Maharashtra: ਦੇਵੇਂਦਰ ਫਡਣਵੀਸ ਦਾ ਮੇਅਰ ਤੋਂ ਦੂਜੀ ਵਾਰ ਮੁੱਖ ਮੰਤਰੀ ਬਣਨ ਤੱਕ ਦਾ ਸਫਰ

ਮਹਾਰਾਸ਼ਟਰ ਵਿੱਚ ਲਗਭਗ ਇੱਕ ਹਫ਼ਤੇ ਤੱਕ ਚੱਲੇ ਸਿਆਸੀ ਡਰਾਮੇ ਤੋਂ ਬਾਅਦ ਸ਼ਨਿੱਚਰਵਾਰ ਨੂੰ ਦੇਵੇਂਦਰ ਫਡਣਵੀਸ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਤੇ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਨੇ ਟਵੀਟ ਰਾਹੀਂ ਦੋਹਾਂ ਨੂੰ ਵਧਾਈ ਦਿੱਤੀ ਤੇ ਉਮੀਦ ਜ਼ਾਹਰ ਕੀਤੀ ਕਿ ਦੋਵੇਂ ਸੂਬੇ ਦੇ ਰੌਸ਼ਨ ਭਵਿੱਖ ਲਈ ਮਿਲ ਕੇ ਕੰਮ ਕਰਨਗੇ।

ਦੂਸਰੇ ਪਾਸੇ ਅਜੀਤ ਪਵਾਰ ਦੇ ਚਾਚਾ ਤੇ ਐੱਨਸੀਪੀ ਸੁਪਰੀਮੋ ਸ਼ਰਧ ਪਵਾਰ ਨੇ ਆਪਣੇ ਟਵੀਟ ਵਿੱਚ ਅਜੀਤ ਪਵਾਰ ਵੱਲੋਂ ਭਾਜਪਾ ਨਾਲ ਸਰਕਾਰ ਵਿੱਚ ਸ਼ਾਮਲ ਹੋਣ ਨੂੰ ਉਨ੍ਹਾਂ ਦਾ ਨਿੱਜੀ ਫ਼ੈਸਲਾ ਦੱਸਿਆ, ਨਾ ਕਿ ਪਾਰਟੀ ਦਾ। ਉਨ੍ਹਾਂ ਕਿਹਾ ਕਿ ਉਹ ਅਜੀਤ ਪਵਾਰ ਦੇ ਇਸ ਫੈਸਲੇ ਦੀ ਹਮਾਇਤ ਨਹੀਂ ਕਰਦੇ।

ਕਿਆਸਅਰਾਈਆਂ ਹਨ ਕਿ ਅਜੀਤ ਪਵਾਰ ਐੱਨਸੀਪੀ ਦੇ ਵਿਧਾਇਕਾਂ ਨੂੰ ਤੋੜ ਸਕਦੇ ਹਨ ਪਰ ਸ਼ਰਧ ਨੇ ਸ਼ਿਵ ਸੈਨਾ ਮੁੱਖ ਉੱਧਵ ਠਾਕਰੇ ਨਾਲ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪਾਰਟੀ ਛੱਡ ਕੇ ਅਜੀਤ ਨਾਲ ਜਾਣ ਵਾਲੇ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਗੁਆਉਣੀ ਪਵੇਗੀ।

