ਜਰਾਇਮ ਪੇਸ਼ਾ ਕੌਮ ਦਾ ਦਾਗ : 5 ਬੰਦਿਆਂ ਦੇ ਕਤਲ 'ਚ ਨਿਰਦੋਸ਼ ਛੇ ਬੰਦਿਆਂ ਨੂੰ ਕਟਵਾਈ 16 ਸਾਲ ਜੇਲ੍ਹ

ਮਾਰਚ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਆਪਣਾ ਹੀ ਫੈਸਲਾ ਪਲਟਦਿਆਂ, ਛੇ ਵਿਅਕਤੀਆਂ ਨੂੰ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ।
ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਨੇ ਭਾਰਤੀ ਨਿਆਂ ਦੇ ਇਸ ਗਰਭਪਾਤ ਦੀ ਕਹਾਣੀ ਲਿਖੀ ਹੈ, ਜਿਸ ਨੇ ਉਨ੍ਹਾਂ 6 ਨਿਰਦੋਸ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ।
ਇਸ ਕੇਸ ਸਟੱਡੀ ਤੋਂ ਭਾਰਤੀ ਨਿਆਂ ਪ੍ਰਣਾਲੀ ਦੀ ਤਰਸਯੋਗ ਦਸ਼ਾ ਦੀ ਗਵਾਹੀ ਮਿਲਦੀ ਹੈ।
ਇਨ੍ਹਾਂ ਛੇਆਂ ਵਿੱਚੋਂ ਪੰਜ ਨੇ 16 ਸਾਲਾਂ ਵਿੱਚੋਂ 13 ਸਾਲ ਆਪਣੀ ਫਾਂਸੀ ਦੀ ਉਡੀਕ ਵਿੱਚ ਬਿਤਾਏ।
ਛੇਵਾਂ ਮੁਲਜ਼ਮ ਜੁਰਮ ਦੇ ਸਮੇਂ ਨਾਬਾਲਿਗ ਸੀ, ਫਿਰ ਵੀ ਉਸ ਉੱਪਰ ਬਾਲਗ ਵਾਂਗ ਹੀ ਮੁਕੱਦਮਾ ਚੱਲਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸਾਲ 2012 ਵਿੱਚ ਜਦੋਂ ਪਤਾ ਲਗਿਆ ਕਿ ਉਹ ਕਤਲ ਦੇ ਸਮੇਂ 17 ਸਾਲਾਂ ਦਾ ਨਾਬਾਲਿਗ ਸੀ, ਉਸ ਨੂੰ ਬਰੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:
ਜਿਹੜੇ 5 ਦੀ ਸਜ਼ਾ ਬਰਕਰਾਰ ਰੱਖੀ ਗਈ, ਉਨ੍ਹਾਂ ਵਿਚੋਂ ਇੱਕ ਨੂੰ ਬਿਨਾਂ ਖਿੜਕੀ ਦੀ ਕੋਠੜੀ ਵਿੱਚ ਰੱਖਿਆ ਗਿਆ। ਇਸ ਸਾਰੇ ਸਮੇਂ ਦੌਰਾਨ ਉਨ੍ਹਾਂ ਦੇ ਸਿਰ 'ਤੇ ਫਾਂਸੀ ਦਾ ਰੱਸਾ ਲਮਕਦਾ ਰਿਹਾ। ਉਨ੍ਹਾਂ ਦੀਆਂ ਕੋਠੜੀਆਂ ਦੇ ਬਾਹਰ ਵੱਡੇ ਬਲਬ ਰਾਤ ਦੇ ਹਨੇਰੇ ਵਿੱਚ ਜਗਦੇ ਰਹਿੰਦੇ। ਕੋਠੜੀਆਂ ਦਾ ਸੰਨਾਟਾ ਕਿਸੇ ਸਾਥੀ ਦੀ ਚੀਖ-ਪੁਕਾਰ ਨਾਲ ਹੀ ਭੰਗ ਹੁੰਦਾ।
ਇੱਕ ਵਿਅਕਤੀ ਨੇ ਆਪਣੇ ਬਾਰੇ ਦੱਸਿਆ ਕਿ ਫਾਂਸੀ ਦੀ ਉਡੀਕ ਇਸ ਤਰ੍ਹਾਂ ਸੀ ਜਿਵੇਂ, "ਛਾਤੀ 'ਤੇ ਕੋਈ ਕੋਬਰਾ ਸੱਪ ਬੈਠਾ ਹੋਵੇ।" ਦੂਸਰੇ ਨੇ ਦੱਸਿਆ, "ਮੈਨੂੰ ਮੌਤ ਦੀ ਸਜ਼ਾਯਾਫਤਾ ਲੋਕਾਂ ਦੀਆਂ ਰੂਹਾਂ" ਦੇ ਭਿਆਨਕ ਸੁਪਨੇ ਆਉਂਦੇ।

ਦਿਨ ਵਿੱਚ ਕੁਝ ਘੰਟਿਆਂ ਲਈ ਉਸ ਨੂੰ ਬਾਹਰ ਕੱਢਿਆ ਜਾਂਦਾ ਤਾਂ ਉਸ ਨੇ ਦੇਖਿਆ ਕਿ ਕੈਦੀਆਂ ਨੂੰ ਦੌਰੇ ਪੈਂਦੇ ਸਨ ਤੇ ਇੱਕ ਕੈਦੀ ਨੇ ਉਸ ਦੇ ਸਾਹਮਣੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਉਹ ਆਪ ਵੀ ਅਲਸਰ ਦੇ ਦਰਦਾਂ ਨਾਲ ਤੜਫ਼ਦਾ ਰਹਿੰਦਾ, ਜਿਸ ਲਈ ਉਸ ਨੂੰ ਕਦੇ-ਕਦਾਈਂ ਨਾਂ-ਮਾਤਰ ਹੀ ਡਾਕਟਰੀ ਸਹਾਇਤਾ ਦਿੱਤੀ ਜਾਂਦੀ।
ਉਸ ਦਾ ਮੁਆਇਨਾ ਕਰਨ ਵਾਲੇ ਡਾਕਟਰਾਂ ਨੇ ਦੱਸਿਆ, "ਉਸ ਨੇ ਕਈ ਸਾਲ ਅਣ-ਮਨੁੱਖੀ ਹਾਲਾਤ ਵਿੱਚ ਮੌਤ ਦੇ ਨਿਰੰਤਰ ਸਾਏ ਹੇਠ ਬਿਤਾਏ ਹਨ।"
ਜਿਨ੍ਹਾਂ ਛੇ ਜਣਿਆਂ ਨੂੰ ਸੁਪਰੀਮ ਕੋਰਟ ਨੇ ਬਰੀ ਕੀਤਾ ਹੈ, ਉਨ੍ਹਾਂ ਦੇ ਨਾਮ- ਅੰਬਾਦਾਸ ਲਕਸ਼ਮਣ ਸ਼ਿੰਦੇ, ਬਾਪੂ ਅੱਪਾ ਸ਼ਿੰਦੇ, ਅੰਕੁਸ਼ ਮਾਰੂਤੀ ਸ਼ਿੰਦੇ, ਰਾਜਯ ਅੱਪਾ ਸ਼ਿੰਦੇ, ਰਾਜੂ ਮਹਾਸੂ ਸ਼ਿੰਦੇ ਅਤੇ ਸੁਰੇਸ਼ ਨਾਗੂ ਸ਼ਿੰਦੇ ਹਨ।
