ਭਾਰਤੀ ਉਪ-ਮਹਾਂਦੀਪ ਦਾ ਅਲ-ਕਾਇਦਾ ਮੁਖੀ ‘ਅਫ਼ਗਾਨਿਸਤਾਨ ’ਚ ਮਾਰਿਆ ਗਿਆ’ - 5 ਅਹਿਮ ਖ਼ਬਰਾਂ

ਪਿਛਲੇ ਸਾਲ ਅਮਰੀਕਾ-ਅਫ਼ਗਾਨਿਸਤਾਨ ਦੇ ਸਾਂਝੇ ਮਿਲੀਟਰੀ ਅਪਰੇਸ਼ਨ ਦੌਰਾਨ ਭਾਰਤੀ ਉਪ ਮਹਾਂਦੀਪ ਵਿੱਚ ਅਲ ਕਾਇਦਾ (ਏਕਿਉਆਈਐਸ) ਦੇ ਮੁਖੀ ਆਸਿਮ ਉਮਰ ਦੀ ਮੌਤ ਹੋ ਗਈ ਸੀ। ਇਹ ਦਾਅਵਾ ਅਫ਼ਗਾਨਿਸਤਾਨ ਦੀ ਇੰਟੈਲੀਜੈਂਸ ਨੇ ਕੀਤਾ ਹੈ।

ਨੈਸ਼ਨਲ ਡਾਇਰੈਕਟੋਰੇਟ ਆਫ਼ ਸਿਕਉਰਿਟੀ (ਐਨਡੀਐਸ) ਨੇ ਕਿਹਾ ਕਿ 23 ਸਤੰਬਰ ਨੂੰ ਹੈਲਮੰਦ ਸੂਬੇ ਵਿੱਚ ਤਾਲਿਬਾਨ ਦੇ ਕੈਂਪ 'ਤੇ ਛਾਪੇਮਾਰੀ ਦੌਰਾਨ ਆਸਿਮ ਮਾਰਿਆ ਗਿਆ ਸੀ।

ਇਸ ਦੌਰਾਨ ਘੱਟੋ-ਘੱਟ 40 ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਲਾਂਕਿ ਅਮਰੀਕਾ ਤੇ ਅਲ-ਕਾਇਦਾ ਨੇ ਉਮਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।

ਤਾਲਿਬਾਨ ਨੇ ਵੀ ਖ਼ਬਰ ਨੂੰ ਖਾਰਿਜ ਕੀਤਾ ਹੈ। ਤਾਲਿਬਾਨ ਦੇ ਇੱਕ ਬੁਲਾਰੇ ਨੇ ਇਸ ਨੂੰ "ਦੁਸ਼ਮਣ ਦਾ ਝੂਠਾ ਪ੍ਰੋਪੇਗੈਂਡਾ" ਕਰਾਰ ਦੇ ਕੇ ਖਾਰਿਜ ਕੀਤਾ ਹੈ। ਸਗੋਂ ਉਸ ਨੇ ਇਲਜ਼ਾਮ ਲਾਇਆ ਕਿ ਇਸ ਛਾਪੇ ਨਾਲ "ਸਿਰਫ਼ ਨਾਗਰਿਕਾਂ ਦਾ ਹੀ ਵੱਡਾ ਨੁਕਸਾਨ ਹੋਇਆ ਹੈ।"

ਆਸਿਮ ਉਮਰ ਬਾਰੇ ਘੱਟ ਜਾਣਕਾਰੀ ਹੈ ਪਰ ਕਿਹਾ ਜਾਂਦਾ ਹੈ ਕਿ ਉਹ ਭਾਰਤ ਤੋਂ ਸਬੰਧ ਰੱਖਦਾ ਹੈ ਤੇ ਉਸ ਨੇ ਕਈ ਸਾਲ ਪਾਕਿਸਤਾਨੀ ਸ਼ਹਿਰ ਮਿਰਾਨਸ਼ਾਹ ਵਿੱਚ ਗੁਜ਼ਾਰੇ ਹਨ।

ਇਹ ਵੀ ਪੜ੍ਹੋ:

ਮੰਗਲਵਾਰ ਨੂੰ ਟਵਿੱਟਰ 'ਤੇ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ ਐਨਡੀਐਸ ਨੇ ਕਿਹਾ, "ਤਾਲਿਬਾਨ ਦੇ ਗੜ੍ਹ ਮੰਨੇ ਜਾਂਦੇ ਮੂਸਾ ਕਾਲਾ ਵਿੱਚ ਅਫ਼ਗਾਨਿਸਤਾਨ-ਅਮਰੀਕਾ ਨੇ ਸਾਂਝੀ ਛਾਪੇਮਾਰੀ ਕੀਤੀ, ਉੱਥੇ ਉਮਰ ਤੇ ਏਕਿਉਆਈਐਸ ਦੇ ਮੈਂਬਰ ਦਫ਼ਨ ਕਰ ਦਿੱਤੇ ਗਏ।"

