16 ਸਾਲ ਪਾਕਿਸਤਾਨ ’ਚ ਜੇਲ੍ਹ ਕੱਟ ਕੇ ਆਏ ਗ਼ੁਲਾਮ ਫ਼ਰੀਦ ਨੇ ਉੱਥੇ ਕੀ ਗੁਆਇਆ, ਕੀ ਖੱਟਿਆ: ਹਿਸਾਬਾਂ ਤੇ ਯਾਦਾਂ ਵਿਚਾਲੇ ਜ਼ਿੰਦਗੀ

ਗ਼ੁਲਾਮ ਫ਼ਰੀਦ ਆਪਣੀ ਮਾਤਾ ਨਾਲ

ਤਸਵੀਰ ਸਰੋਤ, ਗ਼ੁਲਾਮ ਫ਼ਰੀਦ

ਤਸਵੀਰ ਕੈਪਸ਼ਨ, ਗ਼ੁਲਾਮ ਫ਼ਰੀਦ 16 ਸਾਲਾਂ ਬਾਅਦ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾ ਹੋ ਕੇ ਵਾਪਸ ਮਾਲੇਰਕੋਟਲਾ ਆਪਣੇ ਪਰਿਵਾਰ ਵਿੱਚ ਆਏ ਹਨ।
    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਮਲੇਰਕੋਟਲਾ ਤੋਂ ਬੀਬੀਸੀ ਪੰਜਾਬੀ ਲਈ

ਮਲੇਰਕੋਟਲਾ ਦਾ ਇੱਕ ਵਿਅਕਤੀ ਇੱਕ ਦਹਾਕੇ ਤੋਂ ਵੱਧ ਸਮਾਂ ਪਾਕਿਸਤਾਨ ਦੀ ਜੇਲ੍ਹ ਵਿੱਚ ਕੱਟ ਕੇ ਪਰਤਿਆ ਹੈ। ਜਦੋਂ ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਉਸ ਦੇ ਘਰ ਪਹੁੰਚੇ ਤਾਂ ਉਸ ਨੇ ਆਪਣੇ ਨੁਕਸਾਨ ਦੀ ਕਹਾਣੀ ਵੀ ਦੱਸੀ ਅਤੇ ਨਾਲ ਇਹ ਵੀ ਦੱਸਿਆ ਕਿ ਉਹ ਲਾਹੌਰ ਤੋਂ ਕੀ ਖੱਟ ਕੇ ਲਿਆਇਆ ਹੈ। ਪੇਸ਼ ਹੈ ਰਿਪੋਰਟ:

ਜਦੋਂ ਮੈਂ ਗ਼ੁਲਾਮ ਫ਼ਰੀਦ ਦੇ ਘਰ ਦਾ ਪਤਾ ਪੁੱਛਣ ਲਈ ਮਿਲੇ ਨੰਬਰ 'ਤੇ ਫ਼ੋਨ ਕੀਤਾ ਤਾਂ ਸੁਣਨ ਵਾਲੇ ਨੇ ਦੱਸਿਆ, "ਕਮਲ ਸਿਨੇਮੇ ਦੇ ਕੋਲ ਆ ਜਾਓ। ਅੱਗੇ ਮੁੰਡਾ ਲੈਣ ਆ ਜਾਏਗਾ।"

ਇਹ ਕੰਮ ਸੌਖਾ ਸੀ। ਕਮਲ ਸਿਨੇਮਾ ਬਾਰੇ ਇਸ ਇਲਾਕੇ ਵਿੱਚ ਕੌਣ ਨਹੀਂ ਜਾਣਦਾ ਹੋਵੇਗਾ? ਸਿਨੇਮਾ ਦੇ ਸਾਹਮਣੇ ਦੀ ਗਲੀ ਵਿੱਚ ਹੀ ਗ਼ੁਲਾਮ ਫ਼ਰੀਦ ਦਾ ਘਰ ਹੈ।

ਗ਼ੁਲਾਮ ਫ਼ਰੀਦ, ਜੋ 48 ਸਾਲ ਦਾ ਹੋ ਕੇ ਪਾਕਿਸਤਾਨ ਤੋਂ ਪਰਤਿਆ ਹੈ, ਪਿਛਲੇ 16 ਸਾਲ ਸਲਾਖਾਂ ਪਿੱਛੇ ਕੱਟਣ ਤੋਂ ਬਾਅਦ ਹੁਣ ਜ਼ਿੰਦਗੀ ਦੁਬਾਰਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ:

