ਦਿੱਲੀ ਤੋਂ ਬਾਹਰ ਚੱਲ ਸਕੇਗਾ ਅਰਵਿੰਦਰ ਕੇਜਰੀਵਾਲ ਤੇ 'ਆਪ' ਦਾ ਜਾਦੂ

ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਹੀ ਚਾਰ ਸੀਟਾਂ ਦੇ ਕੇ ਲੋਕਸਭਾ ਤੱਕ ਪਹੁੰਚਾਇਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਹੀ ਚਾਰ ਸੀਟਾਂ ਦੇ ਕੇ ਲੋਕਸਭਾ ਤੱਕ ਪਹੁੰਚਾਇਆ ਸੀ
    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਤੀਜੀ ਵਾਰ ਦਿੱਲੀ ਨੂੰ 'ਫਤਹਿ' ਕਰਨ ਤੋਂ ਬਾਅਦ ਇਹ ਸਵਾਲ ਉੱਠਣਾ ਸੁਭਾਵਕ ਹੈ ਕਿ ਕੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਫਿਰ ਤੋਂ ਭਾਰਤ ਦੇ ਦੂਜੇ ਸੂਬਿਆਂ ਵਿੱਚ ਕਿਸਮਤ ਅਜ਼ਮਾਏਗੀ।

ਨਵੰਬਰ 2016 ਵਿੱਚ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਅਰਵਿੰਦ ਕੇਜਰੀਵਾਲ ਨੇ ਬੀਬੀਸੀ ਹਿੰਦੀ ਨੂੰ ਕਿਹਾ ਸੀ, "ਅਸੀਂ 2014 ਦੀਆਂ ਲੋਕ ਸਭਾ ਦੇ ਨਤੀਜਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਾਂਗੇ। ਆਮ ਆਦਮੀ ਪਾਰਟੀ ਦੱਖਣੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਵੀ ਅਸਰ ਪਾਏਗੀ ਕਿਉਂਕਿ ਲੋਕ ਈਮਾਨਦਾਰੀ ਨੂੰ ਪਸੰਦ ਕਰਦੇ ਹਨ।"

2014 ਦੀਆਂ ਲੋਕ ਸਭਾ ਚੋਣਾਂ ਵਿੱਚ 'ਆਪ' ਨੇ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਜਿੱਤੀਆਂ ਸਨ ਜਦੋਂਕਿ ਇਸਦੇ ਉਮੀਦਵਾਰ ਦਿੱਲੀ ਦੀਆਂ ਸੱਤ ਸੀਟਾਂ 'ਤੇ ਦੂਜੇ ਨੰਬਰ 'ਤੇ ਰਹੇ ਸਨ।

News image

ਉਸ ਚੋਣ ਵਿੱਚ ਅਰਵਿੰਦ ਕੇਜਰੀਵਾਲ ਵਾਰਾਣਸੀ ਵਿੱਚ ਭਾਜਪਾ ਦੇ ਉਦੋਂ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਪਹੁੰਚ ਗਏ ਸਨ।

ਹਾਲਾਂਕਿ ਮੋਦੀ ਨੇ ਉਨ੍ਹਾਂ ਨੂੰ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ ਪਰ ਭਾਜਪਾ ਦੇ ਇਸ ਗੜ੍ਹ ਵਿੱਚ ਕੇਜਰੀਵਾਲ ਨੂੰ ਦੋ ਲੱਖ ਵੋਟਾਂ ਮਿਲਣਾ ਵੱਡੀ ਗੱਲ ਸੀ।

ਉਸ ਤੋਂ ਬਾਅਦ ਕੇਜਰੀਵਾਲ ਦੀ ਪਾਰਟੀ ਨੇ ਦਿੱਲੀ ਵਿੱਚ ਭਾਜਪਾ ਅਤੇ ਕਾਂਗਰਸ ਨੂੰ ਖ਼ਤਮ ਕਰ ਦਿੱਤਾ ਸੀ। ਇਹ ਪਹਿਲਾ ਮੌਕਾ ਸੀ ਜਦੋਂ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ 67 ਸੀਟਾਂ ਜਿੱਤਣ ਦਾ ਰਿਕਾਰਡ ਬਣਾਇਆ ਗਿਆ ਸੀ।

