ਸਬਰੀਮਲਾ ਮੰਦਰ: ਮਾਹਵਾਰੀ ਦੌਰਾਨ ਔਰਤਾਂ ਨੂੰ ਘਰ 'ਚ ਅਛੂਤ ਵਾਂਗ ਬਿਠਾਇਆ ਜਾਂਦਾ ਹੈ - ਬਲਾਗ

    • ਲੇਖਕ, ਕ੍ਰਿਤਿਕਾ ਕਨੱਨ
    • ਰੋਲ, ਬੀਬੀਸੀ ਪੱਤਰਕਾਰ

ਉਸ ਵੇਲੇ ਮੈਂ 17 ਸਾਲ ਦੀ ਸੀ, ਜਦੋਂ ਮੈਨੂੰ ਪਹਿਲੀ ਵਾਰ ਉਸ ਰੱਬ 'ਤੇ ਗੁੱਸਾ ਆਇਆ ਸੀ ਜਿਸਦੀ ਮੈਂ ਪੂਰੀ ਜ਼ਿੰਦਗੀ ਪੂਜਾ ਕੀਤੀ ਸੀ।

ਸਬਰੀਮਲਾ ਦੇ ਭਗਵਾਨ ਅਯੱਪਾ ਨਾਲ ਗੁੱਸੇ ਦਾ ਕਾਰਨ ਸੀ- ਭੇਦਭਾਵ, ਜਿਹੜਾ ਮੇਰੇ ਨਾਲ ਹੋਇਆ ਸੀ।

ਸਾਡੇ ਪਰਿਵਾਰ ਦੇ ਮਰਦ ਸਬਰੀਮਲਾ ਤੀਰਥ ਲਈ ਵਰਤ 'ਤੇ ਸਨ ਅਤੇ ਮੈਨੂੰ ਰਿਸ਼ਤੇਦਾਰਾਂ ਘਰ ਰਹਿਣ ਲਈ ਕਿਹਾ ਗਿਆ, ਕਿਉਂਕਿ ਉਸ ਸਮੇਂ ਮੈਨੂੰ ਪੀਰੀਅਡਜ਼ ਆਏ ਹੋਏ ਸਨ।

ਮਾਹਵਾਰੀ ਦੌਰਾਨ ਔਰਤਾਂ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਅਤੇ ਜਿਹੜੇ ਮਰਦ ਵਰਤ 'ਤੇ ਹੁੰਦੇ ਹਨ, ਉਨ੍ਹਾਂ ਨੂੰ ਅਜਿਹੀਆਂ ਔਰਤਾਂ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਆਵਾਜ਼ ਮਦਰ ਸ਼ਰਧਾਲੂਆਂ ਤੱਕ ਨਾ ਪੁੱਜੇ, ਇਸਦਾ ਖਿਆਲ ਰੱਖਣ ਨੂੰ ਕਿਹਾ ਜਾਂਦਾ ਹੈ। ਇਸ ਗੱਲ ਲਈ ਵੀ ਨਾਂਹ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਸਾਹਮਣੇ ਨਾ ਆਉਣ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ।

ਮੇਰੀ ਮਾਂ ਨੇ ਮੈਨੂੰ ਇਹ ਸਭ ਕਰਨ ਲਈ ਕਿਹਾ ਸੀ। ਮੈਂ ਇਸੇ ਮਾਹੌਲ ਵਿੱਚ ਵੱਡੀ ਹੋਈ ਅਤੇ ਮੇਰੇ ਨਾਲ ਕਈ ਹੋਰ ਔਰਤਾਂ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮਾਹਵਾਰੀ ਦੌਰਾਨ ਔਰਤਾਂ ਅਜਿਹੇ ਮਰਦਾਂ ਸਾਹਮਣੇ ਆਉਂਦੀਆਂ ਹਨ ਤਾਂ ਉਨ੍ਹਾਂ ਦਾ ਵਰਤ ਟੁੱਟ ਜਾਂਦਾ ਹੈ।

ਮੇਰੇ ਪਿਤਾ ਜੀ ਭਗਵਾਨ ਅਯੱਪਾ ਦੇ ਭਗਤ ਸਨ ਅਤੇ ਉਹ 48 ਦਿਨ ਤੱਕ ਹਰ ਨਿਯਮ ਦਾ ਪਾਲਣ ਕਰਦੇ ਹੋਏ ਵਰਤ ਰੱਖਦੇ ਹਨ।

