ਕੋਰੋਨਾਵਾਇਰਸ: ਕੈਨੇਡਾ ਰਹਿੰਦੇ ਪੰਜਾਬੀ ਵਿਦਿਆਰਥੀਆਂ ਦਾ ਹਾਲ- ‘ਮੈਨੂੰ ਕੱਲ੍ਹ ਤੋਂ ਨੌਕਰੀ ’ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ’

ਤਸਵੀਰ ਸਰੋਤ, NurPhoto via getty images
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਰਹਿੰਦੇ ਪੰਜਾਬੀ ਮੁੰਡੇ-ਕੁੜੀਆਂ ਨਾਲ ਕੀ ਗੱਲਬਾਤ ਹੋਈ, ਇਸ ਤੋਂ ਪਹਿਲਾਂ ਦੱਸ ਦੇਵਾਂ ਕਿ ਵਿਸ਼ਵ ਸਿਹਤ ਸੰਗਠਨ ਦੀ 19 ਮਾਰਚ, 2020 ਦੀ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਕੋਰੋਨਾਵਾਇਰਸ ਨਾਲ ਪੀੜਤ 569 ਕੇਸਾਂ ਦੀ ਪੁਸ਼ਟੀ ਹੋਈ ਹੈ, 8 ਮੌਤਾਂ ਹੋ ਚੁੱਕੀਆਂ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਵੀ ਕੋਰੋਨਾਵਾਇਰਸ ਦੀ ਪੌਜ਼ੀਟਿਵ ਪਾਈ ਗਈ। ਅਹਿਮ ਫੈਸਲਾ ਲੈਂਦਿਆਂ ਕੈਨੇਡਾ ਨੇ 18 ਮਾਰਚ,2020 ਤੋਂ 30 ਜੂਨ, 2020 ਤੱਕ ਟਰੈਵਲ ਬੈਨ ਵੀ ਲਾਗੂ ਕਰ ਦਿੱਤਾ ਹੈ, ਸਰਕਾਰ ਦੀ ਤੈਅ ਸੂਚੀ ਵਿੱਚ ਆਉਂਦੇ ਲੋਕ ਹੀ ਇਸ ਸਮੇਂ ਦੌਰਾਨ ਕੈਨੇਡਾ ਦਾਖਲ ਹੋ ਸਕਣਗੇ।
ਕੈਨੇਡਾ ਵਿੱਚ ਗਰੌਸਰੀ ਸਟੋਰਾਂ ਦੀਆਂ ਖਾਲੀ ਹੋਈਆਂ ਸ਼ੈਲਫਾਂ ਬਾਰੇ ਮੈਂ ਕੈਨੇਡਾ ਦੇ ਬਰੈਂਪਟਨ ਰਹਿੰਦੀ ਕਿਰਨ ਨੂੰ ਪੁੱਛਿਆ।
ਕਿਰਨ ਨੇ ਦੱਸਿਆ, "ਮੈਂ ਜਿਸ ਸਟੋਰ ਵਿੱਚ ਗਈ ਸੀ ਉੱਥੇ ਕੁਝ ਕੁ ਸ਼ੈਲਫਾਂ ਖਾਲੀ ਹੋ ਗਈਆਂ ਸੀ, ਖਾਸ ਕਰਕੇ ਆਟੇ ਦਾ ਸਟੌਕ ਅਤੇ ਟਾਇਲਟ ਪੇਪਰ ਵਗੈਰਾ।"
(ਬੀਬੀਸੀ ਪੱਤਰਕਾਰ ਨੇ ਇਹ ਗੱਲਬਾਤ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨਾਲ ਫੋਨ 'ਤੇ ਕੀਤੀ ਹੈ)

