You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲਈ ਭਾਰਤ ਦੇ ਪਿੰਡਾਂ ਦਾ ਸਿਹਤ ਸਿਸਟਮ ਕਿੰਨਾ ਤਿਆਰ
- ਲੇਖਕ, ਸ਼ਾਦਾਬ ਨਜ਼ਮੀ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਦੇ ਚੱਲਦਿਆਂ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 500 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੁਤਾਬਕ 23 ਮਾਰਚ ਸਵੇਰੇ 10 ਵਜੇ ਤੱਕ ਕੋਰੋਨਾਵਾਇਰਸ ਦੇ 468 ਮਾਮਲੇ ਸਾਹਮਣੇ ਆ ਚੁੱਕੇ ਹਨ।
3 ਮਾਰਚ 2020 ਤੱਕ ਭਾਰਤ ਵਿੱਚ ਇਸ ਵਾਇਰਸ ਦੇ ਸਿਰਫ਼ ਪੰਜ ਪੌਜ਼ੀਟਿਵ ਮਾਮਲੇ ਸਨ ਪਰ ਅਗਲੇ ਹੀ ਦਿਨ ਵੱਧ ਕੇ 27 ਕੇਸ ਹੋ ਗਏ ਤੇ ਕੁਝ ਹੀ ਦਿਨਾਂ ਅੰਕੜਿਆਂ ਦੀ ਰਫ਼ਤਾਰ ਵਧਣ ਲੱਗੀ।
ਜੇ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਇਹ ਮਾਮਲੇ ਇਸੇ ਤਰ੍ਹਾਂ ਵਧਦੇ ਰਹੇ ਤਾਂ ਸੂਬਿਆਂ ਲਈ ਇਸ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਵੇਗਾ।
ਸਿਹਤ ਸੇਵਾਵਾਂ ਦਾ ਢਾਂਚਾ
ਨੈਸ਼ਨਲ ਹੈਲਥ ਪ੍ਰੋਫਾਈਲ 2019 ਦੇ ਅੰਕੜਿਆਂ ਮੁਤਾਬਕ ਭਾਰਤ ਦੇ ਪੇਂਡੂ ਇਲਾਕਿਆਂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਰੱਖਣ ਲਈ ਲੋੜੀਂਦੇ ਬੈੱਡ ਵੀ ਨਹੀਂ ਹਨ।
ਇਹ ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਸਰਕਾਰੀ ਹਸਪਤਾਲ 26,000 ਦੇ ਕਰੀਬ ਹਨ। ਇਨ੍ਹਾਂ ਵਿੱਚੋਂ 21,000 ਪੇਂਡੂ ਇਲਾਕਿਆਂ ਵਿੱਚ ਹਨ ਤੇ 5000 ਸ਼ਹਿਰੀ ਇਲਾਕਿਆਂ ਵਿੱਚ ਹਨ। ਹਾਲਾਂਕਿ ਬੈੱਡਾਂ ਦੀ ਗਿਣਤੀ ਚਿੰਤਾਜਨਕ ਹੈ।
ਹਰੇਕ 1,700 ਮਰੀਜ਼ਾਂ ਪਿੱਛੇ ਸਿਰਫ਼ ਇੱਕ ਬੈੱਡ ਦੀ ਹੀ ਸੁਵਿਧਾ ਹੈ। ਪੇਂਡੂ ਇਲਾਕਿਆਂ ਵਿੱਚ ਹਰ ਬੈੱਡ ਮਗਰ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਹੋ ਜਾਂਦੀ ਹੈ। ਇਨ੍ਹਾਂ ਇਲਾਕਿਆਂ 'ਚ 3100 ਮਰੀਜਾਂ ਪਿੱਛੇ ਇੱਕ ਬੈੱਡ ਹੋ ਜਾਂਦਾ ਹੈ।
ਜੇ ਹਰ ਸੂਬੇ ਦੀ ਆਬਾਦੀ ਦੇ ਹਿਸਾਬ ਨਾਲ ਬੈੱਡਾਂ ਦੀ ਗਿਣਤੀ ਦੇਖੀ ਜਾਵੇ ਤਾਂ ਬਿਹਾਰ ਵਿੱਚ ਸਭ ਤੋਂ ਮਾੜਾ ਹਾਲ ਹੈ।