ਉਸ ਮੁਤਾਬਕ ਪਾਕਿਸਤਾਨ ਵਿੱਚ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ, ਵੀਜ਼ਾ ਦੀ ਮਿਆਦ ਪੁੱਗ ਗਈ ਪਰ ਉਹ ਕੁਝ ਸਮਾਂ ਮੁੜਿਆ ਨਹੀਂ। ਉਸ ਦਾ ਕਹਿਣਾ ਹੈ ਕਿ ਇਸੇ ਨਾਲ ਜੁੜੇ ਇਲਜ਼ਾਮ ਤਹਿਤ 13 ਸਾਲ ਦੀ ਕੈਦ ਦੀ ਸਜ਼ਾ ਹੋਈ। ਰਿਹਾਈ ਫਿਰ ਵੀ ਨਾ ਹੋਈ।

ਆਖ਼ਰ ਦੋਸਤਾਂ ਤੇ ਪਰਿਵਾਰ ਦੇ ਯਤਨਾਂ ਸਦਕਾ ਗ੍ਰਹਿ ਮੰਤਰਾਲੇ ਹਰਕਤ ਵਿੱਚ ਆਇਆ। ਬੀਤੀ 25 ਨਵੰਬਰ ਨੂੰ ਗ਼ੁਲਾਮ ਫ਼ਰੀਦ ਦੀ 16 ਸਾਲ ਬਾਅਦ ਘਰ ਵਾਪਸੀ ਹੋਈ ਹੈ।

ਗ਼ੁਲਾਮ ਫ਼ਰੀਦ ਲਈ ਸਭ ਕੁਝ ਬਦਲਿਆ-ਬਦਲਿਆ ਹੈ। ਇੱਥੋਂ ਤੱਕ ਕੇ ਉਸ ਦਾ ਆਪਣਾ ਘਰ ਵੀ।

ਗ਼ੁਲਾਮ ਫ਼ਰੀਦ ਆਪਣੇ ਪਰਿਵਾਰ ਨਾਲ

ਤਸਵੀਰ ਸਰੋਤ, Sukhcharan Preet /BBC

ਤਸਵੀਰ ਕੈਪਸ਼ਨ, ਗ਼ੁਲਾਮ ਫ਼ਰੀਦ ਮਗਰੋਂ ਪਰਿਵਾਰ ਵਿੱਚ ਕਈ ਨਵੇਂ ਜੀਅ ਜੁੜ ਗਏ ਹਨ।

‘ਗਲੀਆਂ ਬਹੁਤ ਤੰਗ ਹੋ ਗਈਆਂ’

"ਬੱਚੇ ਮੈਨੂੰ ਦੱਸਦੇ ਨੇ ਕਿ ਫ਼ੋਨ ਉੱਤੇ ਪੈਸੇ ਵੀ ਭੇਜੇ ਜਾਂਦੇ ਹਨ। ਮੇਰੇ ਲਈ ਸਭ ਕੁਝ ਨਵਾਂ ਹੈ। ਸੜਕਾਂ ਬਦਲ ਗਈਆਂ, ਸ਼ਹਿਰ ਬਦਲ ਗਏ। ਮਲੇਰਕੋਟਲਾ ਵੀ ਬਹੁਤ ਬਦਲ ਗਿਆ।"

"ਗਲੀਆਂ ਬਹੁਤ ਤੰਗ ਹੋ ਗਈਆਂ। ਲੋਕਾਂ ਨੇ ਕੋਠੀਆਂ ਵਰਗੇ ਘਰ ਪਾ ਲਏ। ਮੈਨੂੰ ਤਾਂ ਆਪਣੇ ਘਰ ਦੀ ਵੀ ਪਛਾਣ ਨਹੀਂ ਆਈ। ਮੈਨੂੰ ਮੇਰੇ ਭੈਣ-ਭਰਾਵਾਂ ਦੇ ਬੱਚਿਆਂ ਦੇ ਨਾਂ ਵੀ ਨਹੀਂ ਪਤਾ। ਹਾਲੇ ਕੁੱਝ ਸਮਾਂ ਲੱਗੇਗਾ, ਸਭ ਨੂੰ ਚੰਗੀ ਤਰ੍ਹਾਂ ਮਿਲਾਂਗਾ। ਕੁਝ ਦਿਨ ਆਰਾਮ ਕਰਾਂਗਾ, ਫਿਰ ਆਪਣੇ ਭਵਿੱਖ ਬਾਰੇ ਸੋਚਾਂਗਾ।"

ਪਹਿਲਾਂ ਪਰਿਵਾਰ ਦੀਆਂ ਯਾਦਾਂ ਸਨ...