ਤਸਵੀਰ ਸਰੋਤ, NurPhoto via getty images

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ
- ਪੰਜਾਬ ਵਿੱਚ ਚਾਰ ਕੇਸ ਸਾਹਮਣੇ ਆਏ। ਹੁਣ ਤੱਕ ਇੱਕ ਮੌਤ ਹੋ ਚੁੱਕੀ ਹੈ। ਚੰਡੀਗੜ੍ਹ 'ਚ ਵੀ 5 ਕੇਸ ਪੌਜ਼ੀਟਿਵ ਪਾਏ ਗਏ ਹਨ
- ਪੰਜਾਬ ਸਰਕਾਰ ਨੇ ਸ਼ੁੱਕਰਵਾਰ ਰਾਤ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਉੱਤੇ ਰੋਕ ਲਾ ਦਿੱਤੀ ਹੈ।
- ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਦੇਸ਼ ਵਿਚ ਹੁਣ ਤੱਕ 258 ਕੇਸ ਹਨ ਅਤੇ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿਚ 4 ਮੌਤਾਂ ਹੋਈਆਂ ਹਨ।
- ਭਾਰਤ ਵਿਚ ਸਭ ਤੋਂ ਵੱਧ ਮਾਮਲੇ ਮਹਾਰਾਸਟਰ, ਦੂਜੇ ਨੰਬਰ ਉੱਤੇ ਕੇਰਲ ਵਿਚ ਆਏ ਹਨ।
- ਵਿਸ਼ਵ ਸਿਹਤ ਸੰਗਠਨ ਦੁਨੀਆਂ ਭਰ ਕੋਰੋਨਾਵਾਇਰਸ ਤੋਂ 2, 50, 000 ਤੋਂ ਵੱਧ ਲੋਕ ਪੀੜ੍ਹਤ ਹਨ ਅਤੇ ਮੌਤਾਂ ਦਾ ਅੰਕੜਾ 10,000 ਨੂੰ ਪਾਰ ਕਰ ਗਿਆ ਹੈ।
- ਜਿਹੜੇ 6 ਦੇਸ ਸਭ ਤੋਂ ਵੱਧ ਪੀੜ੍ਹਤ ਹਨ, ਉਨ੍ਹਾਂ ਵਿੱਚ ਚੀਨ, ਇਟਲੀ, ਈਰਾਨ, ਸਪੇਨ, ਕੋਰੀਆ ਅਤੇ ਫਰਾਂਸ ਸ਼ਾਮਲ ਹਨ। ਇਟਲੀ ਚੀਨ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।