2011 ਦੀ ਜਨਗਣਨਾ ਮੁਤਾਬਕ, ਬਿਹਾਰ ਦੇ ਪੇਂਡੂ ਇਲਾਕਿਆਂ ਵਿੱਚ ਕਰੀਬ 10 ਕਰੋੜ ਲੋਕ ਰਹਿੰਦੇ ਹਨ। ਹਰ ਇੱਕ ਬੈੱਡ ਪਿੱਛੇ 16 ਹਜ਼ਾਰ ਮਰੀਜ਼ ਹਨ। ਇਸ ਤਰ੍ਹਾਂ ਬਿਹਾਰ ਹਰ 1,000 ਲੋਕਾਂ ਮਗਰ ਸਭ ਤੋਂ ਘੱਟ ਬੈੱਡ ਵਾਲਾ ਸੂਬਾ ਹੈ।
ਤਮਿਲਨਾਡੂ ਇਸ ਮਾਮਲੇ ਵਿੱਚ ਠੀਕ ਹਾਲਾਤ 'ਚ ਹੈ। ਇਸ ਸੂਬੇ ਦੇ ਪੇਂਡੂ ਇਲਾਕਿਆਂ ਵਿੱਚ 690 ਸਰਕਾਰੀ ਹਸਪਤਾਲ ਤੇ ਕੁੱਲ 40,179 ਬੈੱਡ ਹਨ। ਅੰਕੜਿਆਂ ਦੇ ਹਿਸਾਬ ਨਾਲ ਚੱਲੀਏ ਤਾਂ ਹਰੇਕ ਬੈੱਡ ਪਿੱਛੇ 800 ਮਰੀਜ਼ ਹਨ।
ਡਾਕਟਰ
ਪੇਂਡੂ ਸਿਹਤ ਅੰਕੜਿਆਂ ਮੁਤਾਬਕ, ਭਾਰਤ ਦੇ ਪੇਂਡੂ ਇਲਾਕਿਆਂ ਵਿੱਚ 26,000 ਲੋਕਾਂ ਪਿੱਛੇ ਇੱਕ ਐਲੋਪੈਥਿਕ ਡਾਕਟਰ ਹੈ।
ਵਿਸ਼ਵ ਸਿਹਤ ਸੰਗਠਨ ਦੇ ਨਿਯਮ ਮੁਤਾਬਕ, ਡਾਕਟਰ ਅਤੇ ਮਰੀਜ਼ਾਂ ਦਾ ਅਨੁਪਾਤ ਹਰ 1,000 ਮਰੀਜ਼ ਪਿੱਛੇ 1 ਡਾਕਟਰ ਦਾ ਹੋਣ ਚਾਹੀਦਾ ਹੈ।
ਸਟੇਟ ਮੈਡੀਕਲ ਕੌਂਸਲ ਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਰਜਿਸਟਰਡ ਐਲੋਪੈਥਿਕ ਡਾਕਟਰਾਂ ਦੀ ਗਿਣਤੀ ਕਰੀਬ 1.1 ਕਰੋੜ ਹੈ।
ਅੰਕੜੇ ਸਾਫ਼ ਦੱਸਦੇ ਹਨ ਕਿ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਹਰ ਮਰੀਜ਼ ਨੂੰ ਹਸਪਤਾਲ ਦੇ ਬਿਸਤਰ ਮੁਹੱਈਆ ਕਰਵਾਉਣ ਲਈ ਨਾ ਤਾਂ ਲੋੜੀਂਦੇ ਬੈੱਡ ਹਨ ਤੇ ਨਾਂ ਹੀ ਹਰੇਕ ਮਰੀਜ਼ ਨੂੰ ਵੇਖਣ ਲਈ ਲੋੜੀਂਦੇ ਡਾਕਟਰ ਹਨ।
ਟੈਸਟ ਸੈਂਟਰ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਮੁਤਾਬਕ, ਵੱਲੋਂ ਮਾਨਤਾ ਪ੍ਰਾਪਤ 116 ਸਰਕਾਰੀ ਲੈਬੋਰਟਰੀਆਂ ਹਨ।
ਕੋਰੋਨਾਵਾਇਰਸ ਦੇ ਟੈਸਟ ਲਈ 89 ਆਪ੍ਰੇਸ਼ਨਲ ਲੈਬ ਹਨ ਤੇ 27 ਅਜੇ ਅਜਿਹੀਆਂ ਲੈਬੋਰਟਰੀਆਂ ਹਨ ਜਿਨ੍ਹਾਂ ਦਾ ਆਪ੍ਰੇਸ਼ਨ ਇਸ ਟੈਸਟ ਲਈ ਸ਼ੁਰੂ ਹੋਣਾ ਹੈ।
ਹੁਣ ਨਜ਼ਰ ਮਾਰਦੇ ਹਾਂ ਮਹਾਰਾਸ਼ਟਰ ਅਤੇ ਕੇਰਲ 'ਤੇ, ਜਿੱਥੇ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਪੌਜ਼ੀਟਿਵ ਮਾਮਲੇ ਹਨ।