ਸਾਲ 2003 ਵਿੱਚ ਜਦੋਂ ਜੁਰਮ ਹੋਇਆ ਸੀ ਤਾਂ ਇਨ੍ਹਾਂ ਸਾਰਿਆਂ ਦੀ ਉਮਰ 17 ਤੋਂ 30 ਸਾਲ ਦੇ ਦਰਮਿਆਨ ਸੀ। ਇਨ੍ਹਾਂ ਨੂੰ ਪੱਛਮੀ ਮਾਹਰਾਸ਼ਟਰ ਦੇ ਨਾਸਿਕ ਵਿੱਚ ਅਮਰੂਦ ਤੋੜਨ ਵਾਲੇ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਦੀ ਇੱਕ ਬਾਗ ਵਿੱਚ ਕਤਲ ਦੇ ਜੁਰਮ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਵਿੱਚੋਂ ਅੰਕੁਸ਼ ਮਾਰੂਤੀ ਸ਼ਿੰਦੇ ਦੀ ਉਮਰ ਸਭ ਤੋਂ ਛੋਟੀ ਸੀ। ਉਹ ਮਹਿਜ਼ 17 ਸਾਲਾਂ ਦਾ ਸੀ।

ਜਦੋਂ ਝੂਠੇ ਮੁਕੱਦਮੇ ਵਿੱਚ ਫਸਾਇਆ ਗਿਆ
- ਜੂਨ 2006 ਵਿੱਚ ਪੁਣੇ ਦੀ ਅਦਾਲਤ ਨੇ ਇਨ੍ਹਾਂ ਸਾਰੇ ਦੇ ਸਾਰੇ 6 ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾਈ।
- ਮਾਰਚ 2007 ਵਿੱਚ ਬਾਂਬੇ ਹਾਈ ਕੋਰਟ ਨੇ ਵੀ ਇਨ੍ਹਾਂ ਨੂੰ ਦੋਸ਼ੀ ਮੰਨਿਆ ਪਰ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ।
- ਅਕਤੂਬਰ 2018 ਵਿੱਚ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਖਿਲਾਫ਼ ਮੁੜ ਵਿਚਾਰ ਅਰਜੀ ਮੰਨਜੂਰ ਕੀਤੀ।
- ਮਾਰਚ 2019 ਵਿੱਚ ਸੁਪਰੀਮ ਕੋਰਟ ਨੇ ਆਪਣੇ ਹੀ ਫੈਸਲੇ ਨੂੰ ਪਲਟਿਆ ਤੇ ਸਾਰਿਆਂ ਨੂੰ ਬਰੀ ਕਰ ਦਿੱਤਾ।

ਇਨ੍ਹਾਂ ਸਾਰਿਆਂ ਦਾ ਸੰਬੰਧ ਸ਼ਿੰਦੇ ਨਾਮ ਦੇ ਟਪਰੀਵਾਸੀ ਕਬੀਲੇ ਨਾਲ ਹੈ। ਇਹ ਭਾਰਤ ਦੇ ਸਭ ਤੋਂ ਗਰੀਬ ਕਬੀਲਿਆਂ ਵਿੱਚੋਂ ਇੱਕ ਹੈ। ਉਹ ਮਿੱਟੀ ਪੁੱਟਦੇ ਹਨ ਤੇ ਕੂੜਾ ਚੁੱਕਦੇ ਹਨ। ਨਾਲੀਆਂ ਸਾਫ਼ ਕਰਦੇ ਹਨ ਤੇ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰ ਕੇ ਗੁਜ਼ਾਰਾ ਕਰਦੇ ਹਨ। ਤਿੰਨ ਅਦਾਲਤਾਂ ਦੇ 7 ਜੱਜਾਂ ਨੇ 13 ਸਾਲਾਂ ਤੱਕ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ।
ਹੁਣ ਉਹ ਸਾਰੇ ਜੱਜ ਗਲਤ ਸਨ
ਜਦੋਂ ਸੁਪਰੀਮ ਕੋਰਟ ਨੇ ਆਪਣਾ ਹੀ ਫ਼ੈਸਲਾ ਪਲਟ ਕੇ ਸਾਰਿਆਂ ਨੂੰ ਬਰੀ ਕਰ ਦਿੱਤਾ ਤਾਂ ਇਸ ਫੈਸਲੇ ਨੂੰ ਇਤਿਹਾਸਕ ਕਿਹਾ ਗਿਆ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਸੀ, ਜਦੋਂ ਦੇਸ਼ ਦੀ ਸਰਬਉੱਚ ਅਦਾਲਤ ਨੇ ਮੌਤ ਦੀ ਸਜ਼ਾ ਦੇ ਆਪਣੇ ਹੀ ਪੁਰਾਣੇ ਫੈਸਲੇ ਨੂੰ ਪਲਟਿਆ ਹੋਵੇ।
ਮਾਣਯੋਗ ਜੱਜਾਂ ਨੇ ਆਪਣੇ ਫੈਸਲੇ ਵਿੱਚ ਮੰਨਿਆ ਕਿ ਇਨ੍ਹਾਂ ਸਾਰਿਆਂ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਸੀ। ਅਦਾਲਤਾਂ ਨੇ ਉਨ੍ਹਾਂ ਨੂੰ ਦੋਸ਼ੀ ਮੰਨਣ ਦੀ ਭਿਆਨਕ ਭੁੱਲ ਕੀਤੀ ਸੀ।
ਸਰਬਉੱਚ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਨਾ ਤਾਂ ਇਮਾਨਦਾਰੀ ਨਾਂ ਜਾਂਚ ਹੋਈ ਤੇ ਨਾ ਹੀ ਨਿਰਪੱਖਤਾ ਨਾਲ ਮੁੱਕਦਮਾ ਚਲਾਇਆ ਗਿਆ। ਸੁਪਰੀਮ ਕੋਰਟ ਨੇ 75 ਪੰਨਿਆਂ ਦੇ ਆਪਣੇ ਇਸ ਮਿਸਾਲੀ ਫੈਸਲੇ ਵਿੱਚ ਲਿਖਿਆ, 'ਇਸ ਮਾਮਲੇ ਦੇ ਅਸਲੀ ਮੁਲਜ਼ਮ ਬਚ ਨਿਕਲੇ।'
ਸੁਪਰੀਮ ਕੋਰਟ ਨੇ ਇਨ੍ਹਾਂ ਸਾਰਿਆਂ ਦੀ ਅਪੀਲ ਖਾਰਜ ਕੀਤੇ ਜਾਣ ਤੋਂ ਇੱਕ ਦਹਾਕੇ ਬਾਅਦ ਇਨ੍ਹਾਂ ਨੂੰ ਬਰੀ ਕੀਤਾ ਹੈ।
ਮਾਣਯੋਗ ਜੱਜਾਂ ਨੇ ਕਿਹਾ ਕਿ 'ਇਸ ਮਾਮਲੇ ਦੀ ਤਫ਼ਤੀਸ਼ ਵਿੱਚ ਬਹੁਤ ਸਾਰੇ ਅਹਿਮ ਪੱਖਾਂ ਦੀ ਅਣਦੇਖੀ ਕੀਤੀ ਗਈ ਤੇ ਪੂਰੀ ਲਾਪਰਵਾਹੀ ਵਰਤੀ ਗਈ।'