ਇਸਦਾ ਮਤਲਬ ਇਹ ਹੈ ਕਿ ਇਸ ਦੌਰਾਨ ਮਰਦ ਭਗਤ ਨਾ ਸਿਨੇਮਾ ਦੇਖਦੇ ਹਨ ਅਤੇ ਨਾ ਹੀ ਟੀਵੀ। ਉਹ ਸ਼ਰਾਬ, ਸੈਕਸ ਤੇ ਮਾਂਸਾਹਾਰੀ ਭੋਜਨ ਤੋਂ ਵੀ ਦੂਰ ਰਹਿੰਦੇ ਹਨ।

ਉਹ ਦਿਨ ਵਿੱਚ ਦੋ ਵਾਰ ਨਹਾਉਂਦੇ ਹਨ, ਪੂਜਾ ਕਰਦੇ ਹਨ ਅਤੇ ਸਾਧਾਰਨ ਭੋਜਨ ਕਰਦੇ ਹਨ।

ਰਿਵਾਜ਼ ਦੇ ਨਾਮ 'ਤੇ ਅਛੂਤ ਵਰਗਾ ਵਿਹਾਰ

ਸਿਰਫ਼ ਸਬਰੀਮਲਾ ਤੀਰਥ ਯਾਤਰਾ ਦੌਰਾਨ ਹੀ ਔਰਤਾਂ ਨੂੰ ਇਸ ਤਰ੍ਹਾਂ ਦੇ ਭੇਦਭਾਵ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਹੋਰ ਧਾਰਮਿਕ ਮੌਕਿਆਂ 'ਤੇ ਵੀ ਉਨ੍ਹਾਂ ਨੂੰ ਅਜਿਹੇ ਭੇਦਭਾਵ ਝੱਲਣੇ ਪੈਂਦੇ ਹਨ।

ਮੈਂ ਇਸੇ ਤਰ੍ਹਾਂ ਦੇ ਮਾਹੌਲ ਵਾਲੇ ਘਰ ਵਿੱਚ ਵੱਡੀ ਹੋਈ ਹਾਂ ਅਤੇ ਮੈਂ ਦੇਖਿਆ ਹੈ ਕਿ ਮਾਹਵਾਰੀ ਦੌਰਾਨ ਔਰਤਾਂ ਇੱਕ ਕੋਨੇ ਵਿੱਚ ਅਛੂਤ ਵਾਂਗ ਬੈਠੀਆਂ ਰਹਿੰਦੀਆਂ ਹਨ।

ਉਨ੍ਹਾਂ ਨੂੰ ਕੁਝ ਵੀ ਛੂਹਣ ਦੀ ਮਨਾਹੀ ਹੁੰਦੀ ਹੈ ਅਤੇ ਦੂਜੇ ਵੀ ਉਨ੍ਹਾਂ ਨੂੰ ਨਾ ਛੂਹਣ, ਇਸਦਾ ਖਿਆਲ ਰੱਖਣ ਲਈ ਕਿਹਾ ਜਾਂਦਾ ਹੈ।

ਮੈਂ ਇਸਦੇ ਖ਼ਿਲਾਫ਼ ਆਵਾਜ਼ ਚੁੱਕੀ, ਇਸ ਨਾਲ ਲੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣੇ ਹੀ ਘਰ ਵਿੱਚ ਪਰੰਪਰਾ ਅੱਗੇ ਹਾਰ ਗਈ। ਮੈਨੂੰ ਰਿਵਾਜ਼ ਦੇ ਨਾਮ 'ਤੇ ਅਛੂਤ ਵਰਗੇ ਵਿਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ:

ਪਰ ਜਦੋਂ ਮੈਂ ਨੌਕਰੀ ਲਈ ਘਰ ਤੋਂ ਬਾਹਰ ਗਈ ਤਾਂ ਉੱਥੇ ਮੈਂ ਆਪਣੀ ਦੁਨੀਆਂ ਵਸਾਈ, ਉੱਥੇ ਮੇਰੇ ਨਿਯਮ ਚੱਲਦੇ ਸਨ।