ਤਸਵੀਰ ਸਰੋਤ, Anadolu Agency


ਤਿੰਨ ਕੁ ਸਾਲ ਪਹਿਲਾਂ ਸਰਦੂਲਗੜ੍ਹ ਤੋਂ ਕੈਨੇਡਾ ਗਏ ਭੁਪੇਸ਼ ਅਗਰਵਾਲ ਨਾਲ ਗੱਲ ਕੀਤੀ। ਭੁਪੇਸ਼ ਸਟੱਡੀ ਵੀਜ਼ਾ 'ਤੇ ਗਿਆ ਸੀ ਅਤੇ ਸਾਲ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਹੈ। ਉਹ ਓਂਟਾਰੀਓ ਵਿੱਚ ਫਾਇਰ ਪੈਨਲ ਟਰਬਲਸ਼ੂਟਰ ਦਾ ਕੰਮ ਕਰਦਾ ਹੈ।
ਭੁਪੇਸ਼ ਨੇ ਦੱਸਿਆ, "ਓਂਟਾਰੀਆ ਵਿੱਚ ਲੌਕਡਾਊਨ ਜਿਹੀ ਸਥਿਤੀ ਹੈ; ਈਵੈਂਟ ਕੈਂਸਲ ਹੋ ਗਏ ਹਨ, ਰੈਸਟੋਰੈਂਟਾਂ ਵਿੱਚ ਡਾਇਨ ਇਨ ਬੰਦ ਹੋਣ ਕਾਰਨ ਇੱਥੇ ਸਰਵਰ ਵਜੋਂ ਕੰਮ ਕਰਨ ਵਾਲਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ। ਪਬਲਿਕ ਡੀਲਿੰਗ ਵਾਲੀਆਂ ਜ਼ਿਆਦਾਤਰ ਨੌਕਰੀਆਂ ਵਿੱਚ ਲੇਅ-ਆਫ ਕਰ ਦਿੱਤਾ ਗਿਆ ਹੈ, ਟਰੱਕਾਂ ਦਾ ਕੰਮ ਘਟ ਗਿਆ ਹੈ।"
ਵੀਡੀਓ: ਪੰਜਾਬੀ ਗਾਇਕਾ ਗਿੰਨੀ ਮਾਹੀ ਇਸ ਵੇਲੇ ਇਟਲੀ 'ਚ ਮੌਜੂਦ ਹੈ ਅਤੇ ਭਾਰਤ ਆਉਣ ਤੋਂ ਅਸਮਰਥ ਹੈ
ਭੁਪੇਸ਼ ਨੂੰ ਵੀ ਪੁੱਛਣ 'ਤੇ ਕਿ ਗਰੌਸਰੀ ਸਟੋਰਜ਼ ਦਾ ਕੀ ਹਾਲ ਹੈ, ਉਸ ਨੇ ਦੱਸਿਆ, "ਕਈ ਚੀਜ਼ਾਂ ਦਾ ਸਟੌਕ ਬਹੁਤ ਜਲਦੀ ਖਤਮ ਹੋ ਰਿਹੈ ਜਿਵੇਂ ਕਿ ਦੁੱਧ, ਬਰੈਡ, ਟਾਇਲਟ ਪੇਪਰ ਵਗੈਰਾ। ਪਹਿਲਾਂ ਮੈਂ ਸਵੇਰੇ ਘਰੋਂ ਨਿੱਕਲਣ ਵੇਲੇ ਬਰੈੱਡ-ਦੁੱਧ ਵਗੈਰਾ ਦਾ ਨਾਸ਼ਤਾ ਕਰ ਜਾਂਦਾ ਸੀ, ਟਾਈਮ ਬਚਦਾ ਸੀ ਪਰ ਹੁਣ ਸਵੇਰੇ ਵੀ ਦੇਸੀ ਤੜਕਾ ਹੀ ਚਲਦਾ ਹੈ। ਘਰ ਵਿੱਚ ਪਏ ਰਾਸ਼ਨ ਨਾਲ ਰੋਟੀ-ਸਬਜੀ ਬਣਾਉਂਦੇ ਹਾਂ।"
ਭੁਪੇਸ਼ ਨੇ ਅੱਗੇ ਦੱਸਿਆ ਕਿ ਉਸ ਦਾ ਕੰਮ ਫਿਲਹਾਲ ਚਲ ਰਿਹਾ ਹੈ, ਇਸ ਲਈ ਹਾਲੇ ਕੋਈ ਆਰਥਿਕ ਤੰਗੀ ਨਹੀਂ। ਉਸ ਨੇ ਕਿਹਾ,"ਸਭ ਤੋਂ ਜਿਆਦਾ ਸਮੱਸਿਆ ਸਟੂਡੈਂਟਸ ਨੂੰ ਆ ਰਹੀ ਹੈ। ਪਹਿਲਾਂ ਹੀ ਉਹਨਾਂ ਨੂੰ ਤੈਅ ਘੰਟਿਆਂ ਤੱਕ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ, ਹੁਣ ਕਈ ਕਾਰੋਬਾਰ ਮੱਠੇ ਪੈਣ ਕਾਰਨ ਜਿਨ੍ਹਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਉਹ ਪਰੇਸ਼ਾਨ ਹਨ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵਿਦਿਆਰਥੀ ਕਿਵੇਂ ਹੋ ਰਹੇ ਨੇ ਪਰੇਸ਼ਾਨ ?
ਫਿਰ ਮੇਰੀ ਗੱਲ ਟੋਰਾਂਟੋ ਵਿੱਚ ਰਹਿੰਦੀ ਸ਼ਰੇਆ ਸ਼ਰਮਾ ਨਾਲ ਹੋਈ ਜੋ ਕਿ ਉੱਥੇ ਸਟੱਡੀ ਵੀਜ਼ਾ 'ਤੇ ਹੈ। ਉਸ ਨੇ ਕਿਹਾ, "ਕੋਰੋਨਾਵਾਇਰਸ ਕਾਰਨ ਇੱਥੇ ਵਿਦਿਆਰਥੀਆਂ ਦੀ ਜਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਜ਼ਿਆਦਾਤਰ ਵਾਰ ਸਟੋਰਜ਼ ਵਿੱਚ ਲੋੜੀਂਦੀਆਂ ਗਰੌਸਰੀ ਦੀਆਂ ਚੀਜਾਂ ਖ਼ਤਮ ਹੁੰਦੀਆਂ ਨੇ, ਬਾਕੀ ਲੋਕ ਤਾਂ ਪੈਨਿਕ ਕਰਕੇ ਕਾਫੀ ਸਟੌਕ ਇਕੱਠਾ ਕਰ ਲੈਂਦੇ ਨੇ ਪਰ ਸਟੂਡੈਂਟਜ਼ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਇਕੱਠਾ ਰਾਸ਼ਨ ਲੈ ਕੇ ਜਮ੍ਹਾ ਕਰ ਸਕਣ ਕਿਉਂਕਿ ਇਨਕਮ ਲਿਮਟਿਡ ਹੈ।"
ਇਸ ਸੂਰਤ ਵਿੱਚ ਫਿਰ ਤੁਸੀਂ ਕੀ ਕਰਦੇ ਹੋ, ਮੈਂ ਸ਼ਰੇਆ ਨੂੰ ਪੁੱਛਿਆ। ਸ਼ਰੇਆ ਨੇ ਕਿਹਾ, "ਹੁਣ ਭੁੱਖੇ ਤਾਂ ਨਹੀਂ ਰਹਿ ਸਕਦੇ, ਮੈਂ ਅਤੇ ਮੇਰੀਆਂ ਸਹੇਲੀਆਂ ਸੌਦਾ ਲੈਣ ਗਈਆਂ ਸੀ, ਸਟੋਰ ਵਿੱਚੋਂ ਸਟੌਕ ਖ਼ਤਮ ਸੀ ਫਿਰ ਸਾਨੂੰ ਪ੍ਰੀਮੀਅਮ ਸਟੋਰ ਤੋਂ ਸਮਾਨ ਖਰੀਦਣਾ ਪਿਆ ਜਿੱਥੋਂ ਦੂਜੇ ਸਟੋਰਾਂ ਮੁਕਾਬਲੇ ਸਮਾਨ ਮਹਿੰਗਾ ਮਿਲਦਾ ਹੈ।"

ਸ਼ਰੇਆ ਨੇ ਅੱਗੇ ਦੱਸਿਆ, "ਸਾਡਾ ਬਜਟ ਹਿੱਲ ਜਾਂਦਾ ਹੈ। ਫੀਸਾਂ, ਰੈਂਟ, ਖਾਣ-ਪੀਣ ਦਾ ਖਰਚ ਅਤੇ ਹੋਰ ਖਰਚੇ। ਮੈਂ ਤੁਹਾਡੇ ਫੋਨ ਤੋਂ ਪਹਿਲਾਂ ਆਪਣੇ ਮੰਮੀ-ਡੈਡੀ ਨਾਲ ਫੋਨ 'ਤੇ ਗੱਲ ਕਰ ਰਹੀ ਸੀ, ਉਹ ਵੀ ਫਿਕਰਮੰਦ ਨੇ। ਕੈਨੇਡਾ ਸਰਕਾਰ ਇੱਥੋਂ ਦੇ ਲੋਕਾਂ ਦੀ ਕਾਫੀ ਮਦਦ ਕਰ ਰਹੀ ਹੈ ਹਰ ਪੱਖੋਂ, ਮੈਂ ਚਾਹੁੰਦੀ ਹਾਂ ਸਟੂਡੈਂਟਜ਼ ਬਾਰੇ ਵੀ ਕੁਝ ਸੋਚਿਆ ਜਾਵੇ।"
ਸ਼ਰੇਆ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਕਿਸੇ ਹੋਰ ਵਿਦਿਆਰਥੀ ਨਾਲ ਵੀ ਗੱਲ ਹੋਵੇ, ਮੈਂ ਐਲਬਰਟਾ ਰਹਿੰਦੀ ਆਪਣੀ ਇੱਕ ਸਹੇਲੀ ਨੂੰ ਫੋਨ ਕੀਤਾ ਤਾਂ ਜੋ ਕਿਸੇ ਵਿਦਿਆਰਥਣ ਨਾਲ ਗੱਲ ਹੋ ਸਕੇ। ਮੇਰੀ ਇਹ ਸਹੇਲੀ ਉੱਥੇ ਸਟੋਰ ਵਿੱਚ ਕੰਮ ਕਰਦੀ ਹੈ।
ਵੀਡੀਓ: ਪੋਲੈਂਡ ਵਿੱਚ ਫਸੇ ਭਾਰਤੀ, ਵਾਪਸੀ ਲਈ ਕੋਈ ਫਲਾਇਟ ਨਹੀਂ
ਉਸ ਨੇ ਵੀ ਇਹ ਦੱਸਿਆ ਕਿ ਗਰੌਸਰੀ ਸਟੋਰਜ਼ ਤੋਂ ਲੋਕ ਇਸ ਤਰ੍ਹਾਂ ਸਮਾਨ ਲਿਜਾ ਰਹੇ ਹਨ, ਜਿਵੇਂ ਭਵਿੱਖ ਵਿੱਚ ਲੌਕਡਾਊਨ ਦਾ ਡਰ ਉਹਨਾਂ ਦੇ ਮਨ ਵਿੱਚ ਬੈਠ ਗਿਆ ਹੋਵੇ। ਉਸ ਜ਼ਰੀਏ ਮੈਨੂੰ ਬਰੈਂਪਟਨ ਰਹਿੰਦੀ ਪਰਮ ਦਾ ਨੰਬਰ ਮਿਲਿਆ।
ਪਰਮ ਛੇ ਕੁ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਸਟੱਡੀ ਵੀਜੇ 'ਤੇ ਕੈਨੇਡਾ ਗਈ ਹੈ। ਇੱਕ ਰੈਸਟੋਰੈਂਟ ਵਿੱਚ ਪਾਰਟ ਟਾਈਮ ਨੌਕਰੀ ਕਰਦੀ ਹੈ। ਉਸ ਨੇ ਦੱਸਿਆ, "ਜ਼ਿਆਦਤਾਰ ਸਕੂਲ-ਕਾਲਜ ਬੰਦ ਨੇ। ਸਾਡੀਆਂ ਵੀ ਕੱਲ੍ਹ ਤੋਂ ਆਨਲਾਈਨ ਕਲਾਸਾਂ ਲੱਗਣਗੀਆਂ। ਸਾਰਾ ਰੂਟੀਨ ਬਦਲਣ ਕਾਰਨ ਥੋੜ੍ਹਾ ਮੁਸ਼ਕਲ ਲੱਗ ਰਿਹਾ ਹੈ।"

