You’re viewing a text-only version of this website that uses less data. View the main version of the website including all images and videos.
ਦਿੱਲੀ ਵਿੱਚ ਭੀੜ ਨੇ 16 ਸਾਲਾ ‘ਮੁੰਡੇ ਦੀ ਲਈ ਜਾਨ’- 5 ਅਹਿਮ ਖ਼ਬਰਾਂ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਵਿੱਚ ਇੱਕ 16 ਸਾਲਾ ਲੜਕੇ ਦਾ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।
ਪੁਲਿਸ ਮੁਤਾਬਕ ਲੜਕੇ ਨੂੰ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚੋਂ ਇੱਕ ਘਰੋਂ ਚੋਰੀ ਕਰਦਿਆਂ ਫੜਨ ਮਗਰੋਂ ਭੀੜ ਨੇ ਇਹ ਕਾਰਾ ਕੀਤਾ।
ਇੱਕ ਸੀਨੀਅਰ ਪੁਲਿਸ ਅਫ਼ਸਰ ਮੁਤਾਬਕ ਘਟਨਾ ਵੀਰਵਾਰ ਰਾਤ ਦੀ ਹੈ। ਲੜਕਾ ਇੱਕ ਘਰ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਲੜਕਾ ਉਸੇ ਇਲਾਕੇ ਨਾਲ ਸੰਬੰਧਿਤ ਸੀ। ਉਸ ਨੂੰ ਜ਼ਖਮੀ ਹਾਲਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਸਾਹ ਛੱਡ ਗਿਆ।
ਇਸ ਮਾਮਲੇ ਵਿੱਚ ਘਰ ਦੇ ਮਾਲਕ ਤੇ ਪੰਜ ਹੋਰਾਂ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਥਾਣੇ ਵਿੱਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:
ਕਾਰਗਿਲ ਦਾ 'ਨਾਇਕ' ਪੰਜਾਬ 'ਚ ਸਾਂਭ ਰਿਹਾ ਟ੍ਰੈਫ਼ਿਕ
ਭਾਰਤ- ਪਾਕਿਸਤਾਨ ਵਿਚਾਲੇ ਹੋਈ ਕਾਰਗਿਲ ਦੀ ਜੰਗ 'ਚ ਸਿਪਾਹੀ ਸਤਪਾਲ ਸਿੰਘ ਨੂੰ ਆਪਣੀ ਬਹਾਦਰੀ ਲਈ ਵੀਰ ਚੱਕਰ ਮਿਲਿਆ ਸੀ।
ਇਹ ਭਾਰਤ ਵਿੱਚ ਸੈਨਿਕ ਬਹਾਦਰੀ ਲਈ ਦਿੱਤਾ ਜਾਂਦਾ ਤੀਜਾ ਸੱਭ ਤੋਂ ਵੱਡਾ ਪੁਰਸਕਾਰ ਹੈ। ਸਿਪਾਹੀ ਸਤਪਾਲ ਸਿੰਘ ਨੇ ਉਸ ਪਾਕਿਸਤਾਨੀ ਫੌਜੀ ਨੂੰ ਮਾਰਿਆ ਸੀ ਜਿਸ ਨੂੰ ਪਾਕਿਸਤਾਨ ਵਿੱਚ ਨਿਸ਼ਾਨ-ਏ-ਹੈਦਰ ਮਿਲਿਆ ਸੀ।
ਇਸ ਵੇਲੇ ਉਹ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ 'ਚ ਪੰਜਾਬ ਪੁਲਿਸ ਵਿੱਚ ਤਾਇਨਾਤ ਹਨ ਤੇ ਉਨ੍ਹਾਂ ਕੋਲ ਟ੍ਰੈਫਿਕ ਦਾ ਜ਼ਿੰਮਾ ਹੈ।
ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੂਹਰੀ ਤਰੱਕੀ ਦੇ ਕੇ ਏਐੱਸਆਈ ਬਣਾਉਣ ਦੇ ਹੁਕਮ ਦਿੱਤੇ ਹਨ।
ਸੀਰੀਆ ਦੀਆਂ ਮੌਤਾਂ ਤੇ ਕੌਮਾਂਤਰੀ ਭਾਈਚਾਰੇ ਦੀ ਬੇਰੁਖ਼ੀ
ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਦੀ ਮੁਖੀ ਮਿਸ਼ੇਲ ਬੇਚਲੇਟ ਨੇ ਕਿਹਾ ਹੈ ਕਿ ਨੇ ਕਿਹਾ ਕਿ ਪਿਛਲੇ ਦਸਾਂ ਦਿਨਾਂ ਵਿੱਚ ਸੀਰੀਆ ਵਿੱਚ 100 ਤੋਂ ਵਧੇਰੇ ਮੌਤਾਂ ਹੋਈਆਂ ਹਨ ਜਿਨ੍ਹਾਂ ਵਿੱਚ 26 ਬੱਚੇ ਵੀ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਸੀਰੀਆ ਦੀਆਂ ਫ਼ੌਜਾਂ ਵੱਲੋਂ ਕੀਤੇ ਗਏ ਕਈ ਹਵਾਈ ਹਮਲਿਆਂ ਵਿੱਚ ਹਸਪਤਾਲਾਂ, ਸਕੂਲਾਂ ਅਤੇ ਬਾਜ਼ਾਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਗਿਆ ਹੈ।
ਬੇਚਲੇਟ ਨੇ ਕਿਹਾ, "ਇਹ ਮੌਤਾਂ ਰੂਸ ਸਮੇਤ ਸੀਰੀਆਈ ਸਰਕਾਰ ਦੇ ਸਹਿਯੋਗੀਆਂ ਦੇ ਲਗਾਤਾਰ ਹਵਾਈ ਹਮਲਿਆਂ ਵਿੱਚ ਹੋਈਆਂ ਹਨ।"
ਇਸ ਦੇ ਬਾਵਜੂਦ ਵੀ ਇਨ੍ਹਾਂ ਹਮਲਿਆਂ ਨਾਲ ਜੁੜੀਆਂ ਖ਼ਬਰਾਂ ਨੂੰ ਕੌਮਾਂਤਰੀ ਜਗਤ ਵੱਲੋਂ ਬੇਰੁਖ਼ੀ ਹੀ ਨਸੀਬ ਹੋਈ ਹੈ।
ਕੰਗਨਾ ਰਣੌਤ ਸਣੇ 62 ਹਸਤੀਆਂ ਨੇ ਕੀਤਾ ਮੋਦੀ ਦਾ ਬਚਾਅ
ਭਾਰਤ ਵਿੱਚ ਭੀੜ ਹੱਥੀਂ ਕਤਲ ਦੇ ਮਾਮਲੇ ਅਤੇ ਕਥਿਤ ਕੱਟੜਤਾ ਦੇ ਵਧਦੇ ਪ੍ਰਭਾਵ ਦਾ ਹਵਾਲਾ ਦਿੰਦਿਆਂ 49 ਕਲਾਕਾਰਾਂ ਤੇ ਬੁੱਧੀਜੀਵੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਦਾ ਜਵਾਬ ਆ ਗਿਆ ਹੈ।
ਮੋਦੀ ਨੇ ਤਾਂ ਜਵਾਬ ਨਹੀਂ ਦਿੱਤਾ ਪਰ ਅਦਾਕਾਰਾ ਕੰਗਨਾ ਰਣੌਤ, ਲੇਖਕ ਤੇ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ, ਸੇਵਾਮੁਕਤ ਮੇਜਰ ਜਨਰਲ ਪੀ.ਕੇ. ਮਲਿਕ ਸਮੇਤ 62 ਹਸਤੀਆਂ ਨੇ ਪ੍ਰਧਾਨ ਮੰਤਰੀ ਅਤੇ ਸਰਕਾਰ ਦਾ ਬਚਾਅ ਕਰਦਿਆਂ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ"23 ਜੁਲਾਈ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਲਿਖੇ ਗਏ ਖੁਲ੍ਹੇ ਖ਼ਤ ਨੇ ਸਾਨੂੰ ਹੈਰਾਨ ਕੀਤਾ ਹੈ।"
ਪੂਰੀ ਖ਼ਬਰ ਇੱਥੇ ਪੜ੍ਹੋ।
ਨਵੀਂ ਵਿਆਹੀ ਨੇ ਕਿੰਝ ਬਚਾਈ ਆਪਣੇ ਪਤੀ ਦੀ ਜਵਾਲਾਮੁਖੀ ਤੋਂ ਜਾਨ
ਨਵਾਂ ਵਿਆਹਿਆ ਇੱਕ ਅਮਰੀਕਾ ਜੋੜਾ ਹਨੀਮੂਨ ਤੇ ਘੁੰਮਣ ਗਿਆ ਸੀ ਜਦੋਂ ਪਤੀ ਇੱਕ ਸੁੱਤੇ ਹੋਏ ਜਵਾਲਾਮੁਖੀ ਵਿੱਚ ਡਿੱਗ ਗਿਆ, ਜਿੱਥੋਂ ਉਸ ਦੀ ਪਤਨੀ ਨੇ ਉਸ ਨੂੰ ਕੱਢਿਆ।
ਦੋਵੇਂ ਜਣੇ ਜਵਾਲਾਮੁਖੀ ਦੇ ਮੁਹਾਣੇ ’ਤੇ ਸੈਰ ਕਰ ਰਹੇ ਸਨ। ਉਸੇ ਵੇਲੇ ਪਤੀ ਚੈਸਟੇਨ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਉਸਦੇ ਅੰਦਰ ਜਾ ਕੇ ਦੇਖਣਾ ਚਾਹੁੰਦਾ ਹੈ।
ਹੇਠਾ ਸਿੱਧੀ ਢਲਾਣ ਸੀ, ਜਿੱਥੋਂ ਪਤੀ ਹੇਠਾਂ ਡਿੱਗ ਗਿਆ। ਪਤਨੀ ਅਕੈਮੀ ਦੇ ਅੰਦਾਜ਼ੇ ਮੁਤਾਬਕ ਉਹ ਲਗਭਗ 50 ਫੁੱਟ ਹੇਠਾਂ ਪਹੁੰਚ ਗਿਆ ਸੀ।
ਚੀਕਾਂ ਸੁਣ ਕੇ ਪਤਨੀ ਨੇ ਬਿਨਾਂ ਸਮਾਂ ਗੁਆਏ ਹੇਠਾਂ ਉਤਰੀ ਅਤੇ ਆਪਣੇ ਪਤੀ ਨੂੰ ਮੋਢਿਆਂ ’ਤੇ ਚੁੱਕ ਕੇ ਬਾਹਰ ਲੈ ਕੇ ਆਈ ਅਤੇ ਉਸ ਤੋਂ ਬਾਅਦ ਉਸੇ ਤਰ੍ਹਾਂ ਪਹਾੜੀ ਤੋਂ ਹੇਠਾਂ ਵੀ ਲਾਹ ਕੇ ਲਿਆਈ।
ਇਹ ਵੀ ਪੜ੍ਹੋ: