ਸਬਰੀਮਾਲਾ ਮੰਦਰ ਮਾਮਲੇ 'ਚ ਆਖ਼ਰੀ ਫ਼ੈਸਲਾ ਅੱਜ, ਜਾਣੋ ਕੀ ਹੈ ਪੂਰਾ ਮਾਮਲਾ

28 ਸਤੰਬਰ 2018 ਨੂੰ ਸੁਪਰੀਮ ਕੋਰਟ ਵਿੱਚ 5 ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਇਆ ਸੀ ਕਿ ਹਰ ਉਮਰ ਦੀ ਔਰਤ ਸਬਰੀਮਾਲਾ ਮੰਦਰ ਜਾ ਸਕਦੀ ਹੈ।

ਇਸ ਤੋਂ ਬਾਅਦ ਕਈ ਪਟੀਸ਼ਨਾਂ ਇਸ ਫ਼ੈਸਲੇ ਦੇ ਖਿਲਾਫ਼ ਦਾਖ਼ਲ ਹੋਈਆਂ। ਸੁਪਰੀਮ ਕੋਰਟ ਵੱਲੋਂ ਅੱਜ ਇਸ ਮਾਮਲੇ ਵਿੱਚ ਆਖ਼ਰੀ ਫੈਸਲਾ ਸੁਣਾਇਆ ਜਾਵੇਗਾ। ਇਸ ਮਾਮਲੇ ਬਾਰੇ ਕੁਝ ਅਹਿਮ ਸਵਾਲ-ਜਵਾਬ ਹਨ।

ਇਹ ਮਾਮਲਾ ਕਦੋਂ ਦਾ ਹੈ?

1990 ਵਿੱਚ ਐੱਸ ਮਹੇਂਦਰਨ ਨੇ ਪਟੀਸ਼ਨ ਦਾਖ਼ਲ ਕੀਤੀ ਸੀ ਕਿ ਔਰਤਾਂ ਦੇ ਮੰਦਰ ਵਿੱਚ ਦਾਖ਼ਲ ਹੋਣ 'ਤੇ ਪਾਬੰਦੀ ਲਗਾਈ ਜਾਵੇ। 1991 ਵਿੱਚ ਕੇਰਲ ਹਾਈ ਕੋਰਟ ਨੇ ਇਸ ਪਾਬੰਦੀ ਨੂੰ ਸਮਰਥਨ ਦਿੱਤਾ ਸੀ।

ਸਾਲ 2006 ਵਿੱਚ ਯੰਗ ਇੰਡੀਅਨ ਲਾਅਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ ਕਿ ਹਰ ਉਮਰ ਦੀ ਔਰਤ ਨੂੰ ਮੰਦਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

2016 ਵਿੱਚ ਕੇਰਲ ਦੀ ਸਰਕਾਰ ਲੈਫਟ ਡੈਮੋਕਰੇਟਿਕ ਫਰੰਟ ਨੇ ਸੁਪਰੀਮ ਕੋਰਟ ਵਿੱਚ ਐਫੀਡੇਵਿਟ ਫਾਈਲ ਕੀਤਾ ਕਿ ਉਹ ਹਰ ਉਮਰ ਦੀ ਔਰਤ ਦੇ ਮੰਦਰ ਜਾਣ ਦੇ ਪੱਖ ਵਿੱਚ ਹਨ।

2018 ਵਿੱਚ ਸੁਪਰੀਮ ਕੋਰਟ ਦੀ 5 ਜੱਜਾਂ ਦੀ ਬੈਂਚ ਨੇ ਔਰਤਾਂ ਦੇ ਪੱਖ ਵਿੱਚ ਫੈਸਲਾ ਸੁਣਾਉਂਦਿਆਂ ਹਰ ਉਮਰ ਦੀ ਔਰਤ ਨੂੰ ਮੰਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਸੀ।

ਜੱਜਮੈਂਟ ਵਿੱਚ ਕੀ ਸੀ?

ਸੁਪਰੀਮ ਕੋਰਟ ਨੇ ਔਰਤਾਂ ਦੇ ਪੱਖ ਵਿੱਚ ਫੈਸਲਾ ਸੁਣਾਉਂਦਿਆਂ ਹਰ ਉਮਰ ਦੀ ਔਰਤ ਨੂੰ ਮੰਦਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਸੀ।

ਜੱਜਮੈਂਟ ਵਿੱਚ ਕਿਹਾ ਗਿਆ ਕਿ ਸਿਰਫ਼ ਮਾਹਵਾਰੀ ਦੇ ਕਾਰਨ ਔਰਤਾਂ ਦਾ ਹੱਕ ਨਹੀਂ ਖੋਹਿਆ ਜਾ ਸਕਦਾ। ਜਿਸ ਤੋਂ ਬਾਅਦ 49 ਰਿਵੀਊ ਪਟੀਸ਼ਨ ਅਤੇ 4 ਰਿਟ ਅਰਜ਼ੀਆਂ ਸੁਪਰੀਮ ਕੋਰਟ ਵਿੱਚ ਜਜਮੈਂਟ ਖਿਲਾਫ਼ ਦਾਖ਼ਲ ਹੋਈਆਂ।

ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਾਰੀਆਂ ਪਟੀਸ਼ਨਾਂ 'ਤੇ 22 ਜਨਵਰੀ 2019 ਨੂੰ ਜਾਂਚ ਪੂਰੀ ਕਰ ਲਈ ਜਾਵੇਗੀ।

ਭਗਵਾਨ ਅਯੱਪਾ ਦੀ ਕਹਾਣੀ ਕੀ ਹੈ?