ਪਰਿਵਾਰ ਲਈ ਵਿਯੋਗ ਹੁਣ ਪਾਕਿਸਤਾਨ ਦੀਆਂ ਚੰਗੀਆਂ ਯਾਦਾਂ ਦੇ ਵਿਯੋਗ ਵਿੱਚ ਬਦਲ ਗਿਆ ਹੈ। ਪਾਕਿਸਤਾਨ ਦੀ ਜੇਲ੍ਹ ਵਿੱਚ ਰਹਿੰਦਿਆਂ ਦੋਸਤ ਵੀ ਬਣੇ।

"ਸਟਾਫ਼ ਅਤੇ ਕੈਦੀਆਂ ਦਾ ਵਿਹਾਰ ਠੀਕ ਸੀ। ਉੱਥੇ ਮੇਰਾ ਇੱਕ ਦੋਸਤ ਬਣਿਆ ਸੀ, ਅੱਲ੍ਹਾ ਰੱਖਾ।”

ਗ਼ੁਲਾਮ ਫ਼ਰੀਦ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, courtesy-family

ਤਸਵੀਰ ਕੈਪਸ਼ਨ, ਗ਼ੁਲਾਮ ਫ਼ਰੀਦ ਦੀ ਪੁਰਾਣੀ ਤਸਵੀਰ

”ਅੱਲ੍ਹਾ ਰੱਖਾ ਲਾਹੌਰ ਨੇੜਲੇ ਕਿਸੇ ਪਿੰਡ ਤੋਂ ਸੀ। ਉਸ ਨੇ ਮੇਰੀ ਬਹੁਤ ਮਦਦ ਕੀਤੀ, ਆਪਣੇ ਪਰਿਵਾਰ ਨਾਲ ਵੀ ਮਿਲਾਇਆ। ਮੇਰੇ ਕੋਲ ਤਾਂ ਕੁਝ ਨਹੀਂ ਸੀ। ਉਹ ਮੈਨੂੰ ਪੈਸੇ ਵੀ ਦੇ ਦਿੰਦਾ ਸੀ। ਕੱਪੜੇ ਵੀ ਘਰੋਂ ਮੰਗਵਾ ਦਿੰਦਾ ਸੀ, ਤਿਉਹਾਰ ’ਤੇ ਮਠਿਆਈਆਂ ਵੀ ਸਾਂਝੀਆਂ ਕਰ ਲੈਂਦਾ ਸੀ।"

ਪਾਕਿਸਤਾਨ ਵਿੱਚ ਜੇਲ੍ਹ ਕੱਟਣ ਵਾਲੇ ਭਾਰਤੀਆਂ ਵਿੱਚ ਇੱਕ ਨਾਂ ਬਹੁਤ ਲੋਕ ਜਾਣਦੇ ਹਨ - ਸਰਬਜੀਤ ਸਿੰਘ, ਜਿਸ ਦਾ ਮਾਮਲਾ ਕੌਮਾਂਤਰੀ ਪੱਧਰ 'ਤੇ ਪਹੁੰਚਿਆ, ਉਸ ਦੀ ਰਿਹਾਈ ਦੀ ਗੱਲ ਵੀ ਚੱਲੀ ਪਰ 2013 ਵਿੱਚ ਉਸ ਦਾ ਜੇਲ੍ਹ ਵਿੱਚ ਕਤਲ ਹੋਇਆ। ਇਸ ਬਾਰੇ ਤਾਂ ਇਕ ਫਿਲਮ ਵੀ ਬਣੀ।