ਜਿਸ ਅਛੂਤ ਵਿਹਾਰ ਨੂੰ ਮੈਂ ਝੱਲਿਆ ਸੀ, ਮੇਰੀ ਇਸ ਦੁਨੀਆਂ ਵਿੱਚ ਉਸਦੀ ਕੋਈ ਥਾਂ ਨਹੀਂ ਸੀ। ਮੇਰੇ ਮਾਤਾ-ਪਿਤਾ ਨੇ ਮੇਰੀ ਇਸ ਬਗਾਵਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।

ਉਹ ਡਰਾਉਣੀ ਰਾਤ

ਹੁਣ ਵਾਪਸ ਆਉਂਦੇ ਹਾਂ, ਉਮਰ ਦੇ ਉਸੇ 17ਵੇਂ ਪੜਾਅ 'ਤੇ ਜਿੱਥੇ ਮੈਨੂੰ ਇਸ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੌਰਾਨ ਮੈਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣਾ ਪਿਆ ਸੀ।

ਉੱਥੇ ਰਹਿਣ ਨਾਲ ਵੀ ਮੈਨੂੰ ਸਕੂਨ ਨਹੀਂ ਮਿਲਿਆ ਸੀ। ਉੱਥੇ ਮੇਰੇ ਕੁਝ ਵੀ ਛੂਹਣ 'ਤੇ ਪਾਬੰਦੀ ਸੀ ਅਤੇ ਦੂਜੇ ਵੀ ਮੈਨੂੰ ਨਹੀਂ ਛੂਹੰਦੇ ਸਨ।

ਇਹੀ ਕਾਰਨ ਹੈ ਕਿ ਮੈਨੂੰ ਇਨ੍ਹਾਂ ਰਵਾਇਤਾਂ ਤੋਂ ਚਿੜ ਹੈ ਅਤੇ ਗੁੱਸਾ ਵੀ।

ਤਿੰਨ ਸਾਲ ਬਾਅਦ ਵੀ ਮੇਰੇ ਨਾਲ ਕੁਝ ਅਜਿਹਾ ਹੀ ਹੋਇਆ। ਮੈਨੂੰ ਦੂਜੇ ਘਰ ਰਹਿਣਾ ਪਿਆ ਸੀ। ਮੈਂ ਜਿਸ ਇਲਾਕੇ ਵਿੱਚ ਰਹਿ ਰਹੀ ਸੀ ਉਸ ਨੂੰ ਬਹੁਤਾ ਨਹੀਂ ਜਾਣਦੀ ਸੀ।

ਮੈਂ ਇੱਕ ਆਟੋ ਕੀਤਾ। ਉਸਦੇ ਡਰਾਈਵਰ ਨੂੰ ਇਹ ਅੰਦਾਜ਼ਾ ਲੱਗ ਗਿਆ ਕਿ ਮੈਂ ਇਸ ਇਲਾਕੇ ਵਿੱਚ ਅਣਜਾਣ ਹਾਂ ਅਤੇ ਉਸ ਨੇ ਇਸਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ।

ਉਹ ਮੈਨੂੰ ਇੱਕ ਸੁੰਨਸਾਨ ਇਲਾਕੇ ਵਿੱਚ ਲੈ ਗਿਆ। ਮੈਂ ਉਸ ਨੂੰ ਆਟੋ ਰੋਕਣ ਲਈ ਕਿਹਾ। ਮੈਂ ਉਸ ਉੱਤੇ ਭੜਕੀ ਵੀ। ਮੈਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਮੈਂ ਆਟੋ ਤੋਂ ਉਤਰ ਕੇ ਰੋਸ਼ਨੀ ਵੱਲ ਭੱਜੀ ਸੀ।

ਸਥਾਨਕ ਲੋਕਾਂ ਦੀ ਮਦਦ ਨਾਲ ਮੈਂ ਕਿਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਪਹੁੰਚੀ ਸੀ। ਉੱਥੇ ਪੁੱਜਣ ਤੋਂ ਬਾਅਦ ਮੈਂ ਕਾਫ਼ੀ ਰੋਈ ਸੀ। ਇਹ ਦੂਜੀ ਵਾਰ ਸੀ ਜਦੋਂ ਮੈਨੂੰ ਭਗਵਾਨ 'ਤੇ ਗੁੱਸਾ ਆ ਰਿਹਾ ਸੀ।