ਪੰਜਾਬ ਵਿੱਚ ਹਾਰ

ਪਰ ਜਲਦੀ ਹੀ 'ਆਪ' ਅੰਦਰ ਮਤਭੇਦ ਸਾਹਮਣੇ ਆਉਣੇ ਸ਼ੁਰੂ ਹੋ ਗਏ। ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਵਰਗੇ ਲੋਕਾਂ ਨੂੰ ਪਾਰਟੀ ਵਿੱਚੋਂ "ਹਟਾ ਦਿੱਤਾ ਗਿਆ" ਅਤੇ ਆਮ ਆਦਮੀ ਪਾਰਟੀ ਨੂੰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ:

ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਉਸ ਹਾਰ ਅਤੇ 'ਆਪ' ਦੀਆਂ ਕੌਮੀ ਇੱਛਾਵਾਂ ਵਿੱਚ ਇੱਕ ਸੂਖ਼ਮ ਅੰਤਰ ਦੱਸਦੇ ਹਨ।

ਉਨ੍ਹਾਂ ਦੱਸਿਆ, "ਕੇਜਰੀਵਾਲ ਦੀ ਪੰਜਾਬ ਵਿੱਚ ਹੋਈ ਹਾਰ ਦਾ ਮੁੱਖ ਕਾਰਨ ਇਹ ਸੀ ਕਿ ਉਨ੍ਹਾਂ ਨੇ ਉੱਥੇ ਇਹ ਨਹੀਂ ਕਿਹਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਜਿੱਤ ਜਾਂਦੀ ਹੈ, ਤਾਂ ਉਹ ਖ਼ੁਦ ਦਿੱਲੀ ਛੱਡ ਕੇ ਪੰਜਾਬ ਆਉਣਗੇ। ਜੇ ਉਹ ਵੋਟਰਾਂ ਨੂੰ ਇਹ ਭਰੋਸਾ ਦਵਾ ਦਿੰਦੇ ਤਾਂ ਸ਼ਾਇਦ ਉਹ ਨਾ ਹਾਰਦੇ।"

ਭਗਵੰਤ ਮਾਨ

ਤਸਵੀਰ ਸਰੋਤ, Getty Images

ਇਹ ਵੀ ਦਿਲਚਸਪ ਰਿਹਾ ਹੈ ਕਿ ਉਸ ਚੋਣ ਵਿੱਚ ਕਾਂਗਰਸ ਦੇ ਅਮਰਿੰਦਰ ਸਿੰਘ ਨੂੰ ਉਹੀ ਪ੍ਰਸ਼ਾਂਤ ਕਿਸ਼ੋਰ ਸਲਾਹ ਦੇ ਰਹੇ ਸਨ ਜੋ ਦਿੱਲੀ ਦੀਆਂ ਚੋਣਾਂ ਵਿੱਚ ਕੇਜਰੀਵਾਲ ਦੇ ਸਲਾਹਕਾਰ ਸਨ।

ਹਾਲਾਂਕਿ ਉਸ ਹਾਰ ਤੋਂ ਬਾਅਦ ਕੇਜਰੀਵਾਲ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੌਮੀ ਪੱਧਰ 'ਤੇ ਫਿਰ ਤੋਂ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ। ਨਤੀਜੇ ਨਿਰਾਸ਼ਾਜਨਕ ਨਿਕਲੇ।

'ਆਪ' ਪਾਰਟੀ ਨੇ ਨੌ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 40 ਸੀਟਾਂ 'ਤੇ ਚੋਣ ਲੜੀ ਅਤੇ ਪੰਜਾਬ ਵਿੱਚ ਸੰਗਰੂਰ ਸੀਟ ਨੂੰ ਛੱਡ ਕੇ ਹਰ ਸੀਟ ਤੋਂ ਉਨ੍ਹਾਂ ਦੇ ਉਮੀਦਵਾਰ ਹਾਰੇ।

ਦਿੱਲੀ ਵਿੱਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਗੁਆਉਣ ਤੋਂ ਇਲਾਵਾ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਤੀਜੇ ਸਥਾਨ 'ਤੇ ਰਹੇ।

ਉਸ ਸਮੇਂ ਤੋਂ ਬਾਅਦ ਤੋਂ ਅਰਵਿੰਦ ਕੇਜਰੀਵਾਲ ਨੇ ਆਪਣੀ ਸਿਆਸਤ ਦੇ ਸਟਾਈਲ 'ਤੇ ਜ਼ਬਰਦਸਤ ਕੰਮ ਕੀਤਾ ਹੈ।

ਦਿੱਲੀ ਤੋਂ ਬਾਹਰ ਕਿਉਂ ਮਜ਼ਬੂਤ ਨਹੀਂ ਹੋਈ 'ਆਪ'