ਸਰਬਜੀਤ ਦੇ ਮਾਮਲੇ ਦਾ ਅਸਰ ਜੇਲ੍ਹਾਂ ਵਿੱਚ ਭਾਰਤੀ ਤੇ ਪਾਕਿਸਤਾਨੀ ਕੈਦੀਆਂ ਦੇ ਰਿਸ਼ਤਿਆਂ ’ਤੇ ਵੀ ਪਿਆ। ਗ਼ੁਲਾਮ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, "ਸਰਬਜੀਤ ਵਾਲੀ ਘਟਨਾ ਤੋਂ ਬਾਅਦ ਸਾਨੂੰ ਪਾਕਿਸਤਾਨੀ ਕੈਦੀਆਂ ਤੋਂ ਅਲੱਗ ਰੱਖਿਆ ਜਾਂਦਾ ਸੀ। ਕੋਟ ਲਖਪਤ ਜੇਲ੍ਹ ਵਿੱਚ ਅਸੀਂ ਜਿੰਨੇ ਭਾਰਤੀ ਕੈਦੀ ਸੀ ਸਭ ਮਿਲ-ਜੁਲ ਕੇ ਰਹਿੰਦੇ ਸਨ।"

"ਇੱਕ ਉਮੀਦ ਦੇ ਆਸਰੇ ਜਿਉਂਦੇ ਸੀ ਕਿ ਇੱਕ ਦਿਨ ਤਾਂ ਜੇਲ੍ਹ ਤੋਂ ਆਜ਼ਾਦੀ ਜ਼ਰੂਰ ਮਿਲੇਗੀ। ਹੁਣ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਪਰ ਅੱਲ੍ਹਾ ਰੱਖਾ ਦੀ ਯਾਦ ਆਉਂਦੀ ਹੈ।"

ਇਹਵੀ ਪੜ੍ਹੋ:

ਉਰਦੂ ਦੀ ਮਿੱਸ

ਬੰਦੀ ਜੀਵਨ ਦਾ ਅਸਰ ਗ਼ੁਲਾਮ ਫ਼ਰੀਦ ਦੀ ਸਿਹਤ ਉੱਪਰ ਹੀ ਨਹੀਂ ਪਿਆ ਸਗੋਂ ਉਨ੍ਹਾਂ ਦੀ ਭਾਸ਼ਾ ਵਿੱਚ ਵੀ ਉਰਦੂ ਦੀ ਮਿੱਸ ਰਲ ਗਈ ਹੈ। ਪੰਜਾਬੀ ਵਿੱਚ ਗੱਲ-ਬਾਤ ਕਰਦਿਆਂ ਗ਼ੁਲਾਮ ਫ਼ਰੀਦ ਵਿੱਚੇ ਉਰਦੂ ਵਿੱਚ ਗੱਲਬਾਤ ਕਰ ਦਿੰਦੇ ਹਨ। ਗ਼ੁਲਾਮ ਨੇ ਦੱਸਿਆ ਕਿ ਇਹ ਵੀ ਲਾਹੌਰ ਜੇਲ੍ਹ ਦਾ ਹੀ ਅਸਰ ਹੈ।

ਗ਼ੁਲਾਮ ਫ਼ਰੀਦ ਆਪਣੀ ਮਾਤਾ ਨਾਲ

ਤਸਵੀਰ ਸਰੋਤ, Sukhcharan Preet /BBC

ਤਸਵੀਰ ਕੈਪਸ਼ਨ, ਗ਼ੁਲਾਮ ਫ਼ਰੀਦ ਦੀ ਮਾਂ ਨੇ ਕਿਹਾ ਕਿ ਰੱਬ ਕਰੇ ਉਨ੍ਹਾਂ ਵਾਂਗ ਹੋਰ ਮਾਵਾਂ ਦੀਆਂ ਦੁਆਵਾਂ ਵੀ ਪੂਰੀਆਂ ਹੋਣ।