ਭਾਰਤ ਨੂੰ ਮਿਲੇ ਰਫ਼ਾਲ ਜੰਗੀ ਜਹਾਜ਼ ਦੀਆਂ 10 ਖੂਬੀਆਂ

ਭਾਰਤ ਨੂੰ ਏਅਰ ਫੋਰਸ ਡੇਅ ਮੌਕੇ ਫਰਾਂਸ ਤੋਂ ਪਹਿਲਾ ਜੰਗੀ ਜਹਾਜ਼ ਰਫ਼ਾਲ ਮਿਲ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਖ਼ੁਦ ਇਸ ਨੂੰ ਲੈਣ ਫਰਾਂਸ ਪਹੁੰਚੇ।

ਭਾਰਤ ਨੂੰ ਜਹਾਜ਼ ਸੌਂਪ ਜਾਣ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਫ਼ਾਲ ਜਹਾਜ਼ ਤੇ 'ਸ਼ਸਤਰ ਪੂਜਾ' ਕੀਤੀ।

ਰਫ਼ਾਲ ਜਹਾਜ਼ ਪਰਮਾਣੂ ਮਿਜ਼ਾਈਲ ਡਿਲੀਵਰੀ ਵਿੱਚ ਸਮਰੱਥ ਹੈ। ਦੁਨੀਆਂ ਦੇ ਸਭ ਤੋਂ ਸੁਵਿਧਾਜਨਕ ਹਥਿਆਰਾਂ ਨੂੰ ਇਸਤੇਮਾਲ ਕਰਨ ਦੀ ਸਮਰੱਥਾ ਰਫਾਲ ਵਿੱਚ ਹੈ। ਇਸ ਵਿੱਚ ਦੋ ਤਰ੍ਹਾਂ ਦੀਆਂ ਮਿਜ਼ਾਈਲਾਂ ਹਨ। ਇੱਕ ਦੀ ਰੇਂਜ ਡੇਢ ਸੌ ਕਿਲੋਮੀਟਰ ਅਤੇ ਦੂਜੀ ਦੀ ਰੇਂਜ ਕਰੀਬ ਤਿੰਨ ਸੌ ਕਿਲੋਮੀਟਰ। ਪੂਰੀ ਖ਼ਬਰ ਪੜਣ੍ਹ ਲਈ ਇੱਥੇ ਕਲਿੱਕ ਕਰੋ।

'ਲਿੰਚਿੰਗ ਸ਼ਬਦ ਭਾਰਤ 'ਤੇ ਥੋਪਿਆ ਗਿਆ ਹੈ'

RSS ਮੁਖੀ ਮੋਹਨ ਭਾਗਵਤ ਨੇ ਨਾਗਪੁਰ 'ਚ ਦੁਸ਼ਹਿਰੇ ਮੌਕੇ ਭਾਸ਼ਣ 'ਚ ਕਸ਼ਮੀਰ ਮੁੱਦੇ ਉੱਤੇ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ ਅਤੇ ਮੌਬ ਲਿੰਚਿੰਗ ਬਾਰੇ ਆਪਣੇ ਵਿਚਾਰ ਰੱਖੇ।

ਉਨ੍ਹਾਂ ਨੇ ਕਿਹਾ, "ਇੱਕ ਸਾਜਿਸ਼ ਚੱਲ ਰਹੀ ਹੈ। ਸਾਡੇ ਸੰਵਿਧਾਨ ਵਿੱਚ ਅਜਿਹਾ ਸ਼ਬਦ ਨਹੀਂ ਹੈ। ਅੱਜ ਵੀ ਨਹੀਂ ਹੈ। ਇੱਥੇ ਅਜਿਹਾ ਕੁਝ ਹੋਇਆ ਹੀ ਨਹੀਂ। ਜਿਨ੍ਹਾਂ ਦੇਸਾਂ ਵਿੱਚ ਹੋਇਆ ਹੈ, ਉੱਥੇ ਉਨ੍ਹਾਂ ਲਈ ਇਹ ਸ਼ਬਦ ਹੈ। ਜਿਵੇਂ ਇੱਕ ਸ਼ਬਦ ਚੱਲਿਆ ਪਿਛਲੇ ਸਾਲ-ਲਿੰਚਿੰਗ। ਇਹ ਸ਼ਬਦ ਆਇਆ ਕਿੱਥੋਂ?"