ਭੁਪੇਸ਼ ਨੇ ਮੈਨੂੰ ਦੱਸਿਆ ਸੀ ਕਿ ਇੱਥੇ ਰੈਸਟੋਰੈਂਟਾਂ ਵਿੱਚ ਕੰਮ ਕਰਨ ਵਾਲਿਆਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਪਰਮ ਦੀ ਨੌਕਰੀ ਵੀ ਰੈਸਟੋਰੈਂਟ ਵਿੱਚ ਹੋਣ ਕਾਰਨ ਮੈਂ ਉਸ ਨੂੰ ਨੌਕਰੀ ਦੇ ਸਟੇਟਸ ਬਾਰੇ ਪੁੱਛਿਆ।
ਪਰਮ ਨੇ ਕਿਹਾ, "ਹਾਲੇ ਤੱਕ ਤਾਂ ਮੈਂ ਨੌਕਰੀ 'ਤੇ ਜਾ ਰਹੀ ਸੀ ਪਰ ਉਨ੍ਹਾਂ ਨੇ ਕੱਲ੍ਹ ਤੋਂ ਪੰਜ ਅਪ੍ਰੈਲ ਤੱਕ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਮੈਨੂੰ ਇਸ ਨੌਕਰੀ ਤੋਂ ਦੋ ਹਫ਼ਤਿਆਂ ਵਿੱਚ ਕਰੀਬ ਸਾਢੇ ਪੰਜ ਸੌ ਡਾਲਰ ਮਿਲ ਜਾਣੇ ਸੀ, ਰੈਂਟ ਦੇ ਸਾਢੇ ਤਿੰਨ ਸੌ ਡਾਲਰ ਅਤੇ ਬਾਕੀ ਰਾਸ਼ਨ ਅਤੇ ਟਰਾਂਸਪੋਰਟ ਦਾ ਖਰਚ ਮੇਰੇ ਦੋ ਹਫ਼ਤਿਆਂ ਦੀ ਤਨਖਾਹ ਵਿੱਚੋਂ ਨਿੱਕਲ ਜਾਂਦਾ ਹੈ, ਪਰ ਹੁਣ ਔਖਾ ਹੋ ਗਿਆ। "

ਤਸਵੀਰ ਸਰੋਤ, Bhupesh aggarwal
ਇਨ੍ਹਾਂ ਸਾਰਿਆਂ ਨਾਲ ਗੱਲ ਕਰਕੇ ਲੱਗਿਆ ਕਿ ਕੈਨੇਡਾ ਵਿੱਚ ਵੀ ਅਜਿਹੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਜੋ 'ਸੋਸ਼ਲ ਡਿਸਟੈਂਸਿੰਗ' ਨੂੰ ਅਸਰਦਾਰ ਬਣਾਉਣ ਲਈ ਆਰਜੀ ਬੰਦ ਕਰਨੇ ਪੈ ਰਹੇ ਹਨ ਅਤੇ ਜਾਂ ਉਹ ਜੋ ਇਨ੍ਹਾਂ ਕਾਰੋਬਾਰਾਂ ਨਾਲ ਜੁੜੇ ਹਨ। 'ਸੋਸ਼ਲ ਡਿਸਟੈਂਸਿੰਗ' ਇਸ ਮਹਾਂਮਾਰੀ ਦੀ ਮਾਰ ਨੂੰ ਘਟਾਉਣ ਲਈ ਸਮੇਂ ਦੀ ਲੋੜ ਹੈ।



ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












