ਪੰਜਾਬ ’ਚ ਬਿਜਲੀ ਹੋਈ ਮਹਿੰਗੀ: ਨਵੇਂ ਸਾਲ ਤੋਂ ਨਵੇਂ ਰੇਟ — 5 ਅਹਿਮ ਖ਼ਬਰਾਂ

ਪੰਜਾਬ ’ਚ ਹੁਣ ਬਿਜਲੀ ਖ਼ਪਤਕਾਰਾਂ ਦੀ ਜੇਬ ’ਤੇ ਜ਼ਰਾ ਹੋਰ ਬੋਝ ਪਵੇਗਾ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਫੈਸਲੇ ਨਾਲ 1 ਜਨਵਰੀ ਤੋਂ ਬਿਜਲੀ ਦੇ ਰੇਟ ਵੱਧ ਜਾਣਗੇ।

1 ਜਨਵਰੀ 2020 ਤੋਂ 31 ਦਸੰਬਰ 2020 ਤੱਕ ਇੱਕ ਸਾਲ ਵਾਸਤੇ ਘਰੇਲੂ ਖ਼ਪਤਕਾਰਾਂ ਲਈ ਬਿਜਲੀ 30 ਪੈਸੇ ਪ੍ਰਤੀ ਯੂਨਿਟ ਅਤੇ ਸਨਅਤਾਂ ਲਈ 29 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਜਾਵੇਗੀ।

‘ਦਿ ਟ੍ਰਿਬਿਊਨ’ ਅਤੇ ‘ਹਿੰਦੁਸਤਾਨ ਟਾਈਮਜ਼’ ਦੀ ਖ਼ਬਰ ਦੇ ਮੁਤਾਬਕ ਬਿਜਲੀ ਦਰਾਂ ’ਚ ਵਾਧੇ ਤੋਂ ਬਾਅਦ ਡਿਊਟੀ ਲੱਗ ਕੇ ਘਰੇਲੂ ਖ਼ਪਤਕਾਰਾਂ ਲਈ ਇਹ ਵਾਧਾ 36 ਪੈਸੇ ਅਤੇ ਸਨਅਤਾਂ ਲਈ ਇਹ ਵਾਧਾ 35 ਪੈਸੇ ਹੋ ਜਾਵੇਗਾ।

ਇਹ ਵੀ ਪੜ੍ਹੋ

ਪੰਜਾਬ 'ਚ CAA ਵਿਰੋਧੀ ਮੁਜ਼ਾਹਰੇ: 'ਸਰਕਾਰ ਹਿੰਦੂਤਵ ਤੇ ਫਾਸੀਵਾਦੀ ਏਜੰਡਾ ਥੋਪ ਰਹੀ'

ਸੀਏਏ ਅਤੇ ਐੱਨਆਰਸੀ ਦੇ ਖ਼ਿਲਾਫ਼ ਆਵਾਜ਼ ਨੂੰ ਹੁਣ ਪੰਜਾਬ ਵਿੱਚ ਵੀ ਵੱਡਾ ਹੁੰਗਾਰਾ ਮਿਲ ਰਿਹਾ ਹੈ।

ਮੋਗਾ ਵਿੱਚ ਕਿਸਾਨ, ਵਿਦਿਆਰਥੀ, ਮੁਲਾਜ਼ਮ ਅਤੇ ਸਮਾਜਿਕ ਸੰਗਠਨਾਂ ਦੇ ਕਾਰਕੁਨਾਂ ਨੇ ਸੀਏਏ ਅਤੇ ਐੱਨਆਰਸੀ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਕਰਮਜੀਤ ਕੋਟਕਪੁਰਾ ਦਾ ਕਹਿਣਾ ਹੈ, "ਇਸ ਮੁਲਕ ਦੀ ਸਰਕਾਰ, ਜਿਸ ਦਾ ਹਿੰਦੁਤਵ ਅਤੇ ਫਾਸੀਵਾਦ ਦਾ ਏਜੰਡਾ ਹੈ, ਉਸ ਏਜੰਡੇ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਮੁਸਲਮਾਨਾਂ ਖ਼ਿਲਾਫ਼ ਇਹ ਦੋਵੇਂ ਕਦਮ ਚੁੱਕੇ ਹਨ।"

ਇਹ ਵੀ ਜ਼ਰੂਰ ਪੜ੍ਹੋ

"ਐੱਨਆਰਸੀ ਤਹਿਤ ਹਿੰਦੁਸਤਾਨ ਵਿੱਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ, ਖ਼ਾਸ ਕਰਕੇ ਮੁਸਲਮਾਨ, ਜਿਨ੍ਹਾਂ ਨੂੰ ਇਹ ਘੁਸਪੈਠੀਏ ਕਹਿ ਰਹੇ ਹਨ, ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਲਗਾ ਕੇ ਮੁਸਲਮਾਨਾਂ ਨੂੰ ਇਥੋਂ ਕੱਢਣਾ।"

ਉਨ੍ਹਾਂ ਨੇ ਕਿਹਾ ਕਿ ਮੁਸਲਮਾਨਾਂ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਅਤੇ ਦਲਿਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਸਕਦੀਆਂ ਹਨ।

