CAA-NRC ਖ਼ਿਲਾਫ਼ ਪੰਜਾਬ 'ਚ ਸੁਰ ਉੱਚੇ: 'ਮੋਦੀ ਸਰਕਾਰ ਫਾਸੀਵਾਦੀ ਏਜੰਡਾ ਥੋਪ ਰਹੀ'

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ ਅਤੇ ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਮੋਗਾ ਵਿੱਚ ਕਿਸਾਨ, ਵਿਦਿਆਰਥੀ, ਮੁਲਾਜ਼ਮ ਅਤੇ ਸਮਾਜਿਕ ਸੰਗਠਨਾਂ ਦੇ ਕਾਰਕੁਨਾਂ ਨੇ ਸੀਏਏ ਅਤੇ ਐੱਨਆਰਸੀ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਕਰਮਜੀਤ ਕੋਟਕਪੁਰਾ ਦਾ ਕਹਿਣਾ ਹੈ, "ਇਸ ਮੁਲਕ ਦੀ ਸਰਕਾਰ , ਜਿਸ ਦਾ ਹਿੰਦੁਤਵ ਅਤੇ ਫਾਸ਼ੀਵਾਦ ਦਾ ਏਜੰਡਾ ਹੈ, ਉਸ ਏਜੰਡੇ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਮੁਸਲਮਾਨਾਂ ਖ਼ਿਲਾਫ਼ ਇਹ ਦੋਵੇਂ ਕਦਮ ਚੁੱਕੇ ਹਨ।"

"ਐੱਨਆਰਸੀ ਤਹਿਤ ਹਿੰਦੁਸਤਾਨ ਵਿੱਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ, ਖ਼ਾਸ ਕਰਕੇ ਮੁਸਲਮਾਨ, ਜਿਨ੍ਹਾਂ ਨੂੰ ਇਹ ਘੁਸਪੈਠੀਏ ਕਹਿ ਰਹੇ ਹਨ, ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਲਗਾ ਕੇ ਮੁਸਲਮਾਨਾਂ ਨੂੰ ਇਥੋਂ ਕੱਢਣਾ।"

ਉਨ੍ਹਾਂ ਨੇ ਕਿਹਾ ਕਿ ਮੁਸਲਮਾਨਾਂ ਤੋਂ ਇਲਾਵਾ ਹੋਰ ਧਰਮਾਂ ਦੇ ਲੋਕ ਅਤੇ ਦਲਿਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਸਕਦੀਆਂ ਹਨ।

ਇਹ ਵੀ ਪੜ੍ਹੋ-

ਮੁਜ਼ਾਹਰਾਕਾਰੀ ਕਮਲਦੀਪ ਕੌਰ ਦਾ ਕਹਿਣਾ ਹੈ ਕਿ ਉਹ ਇਸ ਲਈ ਸੜਕਾਂ 'ਤੇ ਉਤਰੇ ਹਨ ਕਿਉਂਕਿ ਐੱਆਰਸੀ ਤੇ ਸੀਏਏ ਸੰਵਿਧਾਨ ਦੇ ਵੀ ਖਿਲਾਫ਼ ਹਨ ਅਤੇ ਇਹ ਇਨਸਾਨੀਅਤ ਤੇ ਧਰਮ ਨੂੰ ਵੰਡਣ 'ਤੇ ਤੁਲੇ ਹੋਏ ਹਨ।

ਉਸ ਨੇ ਕਿਹਾ, "ਇਹ ਧਰਮਾਂ ਦੇ ਨਾਮ 'ਤੇ ਵੰਡ ਬੰਦ ਹੋਣੀ ਚਾਹੀਦੀ ਹੈ ਅਤੇ ਇਹੀ ਸਾਡੇ ਪੁਰਖਿਆਂ ਨੇ ਸਾਨੂੰ ਸਿਖਾਇਆ ਹੈ।"

ਕਿਰਨਦੀਪ ਨੇ ਕਿਹਾ ਹੈ ਕਿ ਦੇਸ ਦੀ ਸਰਕਾਰ ਹਿੰਦੁਤਵ ਤੇ ਫਾਸ਼ੀਵਾਦ ਕਾਇਮ ਕਰਨਾ ਚਾਹੁੰਦੀ ਹੈ ਅਤੇ ਉਹ ਧਰਮਾਂ ਦੇ ਨਾਮ 'ਤੇ ਲੋਕਾਂ ਨੂੰ ਲੜਾ ਰਹੇ ਹਨ।

ਕਿਰਨਦੀਪ ਕਹਿੰਦੀ ਹੈ ਕਿ ਇਸ ਬਿੱਲ ਦੇ ਤਹਿਤ ਮੁਸਲਮਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਹਿਲਾਂ ਕਸ਼ਮੀਰ ਵਿਚੋਂ ਧਾਰਾ 370 ਦਾ ਹਟਾਉਣਾ, ਫਿਰ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਿਰ ਬਣਾਉਣਾ ਅਤੇ ਹੁਣ ਦੇਸ ਦੀ ਜਨਤਾ ਦਾ ਧਿਆਨ ਉਨ੍ਹਾਂ ਤੋਂ ਹਟਾਉਣ ਲਈ ਉਹ ਇਹ ਦੋ ਬਿੱਲ ਲੈ ਕੇ ਆਈ ਹੈ।