ਦੁਆ ਕਰਦੀ ਸੀ ਕਿ ਮੇਰੇ ਜਿਉਂਦਿਆਂਪੁੱਤ ਘਰ ਆ ਜਾਵੇ

ਗ਼ੁਲਾਮ ਫ਼ਰੀਦ ਦੀ ਮਾਤਾ ਸਦੀਕਾ ਦੱਸਦੀ ਹੈ, "ਇਹਦੇ ਗਏ ਮਗਰੋਂ ਮੇਰੀਆਂ ਲੱਤਾਂ ਜਵਾਬ ਦੇ ਗਈਆਂ। ਜੇ ਤੁਰ-ਫਿਰ ਸਕਦੀ ਹੁੰਦੀ ਤਾਂ ਆਏ ਨੂੰ ਉੱਡ ਕੇ ਮਿਲਦੀ। ਅੱਲ੍ਹਾ ਅੱਗੇ ਰੋਜ਼ ਦੁਆ ਕਰਦੀ ਸੀ ਕਿ ਮੇਰੇ ਜਿਉਂਦਿਆਂ ਮੇਰਾ ਪੁੱਤ ਘਰ ਆ ਜਾਵੇ।"

"ਜਿਹੜੇ ਹੋਰ ਇਹਦੇ ਵਾਂਗੂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਨੇ, ਉਨ੍ਹਾਂ ਲਈ ਮੈਂ ਵੱਧ ਦੁਆ ਕਰਦੀ ਹਾਂ, ਕਿ ਜਿਵੇਂ ਮੇਰਾ ਸੀਨਾ ਠਾਰਿਆ ਹੈ ਅੱਲ੍ਹਾ ਉਨ੍ਹਾਂ ਦੀਆਂ ਮੁਰਾਦਾਂ ਵੀ ਪੂਰੀਆਂ ਕਰੇ।"

ਗ਼ੁਲਾਮ ਫ਼ਰੀਦ ਦੀ ਮਾਤਾ ਤੇ ਭੈਣ

ਤਸਵੀਰ ਸਰੋਤ, Sukhcharan Preet /BBC

ਤਸਵੀਰ ਕੈਪਸ਼ਨ, ਗ਼ੁਲਾਮ ਫ਼ਰੀਦ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਭੈਣ (ਖੱਬੇ) ਨੂੰ ਅਧਰੰਗ ਹੋ ਗਿਆ।

ਵਿਆਹ ਵੀ ਕਰਨਾ

ਗ਼ੁਲਾਮ ਦੀ ਭੈਣ ਨਜ਼ੀਰਾ ਨੂੰ ਉਸ ਦੇ ਜਾਣ ਮਗਰੋਂ ਅਧਰੰਗ ਹੋ ਗਿਆ। ਹੁਣ ਤੁਰ-ਫਿਰ ਨਹੀਂ ਸਕਦੀ। ਭਰਾ ਦੇ ਆਉਣ ਦੀ ਖ਼ੁਸ਼ੀ ਉਸ ਨੂੰ ਆਪਣੀਆਂ ਮੁਸ਼ਕਲਾਂ ਤੋਂ ਵੱਡੀ ਜਾਪਦੀ ਹੈ।

“ਜੇ ਤੁਰ-ਫਿਰ ਸਕਦੀ ਤਾਂ ਬਾਰਡਰ 'ਤੇ ਆਪ ਲੈਣ ਜਾਂਦੀ। ਇਸ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਸਾਰੀ ਰਾਤ ਨੀਂਦ ਨਹੀਂ ਆਈ। ਇਹਦੇ ਦੁੱਖ ਵਿੱਚ ਕਈ-ਕਈ ਦਿਨ ਰੋਂਦੀ ਰਹਿੰਦੀ ਸੀ। ਅਸੀਂ ਭੈਣ ਭਰਾਵਾਂ ਨੇ ਬਹੁਤ ਗੱਲਾਂ ਕੀਤੀਆਂ। ਹੁਣ ਇਹਦਾ ਘਰ ਵੀ ਪਾ ਕੇ ਦੇਣਾ ਹੈ। ਵਿਆਹ ਵੀ ਕਰਨਾ ਹੈ। ਹੁਣ ਬਹੁਤ ਖ਼ੁਸ਼ ਹਾਂ।"

ਗ਼ੁਲਾਮ ਦੀ ਭਾਣਜੀ ਯਾਸਮੀਨ ਉਸ ਦੇ ਪਾਕਿਸਤਾਨ ਜਾਣ ਵੇਲੇ ਛੋਟੀ ਬੱਚੀ ਸੀ ਪਰ ਯਾਸਮੀਨ ਕੋਲ ਬਚਪਨ ਦੀਆਂ ਯਾਦਾਂ ਦਾ ਸਰਮਾਇਆ ਹੈ ਜੋ ਉਸ ਨੂੰ ਇਸ ਮੌਕੇ ਜਜ਼ਬਾਤੀ ਕਰਨ ਲਈ ਕਾਫ਼ੀ ਹੈ।