ਹਰੇਕ ਭਗਵਾਨ ਦੀ ਆਪਣੀ ਵੱਖਰੀ ਕਹਾਣੀ ਹੈ, ਇਸੇ ਤਰ੍ਹਾਂ ਭਗਵਾਨ ਅਯੱਪਾ ਦੀ ਵੀ ਹੈ। ਮੰਦਰ ਦੇ ਇਤਿਹਾਸ ਮੁਤਾਬਕ ਅਯੱਪਾ ਸਵਾਮੀ ਨੇ ਸਹੁੰ ਖਾਧੀ ਸੀ ਕਿ ਉਹ ਬ੍ਰਹਮਚਾਰੀ ਜੀਵਨ ਬਤੀਤ ਕਰਨਗੇ।

ਸਾਡੇ ਕੋਲ ਅਯੱਪਾ ਤੇ ਉਨ੍ਹਾਂ ਦੇ ਬ੍ਰਹਮਚਾਰੀ ਹੋਣ ਸਬੰਧੀ ਕਈ ਕਹਾਣੀਆਂ ਹਨ।

ਅਜਿਹੀ ਮਾਨਤਾ ਹੈ ਕਿ ਅਯੱਪਾ ਦਾ ਜਨਮ ਵਿਸ਼ਣੂ ਭਗਵਾਨ ਦੇ ਦੋ ਮਰਦ ਅਵਤਾਰਾਂ ਤੋਂ ਹੋਇਆ ਸੀ ਜਿਸ ਕਾਰਨ ਉਨ੍ਹਾਂ ਵਿੱਚ ਅਦਭੁੱਤ ਸ਼ਕਤੀਆਂ ਸਨ।

ਅਜਿਹੀ ਮਾਨਤਾ ਹੈ ਕਿ ਉਨ੍ਹਾਂ ਨੇ ਇੱਕ 'ਡੈਣ' ਨੂੰ ਹਰਾਇਆ ਸੀ। ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ 'ਡੈਣ' ਨਹੀਂ ਸਗੋਂ ਇੱਕ ਸੋਹਣੀ ਔਰਤ ਸੀ ਅਤੇ ਉਹ ਸਿਰਫ਼ ਇੱਕ ਸ਼ਰਾਪ ਕਾਰਨ 'ਡੈਣ' ਦੇ ਰੂਪ ਵਿੱਚ ਸੀ।

ਇਸ ਤੋਂ ਬਾਅਦ ਉਸ ਔਰਤ ਨੂੰ ਭਗਵਾਨ ਅਯੱਪਾ ਨਾਲ ਪਿਆਰ ਹੋ ਗਿਆ ਤੇ ਉਨ੍ਹਾਂ ਨੇ ਅਯੱਪਾ ਨੂੰ ਵਿਆਹ ਕਰਵਾਉਣ ਲਈ ਕਿਹਾ ਪਰ ਭਗਵਾਨ ਅਯੱਪਾ ਨੇ ਇਸ ਤੋਂ ਇਨਕਾਰ ਕਰ ਦਿੱਤਾ।

ਅਯੱਪਾ ਨੇ ਕਿਹਾ ਕਿ ਉਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੈ ਕਿ ਉਹ ਭਗਤਾਂ ਦੀ ਪ੍ਰਾਥਨਾਵਾਂ ਸੁਣਨ। ਜੇਕਰ ਉਹ ਭਗਤਾਂ ਦੀ ਨਹੀਂ ਸੁਣਨਗੇ ਤਾਂ ਕੋਈ ਵੀ ਹੋਰ ਭਗਤ ਉਨ੍ਹਾਂ ਕੋਲ ਨਹੀਂ ਆਵੇਗਾ।

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲ ਉਸ ਦਿਨ ਵਿਆਹ ਕਰਵਾਉਣਗੇ ਜਿਸ ਦਿਨ ਭਗਵਾਨ ਉਨ੍ਹਾਂ ਦੇ ਕੋਲ ਆਉਣਾ ਬੰਦ ਕਰ ਦੇਣਗੇ।

ਮਾਨਤਾ ਹੈ ਕਿ ਸੋਹਣੀ ਔਰਤ ਅੱਜ ਵੀ ਭਗਵਾਨ ਅਯੱਪਾ ਦਾ ਦੂਜੇ ਮੰਦਰ ਵਿੱਚ ਇੰਤਜ਼ਾਰ ਕਰ ਰਹੀ ਹੈ ਜੋ ਕਿ ਸਬਰੀਮਲਾ ਮੰਦਰ ਦੇ ਰਸਤੇ ਵਿੱਚ ਪੈਂਦਾ ਹੈ।

ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਔਰਤ ਸਬਰੀਮਲਾ ਮੰਦਰ ਜਾਂਦੀ ਹੈ ਤਾਂ ਇਹ ਭਗਵਾਨ ਅਯੱਪਾ ਦੇ ਤਿਆਗ ਦਾ ਅਪਮਾਨ ਹੋਵੇਗਾ।

ਇਹ ਵੀ ਪੜ੍ਹੋ:

ਕੇਰਲ ਸਰਕਾਰ ਦਾ ਕੀ ਸਟੈਂਡ ਹੈ?

ਕੇਰਲ ਸਰਕਾਰ ਨੇ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਸਾਫ਼ ਕਰ ਦਿੱਤਾ ਹੈ ਕਿ ਉਹ ਔਰਤਾਂ ਦੇ ਸਬਰੀਮਾਲਾ ਮੰਦਰ ਜਾਣ ਦੇ ਪੱਖ ਵਿੱਚ ਹਨ।

ਕੇਰਲ ਸਰਕਾਰ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਸਹਿਮਤ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਯਨਦਾ ਕਹਿਣਾ ਹੈ ਕਿ ਉਹ ਮੰਦਰ ਜਾਣ ਵਾਲੀਆਂ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਗੇ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)