ਇਹ ਵੀ ਪੜ੍ਹੋ:-

ਇਸ ਸਿਆਸੀ ਗਹਿਮਾ-ਗਿਹਮੀ ਦੇ ਵਿੱਚ ਆਓ ਇੱਕ ਨਜ਼ਰ ਮਾਰੀਏ ਦੋਹਾਂ ਆਗੂਆਂ ਦੇ ਸਿਆਸੀ ਜੀਵਨ ’ਤੇ—

40 ਸਾਲਾਂ 'ਚ ਕਾਰਜਕਾਲ ਪੂਰਾ ਕਰਨ ਵਾਲੇ ਸੂਬੇ ਦੇ ਪਹਿਲੇ ਮੁੱਖ ਮੰਤਰੀ

ਬੀਤੇ 40 ਸਾਲਾਂ 'ਚ ਦੇਵੇਂਦਰ ਫਡਣਵੀਸ ਮਹਾਰਾਸ਼ਟਰ ਦੇ ਅਜਿਹੇ ਪਹਿਲੇ ਮੁੱਖ ਮੰਤਰੀ ਰਹੇ ਜਿਨ੍ਹਾਂ ਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਹੈ ਅਤੇ ਹੁਣ ਉਹ ਇੱਕ ਵਾਰ ਫਿਰ ਸੂਬੇ ਦੀ ਕਮਾਨ ਆਪਣੇ ਹੱਥ 'ਚ ਲੈ ਚੁੱਕੇ ਹਨ।

90 ਦੇ ਦਹਾਕੇ ਵਿੱਚ ਸਿਆਸਤ 'ਚ ਦਾਖ਼ਲ ਹੋਣ ਵਾਲੇ ਫੜਣਵੀਸ ਦਾ ਪਰਿਵਾਰ ਪਹਿਲਾਂ ਹੀ ਸਿਆਸਤ ਵਿੱਚ ਸੀ। ਉਨ੍ਹਾਂ ਦੇ ਪਿਤਾ ਜਨਸੰਘ ਦੇ ਨੇਤਾ ਸਨ ਅਤੇ ਉਨ੍ਹਾਂ ਦੀ ਚਾਚੀ ਸ਼ੋਭਾ ਫੜਣਵੀਸ ਭਾਜਪਾ-ਸ਼ਿਵਸੈਨਾ ਦੀ ਪਹਿਲੀ ਸਰਕਾਰ 'ਚ ਮੰਤਰੀ ਸੀ।

90 ਦੇ ਦਹਾਕੇ ਵਿੱਚ ਉਹ ਨਾਗਪੁਰ ਦੇ ਮੇਅਰ ਸਨ ਅਤੇ ਪਹਿਲੀ ਵਾਰ 1999 ਵਿੱਚ ਸੂਬਾ ਵਿਧਾਨ ਸਭਾ ਲਈ ਚੁਣੇ ਗਏ ਸਨ।

ਸੰਘ ਦੀ ਵਿਚਾਰਧਾਰਾ 'ਚ ਪੂਰੀ ਤਰ੍ਹਾਂ ਢਲੇ ਹੋਏ ਫਡਣਵੀਸ 'ਤੇ ਆਰਐੱਸਐੱਸ ਬਹੁਤ ਵਿਸ਼ਵਾਸ਼ ਕਰਦਾ ਹੈ।

ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਦੇਵੇਂਦਰ ਫਡਣਵੀਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ਨੂੰ ਅਪਣਾਇਆ। ਫੜਣਵੀਸ ਦੇ ਸਾਹਮਣੇ ਇੱਕ ਚੁਣੌਤੀ ਆਪਣੇ ਕਾਰਜਕਾਲ ਨੂੰ ਪੂਰਾ ਕਰਨਾ ਵੀ ਸੀ।

ਇਸ ਦੌਰਾਨ ਫਡਣਵੀਸ ਦੇ ਸਾਹਮਣੇ ਅਜਿਹੇ ਮੁਸ਼ਕਲ ਹਾਲਾਤ ਵੀ ਪੈਦਾ ਹੋਏ ਪਰ ਉਨ੍ਹਾਂ ਨੇ ਨਾ ਕੇਵਲ ਅੰਦਰੂਨੀ ਵਿਰੋਧਤਾ ਨੂੰ ਕਾਬੂ ਕੀਤਾ ਬਲਕਿ ਗਠਜੋੜ ਦੀ ਸਹਿਯੋਗੀ ਸ਼ਿਵਸੈਨਾ ਵੱਲੋਂ ਉਪਜੇ ਵਿਰੋਧੀ ਹਾਲਾਤ ਦਾ ਵੀ ਉਨ੍ਹਾਂ ਨੇ ਬਾਖੂਬੀ ਮੁਕਾਬਲਾ ਕੀਤਾ।