ਸਿਆਸੀ ਵਿਸ਼ਲੇਸ਼ਕ ਪੂਰਨੀਮਾ ਜੋਸ਼ੀ ਦਾ ਕਹਿਣਾ ਹੈ, "ਕੇਜਰੀਵਾਲ ਕੋਲ ਕਰਿਸ਼ਮਾ ਤਾਂ ਹੈ ਪਰ ਸੰਗਠਨ ਅਤੇ ਢੁਕਵੇਂ ਸਰੋਤਾਂ ਦੀ ਘਾਟ ਹੈ। ਕੌਮੀ ਪੱਧਰ 'ਤੇ ਵੀ ਪਹਿਲੀ ਦੋ ਵਾਰ ਨਾਕਾਮਯਾਬੀ ਹੀ ਮਿਲੀ।"

"ਹਾਲਾਂਕਿ ਕੇਜਰੀਵਾਲ ਇੱਕ ਉਤਸ਼ਾਹੀ ਵਿਅਕਤੀ ਹਨ ਅਤੇ ਪੱਕੇ ਤੌਰ 'ਤੇ ਦਿੱਲੀ ਨੂੰ ਇੱਕ ਨਮੂਨੇ ਵਜੋਂ ਦਰਸਾਉਣਗੇ ਪਰ ਇਹ ਕਦੋਂ ਹੋਵੇਗਾ ਕਹਿ ਨਹੀਂ ਸਕਦੇ।"

ਇਹ ਵੀ ਸਪੱਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਸਿਰਫ਼ ਭਾਜਪਾ ਜਾਂ ਨਰਿੰਦਰ ਮੋਦੀ ਦੇ ਹਰ ਫੈਸਲੇ 'ਤੇ ਤਿੱਖੀ ਟਿੱਪਣੀਆਂ ਕਰਨਾ ਜਾਂ ਸਵੇਰੇ-ਸ਼ਾਮ ਉਨ੍ਹਾਂ ਦਾ ਵਿਰੋਧ ਕਰਨ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ।

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਅਰਵਿੰਦ ਕੇਜਰੀਵਾਲ ਅਤੇ 'ਆਪ' ਪਾਰਟੀ ਨੇ ਐਨਆਰਸੀ ਨੂੰ ਲਾਗੂ ਕਰਨ ਅਤੇ ਅਸਾਮ ਵਿੱਚ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਬਾਰੇ ਸਮੇਂ-ਸਮੇਂ 'ਤੇ 'ਸੂਝਬੂਝ ਨਾਲ ਪ੍ਰਤੀਕਰਮ ਦਿੱਤਾ ਹੈ।'

ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿੱਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਬੈਠੀਆਂ ਔਰਤਾਂ ਅਤੇ ਬੱਚਿਆਂ ਬਾਰੇ 'ਆਪ' ਨੇ ਲੰਬੇ ਸਮੇਂ ਤੋਂ ਚੁੱਪੀ ਧਾਰੀ ਹੋਈ ਸੀ।

ਉੰਝ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਵਾਂਗ ਦੂਜੀਆਂ ਪਾਰਟੀਆਂ ਨੇ ਵੀ ਕੌਮੀ ਪੱਧਰ 'ਤੇ ਆਪਣੇ ਪੈਰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਜਨ ਸਮਾਜ ਪਾਰਟੀ ਪਿਛਲੇ ਦੋ ਦਹਾਕਿਆਂ ਦੌਰਾਨ ਇਸ ਦੀ ਇੱਕ ਵੱਡੀ ਮਿਸਾਲ ਰਹੀ ਹੈ।

ਇਹ ਵੀ ਪੜ੍ਹੋ:

ਪੂਰਨੀਮਾ ਜੋਸ਼ੀ ਅਨੁਸਾਰ, "ਆਮ ਤੌਰ 'ਤੇ ਖੇਤਰੀ ਪਾਰਟੀਆਂ ਦਾ ਵਿਸਥਾਰ ਕਰਨਾ ਸੌਖਾ ਨਹੀਂ ਹੁੰਦਾ। ਮਾਇਆਵਤੀ ਦੀ ਇੱਕ ਸਮੇਂ ਦੂਜੇ ਸੂਬਿਆਂ ਵਿੱਚ ਵੋਟ ਹੁੰਦੀ ਸੀ ਪਰ ਕਿਤੇ ਵੀ ਸਰਕਾਰ ਨਹੀਂ ਬਣਾ ਸਕੀ। ਹੁਣ ਤਾਂ ਬਸਪਾ ਆਪਣੇ ਮੂਲ ਸੂਬੇ ਯੂਪੀ ਵਿੱਚ ਹੀ ਬਚਾਅ ਦੀ ਲੜਾਈ ਲੜ ਰਹੀ ਹੈ।"