ਮਹਾਰਾਸ਼ਟਰ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ 8 ਲੈਬੋਰਟਰੀਆਂ ਵਿੱਚੋਂ 4 ਮੁੰਬਈ, 3 ਪੁਣੇ ਅਤੇ 1 ਨਾਗਪੁਰ ਵਿੱਚ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵੱਲੋਂ ਵੀ 4 ਨਿੱਜੀ ਲੈਬੋਰਟਰੀਆਂ ਨੂੰ ਮਹਾਰਾਸ਼ਟਰ ਵਿੱਚ ਮਾਨਤਾ ਦਿੱਤੀ ਗਈ ਹੈ।
ਮਹਾਰਾਸ਼ਟਰ ਦੇ ਪੂਰਬੀ ਜਿਲ੍ਹੇ ਜਿਵੇਂ ਗੜ੍ਹਚਿਰੋਲੀ ਲਈ ਸਭ ਤੋਂ ਨਜ਼ਦੀਕ ਲੈਬਰੋਟਰੀ ਨਾਗਪੁਰ ਦੀ ਹੈ ਜੋ ਕਿ ਕਰੀਬ 170 ਕਿੱਲੋਮੀਟਰ ਦੂਰ ਹੈ।
ਦੱਖਣੀ ਜਿਲ੍ਹੇ ਜਿਵੇਂ ਕੋਲ੍ਹਾਪੁਰ ਲਈ ਕੋਰੋਨਾਵਾਇਰਸ ਦੇ ਟੈਸਟ ਲਈ ਸਭ ਤੋਂ ਨੇੜੇ ਦੀ ਲੈਬੋਰਟਰੀ ਪੁਣੇ ਵਿੱਚ ਹੈ ਜੋ ਕਰੀਬ 230 ਕਿੱਲੋਮੀਟਰ ਦੂਰ ਹੈ।
ਟੈਸਟ ਸੈਂਟਰਾਂ ਦੀ ਸੀਮਤ ਗਿਣਤੀ ਵਿਚਾਲੇ ਪੇਂਡੂ ਇਲਾਕਿਆਂ ਦੇ ਲੋਕਾਂ ਲਈ ਐਨਾ ਲੰਬਾ ਸਫ਼ਰ ਤੈਅ ਕਰਕੇ ਜਾਣਾ ਕਾਫੀ ਔਖਾ ਹੈ।
ਬਿਹਾਰ ਵਿੱਚ ਟੈਸਟ ਸੈਂਟਰ
ਬਿਹਾਰ ਵਿੱਚ ਕੋਰੋਨਾਵਾਇਰਸ ਦੇ ਟੈਸਟ ਲਈ ਸਿਰਫ਼ 5 ਟੈਸਟ ਲੈਬੋਰਟਰੀਆਂ ਹਨ ਜਿਨ੍ਹਾਂ ਵਿੱਚੋਂ 3 ਪਟਨਾ ਵਿੱਚ ਹੈ ਤੇ 2 ਦਰਭੰਗਾ ਵਿੱਚ ਹਨ।
ICMR ਮੁਤਾਬਕ ਪਟਨਾ ਦੀਆਂ ਦੋ ਲੈਬੋਰਟਰੀਆਂ ਹਾਲੇ ਵੀ ਲੋੜੀਂਦੀਆਂ ਮਸ਼ੀਨਾਂ ਦੇ ਪਹੁੰਚਣ ਦੀ ਉਡੀਕ ਕਰ ਰਹੀਆਂ ਹਨ।
ਦੂਰ-ਪੂਰਬੀ ਜ਼ਿਲ੍ਹਾ ਕਿਸ਼ਨਗੰਜ ਦਾ ਹਾਲ ਵੇਖਦੇ ਹਾਂ। ਇੱਥੇ ਜੇ ਕਿਸੇ ਸ਼ਖ਼ਸ ਨੇ ਕੋਰੋਨਾਵਾਇਰਸ ਦਾ ਟੈਸਟ ਕਰਵਾਉਣਾ ਹੋਵੇ ਤਾਂ ਉਸ ਨੂੰ ਦਰਭੰਗਾ ਪਹੁੰਚਣ ਲਈ 250 ਕਿੱਲੋਮੀਟਰ ਦਾ ਸਫਰ ਕਰਨਾ ਪਵੇਗਾ।
ਜੇ ਉੱਤਰੀ ਜਿਲ੍ਹੇ ਜਿਵੇਂ, ਪੱਛਮੀ ਚੰਪਾਰਨ ਵਿੱਚ ਕਿਸੇ ਨੇ ਟੈਸਟ ਕਰਵਾਉਣਾ ਹੋਵੇ ਤਾਂ ਉਸ ਨੂੰ ਦਰਭੰਗਾ ਪਹੁੰਚਣ ਲਈ 230 ਕਿੱਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ।
ਹਾਲਾਂਕਿ ਦੋਵੇਂ ਸੈਂਟਰ ਸੂਬੇ ਦੇ ਵਿਚਾਲੇ ਬਣਾਏ ਗਏ ਹਨ ਪਰ ਪੇਂਡੂ ਇਲਾਕਿਆਂ ਦੇ ਲੋਕਾਂ ਲਈ ਇੱਥੇ ਪਹੁੰਚਣਾ ਬਹੁਤ ਮੁਸ਼ਕਿਲ ਹੈ। ਉਸ ਤੋਂ ਵੀ ਮੁਸ਼ਕਿਲ ਹੈ ਸੂਬਾ ਸਰਕਾਰ ਲਈ ਇਹ ਲੱਭਣਾ ਕਿ ਅਸਲ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਕਿੰਨੇ ਹਨ।
ਇਹ ਵੀਡੀਓਜ਼ ਵੀ ਜ਼ਰੂਰ ਦੇਖੋ