2019 ਦੇ ਚੋਣ ਨਤੀਜਿਆਂ ਤੋਂ ਬਾਅਦ ਸ਼ਿਵਸੈਨਾ ਦੇ ਨਾਲ ਭਾਜਪਾ ਦੇ ਸਬੰਧ ਖੱਟੇ ਹੋ ਗਏ ਪਰ ਫਡਣਵੀਸ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਸ਼ਿਵਸੈਨਾ ਨੂੰ ਨਾਲ ਰੱਖਿਆ ਸੀ।

ਭਾਵੇਂ ਕਿ ਉਨ੍ਹਾਂ ਨੇ ਸ਼ਿਵਸੈਨਾ ਨੂੰ ਮੰਤਰੀ ਮੰਡਲ ਵਿੱਚ ਕੋਈ ਖ਼ਾਸ ਮੰਤਰਾਲਾ ਨਹੀਂ ਦਿੱਤਾ ਸੀ ਪਰ ਗਠਜੋੜ ਕਾਇਮ ਰੱਖਣ 'ਚ ਸਫ਼ਲ ਰਹੇ ਸਨ।

ਮਰਾਠਾ ਭਾਈਚਾਰੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ?

ਮਰਾਠੇ ਆਪਣੇ ਲਈ ਰਾਂਖਵੇਕਰਨ ਦੀ ਮੰਗ ਮੰਨਵਾਉਣ ਲਈ ਸੜਕਾਂ 'ਤੇ ਉਤਰ ਗਏ ਅਤੇ ਪੂਰ ਸੂਬੇ ਵਿੱਚ ਵੱਡੀਆਂ ਰੈਲੀਆਂ ਕੀਤੀਆਂ।

ਫਡਣਵੀਸ ਨੇ ਮਰਾਠਾ ਭਾਈਚਾਰੇ ਨੂੰ ਰਾਂਖਵਾਕਰਨ ਦੇਣ ਦਾ ਐਲਾਨ ਕਰ ਕੇ ਇਸ ਚੁਣੌਤੀ ਨੂੰ ਵੀ ਸਫਲਤਾ ਨਾਲ ਪਾਰ ਕਰ ਲਿਆ।

ਕਾਰਵਾਂ ਮੈਗਜ਼ੀਨ ਵਿੱਚ ਫਡਣਵੀਸ ਬਾਰੇ ਇੱਕ ਲੇਖ ਲਿਖਣ ਵਾਲੇ ਸੀਨੀਅਰ ਪੱਤਰਕਾਰ ਅਨੋਸ਼ ਮਾਲੇਕਰ ਮਰਾਠਾ ਨੇ ਫੜਣਵੀਸ ਦੇ ਮਰਾਠਿਆਂ ਨਾਲ ਰਿਸ਼ਤਿਆਂ ਦਾ ਮੁਲਾਂਕਣ ਕੀਤਾ ਹੈ।

ਉਨ੍ਹਾਂ ਕਿਹਾ, "ਮਰਾਠਾ ਵੋਟਾਂ ਵਿੱਚ 1995 ਵਿੱਚ ਹੀ ਫੁੱਟ ਪੈ ਗਈ ਸੀ। ਦੇਵੇਂਦਰ ਫੜਣਵੀਸ ਸੂਝਬੂਝ ਨਾਲ ਸਫ਼ਲਤਾਪੂਰਬਕ ਆਪਣੇ ਹੱਕ ਵਿੱਚ ਇਸ ਦੀ ਵਰਤੋਂ ਕਰਦਿਆਂ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ।"

ਮੰਨਿਆ ਜਾਂਦਾ ਹੈ ਕਿ ਫਡਣਵੀਸ ਨੂੰ ਮੀਡੀਆ ਦੀ ਚੰਗੀ ਸਮਝ ਹੈ ਪਰ ਹੁਣ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਕੀ ਉਹ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ?