ਅਦਾਲਤ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ ਕਿ ਗੜਬੜੀ ਕਰਨ ਵਾਲੇ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਰਿਹਾਅ ਕੀਤੇ ਗਏ ਸਾਰੇ ਲੋਕਾਂ ਨੂੰ 5 ਲੱਖ ਰੁਪਏ ਹਰਜਾਨਾ ਇੱਕ ਮਹੀਨੇ ਦੇ ਅੰਦਰ-ਅੰਦਰ ਦੇਣ ਦੇ ਹੁਕਮ ਵੀ ਦਿੱਤਾ।
ਤਣਾਅ ਤੇ ਫ਼ਿਕਰਾਂ ਦੇ ਮਾਰੇ
ਅਦਾਲਤ ਨੂੰ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਨੇ ਮੁੜ ਵਸੇਬੇ ਲਈ ਵੀ ਜਰੂਰੀ ਕਦਮ ਚੁੱਕਣ ਲਈ ਵੀ ਕਿਹਾ ਹੈ। (ਜੋ ਮੁਆਵਜ਼ਾ ਸਰਕਾਰ ਨੇ ਤੈਅ ਕੀਤਾ ਹੈ ਉਹ ਜੇਲ੍ਹ ਵਿੱਚ ਬਿਤਾਏ ਹਰ ਮਹੀਨੇ ਦੇ ਹਿਸਾਬ ਨਾਲ 2600 ਰੁਪਏ ਬਣਦੇ ਹਨ।)
ਜਦੋਂ ਮੈਂ ਬਰੀ ਕੀਤੇ ਗਏ ਇਨ੍ਹਾਂ ਛੇ ਜਣਿਆਂ ਨੂੰ ਮਹਾਰਸ਼ਟਰ ਜਿਲ੍ਹੇ ਦੇ ਇੱਕ ਅਕਾਲ ਮਾਰੇ ਪਿੰਡ ਭੋਕਦਰਨ ਵਿੱਚ ਮਿਲਿਆ ਤਾਂ ਉਹ ਤਣਾਅ ਤੇ ਫਿਕਰਮੰਦੀ ਦੇ ਸ਼ਿਕਾਰ ਦਿਖੇ। ਇਨ੍ਹਾਂ ਛੇ ਜਣਿਆਂ ਵਿੱਚੋਂ ਦੋ ਸਕੇ ਭਰਾ ਹਨ ਅਤੇ ਬਾਕੀ ਸਾਰੇ ਚਚੇਰੇ ਭਾਈ। ਉਸ ਸਮੇਂ ਤੱਕ ਇਨ੍ਹਾਂ ਨੂੰ ਮੁਆਵਜ਼ੇ ਦੀ ਰਕਮ ਵੀ ਨਹੀਂ ਮਿਲੀ ਸੀ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੌਤ ਦੀ ਸਜ਼ਾ ਨੇ ਸਮੇਂ ਬਾਰੇ ਉਨ੍ਹਾਂ ਦੀ ਸਮਝ ਹੀ ਵਿਗਾੜ ਦਿੱਤੀ ਹੈ। ਉਨ੍ਹਾਂ ਦੀਆਂ ਭਾਵਨਾਵਾਂ ਮਰ ਚੁੱਕੀਆਂ ਹਨ। ਉਨ੍ਹਾਂ ਦੀ ਜ਼ਿੰਦਾਦਿਲੀ ਗੁਆਚ ਗਈ ਹੈ।
ਉਨ੍ਹਾਂ ਲਈ ਵਾਪਸ ਕੰਮ 'ਤੇ ਜਾਣਾ ਵੀ ਮੁਹਾਲ ਹੋ ਗਿਆ ਹੈ। ਉਨ੍ਹਾਂ ਨੂੰ ਹਾਈ ਬੱਲਡ ਪ੍ਰੈਸ਼ਰ, ਉਨੀਂਦਰਾ, ਸ਼ੂਗਰ ਅਤੇ ਅੱਖਾਂ ਦੀ ਲੋਅ ਘਟਣ ਵਰਗੀਆਂ ਕਈ ਬਿਮਾਰੀਆਂ ਲੱਗ ਗਈਆਂ ਹਨ।
ਅਜ਼ਾਦੀ ਹੀ ਰੜਕਣ ਲੱਗਦੀ ਹੈ
ਉਨ੍ਹਾਂ ਦੇ ਦਿਨ ਸਸਤੀ ਸ਼ਰਾਬ ਦੇ ਨਸ਼ੇ ਵਿੱਚ ਜਿਵੇਂ-ਕਿਵੇਂ ਗੁਜ਼ਰ ਰਹੇ ਹਨ। ਉਨ੍ਹਾਂ ਵਿੱਚੋਂ ਕੁਝ ਤਾਂ ਨੀਂਦ ਦੀਆਂ ਗੋਲੀਆਂ ਤੇ ਤਣਾਅ ਨਾਲ ਲੜਨ ਵਾਲੀਆਂ ਦਵਾਈਆਂ ਖਾ ਰਹੇ ਹਨ।
49 ਸਾਲਾਂ ਦੇ ਬਾਪੂ ਅੱਪਾ ਸ਼ਿੰਦੇ ਨੇ ਦੱਸਿਆ, "ਜੇਲ੍ਹ ਤੁਹਾਨੂੰ ਹੌਲੀ-ਹੌਲੀ ਚੁੱਪ-ਚਾਪ ਮਾਰਦੀ ਹੈ। ਜਦੋਂ ਤੁਸੀਂ ਜੇਲ੍ਹ ਤੋਂ ਰਿਹਾਅ ਹੁੰਦੇ ਹੋ ਤਾਂ ਆਜ਼ਾਦੀ ਰੜਕਣ ਲਗਦੀ ਹੈ।"
ਇਹ ਵੀ ਪੜ੍ਹੋ:
ਜਦੋਂ ਇਹ ਸਾਰੇ ਜੇਲ੍ਹ ਚਲੇ ਗਏ ਤਾਂ ਇਨ੍ਹਾਂ ਦੀਆਂ ਘਰ ਵਾਲੀਆਂ ਤੇ ਬੱਚਿਆਂ ਨੂੰ ਕੰਮ ਕਰਨਾ ਪਿਆ। ਉਨ੍ਹਾਂ ਨੂੰ ਨਾਲੀਆਂ ਤੇ ਖੂਹੀਆਂ ਸਾਫ਼ ਕਰਨੀਆਂ ਪਈਆਂ ਤੇ ਕੂੜਾ ਚੁਗਣਾ ਪਿਆ। ਜ਼ਿਆਦਾਤਰ ਬੱਚੇ ਸਕੂਲ ਨਹੀਂ ਜਾ ਸਕੇ। ਉਹ ਜਿਸ ਇਲਾਕੇ ਵਿੱਚ ਰਹਿੰਦੇ ਹਨ ਉਹ ਕਈ ਸਾਲਾਂ ਤੋਂ ਸੋਕੇ ਦਾ ਸ਼ਿਕਾਰ ਹੈ। ਇਸ ਕਾਰਨ ਖੇਤੀ ਨਾਲ ਜੁੜਿਆ ਰੁਜ਼ਗਾਰ ਨਹੀਂ ਹੈ।
ਹੁਣ ਰਿਹਾਈ ਤੋਂ ਬਾਅਦ ਇਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਹਰਜਾਨਾ ਉਨ੍ਹਾਂ ਨੂੰ ਖੋਇਆ ਹੋਇਆ ਸਮਾਂ ਵਾਪਸ ਨਹੀਂ ਕਰ ਸਕਦਾ। ਉਨ੍ਹਾਂ ਦੇ ਜੇਲ੍ਹ ਜਾਣ ਦਾ ਜੋ ਨਤੀਜਾ ਉਨ੍ਹਾਂ ਦੇ ਸੰਬੰਧੀਆਂ ਨੇ ਭੁਗਤਿਆ, ਪੈਸਾ ਉਸਦੀ ਪੂਰਤੀ ਨਹੀਂ ਕਰ ਸਕਦਾ।