NRC ਤੇ ਡਿਟੈਸ਼ਨ ਸੈਂਟਰਾਂ 'ਤੇ ਅਮਿਤ ਸ਼ਾਹ ਦਾ ਯੂ-ਟਰਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨੈਸ਼ਨਲ ਰਜਿਸਟਰ ਆਫ਼ ਸਿਟੀਜਨ (NRC) ਅਤੇ ਨੈਸ਼ਨਲ ਪੌਪੂਲੇਸ਼ਨ ਰਜਿਸਟਰ (NRP) ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ।

ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿੰਦੇ ਹਨ ਕਿ ਐੱਨਆਰਸੀ ਬਾਰੇ ਸਰਕਾਰੀ ਪੱਧਰ ਉੱਤੇ ਕੋਈ ਚਰਚਾ ਨਹੀਂ ਹੋਈ ਤਾਂ ਉਹ ਸਹੀ ਕਹਿ ਰਹੇ ਹਨ।

ਅਮਿਤ ਸ਼ਾਹ ਨੇ ਕਿਹਾ, "ਡਿਟੈਨਸ਼ਨ ਸੈਂਟਰ ਇੱਕ ਲਗਾਤਾਰਤਾ ਵਾਲੀ ਪ੍ਰਕਿਰਿਆ ਹੈ। ਡਿਟੈਨਸ਼ਨ ਸੈਂਟਰ ਵਿੱਚ ਗੈਰ-ਕਾਨੂੰਨੀ ਪਰਵਾਸੀਆਂ ਨੂੰ ਰੱਖਿਆ ਜਾਂਦਾ ਹੈ , ਉਨ੍ਹਾਂ ਨੂੰ ਜੇਲ੍ਹ ਵਿੱਚ ਨਹੀਂ ਰੱਖ ਸਕਦੇ । ਉਨ੍ਹਾਂ ਡਿਟੈਨਸ਼ਨ ਸੈਂਟਰ ਵਿੱਚ ਰੱਖਿਆ ਜਾਂਦਾ ਹੈ ਅਤੇ ਬਾਅਦ ਵਿੱਚ ਡਿਪੋਰਟ ਕਰਨ ਦਾ ਸਬੰਧਤ ਦੇਸ ਦੀ ਸਰਕਾਰ ਨਾਲ ਗੱਲ ਕਰਕੇ ਵਾਪਸ ਭੇਜਣ ਦੀ ਪ੍ਰਕਿਰਿਆ ਹੁੰਦੀ ਹੈ। ਅਸਾਮ ਵਿੱਚ ਜੋ 19 ਲੱਖ ਲੋਕ ਐਨਆਰਸੀ ਤੋਂ ਬਾਹਰ ਹੈ ਉਹ ਬਾਹਰ ਹੈ, ਡਿਟੈਨਸ਼ਨ ਸੈਂਟਰ ਦੇ ਵਿੱਚ ਨਹੀਂ ਹਨ। ਉਹ ਆਪਣੇ ਘਰਾਂ ਵਿੱਚ ਰਹਿ ਰਹੇ ਹਨ।"

ਹੁਣ ਬੰਗਾਲ ਦੀਆਂ ਸੜਕਾਂ 'ਤੇ ਬੀਜੇਪੀ ਦੇ ਰਹੀ ਸੀਏਏ 'ਤੇ ਸਫ਼ਾਈ

ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਅਤੇ ਲੋਕਾਂ ਤੱਕ ਇਸ ਦੇ ਸੰਦੇਸ਼ ਨੂੰ ਫੈਲਾਉਣ ਲਈ ਭਾਜਪਾ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਵਿੱਚ ਇੱਕ ਵੱਡੀ ਰੈਲੀ ਕੀਤੀ।

ਭਾਜਪਾ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਇਸ ਵਿੱਚ ਸ਼ਾਮਲ ਹੋਏ। ਇਸ ਰੈਲੀ ਵਿੱਚ ਉਨ੍ਹਾਂ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਵੀ ਸਨ।

ਨੱਡਾ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਐੱਨਆਰਸੀ ਵਿਰੋਧ 'ਤੇ ਵੀ ਸਵਾਲ ਉਠਾਇਆ।

ਉਨ੍ਹਾਂ ਕਿਹਾ, “ਬੰਗਾਲ ਇਸ ਨਾਗਰਿਕਤਾ ਸੋਧ ਕਾਨੂੰਨ ਦਾ ਸਨਮਾਨ ਕਰਦਾ ਹੈ ਪਰ ਮਮਤਾ ਬੈਨਰਜੀ ਅਤੇ ਉਸ ਦੇ ਨੇਤਾ ਇਸ ਬਾਰੇ ਅਫ਼ਵਾਹਾਂ ਫੈਲਾ ਰਹੇ ਹਨ। ਉਹ ਰਾਜ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”