ਹਫਿੰਗਟਨ ਪੋਸਟ ਦੇ ਪਵਲ ਦਹਾਤ ਕਹਿੰਦੇ ਹਨ, "ਦੇਵੇਂਦਰ ਫਡਣਵੀਸ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਮੀਡੀਆ ਦਾ ਬੇਹੱਦ ਚਾਲਾਕੀ ਨਾਲ ਇਸਤੇਮਾਲ ਕੀਤਾ। ਸਭ ਤੋਂ ਮਹੱਤਵਪੂਰਨ ਗੱਲ, ਉਨ੍ਹਾਂ ਨੇ ਪੱਤਰਕਾਰਾਂ ਵਿੱਚ ਆਪਣੇ ਹਮਦਰਦ ਪੈਦਾ ਕਰ ਲਏ ਹਨ।”

“ਉਨ੍ਹਾਂ ਨੂੰ ਮੁੰਬਈ ਵਿੱਚ ਲਸ਼ਕਰ-ਏ-ਦੇਵੇਂਦਰ ਕਿਹਾ ਜਾਂਦਾ ਹੈ। ਉਹ ਇੱਕ ਤਰ੍ਹਾਂ ਨਾਲ ਭਾਜਪਾ ਦੇ ਬੁਲਾਰਿਆਂ ਵਜੋਂ ਕੰਮ ਕਰਦੇ ਹਨ।...”

“ਮੀਡੀਆ ਰਾਹੀਂ ਸਰਕਾਰ ਦੀ ਸਕਾਰਤਾਮਿਕ ਅਕਸ ਕਿਵੇਂ ਬਣਾਇਆ ਜਾਵੇ ਤੇ ਨਕਾਰਾਤਮਿਕ ਕਵਰੇਜ ਤੋਂ ਕਿਵੇਂ ਬਚਿਆ ਜਾਵੇ ਇਸ ਵਿੱਚ ਫਡਣਵੀਸ ਨੂੰ ਮੁਹਾਰਤ ਹਾਸਲ ਹੈ। ਹਾਲਾਂ ਕਿ ਇਹ ਮੀਡੀਆ ਲਈ ਠੀਕ ਨਹੀਂ ਹੈ।"

ਅਜੀਤ ਪਵਾਰ

ਅਜੀਤ ਪਵਾਰ ਸ਼ਰਦ ਪਵਾਰ ਦੇ ਵੱਡੇ ਭਰਾ ਅਨੰਤਰਾਓ ਪਵਾਰ ਦੇ ਬੇਟੇ ਹਨ। ਉਨ੍ਹਾਂ ਨੇ 1982 ਵਿੱਚ ਸਿਆਸਤ ਵਿੱਚ ਕਦਮ ਰੱਖਿਆ।

ਉਹ ਬਾਰਾਮਤੀ ਤੋਂ 1991 ਤੋਂ ਲੈ ਕੇ ਹੁਣ ਤੱਕ 7 ਵਾਰ ਲੋਕ ਸਭਾ ਪਹੁੰਚ ਚੁੱਕੇ ਹਨ। ਸਾਲ 2010 ਵਿੱਚ ਉਹ ਪਹਿਲੀ ਵਾਰ ਕਾਂਗਰਸ-ਐੱਨਸੀਪੀ ਦੇ ਗਠਜੋੜ ਵਾਲੀ ਸਰਕਾਰ ਦੌਰਾਨ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਬਣੇ ਸਨ।