2008 ਵਿੱਚ ਬਾਪੂ ਅੱਪਾ ਦੇ 15 ਸਾਲਾਂ ਦੇ ਪੁੱਤਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਉਹ ਜਿਸ ਫੌਹੜੇ ਨਾਲ ਨਾਲੇ ਦੀ ਸਫ਼ਾਈ ਕਰ ਰਿਹਾ ਸੀ, ਉਹ ਬਿਜਲੀ ਦੇ ਨੰਗੇ ਤਾਰ ਨਾਲ ਛੂਹ ਗਿਆ ਸੀ।
ਬਾਪੂ ਅੱਪਾ ਦਸਦੇ ਹਨ, "ਉਹ ਮੇਰੇ ਪਰਿਵਾਰ ਦਾ ਸਭ ਤੋਂ ਸਿਆਣਾ ਬੱਚਾ ਸੀ। ਜੇ ਮੈਂ ਜੇਲ੍ਹ ਨਾ ਗਿਆ ਹੁੰਦਾ ਤਾਂ ਉਸ ਨੂੰ ਇਹ ਕੰਮ ਕਰਦਿਆਂ ਆਪਣੀ ਜਾਨ ਨਾ ਗੁਆਉਣੀ ਪੈਂਦੀ।"
ਜਦੋਂ ਬਾਪੂ ਅੱਪਾ ਅਤੇ ਉਨ੍ਹਾਂ ਦੇ ਭਾਈ ਰਾਜਯਾ ਅੱਪਾ ਜੇਲ੍ਹੋਂ ਰਿਹਾਅ ਹੋ ਕੇ ਘਰ ਪਰਤੇ ਤਾਂ, ਉਹ ਆਪਣੇ ਪਰਿਵਾਰ ਨੂੰ ਬੁਰੇ ਹਾਲੀਂ ਮਿਲਿਆ। ਉਨ੍ਹਾਂ ਦਾ ਘਰ ਮਲਬੇ ਦੇ ਢੇਰ ਵਿੱਚ ਬਦਲ ਚੁੱਕਿਆ ਸੀ।
ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਖੁੱਲ੍ਹੇ ਵਿੱਚ ਇੱਕ ਰੁੱਖ ਹੇਠ ਸੌਣ ਨੂੰ ਮਜਬੂਰ ਸਨ। ਉਨ੍ਹਾਂ ਨੇ ਇੱਕ ਖਾਲੀ ਪਈ ਸਰਕਾਰੀ ਇਮਾਰਤ ਨੂੰ ਆਪਣਾ ਬਸੇਰਾ ਬਣਾਇਆ ਹੋਇਆ ਸੀ। ਉਨ੍ਹਾਂ ਦੇ ਬੱਚਿਆਂ ਨੇ ਆਪਣੇ ਪਿਤਾ ਦੇ ਸਵਾਗਤ ਲਈ ਟੀਨ ਦੀ ਝੌਂਪੜੀ ਤਿਆਰ ਕੀਤੀ ਸੀ।
ਅਜ਼ਾਦ ਤਾਂ ਹੋ ਗਏ ਪਰ ਬੇਘਰ ਵੀ
ਰਾਜਯਾ ਅੱਪਾ ਨੇ ਦੱਸਿਆ, "ਅਸੀਂ ਹੁਣ ਆਜ਼ਾਦ ਤਾਂ ਹੋ ਗਏ ਹਾਂ ਪਰ ਬੇਘਰ ਹੋ ਗਏ ਹਾਂ।"
ਰਾਜੂ ਸ਼ਿੰਦੇ ਦਾ ਵਿਆਹ ਜੇਲ੍ਹ ਜਾਣ ਤੋਂ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ। ਪੁਲਿਸ ਨੇ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਤਾਂ, ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਛੱਡ ਕੇ ਬਾਰਾਂ ਸਾਲ ਪਹਿਲਾਂ ਛੱਡ ਕੇ ਕਿਸੇ ਹੋਰ ਆਦਮੀ ਕੋਲ ਚਲੀ ਗਈ।
ਰਾਜੂ ਸ਼ਿੰਦੇ ਨੇ ਦੱਸਿਆ, ਮੈਨੂੰ ਛੱਡ ਕੇ ਜਾਣ ਤੋਂ ਬਾਰਾਂ ਦਿਨ ਪਹਿਲਾਂ ਉਹ ਮੈਨੂੰ ਮਿਲਣ ਜੇਲ੍ਹ ਵਿੱਚ ਆਈ ਸੀ। ਹਾਲਾਂਕਿ ਉਸ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਉਹ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਰਹਿਣ ਜਾ ਰਹੀ ਹੈ। ਸ਼ਾਇਦ ਉਸ ਉੱਪਰ ਆਪਣੇ ਪਰਿਵਾਰ ਦਾ ਬਹੁਤ ਜ਼ਿਆਦਾ ਦਬਾਅ ਸੀ।" ਰਾਜੂ ਸ਼ਿੰਦੇ ਨੇ ਹਾਲ ਹੀ ਵਿੱਚ ਮੁੜ ਵਿਆਹ ਕਰਵਾਇਆ ਹੈ।
ਬਰੀ ਹੋਣ ਵਾਲੇ ਛੇ ਵਿੱਚੋਂ ਦੋ ਜਣਿਆਂ ਦੇ ਮਾਂ-ਬਾਪ ਦੀ ਮੌਤ ਉਨ੍ਹਾਂ ਦੇ ਜੇਲ੍ਹ ਰਹਿਣ ਦੌਰਾਨ ਹੋ ਗਈ ਸੀ। ਪੁੱਤਰਾਂ ਦੀ ਮੌਤ ਸਜ਼ਾ ਸੁਣਾਏ ਜਾਣ ਦੀ ਖ਼ਬਰ ਸੁਣਾਏ ਜਾਣ 'ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ।

ਉਨ੍ਹਾਂ ਦੇ ਗਰੀਬ ਪਰਿਵਾਰਾ ਨੂੰ ਅਕਸਰ ਨਾਗਪੁਰ ਦੀ ਜੇਲ੍ਹ ਵਿੱਚ ਮੁਲਾਕਾਤ ਲਈ ਬਿਨਾਂ ਟਿਕਟ ਰੇਲ ਗੱਡੀ ਦਾ ਸਫ਼ਰ ਕਰਨਾ ਪੈਂਦਾ ਸੀ।
ਇਨ੍ਹਾਂ ਵਿੱਚੋਂ ਇੱਕ ਦੀ ਪਤਨੀ ਰਾਨੀ ਸ਼ਿੰਦੇ ਨੇ ਦੱਸਿਆ, "ਜੇ ਟਿਕਟ ਕਲੈਕਟਰ ਸਾਨੂੰ ਫੜ ਲੈਂਦਾ ਸੀ ਤਾਂ, ਅਸੀਂ ਉਸ ਨੂੰ ਦਸਦੇ ਕਿ ਸਾਡੇ ਪਤੀ ਜੇਲ੍ਹ ਵਿੱਚ ਹਨ ਤੇ ਅਸੀਂ ਬਹੁਤ ਗਰੀਬ ਹਾਂ। ਸਾਡੇ ਕੋਲ ਟਿਕਟ ਦੇ ਪੈਸੇ ਨਹੀਂ ਹਨ। ਕਦੇ ਕੋਈ ਟਿਕਟ ਕਲੈਕਟਰ ਭਲਾ ਮਾਣਸ ਹੁੰਦਾ ਸੀ ਤਾਂ ਉਨ੍ਹਾਂ ਨੂੰ ਗੱਡੀ ਤੋਂ ਨਹੀਂ ਸੀ ਉਤਾਰਦਾ। ਕਈ ਵਾਰ ਸਾਨੂੰ ਗੱਡੀ ਚੋਂ ਲਾਹ ਵੀ ਦਿੱਤਾ ਜਾਂਦਾ ਸੀ। ਗਰੀਬ ਦੀ ਕੋਈ ਇੱਜਤ ਨਹੀਂ ਹੈ।"