ਮੁਜ਼ਾਹਰੇ ਦੌਰਾਨ ਮੁਸਲਮਾਨ ਆਗੂ ਸਰਫ਼ਰਾਜ਼ ਨੇ ਕਿਹਾ ਹੈ, "ਅਸੀਂ ਕਿਵੇਂ ਦੇਸ ਛੱਡ ਜਾਵਾਂਗੇ, ਸਾਨੂੰ ਕਿਵੇਂ ਕੋਈ ਦੇਸ ਛੁਡਾ ਲਊਗਾ, ਸਾਥੋਂ ਇਹ ਦੇਸ ਕੋਈ ਨਹੀਂ ਛੁਡਾ ਸਕਦਾ, ਅਸੀਂ ਇਥੋਂ ਦੇ ਰਹਿਣ ਵਾਲੇ ਹਾਂ, ਜੇ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਬਾਹਰ ਵਾਲੇ ਹੋ ਤਾਂ ਅਸੀਂ ਉਨ੍ਹਾਂ ਨੂੰ ਸਬੂਤ ਦਿਓ ਕਿ ਅਸੀਂ ਬਾਹਰ ਦੇ ਹਾਂ, ਅਸੀਂ ਤੁਹਾਨੂੰ ਕੋਈ ਸਬੂਤ ਨਹੀਂ ਦੇਣਾ।"

"ਅਸੀਂ ਲਾਈਸੈਂਸ ਬਣਾਏ, ਉਹ ਅਦਾਰਾ ਸਰਕਾਰ ਦਾ, ਬੈਂਕਾਂ ਦੀ ਕਾਪੀਆਂ ਸਾਡੀਆਂ ਤੇ ਬੈਂਕ ਸਰਕਾਰ ਦੇ, ਸਾਨੂੰ ਕਹਿੰਦੇ ਤੁਸੀਂ ਵੋਟ ਪਾਉਣੀ ਵੋਟਰ ਆਈਡੀ ਬਣਵਾਓ, ਅਸੀਂ ਬਣਵਾਏ, ਵੋਟਰ ਆਈਡੀ ਸਰਕਾਰ ਨੇ ਕਿਹਾ ਤਾਂ ਬਣਵਾਇਆ, ਫਿਰ ਆਧਾਰ ਕਾਰਡ ਬਣਵਾ ਕੇ ਸਾਰਿਆਂ ਨਾਲ ਲਿੰਕ ਕਰਨ ਲਈ ਕਿਹਾ, ਉਹ ਵੀ ਕਰ ਲਿਆ, ਸਾਡਾ ਸਾਰਾ ਰਿਕਾਰਡ ਦਾ ਸਰਕਾਰ ਕੋਲ ਹੈ ਅਸੀਂ ਹੁਣ ਤੁਹਾਨੂੰ ਕੀ ਦਿਖਾਈਏ।"

ਸਰਫ਼ਰਾਜ਼ ਕਹਿੰਦੇ ਹਨ ਕਿ ਜਿਹੜਾ ਸੀਏਏ ਬਣਾਇਆ ਤਾਂ ਘੁਸਪੈਠੀਆਂ ਲਈ ਹੈ, ਭਾਵੇਂ, ਮੁਸਲਮਾਨ ਹੋਣ, ਹਿੰਦੂ ਹੋਣ, ਸਿੱਖ ਹੋਣ, ਉਨ੍ਹਾਂ ਦਾ ਦੇਸ ਬੰਗਲਾਦੇਸ ਹੈ, ਪਾਕਿਸਤਾਨ ਹੈ, ਉਨ੍ਹਾਂ ਦਾ ਦੇਸ ਅਫ਼ਗਾਨਿਸਤਾਨ ਹੈ ਤੇ ਉਹ ਹਿੰਦੁਸਤਾਨੀ ਨਹੀਂ ਹੋ ਸਕਦੇ।

ਉਧਰ ਦੂਜੇ ਪਾਸੇ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ 'ਚ ਇਕੱਤਰ ਹੋਏ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਉਪਰੰਤ ਬਟਾਲਾ ਦੇ ਬਾਜ਼ਾਰਾਂ ਚ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਬਟਾਲਾ ਦੇ ਗਾਂਧੀ ਚੌਕ ਵਿਖੇ ਚੱਕਾ ਜਾਮ ਕਰ ਬਿਲ ਦੀਆ ਕਾਪੀਆਂ ਵੀ ਸਾੜੀਆ ਗਈਆਂ।

ਇਹ ਵੀ ਪੜ੍ਹੋ-

ਇਸ ਦੌਰਾਨ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਆਖਿਆ ਕਿ ਦੋਵੇਂ ਹੀ, ਨਾਗਰਿਕਤਾ ਸੋਧ ਅਤੇ ਐਨਆਰਸੀ ਕਾਨੂੰਨ ਦੇਸ ਵਿਰੋਧੀ , ਸੰਵਿਧਾਨ ਵਿਰੋਧੀ ਅਤੇ ਘੱਟ ਗਿਣਤੀ ਕੌਮਾਂ ਦੇ ਵਿਰੋਧੀ ਹਨ ਅਤੇ ਉਹਨਾਂ ਦੀ ਪਾਰਟੀ ਅਤੇ ਦੂਸਰਿਆਂ ਖੱਬੇ ਪੱਖੀਆ ਪਾਰਟੀਆਂ ਇਕੱਠੇ ਮਿਲ ਮੋਦੀ ਸਰਕਾਰ ਦੇ ਖਿਲਾਫ ਸੰਗਰਸ਼ ਉਦੋਂ ਤਕ ਜਾਰੀ ਰੱਖੇਗੀ ਜਦ ਤਕ ਇਹਨਾਂ ਫੈਸਲਿਆਂ ਨੂੰ ਵਾਪਿਸ ਲੈਣ ਲਈ ਮੋਦੀ ਸਰਕਾਰ ਐਲਾਨ ਨਹੀਂ ਕਰਦੀ।

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)