ਭਾਵੇਂ ਉਨ੍ਹਾਂ ਨੂੰ 2012 ਵਿੱਚ ਘੁਟਾਲੇ ਕਰਕੇ ਅਸਤੀਫ਼ਾ ਦੇਣਾ ਪਿਆ ਸੀ ਪਰ ਐੱਨਸੀਪੀ ਨੇ ਇੱਕ ਵ੍ਹਾਈਟ ਪੇਪਰ ਜਾਰੀ ਕਰ ਕੇ ਕਿਹਾ ਸੀ ਅਜੀਤ ਪਵਾਰ ਬੇਦਾਗ਼ ਹਨ।

ਮਹਾਰਾਸ਼ਟਰ ਵਿੱਚ ਅਜੀਤ ਪਵਾਰ ਨੂੰ 'ਦਾਦਾ' ਕਹਿ ਕੇ ਬੁਲਾਇਆ ਜਾਂਦਾ ਹੈ।

ਅਜੀਤ ਪਵਾਰ ਦੀ ਬਗ਼ਾਵਤ

ਸੀਨੀਅਰ ਪੱਤਰਕਾਰ ਵਿਜੇ ਚੋਰਮਰੇ ਦਾ ਕਹਿਣਾ ਹੈ, "ਅਜੀਤ ਪਵਾਰ ਬਾਗ਼ੀ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨੇ ਨਾ ਕੇਵਲ ਐੱਨਸੀਪੀ ਬਲਕਿ ਪਵਾਰ ਪਰਿਵਾਰ 'ਚ ਵੰਡੀ ਪਾ ਦਿੱਤੀ ਹੈ।"

ਉਹ ਦੱਸਦੇ ਹਨ, "ਅਜੀਤ ਪਵਾਰ ਦੇ ਖ਼ਿਲਾਫ਼ ਕੋ-ਆਪਰੇਟਿਵ ਬੈਂਕ ਘੁਟਾਲੇ 'ਚ ਇੱਕ ਕੇਸ ਦਰਜ ਹੈ। ਉਹ ਸਿੰਜਾਈ ਘੁਟਾਲੇ ਦੀ ਜਾਂਚ ਦਾ ਵੀ ਸਾਹਮਣਾ ਕਰ ਰਹੇ ਹਨ। ਉਹੀ ਸਭ ਉਨ੍ਹਾਂ ਖ਼ਿਲਾਫ਼ ਈਡੀ ਦੀ ਜਾਂਚ ਦਾ ਕਾਰਨ ਵੀ ਬਣਿਆ।"

ਚੋਰਮਰੇ ਅੱਗੇ ਦੱਸਦੇ ਹਨ, "ਹੁਣ ਅਜੀਤ ਪਵਾਰ ਨੂੰ ਅਸੈਂਬਲੀ ਵਿੱਚ ਇਹ ਸਾਬਿਤ ਕਰਨਾ ਹੋਵੇਗਾ ਕਿ ਉਨ੍ਹਾਂ ਐੱਨਸੀਪੀ ਦਾ ਸਮਰਥਨ ਹਾਸਿਲ ਹੈ ਜਾਂ ਨਹੀਂ। ਜਦ ਤੱਕ ਉਨ੍ਹਾਂ ਨੂੰ ਦੋ-ਤਿਹਾਈ ਦਾ ਸਮਰਥਨ ਨਹੀਂ ਮਿਲਦਾ, ਉਦੋਂ ਤੱਕ ਇਹ ਨਹੀਂ ਮੰਨਿਆ ਜਾ ਸਕਦਾ ਕਿ ਪਾਰਟੀ 'ਚ ਵੰਡੀ ਪਈ ਹੈ।"

"ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਐੱਨਸੀਪੀ ਦੇ 54 ਵਿਧਾਇਕਾਂ ਵਿਚੋਂ 34 ਵਿਧਾਇਕਾਂ ਦੀ ਹਮਾਇਤ ਦੀ ਲੋੜ ਹੈ। ਅਸੀਂ ਇੰਤਜ਼ਾਰ ਕਰਨਾ ਹੈ ਅਤੇ ਦੇਖਣਾ ਹੈ ਅੱਗੇ ਕੀ ਹੁੰਦਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)