ਕੀ ਸੀ ਮਾਮਲਾ
ਰਾਜੂ ਸ਼ਿੰਦੇ ਦਾ ਕਹਿਣਾ ਹੈ, "ਸਾਡਾ ਸਭ ਕੁਝ ਖੋਹ ਲਿਆ ਗਿਆ। ਸਾਡੀ ਜ਼ਿੰਦਗੀ, ਸਾਡੀ ਰੋਜ਼ੀ, ਸਾਡਾ ਸਾਰਾ-ਕੁਝ ਲੁੱਟਿਆ ਗਿਆ। ਉਹ ਵੀ ਅਜਿਹੇ ਜੁਰਮ ਲਈ ਜੋ ਅਸੀਂ ਕੀਤਾ ਹੀ ਨਹੀਂ ਸੀ।"
ਇਨ੍ਹਾਂ ਛੇ ਜਣਿਆਂ ਨੂੰ 5 ਜੂਨ 2003 ਦੀ ਰਾਤ ਨੂੰ ਇੱਕ ਅਮਰੂਦਾਂ ਦੇ ਬਾਗ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਨਾਸਿਕ, ਇਨ੍ਹਾਂ ਦੀ ਰਿਹਾਇਸ਼ ਤੋਂ ਲਗਪਗ 300 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ:
ਮਾਰੇ ਗਏ ਲੋਕਾਂ ਦੇ ਪਰਿਵਾਰ ਦੇ ਸਿਰਫ਼ ਦੋ ਜਣੇ ਉਸ ਕਤਲੇਆਮ ਵਿੱਚ ਬਚੇ ਸਨ। ਇੱਕ ਆਦਮੀ ਤੇ ਇੱਕ ਉਸਦੀ ਮਾਂ।
ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਸੱਤ ਤੋਂ ਅੱਠ ਜਣਿਆਂ ਨੇ ਉਨ੍ਹਾਂ ਦੇ ਬਾਗ਼ ਤੇ ਹਮਲਾ ਕੀਤਾ ਸੀ। ਜਦੋਂ ਉਹ ਝੁੱਗੀਆਂ ਵਿੱਚ ਵੜੇ ਤਾਂ ਉਨ੍ਹਾਂ ਕੋਲ ਛੁਰੇ, ਹੰਸੀਆ ਤੇ ਡੰਡੇ ਸਨ।
ਝੁੱਗੀ ਵਿੱਚ ਬਿਜਲੀ ਨਹੀਂ ਸੀ। ਉਹ ਸਾਰੇ ਹਿੰਦੀ ਬੋਲਣ ਵਾਲੇ ਸਨ ਤੇ ਕਹਿ ਰਹੇ ਸਨ ਕਿ ਮੁੰਬਈ ਤੋਂ ਆਏ ਹਨ। ਉਨ੍ਹਾਂ ਨੇ ਬੈਟਰੀ ਨਾਲ ਚੱਲਣ ਵਾਲੇ ਇੱਕ ਟੇਪ ਰਿਕਾਰਡਰ ਨੂੰ ਉੱਚੀ ਆਵਾਜ਼ ਵਿੱਚ ਚਲਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸ ਬਾਗ਼ ਵਿੱਚ ਰਹਿਣ ਵਾਲੇ ਪਰਿਵਾਰ ਤੋਂ ਪੈਸੇ ਤੇ ਗਹਿਣਿਆਂ ਦੀ ਮੰਗ ਕੀਤੀ।

ਦੋ ਚਸ਼ਮਦੀਦਾਂ ਮੁਤਾਬਕ, ਉਨ੍ਹਾਂ ਨੇ ਹਮਾਲਵਰਾਂ ਨੂੰ ਲਗਭਗ 6500 ਰੁਪਏ ਅਤੇ ਗਹਿਣੇ ਦੇ ਦਿੱਤੇ। ਉਸ ਤੋਂ ਬਾਅਦ ਹਮਲਾਵਰਾਂ ਨੇ ਸ਼ਰਾਬ ਪੀਤੀ ਅਤੇ ਫਿਰ ਪਰਿਵਾਰ 'ਤੇ ਹਮਲਾ ਕੀਤਾ ਅਤੇ ਪੰਜ ਜਣਿਆਂ ਨੂੰ ਮਾਰ ਦਿੱਤਾ।
ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਮਰੀ ਹੋਈ ਔਰਤ ਨਾਲ ਬਲਾਤਕਾਰ ਕੀਤਾ। ਮਾਰਨ ਵਾਲਿਆਂ ਦੀ ਉਮਰ 13 ਤੋਂ 40 ਸਾਲ ਦੇ ਦਰਮਿਆਨ ਸੀ।
ਪੁਲਿਸ ਨੇ ਅਗਲੀ ਸਵੇਰ ਪੂਰੇ ਬਾਗ਼ ਵਿੱਚ ਖਿਲਰਿਆ ਹੋਇਆ ਖੂਨ ਦੇਖਿਆ। ਉਨ੍ਹਾਂ ਨੇ ਵਾਰਦਾਤ ਵਾਲੀ ਝੁੱਗੀ ਵਿੱਚੋਂ ਟੇਪ ਦੀਆਂ ਕੈਸਟਾਂ, ਡੰਡਾ, ਇੱਕ ਹੰਸੀਆ ਅਤੇ 14 ਜੋੜੀ ਸੈਂਡਲ ਬਰਾਮਦ ਕੀਤੇ ਸਨ। ਉਨ੍ਹਾਂ ਨੇ ਖੂਨ ਦੇ ਧੱਬੇ ਤੇ ਹੱਥਾਂ ਦੇ ਨਿਸ਼ਾਨ ਵੀ ਲਏ।
ਕਤਲ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਕੁਝ ਸਥਾਨਕ ਮੁਜਰਮਾਂ ਦੀਆਂ ਤਸਵੀਰਾਂ ਪੀੜਤ ਚਸ਼ਮਦੀਦ ਔਰਤ ਨੂੰ ਦਿਖਾਈਆਂ। ਉਹ ਮੁੱਖ ਗਵਾਹ ਬਣ ਚੁੱਕੀ ਸੀ। ਪੁਲਿਸ ਨੇ ਉਨ੍ਹਾਂ ਤਸਵੀਰਾਂ ਵਿੱਚੋਂ 19 ਤੋਂ 35 ਸਾਲਾਂ ਦੇ ਚਾਰ ਲੋਕਾਂ ਦੀ ਸ਼ਨਾਖ਼ਤ ਕੀਤੀ।
ਇੱਕ ਵਕੀਲ ਨੇ ਦੱਸਿਆ, ਉਹ ਸਾਰੇ ਸਥਾਨਕ ਮੁਜਰਮ ਸਨ ਅਤੇ ਪੁਲਿਸ ਰਿਕਾਰਡ ਵਿੱਚ ਉਨ੍ਹਾਂ ਦਾ ਨਾਮ ਦਰਜ ਸੀ।"
ਸੁਪਰੀਮ ਕੋਰਟ ਮੁਤਾਬਕ, "ਪੁਲਿਸ ਅਤੇ ਸਰਕਾਰੀ ਵਕੀਲ ਨੇ ਇਸ ਸਬੂਤ ਨੂੰ ਦੱਬ ਦਿੱਤਾ ਅਤੇ ਚਾਰਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।"