ਗ਼ੁਲਾਮ ਦੇ ਭੈਣ-ਭਰਾਵਾਂ ਦੇ ਕਈ ਬੱਚੇ ਉਸ ਦੇ ਜਾਣ ਤੋਂ ਬਾਅਦ ਪੈਦਾ ਹੋਏ ਹਨ। ਉਨ੍ਹਾਂ ਲਈ ਉਨ੍ਹਾਂ ਦਾ ਇਹ ਨਵਾਂ ‘ਅੰਕਲ’ ਹਾਲੇ ਓਪਰਾ ਜਿਹਾ ਹੈ।

ਯਾਸਮੀਨ ਕਹਿੰਦੀ ਹੈ, "ਮਾਮਾ ਸਾਨੂੰ ਬਚਪਨ ਵਿੱਚ ਪੜ੍ਹਾਇਆ ਕਰਦਾ ਸੀ। ਮੈਨੂੰ ਤੇ ਮੇਰੇ ਭਰਾ ਨੂੰ ਸਕੂਲ ਵੀ ਮਾਮਾ ਦਾਖਲ ਕਰਵਾ ਕੇ ਆਇਆ ਸੀ। ਜਦੋਂ ਮਾਮਾ ਦਿੱਲੀ ਕੰਮ ਕਰਦਾ ਸੀ ਤਾਂ ਸਾਡੇ ਲਈ ਕਈ-ਕੁਝ ਲੈ ਕੇ ਆਉਂਦਾ ਸੀ। ਹੁਣ ਤਾਂ ਅਸੀਂ ਮਾਮੇ ਨੂੰ ਸ਼ਹਿਰ ਤੋਂ ਬਾਹਰ ਵੀ ਨਹੀਂ ਜਾਣ ਦੇਣਾ।"

ਗ਼ੁਲਾਮ ਫ਼ਰੀਦ ਆਪਣੀ ਭਾਣਜੀ ਨਾਲ

ਤਸਵੀਰ ਸਰੋਤ, Sukhcharan Preet /BBC

ਤਸਵੀਰ ਕੈਪਸ਼ਨ, ਗ਼ੁਲਾਮ ਫ਼ਰੀਦ ਆਪਣੀ ਭਾਣਜੀ ਯਾਸਮੀਨ ਬਚਪਨ ਯਾਦ ਕਰਕੇ ਮਾਮੇ ਬਾਰੇ ਭਾਵੁਕ ਹੋ ਜਾਂਦੀ ਹੈ।

ਗ਼ੁਲਾਮ ਫ਼ਰੀਦ ਦੇ ਬਚਪਨ ਦੇ ਦੋਸਤ ਜ਼ਿਆ ਫ਼ਾਰੂਕ ਦੱਸਦੇ ਹਨ, "ਗ਼ੁਲਾਮ ਤੇ ਮੈਂ ਸਕੂਲ ਤੋਂ ਲੈ ਕੇ ਕਾਲਜ ਤੱਕ ਇਕੱਠੇ ਪੜ੍ਹੇ ਹਾਂ। ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਗ਼ੁਲਾਮ ਪਾਕਿਸਤਾਨ ਵਿੱਚ ਕਿੱਥੇ ਅਤੇ ਕਿਸ ਹਾਲਤ ਵਿੱਚ ਹੈ।"

"ਗ਼ੁਲਾਮ ਦੇ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਈ। ਕਈ ਸੰਸਥਾਵਾਂ ਨਾਲ ਸੰਪਰਕ ਕੀਤਾ। ਆਖ਼ਰ ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ) ਦੇ ਯਤਨਾਂ ਨਾਲ ਰਿਹਾਈ ਹੋਈ ਹੈ।"

ਗ਼ੁਲਾਮ ਫ਼ਰੀਦ ਦੇ ਜਾਣ ਦੇ 16 ਸਾਲਾਂ ਵਿੱਚ ਆਏ ਬਦਲਾਅ ਬਾਰੇ ਜ਼ਿਆ ਫ਼ਾਰੂਕ ਦੱਸਦੇ ਹਨ, "ਜਦੋਂ ਗਿਆ ਸੀ ਉਦੋਂ ਇਸ ਦੀ ਸਿਹਤ ਚੰਗੀ ਸੀ, ਹੁਣ ਤਾਂ ਅੱਖਾਂ ਅੰਦਰ ਧਸੀਆਂ ਪਈਆਂ ਹਨ।"