ਤੁਸੀਂ ਕਹਿੰਦੇ ਹੋ ਕਿ ਅਜਿਹਾ ਇੱਕ ਕੁੜੀ ਨਾਲ ਹੋਣਾ ਆਮ ਹੈ, ਇਸ ਵਿੱਚ ਭਗਵਾਨ ਨੂੰ ਕੀ ਦੋਸ਼ ਦੇਣਾ, ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਉਸ ਭਗਵਾਨ ਕਾਰਨ ਬਾਹਰ ਰਹਿਣ ਲਈ ਮਜਬੂਰ ਸੀ ਅਤੇ ਉਸੇ ਦਾ ਨਤੀਜਾ ਸੀ ਕਿ ਮੇਰੇ ਨਾਲ ਅਜਿਹੀ ਘਟਨਾ ਵਾਪਰੀ।

ਜਦੋਂ ਮੈਂ ਸਬਰੀਮਲਾ ਗਈ ਸੀ

ਸਬਰੀਮਲਾ ਮੰਦਿਰ ਵਿੱਚ ਬੱਚੀਆਂ ਨੂੰ ਲਿਜਾਉਣਾ ਵੀ ਮੁਸ਼ਕਿਲ ਭਰਿਆ ਕੰਮ ਹੁੰਦਾ ਹੈ। ਜਦੋਂ ਮੈਂ 10 ਸਾਲ ਦੀ ਸੀ, ਉਦੋਂ ਮੈਂ ਉੱਥੇ ਗਈ ਸੀ। ਮੇਰੀ ਛੋਟੀ ਉਮਰ ਕਾਰਨ ਮੈਨੂੰ 48 ਦਿਨ ਦਾ ਵਰਤ ਰੱਖਣ ਲਈ ਨਹੀਂ ਕਿਹਾ ਗਿਆ ਸੀ। ਸਬਰੀਮਲਾ ਜਾਣ ਤੋਂ ਪਹਿਲਾਂ ਮੈਂ 10 ਦਿਨ ਦੇ ਵਰਤ 'ਤੇ ਸੀ।

ਮੈਂ ਆਪਣੇ ਪਿਤਾ ਅਤੇ ਚਾਚਾ ਜੀ ਨਾਲ ਸਬਰੀਮਲਾ ਮੰਦਿਰ ਗਈ ਸੀ। ਸਬਰੀਮਲਾ ਦਾ ਮੰਦਿਰ ਜੰਗਲਾਂ ਵਿਚ ਹੈ।

ਜੰਗਲਾਂ ਵਿਚਾਲੇ ਦੀ ਉਹ ਖੂਬਸੂਰਤ ਯਾਤਰਾ ਮੈਨੂੰ ਅੱਜ ਵੀ ਯਾਦ ਹੈ। ਯਾਤਰਾ ਦੇ ਅਖ਼ੀਰ ਵਿੱਚ ਮੈਂ ਭਗਵਾਨ ਦੇ ਦਰਸ਼ਨ ਵੀ ਕੀਤੇ ਸੀ।

ਉੱਥੋਂ ਪਰਤਣ ਤੋਂ ਬਾਅਦ ਮੈਂ ਆਪਣੀ ਯਾਤਰਾ ਬਾਰੇ ਆਪਣੇ ਦੋਸਤਾਂ ਨੂੰ ਬਹੁਤ ਕੁਝ ਦੱਸਿਆ ਸੀ। ਮੈਨੂੰ ਉਹ ਪਲ ਵੀ ਯਾਦ ਹੈ ਜਦੋਂ ਮੇਰੇ ਪਿਤਾ ਜੀ ਮਾਣ ਨਾਲ ਕਹਿੰਦੇ ਸਨ ਕਿ ਉਹ ਮੈਨੂੰ ਸਬਰੀਮਲਾ ਦੀ ਯਾਤਰਾ 'ਤੇ ਲੈ ਕੇ ਗਏ।