ਇਸ ਦੀ ਬਜਾਇ, ਘਟਨਾ ਤੋਂ ਤਿੰਨ ਹਫ਼ਤੇ ਬਾਅਦ ਪੁਲਿਸ ਨੇ ਸ਼ਿੰਦੇ ਪਰਿਵਾਰ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਦਕਿ ਸ਼ਿੰਦੇ ਪਰਿਵਾਰ ਘਟਨਾ ਵਾਲੀ ਥਾਂ ਤੋਂ ਸੈਂਕੜੇ ਕਿੱਲੋਮੀਟਰ ਦੂਰ ਰਹਿੰਦਾ ਸੀ। ਉਹ ਕਦੇ ਨਾਸਿਕ ਗਏ ਹੀ ਨਹੀਂ ਸਨ।

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ 'ਪੁਲਿਸ ਨੇ ਉਨ੍ਹਾਂ ਤੇ ਮਨਚਾਹੇ ਤਸ਼ੱਦਦ ਢਾਹੇ। ਬਿਜਲੀ ਦੇ ਝਟਕੇ ਦਿੱਤੇ ਅਤੇ ਬੁਰੀ ਤਰ੍ਹਾਂ ਕੁੱਟਿਆ ਤਾਂ ਕਿ ਉਹ ਜੁਰਮ ਕਬੂਲ ਕਰ ਲੈਣ।'
ਇਸ ਤੋਂ ਬਾਅਦ ਅਜੀਬੋ ਗਰੀਬ ਘਟਨਾ ਵਾਪਰੀ ਕਿ ਵਾਰਦਾਤ ਦੀ ਇਕਲੌਤੀ ਚਸ਼ਮਦੀਦ ਗਵਾਹ ਨੇ ਥਾਣੇ ਵਿੱਚ ਉਨ੍ਹਾਂ ਚਾਰਾਂ ਦੀ ਸ਼ਨਾਖ਼ਤ ਕਰ ਦਿੱਤੀ।
2006 ਵਿੱਚ ਹੇਠਲੀ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਕਤਲ ਦਾ ਦੋਸ਼ੀ ਮੰਨਿਆ ਤੇ ਮੌਤ ਦੀ ਸਜ਼ਾ ਸੁਣਾ ਦਿੱਤੀ। ਇਸ ਮਾਮਲੇ ਦੀ ਜਾਂਚ ਚਾਰ ਵੱਖ-ਵੱਖ ਪੁਲਿਸ ਵਾਲਿਆਂ ਨੇ ਕੀਤੀ ਸੀ।
ਮੁੱਕਦਮੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ 25 ਗਵਾਹਾਂ ਦੇ ਬਿਆਨ ਵੀ ਦਰਜ ਕਰਵਾਏ ਸਨ।
ਸਬੂਤ ਕੀਤੇ ਗਏ ਨਜ਼ਰਅੰਦਾਜ਼
ਇਸ ਤੋਂ ਬਾਅਦ ਅਗਲੇ ਇੱਕ ਦਹਾਕੇ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਦੌਰਾਨ, ਪਹਿਲਾਂ ਬੰਬੇ ਹਾਈ ਕੋਰਟ ਨੇ ਤੇ ਫਿਰ ਸੁਪਰੀਮ ਕੋਰਟ ਨੇ, ਇਨ੍ਹਾਂ ਸਾਰਿਆਂ ਜਣਿਆਂ ਨੂੰ ਮੁਜਰਮ ਠਹਿਰਾਉਣ ਵਾਲੇ ਫੈਸਲੇ ਨੂੰ ਬਰਕਰਾਰ ਰੱਖਿਆ। ਬੰਬੇ ਹਾਈ ਕੋਰਟ ਨੇ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਲੇਕਿਨ ਦੇਸ਼ ਦੀ ਸਰਬਉੱਚ ਅਦਾਲਤ ਨੇ ਇਸ ਨੂੰ ਪਲਟਦੇ ਹੋਏ ਫਾਂਸੀ ਦੀ ਸਜ਼ਾ ਬਹਾਲ ਕਰ ਦਿੱਤੀ।
ਅਦਾਲਤਾਂ ਨੇ ਇਨ੍ਹਾਂ ਲੋਕਾਂ ਨੂੰ ਬੇਕਸੂਰ ਸਾਬਤ ਕਰਨ ਵਾਲੇ ਸਬੂਤਾਂ ਦੇ ਢੇਰ ਨੂੰ ਨਜ਼ਰਅੰਦਾਜ ਕਰ ਦਿੱਤਾ।
ਘਟਨਾ ਵਾਲੀ ਥਾਂ, ਉਸ ਝੁੱਗੀ ਦੇ ਅੰਦਰ ਤੇ ਬਾਹਰ ਜਿਹੜੇ ਹੱਥਾਂ ਦੇ ਨਿਸ਼ਾਨ ਮਿਲੇ ਸਨ, ਉਹ ਸ਼ਿੰਦੇ ਪਰਵਾਰ ਦੇ ਹੱਥਾਂ ਨਾਲ ਨਹੀਂ ਮਿਲੇ ਸਨ। ਉਨ੍ਹਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ ਪਰ ਉਸ ਦੀ ਰਿਪੋਰਟ ਕਦੇ ਵੀ ਅਦਾਲਤ ਵਿੱਚ ਨਹੀਂ ਰੱਖੀ ਗਈ।

ਸੁਪਰੀਮ ਕੋਰਟ ਨੇ ਮਾਰਚ 2019 ਨੂੰ ਦਿੱਤੇ ਆਪਣੇ ਫੈਸਲੇ ਵਿੱਚ ਕਿਹਾ, "ਖੂਨ ਅਤੇ ਡੀਐੱਨਏ ਦੇ ਸੈਂਪਲ ਦੇ ਨਤੀਜਿਆਂ ਤੋਂ ਸ਼ਿੰਦੇ ਭਾਈਆਂ ਦਾ ਜੁਰਮ ਬਿਲਕੁਲ ਸਾਬਤ ਨਹੀਂ ਹੁੰਦਾ ਸੀ।"
ਚਸ਼ਮਦੀਦਾਂ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਸੀ ਕਿ ਹਮਲਾਵਰ ਹਿੰਦੀ ਬੋਲ ਰਹੇ ਸਨ। ਜਦਕਿ ਸ਼ਿੰਦੇ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਹਿੰਦੀ ਆਉਂਦੀ ਹੀ ਨਹੀਂ। ਉਹ ਮਰਾਠੀ ਵਿੱਚ ਗੱਲ ਕਰਦੇ ਹਨ।
ਮੁੰਬਈ ਦੇ ਵਕੀਲ ਯੁਗ ਚੌਧਰੀ ਨੇ ਸਬੂਤਾਂ ਦੀ ਪੜਤਾਲ ਕੀਤੀ। ਉਨ੍ਹਾਂ ਨੂੰ ਸਾਫ਼ ਦਿਖਿਆ ਕਿ ਸ਼ਿੰਦੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਕੋਈ ਸਬੂਤ ਹੀ ਨਹੀਂ ਸੀ। ਇਸ ਤੋਂ ਬਾਅਦ ਯੁਗ ਚੌਧਰੀ ਨੇ ਇਨ੍ਹਾਂ ਸਾਰਿਆਂ ਦੀ ਜਾਨ ਬਚਾਉਣ ਦੀ ਲੜਾਈ ਇੱਕ ਦਹਾਕੇ ਤੱਕ ਲੜੀ ਗਈ।