"ਇਹਦਾ ਸੁਭਾਅ ਬਹੁਤ ਮਜ਼ਾਕੀਆ ਸੀ, ਹੁਣ ਥੋੜ੍ਹਾ ਗੰਭੀਰ ਜਿਹਾ ਲੱਗਦਾ ਹੈ। ਹਾਲੇ ਥੋੜ੍ਹਾ ਅਸਿਹਜ ਵੀ ਹੈ। ਜਦੋਂ ਇਹ ਗਿਆ ਸੀ ਤਾਂ ਬਟਨਾਂ ਵਾਲੇ ਫ਼ੋਨ ਕਿਸੇ-ਕਿਸੇ ਕੋਲ ਸਨ। ਹੁਣ ਹਰ ਚੀਜ਼ ਸਮਾਰਟ ਫ਼ੋਨ 'ਤੇ ਹੁੰਦੀ ਹੈ। ਜਦੋਂ ਅਸੀਂ ਬਾਰਡਰ ਤੋਂ ਆ ਰਹੇ ਸੀ ਤਾਂ ਬਿਨਾਂ ਗੇਅਰਾਂ ਵਾਲੇ ਸਕੂਟਰ, ਕਾਰਾਂ, ਸੜਕਾਂ ਦੇਖ ਕੇ ਹੈਰਾਨ ਹੋ ਰਿਹਾ ਸੀ। ਮਲੇਰਕੋਟਲਾ ਵੀ ਪਹਿਲਾਂ ਵਰਗਾ ਨਹੀਂ ਰਿਹਾ।"

"ਬਹੁਤ ਕੁੱਝ ਇਸਨੂੰ ਨਵੇਂ ਸਿਰੇ ਤੋਂ ਸਿਖਾਉਣਾ ਪਵੇਗਾ। ਇਸ ਦੇ ਮਗਰੋਂ ਮੇਰਾ ਵਿਆਹ ਹੋਇਆ, ਬੱਚੇ ਵੀ ਜਵਾਨ ਹੋ ਗਏ। ਇਸ ਨੇ ਹਾਲੇ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ।"

ਗ਼ੁਲਾਮ ਫ਼ਰੀਦ ਦੇ ਬਚਪਨ ਦੇ ਦੋਸਤ ਜ਼ਿਆ ਫ਼ਾਰੂਕ

ਤਸਵੀਰ ਸਰੋਤ, Sukhcharan Preet /BBC

ਤਸਵੀਰ ਕੈਪਸ਼ਨ, ਜ਼ਿਆ ਫ਼ਾਰੂਕ (ਖੱਬੇ) ਆਪਣੇ ਦੋਸਤ ਨੂੰ ਮਿਲ ਕੇ ਖ਼ੁਸ਼ ਹਨ। ਬੇਅੰਤ ਕਿੰਗਰ (ਸੱਜੇ) ਜ਼ਿਆ ਫ਼ਾਰੂਕ ਦੇ ਜਾਣਕਾਰ ਹਨ। ਦੋਵਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਗ਼ੁਲਾਮ ਘਰ ਵਾਪਸ ਆ ਸਕੇ ਹਨ

ਸਾਨੂੰ ਛੱਡਣ ਆਉਂਦੇ ਗ਼ੁਲਾਮ ਫ਼ਰੀਦ ਨੇ ਕਮਲ ਸਿਨੇਮਾ ਦਾ ਜ਼ਿਕਰ ਕੀਤਾ, ਮੀਟ ਦੀ ਦੁਕਾਨ ਵਾਲੇ ਭੱਬੂ ਦਾ, ਰਾਹੀ ਹਲਵਾਈ ਦਾ ਵੀ। ਇਹ ਤਿੰਨੇ ਮਲੇਰਕੋਟਲੇ ਦੇ ਮਸ਼ਹੂਰ ਨਾਂ ਹਨ ਅਤੇ ਗ਼ੁਲਾਮ ਫ਼ਰੀਦ ਦੇ ਘਰ ਦੇ ਨੇੜੇ ਵੀ ਹਨ।