ਪ੍ਰਦੀਪ ਸਿੰਘ ਨੇ ਅਰਵਿੰਦ ਕੇਜਰੀਵਾਲ ਅਤੇ ਮਾਇਆਵਤੀ ਦੀਆਂ ਪਾਰਟੀਆਂ ਦੀ ਤੁਲਨਾਤਮਕ ਸਮੀਖਿਆ ਵੀ ਕੀਤੀ।

'ਮੇਰੇ ਤੋਂ ਵੱਡਾ ਕੋਈ ਨਾ ਹੋਵੇ'

ਉਨ੍ਹਾਂ ਦੇ ਅਨੁਸਾਰ, "ਕੇਜਰੀਵਾਲ ਦੀ ਸਿਆਸੀ ਸ਼ੈਲੀ ਮਾਇਆਵਤੀ ਨਾਲ ਇਸ ਮਾਅਨੇ ਵਿੱਚ ਮਿਲਦੀ ਹੈ ਕਿ ਪਾਰਟੀ ਵਿੱਚ ਮੇਰੇ ਤੋਂ ਵੱਡਾ ਕੋਈ ਨਹੀਂ ਹੋਣਾ ਚਾਹੀਦਾ।"

"ਇਹੋ ਚੀਜ਼ ਉਨ੍ਹਾਂ ਨੂੰ ਦੂਜੇ ਸੂਬਿਆਂ ਵਿੱਚ ਵੱਧਣ ਨਹੀਂ ਦੇਵੇਗੀ ਕਿਉਂਕਿ ਜਦੋਂ ਤੁਸੀਂ ਲੀਡਰਸ਼ਿਪ ਵਿਕਸਤ ਕਰਦੇ ਹੋ ਤਾਂ ਸ਼ਾਇਦ ਕੋਈ ਹੋਰ ਲੀਡਰ ਤੁਹਾਡੇ ਨਾਲੋਂ ਕਿਸੇ ਹੋਰ ਸੂਬੇ ਵਿੱਚ ਮਸ਼ਹੂਰ ਹੋ ਜਾਵੇ। ਕੇਜਰੀਵਾਲ ਇਹ ਖ਼ਤਰਾ ਨਹੀਂ ਲੈਣਗੇ।"

ਹਾਲਾਂਕਿ ਕੁਝ ਮਾਹਰਾਂ ਦੀ ਰਾਇ ਹੈ ਕਿ ਕੇਜਰੀਵਾਲ ਨੇ ਆਪਣੀ ਸਿਆਸੀ ਸ਼ੁਰੂਆਤ ਜਿਸ ਧਮਾਕੇ ਨਾਲ ਕੀਤੀ ਸੀ ਇਸ ਵਿਚਾਲੇ ਉਨ੍ਹਾਂ ਨੂੰ ਬਹੁਤ ਝਟਕੇ ਲੱਗੇ ਹਨ।

ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਇਨ੍ਹਾਂ ਖੱਟੇ ਅਤੇ ਮਿੱਠੇ ਤਜ਼ਰਬਿਆਂ ਤੋਂ ਸਬਕ ਲੈ ਕੇ ਇੱਕ ਵਾਰ ਫਿਰ ਕੌਮੀ ਪੱਧਰ 'ਤੇ ਵਧਣ ਦੀ ਕੋਸ਼ਿਸ਼ ਕਰੇਗੀ।

ਆਮ ਆਦਮੀ ਪਾਰਟੀ

ਤਸਵੀਰ ਸਰੋਤ, Getty Images

ਸਪੱਸ਼ਟ ਹੈ ਕਿ 'ਆਪ' ਦੇ ਸਿਆਸੀ ਮਾਡਲ ਨੇ ਦਿੱਲੀ ਵਾਸੀਆਂ ਦੇ ਦਿਲ ਉੱਤੇ ਜ਼ਬਰਦਸਤ ਪ੍ਰਭਾਵ ਛੱਡਿਆ ਹੈ ਜਿਸਦੀ ਮਿਸਾਲ ਹੈ ਬੈਕ-ਟੂ-ਬੈਕ ਚੋਣ ਮਹਾਂਭਾਰਤ ਜਿੱਤਣਾ।