ਬੀਬੀਸੀ ਪੱਤਰਕਾਰ ਭੂਮਿਕਾ ਰਾਏ ਨੇ ਇਸ ਬਾਰੇ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਨਾਲ ਗੱਲਬਾਤ ਕੀਤੀ।

ਨੀਰਜਾ ਚੌਧਰੀ ਦੇ ਅਨੁਸਾਰ, ਐਨਆਰਸੀ ਅਤੇ ਸੀਏਏ ਬਾਰੇ ਸਭ ਤੋਂ ਜ਼ਿਆਦਾ ਉਲਝਣ ਪੱਛਮੀ ਬੰਗਾਲ ਵਿੱਚ ਹੀ ਹੈ। ਉਹ ਕਹਿੰਦੀ ਹੈ, "ਅਸਲੀ ਸ਼ੰਕਾ ਦੀ ਸਥਿਤੀ ਪੱਛਮੀ ਬੰਗਾਲ 'ਚ ਹੀ ਹੈ। ਜੋ ਖ਼ਬਰਾਂ ਆ ਰਹੀਆਂ ਹਨ, ਉਸ ਦੇ ਅਨੁਸਾਰ ਕਾਰਡ ਬਣਵਾਉਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਲੋਕ ਬਹੁਤ ਘਬਰਾ ਗਏ ਹਨ ਅਤੇ ਉਹ ਇੰਨੇ ਚਿੰਤਤ ਹਨ ਕਿ ਉਹ ਆਪਣੇ ਸਾਰੇ ਦਸਤਾਵੇਜ਼ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਨੂੰ ਡਰ ਹੈ। ਉਹ ਆਪਣੇ ਸਾਰੇ ਕਾਗਜ਼ਾਤ ਜਲਦੀ ਪੂਰੇ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਕਿਸੇ ਮੁਸੀਬਤ ਵਿੱਚ ਨਾ ਪਵੇ।"

ਕ੍ਰਿਸਮਸ 'ਤੇ ਪੋਪ ਦਾ ਸੰਦੇਸ਼, "ਰੱਬ ਸਾਡੇ 'ਚ 'ਮਾੜੇ' ਨੂੰ ਵੀ ਪਿਆਰ ਕਰਦਾ ਹੈ..."

ਦੇਸ਼ ਦੁਨੀਆਂ ਦੇ ਹਰ ਹਿੱਸੇ 'ਚ ਕ੍ਰਿਸਮਸ ਦਾ ਤਿਉਹਾਰ ਮਣਾਇਆ ਜਾ ਰਿਹਾ ਹੈ।

ਪੋਪ ਫ੍ਰਾਂਸਿਸ ਨੇ ਕ੍ਰਿਸਮਸ ਦੀ ਸ਼ੁਰੂਆਤ ਕਰਦਿਆਂ ਕਿਹਾ, "ਰੱਬ ਸਾਰਿਆਂ ਨੂੰ ਪਿਆਰ ਕਰਦਾ ਹੈ, ਸਾਡੇ ਵਿੱਚ ਜੋ 'ਮਾੜਾ' ਹੈ, ਉਸ ਨੂੰ ਵੀ।"

ਉਹ ਵੈਟੀਕਨ ਦੇ ਸੇਂਟ ਪੀਟਰਜ਼ ਬੈਸਿਲਿਕਾ ਵਿੱਚ ਕ੍ਰਿਸਮਸ ਦੀ ਸ਼ਾਮ ਦੌਰਾਨ ਹਜ਼ਾਰਾਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸੀ। "ਤੁਹਾਡੇ ਕੋਲ ਗ਼ਲਤ ਵਿਚਾਰ ਹੋ ਸਕਦੇ ਹਨ, ਹੋ ਸਕਦਾ ਹੈ ਕਿ ਤੁਸੀਂ ਜ਼ਿੰਦਗੀ ਦੇ ਕਿਸੇ ਹਿੱਸੇ ’ਚ ਪੂਰੀ ਗੜਬੜ ਕੀਤੀ ਹੋਵੇ ... ਪਰ ਪ੍ਰਭੂ ਤੁਹਾਨੂੰ ਪਿਆਰ ਕਰਦੇ ਰਹਿਣਗੇ।"

ਪੋਪ ਦੇ ਇਸ ਬਿਆਨ ਨੂੰ “ਚਰਚ ਦੇ ਘੁਟਾਲਿਆਂ” ਦੇ ਹਵਾਲੇ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਜਿਨਸੀ ਸ਼ੋਸ਼ਣ ਵੀ ਸ਼ਾਮਲ ਹੈ।

ਪਿਛਲੇ ਹਫ਼ਤੇ ਪੋਪ ਨੇ ਨਿਯਮਾਂ 'ਚ ਕੁਝ ਤਿੱਖੀ ਤਬਦੀਲੀਆਂ ਪੇਸ਼ ਕਰਦਿਆਂ ਬੱਚਿਆਂ ਦੇ ਨਾਲ ਹੋ ਰਹੇ ਜਿਨਸੀ ਸ਼ੋਸ਼ਣ ਦੀ ਗੱਲ ਵੀ ਕੀਤੀ ਸੀ।

ਇਹ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)