ਜਦੋਂ ਮੇਰੇ ਨਾਲ ਭਗਵਾਨ ਦੇ ਨਾਮ 'ਤੇ ਭੇਦਭਾਵ ਹੋਇਆ, ਉਦੋਂ ਮੇਰੇ ਮਨ ਵਿੱਚ ਕਈ ਸਵਾਲ ਉੱਠੇ। ਜੇਕਰ ਭਗਵਾਨ ਮਰਦ ਅਤੇ ਔਰਤ ਨੂੰ ਬਰਾਬਰ ਸਮਝਦੇ ਹਨ ਤਾਂ ਇਸ ਤਰ੍ਹਾਂ ਦੇ ਭੇਦਭਾਵ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ। ਉਸ ਨੂੰ ਆਪਣਾ ਘਰ ਕਿਉਂ ਛੱਡਣਾ ਪੈਂਦਾ ਹੈ।

ਕੀ ਹੋਵੇਗਾ ਅੰਜਾਮ?

ਆਟੋ ਦੀ ਘਟਨਾ ਤੋਂ ਇੱਕ ਸਾਲ ਬਾਅਦ ਮੈਂ ਆਪਣੇ ਭਰਾ ਨਾਲ ਇਹ ਕਹਿੰਦੇ ਹੋਏ ਲੜਾਈ ਕੀਤੀ ਸੀ ਕਿ ਉਹ ਆਪਣੇ ਵਰਤ ਦੌਰਾਨ ਕੋਈ ਦੂਜਾ ਘਰ ਦੇਖ ਲਵੇ, ਕਿਉਂਕਿ ਮੈਂ ਮਾਹਵਾਰੀ ਦੌਰਾਨ ਘਰ ਛੱਡ ਕੇ ਨਹੀਂ ਜਾਣ ਵਾਲੀ।

ਇਹ ਵੀ ਪੜ੍ਹੋ:

ਭੇਦਭਾਵ ਨੂੰ ਖ਼ਤਮ ਕਰਨ ਵਾਲਾ ਸੁਪਰੀਮ ਕੋਰਟ ਦਾ ਫ਼ੈਸਲਾ ਆਟੋ ਵਾਲੀ ਘਟਨਾ ਤੋਂ ਕੁਝ ਸਾਲ ਬਾਅਦ ਆਇਆ ਹੈ। ਇਸ ਫ਼ੈਸਲੇ ਤਹਿਤ 10 ਤੋਂ 50 ਸਾਲ ਤੱਕ ਉਮਰ ਦੀਆਂ ਔਰਤਾਂ ਮੰਦਿਰ ਜਾ ਸਕਣਗੀਆਂ।

ਇਸ ਫ਼ੈਸਲੇ 'ਤੇ ਔਰਤਾਂ ਵੰਡੀਆਂ ਹੋਈਆਂ ਹਨ। ਕੁਝ ਇਸ ਫ਼ੈਸਲੇ ਖ਼ਿਲਾਫ਼ ਆਵਾਜ਼ ਚੁੱਕ ਰਹੀਆਂ ਹਨ। ਬੁੱਧਵਾਰ ਨੂੰ ਮੰਦਿਰ ਕੋਲ ਸਥਿਤੀ ਕੀ ਸੀ, ਇਹ ਸਾਰੇ ਟੀਵੀ ਚੈਨਲਾਂ 'ਤੇ ਦਿਨ ਭਰ ਚਲਦਾ ਰਿਹਾ ਹੈ।

ਹੁਣ ਸਮਝ ਵਿੱਚ ਨਹੀਂ ਆ ਰਿਹਾ ਹੈ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ। ਫ਼ੈਸਲੇ ਦਾ ਕੀ ਅੰਜਾਮ ਹੋਵੇਗਾ, ਇਹ ਵੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਪੱਸ਼ਟ ਨਹੀਂ ਹੋ ਰਿਹਾ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਧਾਰਮਿਕ ਰਵਾਇਤਾਂ ਦੇ ਨਾਮ 'ਤੇ ਔਰਤਾਂ ਨਾਲ ਇਹ ਭੇਦਭਾਵ ਰੁਕੇਗਾ ਜਾਂ ਫਿਰ ਚਲਦਾ ਰਹੇਗਾ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)