ਬਿਜ਼ਨਸ ਸਟੈਂਡਰਡ ਅਖ਼ਬਾਰ ਦੀ ਸਿਆਸੀ ਸੰਪਾਦਕ ਅਦਿਤੀ ਫਡਨੀਸ ਦਾ ਮੰਨਣਾ ਹੈ, "ਆਪ ਦੀ ਮੁੜ ਜਿੱਤ ਪੱਕੇ ਤੌਰ 'ਤੇ ਇਤਿਹਾਸਕ ਹੈ ਪਰ ਅੱਗੇ ਵਧਣ ਲਈ ਕੁਝ ਹੋਰ ਮਿਹਨਤ ਕਰਨੀ ਪਏਗੀ।"

ਉਨ੍ਹਾਂ ਨੇ ਕਿਹਾ, "ਇਸ ਸਮੇਂ ਭਾਰਤੀ ਸਿਆਸਤ ਵਿੱਚ ਇੱਕ ਮਜ਼ਬੂਤ ਅਤੇ ਸੰਗਠਿਤ ਵਿਰੋਧੀ ਧਿਰ ਦੀ ਥਾਂ ਖਾਲੀ ਹੈ। ਪਰ ਉਸ ਲਈ ਜਿਸ ਤਰ੍ਹਾਂ ਦੀ ਤਿਆਰੀ ਕਰਨੀ ਪੈਂਦੀ ਹੈ, ਉਹ ਮੁਸ਼ਕਲ ਹੋਣ ਤੋਂ ਇਲਾਵਾ ਇੱਕ ਲੰਬੀ ਪ੍ਰਕਿਰਿਆ ਵੀ ਹੈ।"

ਇਹ ਵੀ ਪੜ੍ਹੋ:

ਉਂਝ ਤਾਂ ਪਿਛਲੇ ਕਈ ਸੂਬੇ ਦੀਆਂ ਚੋਣਾਂ ਵਿੱਚ, ਮੋਦੀ-ਸ਼ਾਹ ਦੀ ਅਗਵਾਈ ਵਾਲੀ ਭਾਜਪਾ ਨੂੰ ਹਾਰ ਮਿਲੀ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਅਤੇ ਮਹਾਰਾਸ਼ਟਰ ਇਸ ਦੀਆਂ ਉਦਾਹਰਣਾਂ ਹਨ।

ਪਰ ਪਹਿਲਾਂ 2015 ਵਿੱਚ ਅਤੇ ਫਿਰ 2020 ਵਿੱਚ ਕੇਂਦਰ ਸਰਕਾਰ ਵਿੱਚ ਰਹਿੰਦੇ ਹੋਏ, ਭਾਜਪਾ ਨੂੰ ਸਭ ਤੋਂ ਵੱਡੀ ਹਾਰ ਆਮ ਆਦਮੀ ਪਾਰਟੀ ਤੋਂ ਹੀ ਮਿਲੀ ਹੈ।

ਹੁਣ ਭਾਜਪਾ ਕੌਮੀ ਪੱਧਰ 'ਤੇ 'ਆਪ' ਦੇ ਵਧਣ ਦੀ ਅਗਲੀ ਕਿਸੇ ਵੀ ਕੋਸ਼ਿਸ਼ 'ਤੇ ਬਰੀਕੀ ਨਾਲ ਨਜ਼ਰ ਰੱਖੇਗੀ।

ਸੀਨੀਅਰ ਪੱਤਰਕਾਰ ਜਤਿਨ ਗਾਂਧੀ ਨੇ ਇਸ ਨਾਲ ਜੁੜੀ ਇੱਕ ਅਹਿਮ ਗੱਲ ਵੱਲ ਇਸ਼ਾਰਾ ਕੀਤਾ। ਉਹ ਕਹਿੰਦੇ ਹਨ- ਜੇ ਤੁਸੀਂ ਵਿਰੋਧੀ ਪਾਰਟੀਆਂ ਵੱਲ ਨਜ਼ਰ ਮਾਰੋ ਤਾਂ ਇਹ ਉਨ੍ਹਾਂ ਨੂੰ ਸੂਟ ਕਰਦਾ ਹੈ ਕਿ 'ਆਪ' ਦਿੱਲੀ ਵਿੱਚ ਜਿੱਤੇ ਅਤੇ ਇਸੇ ਸੂਬੇ ਵਿੱਚ ਸੀਮਤ ਰਹੇ।

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਆਪ ਦੇ ਸਮਰਥਰਕਾਂ ਦੀ ਰਾਇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)