ਕੋਲ ਖੜ੍ਹੇ ਬਜ਼ੁਰਗ ਦੱਸਦੇ ਹਨ, "ਕਮਲ ਸਿਨੇਮਾ ਹੁਣ ਢਾਹ ਦਿੱਤਾ ਗਿਆ ਹੈ। ਰਾਹੀ ਹਲਵਾਈ ਤੇ ਭੱਬੂ ਮੀਟ ਵਾਲਾ ਵੀ ਨਹੀਂ ਰਹੇ। ਉਨ੍ਹਾਂ ਦੀਆਂ ਦੁਕਾਨਾਂ ਹੁਣ ਉਨ੍ਹਾਂ ਦੇ ਪੁੱਤ-ਪੋਤੇ ਚਲਾਉਂਦੇ ਹਨ।"

ਸੋਲ੍ਹਾਂ ਸਾਲ ਪੁਰਾਣੇ ਗ਼ੁਲਾਮ ਫ਼ਰੀਦ ਦਾ ਮਲੇਰਕੋਟਲਾ ਹੁਣ ਸਿਰਫ਼ ਉਸ ਦੀਆਂ ਯਾਦਾਂ ਵਿੱਚ ਹੈ। ਨਵੇਂ ਮਲੇਰਕੋਟਲਾ ਅਤੇ ਨਵੇਂ ਗ਼ੁਲਾਮ ਫ਼ਰੀਦ ਨੇ ਹਾਲੇ ਆਪਸ ਵਿੱਚ ਮੁਲਾਕਾਤ ਕਰਨੀ ਹੈ।

5 ਨਵੰਬਰ ਨੂੰ ਹੋਣ ਵਾਲੀ ਰਿਹਾਈ 25 ਨਵੰਬਰ ਨੂੰ ਹੋ ਸਕੀ

ਮਲੇਰਕੋਟਲਾ ਨਗਰ ਕੌਂਸਲ ਦੇ ਸਾਬਕਾ ਮੈਂਬਰ ਬੇਅੰਤ ਕਿੰਗਰ ਨੇ ਦੱਸਿਆ, "ਗ਼ੁਲਾਮ ਦੇ ਦੋਸਤ ਜ਼ਿਆ ਫ਼ਾਰੂਕ ਮੇਰੇ ਜਾਣਕਾਰ ਹਨ। ਉਨ੍ਹਾਂ ਮੇਰੇ ਨਾਲ ਗੱਲ ਕੀਤੀ। ਅਸੀਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਗੱਲ ਕੀਤੀ।"

"ਉਨ੍ਹਾਂ ਨੇ ਪਾਕਿਸਤਾਨ ’ਚ ਆਪਣੇ ਦੋਸਤ, ਵਕੀਲ ਅਬਦੁੱਲ ਰਸ਼ੀਦ ਰਾਹੀਂ ਗ਼ੁਲਾਮ ਦਾ ਪਤਾ ਲਾਇਆ। ਪਰਿਵਾਰ ਨੂੰ ਨਾਲ ਲਿਜਾ ਕੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਮਿਲੇ। ਉਨ੍ਹਾਂ ਦੇ ਦਖ਼ਲ ਤੋਂ ਬਾਅਦ ਗ਼ੁਲਾਮ ਦੀ ਰਿਹਾਈ ਸੰਭਵ ਹੋ ਸਕੀ ਹੈ।"

"ਇਸ ਦੀ ਰਿਹਾਈ 5 ਨਵੰਬਰ ਨੂੰ ਹੋਣੀ ਸੀ ਪਰ ਉਸ ਸਮੇਂ ਕਸ਼ਮੀਰ ਵਿੱਚ ਧਾਰਾ 370 ਦਾ ਰੌਲਾ ਪਿਆ ਹੋਇਆ ਸੀ। ਹੁਣ 25 ਨਵੰਬਰ ਨੂੰ ਇਸ ਦੀ ਰਿਹਾਈ ਹੋਈ ਹੈ। ਮਨ ਖ਼ੁਸ਼ ਹੈ ਕਿ ਵਿੱਛੜਿਆਂ ਦਾ ਮੇਲ ਹੋ ਗਿਆ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)