ਇਹ ਵੀ ਪੜ੍ਹੋ:
ਪਹਿਲਾਂ ਤਾਂ ਯੁਗ ਨੇ ਇਨ੍ਹਾਂ ਸਾਰਿਆਂ ਵੱਲੋਂ ਸੌਲੀਸਿਟਰ ਜਰਨਲ, ਫਿਰ ਰਾਜਪਾਲ ਤੇ ਆਖਰ ਭਾਰਤ ਦੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਖਲ ਕੀਤੀ। ਯੁਗ ਚੌਧਰੀ ਨੇ ਸ਼ਿੰਦੇ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਵੱਲੋਂ ਸਾਬਕਾ ਜੱਜਾਂ ਨੂੰ ਇੱਕ ਚਿੱਠੀ ਵੀ ਭਾਰਤ ਦੇ ਰਾਸ਼ਟਰਪਤੀ ਕੋਲ ਪਹੁੰਚਾਈ ਕਿ ਉਹ ਇਨ੍ਹਾਂ ਕੈਦੀਆਂ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿੱਚ ਬਦਲ ਦੇਣ।
ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ, "ਗਲਤ ਤਰੀਕੇ ਨਾਲ ਸਜ਼ਾ ਪਾਉਣ ਵਾਲੇ ਇਨ੍ਹਾਂ ਲੋਕਾਂ ਨੂੰ ਜੇ ਫਾਂਸੀ ਦੇ ਦਿੱਤੀ ਜਾਂਦੀ, ਤਾਂ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਉੱਪਰ ਗੰਭੀਰ ਸਵਾਲ ਖੜ੍ਹੇ ਹੋ ਸਕਦੇ ਸਨ।"
ਅਜੇ ਵੀ ਅਣਸੁਲਝੇ ਸਵਾਲ
ਇਸ ਅਣਸੁਲਝੀ ਵਾਰਦਾਤ ਤੋਂ 16 ਸਾਲਾਂ ਬਾਅਦ ਬਹੁਤ ਸਾਰੇ ਸਵਾਲਾਂ ਦੇ ਜਵਾਬ ਹਾਲੇ ਤੱਕ ਨਹੀਂ ਮਿਲੇ ਹਨ।
ਆਖਰ ਅਦਾਲਤਾਂ ਨੇ ਸ਼ਿੰਦੇ ਭਾਈਆਂ ਨੂੰ ਕਿਸ ਬਿਨ੍ਹਾ 'ਤੇ ਦੋਸ਼ੀ ਪਾਇਆ ਤੇ ਮੌਤ ਦੀ ਸਜ਼ਾ ਸੁਣਾਈ? ਉਨ੍ਹਾਂ ਨੂੰ ਚਸ਼ਮਦੀਦ ਦੇ ਬਿਆਨ ਉੱਪਰ ਭਰੋਸਾ ਕਿਵੇਂ ਹੋ ਗਿਆ, ਜਦਕਿ ਉਹ ਆਪਣੇ ਬਿਆਨ ਬਦਲ ਰਹੀ ਸੀ। ਕੀ ਸ਼ਿੰਦੇ ਭਰਾਵਾਂ ਨੂੰ ਇਸ ਚਸ਼ਮਦੀਦ ਵੱਲੋਂ ਸ਼ਨਾਖ਼ਤੀ ਪਰੇਡ ਵਿੱਚ ਪਹਿਚਾਨਣ ਦੇ ਆਧਾਰ 'ਤੇ ਹੀ ਸਜ਼ਾ ਦੇ ਦਿੱਤੀ ਗਈ।?
ਵਕੀਲ ਕਹਿੰਦੇ ਹਨ ਕਿ ਇਹ ਇੱਕ "ਗੰਭੀਰ ਜੁਰਮ" ਸੀ। ਇਸ ਲਈ ਪੁਲਿਸ ਉੱਪਰ ਜਨਤਾ ਅਤੇ ਮੀਡੀਆ ਦਾ ਦਬਾਅ ਸੀ। ਉਨ੍ਹਾਂ ਨੇ ਸ਼ਿੰਦੇ ਭਰਾਵਾਂ ਨੂੰ ਫੜ ਕੇ ਕਤਲ ਦਾ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਤੇ ਆਪਣੀ ਪਿੱਠ ਥਾਪੜ ਲਈ।
ਆਖਰ ਪੁਲਿਸ ਨੇ ਉਨ੍ਹਾਂ ਚਾਰ ਜਣਿਆਂ ਬਾਰੇ ਪੜਤਾਲ ਕਿਉਂ ਨਹੀਂ ਕੀਤੀ, ਜਿਨ੍ਹਾਂ ਨੂੰ ਚਸ਼ਮਦੀਦ ਨੇ ਪੁਲਿਸ ਫਾਈਲ ਦੇਖ ਕੇ ਪਹਿਚਾਣਿਆ ਸੀ? ਸੁਪਰੀਮ ਕੋਰਟ ਨੇ ਕਿਹਾ ਕਿ ਇਸ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ।

ਆਖਰ ਚਸ਼ਮਦੀਦ ਨੇ ਆਪਣਾ ਬਿਆਨ ਬਦਲ ਕੇ ਗਲਤ ਆਦਮੀਆਂ ਦੀ ਸ਼ਨਾਖ਼ਤ ਕਿਉਂ ਕੀਤੀ? ਕੀ ਇਹ ਮਾਮਲਾ ਯਾਦਦਾਸ਼ਤ ਜਾਣ ਦਾ ਸੀ ਜਾਂ ਫਿਰ ਗਲਤ ਪਹਿਚਾਣ ਦਾ? ਜਾਂ ਫਿਰ ਚਸ਼ਮਦੀਦ ਨੇ ਪੁਲਿਸ ਦੇ ਦਬਾਅ ਵਿੱਚ ਬਿਆਨ ਬਦਲਿਆ ਸੀ? ਕਿਸੇ ਨੂੰ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਪਤਾ।
ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਆਖਰ ਪੁਲਿਸ ਨੇ ਇਨ੍ਹਾਂ ਛੇ ਬੇਗੁਨਾਹਾਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ? ਇਹ ਤਾਂ ਘਟਨਾ ਵਾਲੀ ਥਾਂ ਤੋਂ ਕਰੀਬ 300 ਕਿੱਲੋਮੀਟਰ ਦੂਰ ਰਹਿ ਰਹੇ ਸਨ। ਫਿਰ ਪੁਲਿਸ ਨੇ ਇਨ੍ਹਾਂ ਨੂੰ ਕਿਉਂ ਫਸਾਇਆ?
