੋਬਾਈਲਾਂ ਵਿੱਚ 4 ਜੀ ਸਪੀਡ ਨਹੀਂ ਹੈ। ਇਸ ਨੂੰ ਵੀ ਜਲਦੀ ਮੁਹੱਈਆ ਕਰਵਾ ਦਿੱਤਾ ਜਾਵੇਗਾ।

ਕੋਰੋਨਾ ਸੰਕਟ, ਅਰਥਚਾਰਾ ਅਤੇ ਚੀਨ ਨਾਲ ਰੇੜਕਾ

ਇੱਕ ਪਾਸੇ ਪੂਰੀ ਦੁਨੀਆਂ ਵਾਂਗ ਕੋਰੋਨਾਵਾਇਰਸ ਸੰਕਟ ਤੋਂ ਭਾਰਤ ਵੀ ਗੁਜ਼ਰ ਰਿਹਾ ਹੈ ਅਤੇ ਅਰਥਚਾਰੇ ਨੂੰ ਲੈ ਕੇ ਚਿੰਤਾਵਾਂ ਵੀ ਹਨ।

ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਦੇ ਰੇੜਕੇ ਤੋਂ ਪੂਰੀ ਦੁਨੀਆਂ ਜਾਣੂ ਹੈ। ਪਿਛਲੇ ਦਿਨਾਂ ਤੋਂ ਬਾਰਡਰ ਵਿਵਾਦ ਚੀਨ ਨਾਲ ਵੀ ਭਖਿਆ ਹੈ ਅਜਿਹੇ ਵਿੱਚ ਕਿਵੇਂ ਨਜਿੱਠ ਰਹੇ ਹੋ।

ਰਾਮ ਮਾਧਵ ਕਹਿੰਦੇ ਹਨ ਕਿ ਅਰਥਚਾਰਾ ਸਿਰਫ ਭਾਰਤ ਲਈ ਹੀ ਨਹੀ ਸਗੋਂ ਪੂਰੀ ਦੁਨੀਆਂ ਲਈ ਚੁਣੌਤੀ ਬਣਿਆ ਹੋਇਆ ਹੈ।

''ਅਸੀਂ ਵਿਸਥਾਰ ਵਿੱਚ ਇੱਕ ਪਲਾਨ ਬਣਾਇਆ ਹੈ ਤਾਂ ਜੋ ਮਹਾਂਮਾਰੀ ਦੇ ਅਸਰ ਤੋਂ ਛੇਤੀ ਬਾਹਰ ਆਇਆ ਜਾ ਸਕੇ। ਦੋ ਤੋਂ ਤਿੰਨ ਤਿਮਾਹੀਆਂ ਦੇ ਅੰਦਰ ਅਸੀਂ ਬਿਹਤਰ ਜੀਡੀਪੀ ਗ੍ਰੋਥ ਰੇਟ ਹਾਸਿਲ ਕਰ ਲਵਾਂਗੇ।''

ਲੱਦਾਖ ਵਿੱਚ ਭਾਰਤ-ਚੀਨ ਸਰਹੱਦ 'ਤੇ ਪੈਦਾ ਹੋਏ ਵਿਵਾਦ ਬਾਰੇ ਰਾਮ ਮਾਧਵ ਕਹਿੰਦੇ ਹਨ ਕਿ ਮਸਲਾ ਗੰਭੀਰ ਹੈ, ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ।

ਉਹ ਕਹਿੰਦੇ ਹਨ, ''ਚੀਨ ਨਾਲ ਪਹਿਲਾਂ ਵੀ ਸਰਹੱਦ ਨੂੰ ਲੈ ਕੇ ਵਿਵਾਦ ਰਿਹਾ ਹੈ। ਦੋਹਾਂ ਮੁਲਕਾਂ ਵਿੱਚ ਸਮਝਦਾਰ ਲੀਡਰਸ਼ਿਪ ਹੈ। ਬੇਸ਼ੱਕ ਅਸੀਂ ਜਮੀਨ 'ਤੇ ਮਜ਼ਬੂਤੀ ਬਣਾਈ ਹੋਈ ਹੈ ਪਰ ਨਾਲ ਦੀ ਨਾਲ ਚੀਨੀ ਲੀਡਰਸ਼ਿਪ ਨਾਲ ਕੂਟਨੀਤਕ ਤੌਰ 'ਤੇ ਵੀ ਗਲਬਾਤ ਜਾਰੀ ਹੈ।''

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)