"ਸਾਡੇ ਇੱਥੇ ਅਜਿਹਾ ਹੋਇਆ ਨਹੀਂ, ਇਹ ਛੋਟੇ-ਮੋਟੇ ਗਰੁੱਪਾਂ ਦੀਆਂ ਘਟਨਾਵਾਂ ਹਨ ਜਿਨ੍ਹਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”

“ਸਾਡੇ ਦੇਸ ਦੀ ਪਰੰਪਰਾ ਉਦਾਰਤਾ ਦੀ ਹੈ, ਭਾਈਚਾਰੇ ਦੀ ਹੈ, ਮਿਲ ਕੇ ਰਹਿਣ ਦੀ ਹੈ। ਪਰ ਅਜਿਹੀ ਕਿਸੇ ਹੋਰ ਦੇਸ ਤੋਂ ਆਈ ਪਰੰਪਰਾ ਦਾ ਸ਼ਬਦ ਸਾਡੇ 'ਤੇ ਥੋਪਦੇ ਹਨ ਤੇ ਸਾਡੇ ਦੇਸ ਨੂੰ ਦੁਨੀਆਂ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ।” ਪੂਰਾ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਜਬਰਨ ਜੈ ਸ਼੍ਰੀਰਾਮ ਦੇ 'ਨਾਅਰੇ ਲਗਾਉਣ ਨੂੰ ਕਿਹਾ

ਰਾਜਸਥਾਨ ਦੇ ਅਲਵਰ ਦੇ ਕੇਂਦਰੀ ਬੱਸ ਅੱਡੇ 'ਤੇ ਸ਼ਨੀਵਾਰ ਰਾਤ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ ਜਾਣ ਦੇ ਇਲਜ਼ਾਮਾਂ ਤਹਿਤ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵੰਸ਼ ਭਾਰਦਵਾਜ ਅਤੇ ਸੁਰੇਂਦਰ ਭਾਟੀਆ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਲੋਕਾਂ ਦਾ ਕਿਸੇ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ ਪਰ ਵੰਸ਼ ਭਾਰਦਵਾਜ ਖਿਲਾਫ਼ ਅਪਰਾਧਕ ਮਾਮਲਿਆਂ ਦਾ ਇਤਿਹਾਸ ਰਿਹਾ ਹੈ। ਇਨ੍ਹਾਂ ਦੋਹਾਂ ਨੂੰ ਐਤਵਾਰ ਦੇ ਦਿਨ ਨਿਆਂਇਕ ਅਧਿਕਾਰੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ 18 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਪੂਰੀ ਖ਼ਬਰ ਪੜਣ੍ਹ ਲਈ ਇੱਥੇ ਕਲਿੱਕ ਕਰੋ।

ਜਗਮੀਤ ਤੇ ਟਰੂਡੋ ਨੇ ਬਹਿਸ ਦੌਰਾਨ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਬਾਰੇ ਕੀ ਕਿਹਾ

ਕੈਨੇਡਾ ਵਿੱਚ ਚੋਣਾਂ ਤੋਂ ਪਹਿਲਾਂ ਪਹਿਲੀ ਵਾਰੀ ਦੇਸ ਦੀਆਂ ਮੁੱਖ ਪਾਰਟੀਆਂ ਦੇ ਆਗੂ ਕਿਸੇ ਟੀਵੀ ਡਿਬੇਟ ਵਿੱਚ ਇਕੱਠੇ ਆਏ।

ਇਸ ਵਿੱਚ ਲਿਬਰਲ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਰ, ਐਨਡੀਪੀ ਆਗੂ ਜਗਮੀਤ ਸਿੰਘ, ਗ੍ਰੀਨ ਪਾਰਟੀ ਦੀ ਆਗੂ ਐਲੀਜ਼ਾਬੇਥ ਮੇਅ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਗਜ਼ਿਮ ਬਰਨੀਅਰ ਸਨ।

ਇਸ ਦੌਰਾਨ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਬਾਰੇ ਟਰੂਡੋ ਨੇ ਜਗਮੀਤ ਦੇ ਸਟੈਂਡ ’ਤੇ ਸਵਾਲ ਚੁੱਕੇ ਜਿਸ ’ਤੇ ਜਗਮੀਤ ਨੇ ਆਪਣੀ ਦਸਤਾਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਹ ਇਸ ਪਾਬੰਦੀ ਖਿਲਾਫ਼ ਲੜਾਈ ਹਰ ਵੇਲੇ ਲੜ ਰਹੇ ਹਨ।

ਐਨਡੀਪੀ ਆਗੂ ਨੇ ਵਾਤਾਵਰਣ, ਔਰਤਾਂ, ਐਲਜੀਬੀਟੀਕਿਊ ਲਈ ਬਰਾਬਰੀ ਦੇ ਮੁੱਦੇ ਚੁੱਕੇ। ਪੂਰੀ ਖ਼ਬਰ ਪੜਣ੍ਹ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)