ਸ਼ਿੰਦੇ ਭਰਾਵਾਂ ਦੇ ਫਸਣ ਦਾ ਕਾਰਨ
ਵਕੀਲਾਂ ਦਾ ਕਹਿਣਾ ਹੈ ਕਿ ਸ਼ਿੰਦੇ ਭਰਾਵਾਂ ਨੂੰ ਪੁਲਿਸ ਨੇ ਇਸ ਲਈ ਫਸਾਇਆ ਕਿਉਂਕਿ ਉਨ੍ਹਾਂ ਦੀ ਬਰਾਦਰੀ ਨੂੰ ਜਰਾਇਮ-ਪੇਸ਼ਾ ਮੰਨਿਆ ਜਾਂਦਾ ਹੈ। ਇਹ ਸੋਚ ਅੰਗਰੇਜ਼ਾਂ ਦੇ ਸਮੇਂ ਤੋਂ ਤੁਰੀ ਆ ਰਹੀ ਹੈ।
ਜਦੋਂ ਅੰਗਰੇਜ਼ਾਂ ਨੇ ਇਸ ਗਰੀਬ ਆਦੀਵਾਸੀ ਭਾਈਚਾਰੇ ਨੂੰ ਜਰਾਇਮ-ਪੇਸ਼ਾ ਮੰਨਿਆ ਸੀ। ਅੰਗਰੇਜ਼ਾਂ ਨੇ ਇੱਕ ਕਾਨੂੰਨ ਬਣਾਇਆ ਸੀ ਜਿਸ ਵਿੱਚ ਇਸ ਭਾਈਚਾਰੇ ਦੇ ਮੈਂਬਰਾਂ ਨੂੰ ਜਮਾਂਦਰੂ ਮੁਜਰਮ ਦੱਸਿਆ ਗਿਆ ਸੀ।
ਭਾਰਤ ਦੇ ਪੁਲਿਸ ਮੈਨੂਅਲ ਵਿੱਚ ਸਾਫ਼ ਲਿਖਿਆ ਹੈ ਕਿ ਅਜਿਹੇ ਅਪਰਾਧਿਕ ਭਾਈਚਾਰਿਆਂ 'ਤੇ ਲਗਾਤਾਰ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਦੇ ਪਰਿਵਾਰਿਕ ਜੀਆਂ ਨੂੰ ਸ਼ੱਕ ਦੀਆਂ ਨਿਗ੍ਹਾਂ ਨਾਲ ਦੇਖਿਆ ਜਾਣਾ ਚਾਹੀਦਾ ਹੈ।
ਇਨ੍ਹਾਂ ਵਿੱਚੋਂ ਤਿੰਨ ਜਣਿਆਂ ਨੂੰ ਨਾਸਿਕ ਕਤਲ ਕਾਂਡ ਤੋਂ ਇੱਕ ਮਹੀਨਾ ਪਹਿਲਾਂ ਹੋਏ ਕਤਲ ਵਿੱਚ ਵੀ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਬੇਕਸੂਰ ਮੰਨਦਿਆਂ 2014 ਵਿੱਚ ਹੀ ਬਰੀ ਕਰ ਦਿੱਤਾ ਸੀ।
ਉਨ੍ਹਾਂ ਨੂੰ ਬਰੀ ਕਰਨ ਵਾਲੇ ਸਰਬਉੱਚ ਦੇ ਜੱਜ ਵੀ ਮੰਨਦੇ ਹਨ, "ਮੁਲਜ਼ਮ ਟਪਰੀਵਾਸੀ ਕਬੀਲਿਆਂ ਨਾਲ ਸੰਬੰਧ ਰਖਦੇ ਹਨ ਅਤੇ ਸਮਾਜ ਦੇ ਹੇਠਲੇ ਤਬਕੇ ਤੋਂ ਆਉਂਦੇ ਹਨ। ਉਹ ਬਹੁਤ ਗਰੀਬ ਮਜ਼ਦੂਰ ਹਨ। ਇਸੇ ਕਾਰਨ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਫ਼ਸਾਏ ਜਾਣ ਦੇ ਸ਼ੱਕ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿਉਂਕਿ ਗੰਭੀਰ ਜੁਰਮਾਂ ਵਿੱਚ ਗਰੀਬਾਂ ਨੂੰ ਫ਼ਸਾਏ ਜਾਣ ਦੀਆਂ ਘਟਨਾਵਾਂ ਆਮ ਹਨ।"
ਨਿਆਂ ਪ੍ਰਣਾਲੀ ਦੀ ਘਾਟ
ਅਖੀਰ ਵਿੱਚ ਸ਼ਿੰਦੇ ਭਰਾਵਾਂ ਨਾਲ ਜੋ ਹੋਇਆ ਉਹ ਭਾਰਤ ਦੀ ਨਿਆਂ ਪ੍ਰਣਾਲੀ ਦੀ ਗੰਭੀਰ ਕਮੀ ਨੂੰ ਉਜਾਗਰ ਕਰਦਾ ਹੈ। ਇਸ ਤੋਂ ਸਾਫ਼ ਹੈ ਕਿ ਜੁਰਮ ਨਾਲ ਨਿਪਟਣ ਦੀ ਭਾਰਤੀ ਨਿਆਂ ਪ੍ਰਣਾਲੀ ਗਰੀਬ ਵਿਰੋਧੀ ਹੈ।
ਦਿੱਲੀ ਸਥਿਤ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਅਨੂਪ ਸੁਰੇਂਦਰਨਾਥ ਕਹਿੰਦੇ ਹਨ, "ਸ਼ਿੰਦੇ ਭਰਾਵਾਂ ਨੇ ਜੋ ਤਕਲੀਫ਼ ਝੱਲੀ, ਉਹ ਮੌਤ ਦੀ ਸਜ਼ਾ ਪਾਉਣ ਵਾਲੇ ਹਰ ਮੁਲਜ਼ਮ ਦੀ ਕਹਾਣੀ ਹੈ। ਸਾਡੀ ਨਿਆਂ ਪ੍ਰਣਾਲੀ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਉਹ ਅਜਿਹੀਆਂ ਭਿਆਨਕ ਗਲਤੀਆਂ ਅਕਸਰ ਕਰ ਬੈਠਦੀ ਹੈ।"
ਉਨ੍ਹਾਂ ਅੱਗੇ ਕਿਹਾ,"ਜੇ ਸੁਪਰੀਮ ਕੋਰਟ ਸਮੇਤ ਦੇਸ਼ ਦੀਆਂ ਤਿੰਨ ਅਦਾਲਤਾਂ, ਜਾਂਚ ਏਜੰਸੀਆਂ ਵੱਲੋਂ ਰੱਖੇ ਗਏ ਸਬੂਤਾਂ ਵਿੱਚ ਗੜਬੜੀ ਨਹੀਂ ਫੜ ਸਕੀਆਂ। ਉਹ ਇਹ ਨਹੀਂ ਦੇਖ ਸਕੀਆਂ ਕਿ ਇਨ੍ਹਾਂ ਛੇ ਜਣਿਆਂ ਨੂੰ ਗਲਤ ਤਰੀਕੇ ਨਾਲ ਫ਼ਸਾਇਆ ਜਾ ਰਿਹਾ ਹੈ। ਤਾਂ ਅਸੀਂ ਕਿਵੇਂ ਮੰਨ ਲਈਏ ਕਿ ਸਾਡੀ ਨਿਆਂ ਪ੍ਰਣਾਲੀ ਤਹਿਤ ਜਿਨ੍ਹਾਂ ਲੋਕਾਂ ਨੂੰ ਸਜ਼ਾ-ਏ-ਮੌਤ ਮਿਲੀ ਹੈ, ਉਹ ਸਹੀ ਹੈ।"
ਇਸ ਸਮੇਂ ਭਾਰਤ ਦੀਆਂ ਜੇਲ੍ਹਾਂ ਵਿੱਚ ਮੌਤ ਦੀ ਸਜ਼ਾ-ਯਾਫ਼ਤਾ 400 ਵਿਅਕਤੀ ਕੈਦ ਹਨ।
ਇਹ ਵੀਡੀਓ ਵੀ ਜ਼ਰੂਰ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












